ਜ਼ਬੂਰ
ਕਾਂਡ 106
1 ਯਹੋਵਾਹ ਦੀ ਉਸਤਤਿ ਕਰੋ ਯਹੋਵਾਹ ਦਾ ਸ਼ੁਕਰਾਨਾ ਕਰੋ ਕਿਉਂਕਿ ਉਹ ਸ਼ੁਭ ਹੈ। ਪਰਮੇਸ਼ੁਰ ਦਾ ਪਿਆਰ ਸਦੀਵੀ ਹੈ।
2 ਅਸਲ ਵਿੱਚ ਕੋਈ ਵੀ ਬਿਆਨ ਨਹੀਂ ਕਰ ਸਕਦਾ ਕਿ ਯਹੋਵਾਹ ਕਿੰਨਾ ਵੱਡਾ ਹੈ।
3 ਜਿਹੜੇ ਲੋਕ ਪਰਮੇਸ਼ੁਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਉਹ ਖੁਸ਼ ਹਨ। ਉਹ ਲੋਕ ਹਰ ਵੇਲੇ ਨੇਕੀ ਕਰਦੇ ਰਹਿੰਦੇ ਹਨ।
4 ਯਹੋਵਾਹ, ਜਦੋਂ ਤੁਸੀਂ ਆਪਣੇ ਬੰਦਿਆਂ ਉੱਤੇ ਮਿਹਰਬਾਨ ਹੋਵੋਂ ਮੈਨੂੰ ਵੀ ਚੇਤੇ ਰਖਣਾ। ਮੈਨੂੰ ਚੇਤੇ ਰਖਣਾ ਅਤੇ ਬਚਾਉਣਾ ਵੀ।
5 ਯਹੋਵਾਹ, ਮੈਨੂੰ ਉਹ ਚੰਗੀਆਂ ਚੀਜ਼ਾਂ ਸਾਂਝੀਆਂ ਕਰਨ ਦਿਉ ਜਿਹੜੀਆਂ ਤੁਸੀਂ ਆਪਣੇ ਚੋਣਵੇਂ ਲੋਕਾਂ ਨੂੰ ਦਿੰਦੇ ਹੋ। ਮੈਨੂੰ ਵੀ ਤੁਹਾਡੀ ਕੌਮ ਨਾਲ ਖੁਸ਼ੀ ਮਨਾਉਣ ਦਿਉ। ਮੈਨੂੰ ਉਸਤਤਿ ਵਿੱਚ ਤੁਹਾਡੇ ਲੋਕਾਂ ਨਾਲ ਸ਼ਾਮਿਲ ਹੋਣ ਦਿਉ।
6 ਅਸੀਂ ਉਵੇਂ ਹੀ ਪਾਪ ਕੀਤਾ ਜਿਵੇਂ ਸਾਡੇ ਪੁਰਖਿਆਂ ਨੇ ਪਾਪ ਕੀਤਾ ਸੀ। ਅਸੀਂ ਗਲਤ ਸਾਂ, ਅਸੀਂ ਮਿਸਰ ਵਿੱਚ ਮੰਦੀਆਂ ਗੱਲਾਂ ਕੀਤੀਆਂ।
7 ਯਹੋਵਾਹ, ਮਿਸਰ ਵਿੱਚ ਸਾਡੇ ਪੁਰਖਿਆ ਨੇ ਤੁਹਾਡੇ ਕਰਿਸ਼ਮਿਆਂ ਤੋਂ ਸਾਨੂੰ ਕੁਝ ਵੀ ਨਹੀਂ ਸਿਖਾਇਆ। ਉਥੇ, ਲਾਲ ਸਾਗਰ ਕੰਢੇ ਸਾਡੇ ਪੁਰਖੇ ਤੁਹਾਡੇ ਖਿਲਾਫ਼ ਹੋ ਗਏ ਸਨ।
8 ਪਰ ਪਰਮੇਸ਼ੁਰ ਨੇ ਆਪਣੇ ਨਾਮ ਸਦਕਾ ਸਾਡੇ ਪੁਰਖਿਆ ਨੂੰ ਬਚਾ ਲਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਮਹਾਨ ਸ਼ਕਤੀ ਦਰਸਾਉਣ ਲਈ ਬਚਾ ਲਿਆ।
9 ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਲਾਲ ਸਾਗਰ ਖੁਸ਼ਕ ਹੋ ਗਿਆ। ਪਰਮੇਸ਼ੁਰ ਨੇ ਡੂੰਘੇ ਲਾਲ ਸਾਗਰ ਵਿੱਚੋਂ ਸਾਡੇ ਪੁਰਖਿਆਂ ਦੀ ਅਗਵਾਈ ਉਸ ਧਰਤੀ ਤੇ ਕੀਤੀ, ਜੋ ਮਾਰੂਥਲ ਵਾਂਗ ਖੁਸ਼ਕ ਸੀ।
