ਜ਼ਬੂਰ
ਕਾਂਡ 95
1 ਆਉ, ਅਸੀਂ ਪਰਮੇਸ਼ੁਰ ਦੀ ਉਸਤਤਿ ਕਰੀਏ। ਆਉ, ਉਸ ਚੱਟਾਨ ਲਈ, ਉਸਤਤਿ ਦੇ ਜੈਕਾਰੇ ਗਾਈਏ। ਜਿਹੜੀ ਸਾਡੀ ਰੱਖਿਆ ਕਰਦੀ ਹੈ।
2 ਆਉ ਯਹੋਵਾਹ ਦੇ ਸ਼ੁਕਰਾਨੇ ਦੇ ਗੀਤ ਗਾਈਏ ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।
3 ਕਿਉ? ਕਿਉਂਕਿ ਯਹੋਵਹ ਹੀ ਮਹਾਨ ਪਰਮੇਸ਼ੁਰ ਹੈ। ਉਹੀ ਮਹਾਨ ਰਾਜਾ ਹੈ ਜਿਹੜਾ "ਹੋਰਨਾਂ ਸਾਰੇ ਦੇਵਤਿਆਂ" ਉੱਤੇ ਹਕੂਮਤ ਕਰਦਾ ਹੈ।
4 ਸਭ ਤੋਂ ਡੂੰਘੀਆਂ ਗੁਫ਼ਾਵਾਂ ਅਤੇ ਉੱਚੇ ਤੋਂ ਉੱਚਾ ਪਹਾੜ ਯਹੋਵਾਹ ਦੇ ਹਨ।
5 ਸਾਗਰ ਉਸਦਾ ਹੈ ਉਸਨੇ ਇਸਨੂੰ ਸਾਜਿਆ ਸੀ। ਪਰਮੇਸ਼ੁਰ ਨੇ ਆਪਣਿਆਂ ਹੱਥਾਂ ਨਾਲ ਸੁੱਕੀ ਧਰਤੀ ਬਣਾਈ ਸੀ।
6 ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ। ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
7 ਉਹ ਹੀ ਸਾਡਾ ਪਰਮੇਸ਼ੁਰ ਹੈ। ਅਤੇ ਅਸੀਂ ਉਸ ਦੇ ਬੰਦੇ ਹਾਂ। ਅਸੀਂ ਉਸ ਦੀਆਂ ਭੇਡਾਂ ਹਾਂ ਜੇ ਅੱਜ ਅਸੀਂ ਉਸਦੀ ਅਵਾਜ਼ ਸੁਣੀਏ।
8 ਪਰਮੇਸ਼ੁਰ ਆਖਦਾ ਹੈ, "ਜ਼ਿੱਦੀ ਨਾ ਬਣੋ ਜਿਵੇਂ ਤੁਸੀਂ ਮਰੀਬਾਹ ਵਿੱਚ ਸੀ, ਜਿਵੇਂ ਤੁਸੀਂ ਮਾਰੂਥਲ ਅੰਦਰ ਮਾਸਾ ਵਿਖੇ ਸੀ।
9 ਤੁਹਾਡੇ ਪੁਰਖਿਆਂ ਨੇ ਮੇਰੀ ਪਰਖ ਕੀਤੀ ਸੀ, ਉਨ੍ਹਾਂ ਨੇ ਮੈਨੂੰ ਪਰਖਿਆ, ਉਨ੍ਹਾਂ ਨੇ ਦੇਖ ਲਿਆ, ਕਿ ਮੈਂ ਕੀ ਕਰ ਸਕਦਾ ਸਾਂ।
10 ਮੈਂ ਚਾਲ੍ਹੀਆਂ ਸਾਲਾਂ ਤੱਕ ਉਨ੍ਹਾਂ ਨਾਲ ਸਬਰ ਨਾਲ ਰਿਹਾ। ਅਤੇ ਮੈਂ ਜਾਣਦਾ ਹਾਂ ਕਿ ਉਹ ਵਫ਼ਾਦਾਰ ਨਹੀਂ ਹਨ, ਕਿਉਂਕਿ ਉਨ੍ਹਾਂ ਲੋਕਾਂ ਨੇ ਮੇਰੀਆਂ ਸਿਖਿਆਵਾਂ ਉੱਤੇ ਚੱਲਣ ਤੋਂ ਇਨਕਾਰ ਕਰ ਦਿੱਤਾ।
11 ਇਸ ਲਈ ਮੈਂ ਗੁੱਸੇ ਸਾਂ, ਅਤੇ ਮੈਂ ਸੌਂਹ ਖਾਧੀ ਕਿ, ਉਹ ਮੇਰੀ ਅਰਾਮ ਦੀ ਜ਼ਮੀਨ ਵਿੱਚ ਦਾਖਲ ਨਹੀਂ ਹੋਣਗੇ।