10 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਬਚਾਇਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਵੈਰੀਆਂ ਤੋਂ ਬਚਾਇਆ।
11 ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਸਾਗਰ ਨਾਲ ਢਕ ਦਿੱਤਾ। ਉਨ੍ਹਾਂ ਦੇ ਦੁਸ਼ਮਣਾਂ ਵਿੱਚੋਂ ਕੋਈ ਵੀ ਨਾ ਬਚ ਸਕਿਆ।
12 ਫ਼ੇਰ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਿਤਾ। ਉਨ੍ਹਾਂ ਨੇ ਉਸਦੀ ਉਸਤਤਿ ਗਾਈ।
13 ਪਰ ਸਾਡੇ ਪੁਰਖਿਆ ਨੇ ਉਨ੍ਹਾਂ ਗੱਲਾਂ ਨੂੰ ਛੇਤੀ ਹੀ ਭੁਲਾ ਦਿੱਤਾ ਜੋ ਪਰਮੇਸ਼ੁਰ ਨੇ ਕੀਤੀਆਂ ਸਨ। ਉਨ੍ਹਾਂ ਨੇ ਪਰਮੇਸ਼ੁਰ ਦਾ ਮਸ਼ਵਰਾ ਨਹੀਂ ਸੁਣਿਆ।
14 ਮਾਰੂਥਲ ਵਿੱਚ ਸਾਡੇ ਪੁਰਖਿਆ ਨੂੰ ਬਹੁਤ ਭੁਖ ਲਗੀ ਅਤੇ ਉਨ੍ਹਾਂ ਨੇ ਬੀਆਬਾਨ ਵਿੱਚ ਪਰਮੇਸ਼ੁਰ ਦੀ ਪਰਖ ਕੀਤੀ।
15 ਪਰ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜੋ ਉਨ੍ਹਾਂ ਨੇ ਮਂਗੀਆਂ ਸਨ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕ ਭਿਆਨਕ ਬਿਮਾਰੀ ਵੀ ਦਿੱਤੀ।
16 ਲੋਕ ਮੂਸਾ ਨਾਲ ਈਰਖਾ ਕਰਨ ਲੱਗੇ। ਉਹ ਯਹੋਵਾਹ ਦੇ ਪਵਿੱਤਰ ਜਾਜਕ ਹਾਰੂਨ ਨਾਲ ਈਰਖਾਲੂ ਹੋ ਗਏ।
17 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਈਰਖਾਲੂ ਲੋਕਾਂ ਨੂੰ ਸਜ਼ਾ ਦਿੱਤੀ। ਧਰਤੀ ਤਿੜਕ ਗਈ ਅਤੇ ਉਸਨੇ ਦਾਥਾਨ ਨੂੰ ਨਿਗਲ ਲਿਆ। ਤਾਂ ਇੱਕ ਵਾਰੀ ਫ਼ੇਰ, ਧਰਤੀ ਖੁਲ੍ਹੀ ਅਤੇ ਅਬੀਰਾਮ ਦੇ ਸਮੂਹ ਨੂੰ ਨਿਗਲ ਲਿਆ।
18 ਫ਼ੇਰ ਅੱਗ ਨੇ ਲੋਕਾਂ ਦੀ ਉਸ ਭੀੜ ਨੂੰ ਸਾੜ ਸੁਟਿਆ। ਉਸ ਅੱਗ ਨੇ ਮੰਦੇ ਲੋਕਾਂ ਨੂੰ ਸਾੜ ਦਿੱਤਾ।
19 ਉਨ੍ਹਾਂ ਲੋਕਾਂ ਨੇ ਹੋਰੇਬ ਪਰਬਤ ਉੱਤੇ ਇੱਕ ਸੋਨੇ ਦਾ ਵਛਾ ਬਣਾਇਆ। ਉਨ੍ਹਾਂ ਨੇ ਇੱਕ ਬੁੱਤ ਦੀ ਉਪਾਸਨਾ ਕੀਤੀ।
20 ਉਨ੍ਹਾਂ ਲੋਕਾਂ ਨੇ ਆਪਣੇ ਮਹਿਮਾਮਈ ਪਰਮੇਸ਼ੁਰ ਨੂੰ ਘਾਹ ਖਾਣੇ ਬਲਦ ਦੀ ਮੂਰਤ ਬਦਲੇ ਵਟਾ ਦਿੱਤਾ।
21 ਪਰਮੇਸ਼ੁਰ ਨੇ ਸਾਡੇ ਪੁਰਖਿਆ ਨੂੰ ਬਚਾਇਆ। ਪਰ ਉਹ ਪੂਰੀ ਤਰ੍ਹਾਂ ਉਸ ਬਾਰੇ ਭੁੱਲ ਗਏ। ਉਹ ਉਸ ਪਰਮੇਸ਼ੁਰ ਬਾਰੇ ਭੁੱਲ ਗਏ ਜਿਸਨੇ ਮਿਸਰ ਵਿੱਚ ਕਰਿਸ਼ਮੇ ਕੀਤੇ ਸਨ।
22 ਪਰਮੇਸ਼ੁਰ ਨੇ ਹੈਮ ਦੇ ਦੇਸ਼ ਵਿੱਚ ਕਰਿਸ਼ਮੇ ਕੀਤੇ ਸਨ, ਲਾਲ ਸਾਗਰ ਦੇ ਨੇੜੇ ਪਰਮੇਸ਼ੁਰ ਦੀਆਂ ਕਰਨੀਆਂ ਭਰਮ ਭਰੀਆਂ ਸਨ।
23 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ। ਪਰ ਉਸਦੇ ਚੁਣੇ ਹੋਏ ਬੰਦੇ, ਮੂਸਾ ਨੇ ਉਸਨੂੰ ਰੋਕ ਦਿੱਤਾ। ਪਰਮੇਸ਼ੁਰ ਬਹੁਤ ਕਹਿਰਵਾਨ ਸੀ ਪਰ ਮੂਸਾ ਨੇ ਉਸਦਾ ਰਾਹ ਰੋਕ ਲਿਆ। ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਤਬਾਹ ਨਹੀਂ ਕੀਤਾ।
24 ਪਰ, ਉਨ੍ਹਾਂ ਲੋਕਾਂ ਨੇ ਖੂਬਸੂਰਤ ਧਰਤੀ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਕਿ ਉਸ ਦੇਸ਼ ਵਿੱਚ ਰਹਿਣ ਵਾਲਿਆਂ ਨੂੰ ਹਰਾਉਣ ਵਿੱਚ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਕਰੇਗਾ।
25 ਸਾਡੇ ਪੁਰਖਿਆਂ ਨੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
26 ਇਸ ਲਈ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਮਾਰੂਥਲ ਵਿੱਚ ਮਰਨਗੇ।
27 ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਹੋਰਾਂ ਲੋਕਾਂ ਨੂੰ ਉਨ੍ਹਾਂ ਦੀਆਂ ਔਲਾਦਾ ਨੂੰ ਹਰਾਉਣ ਦੇਵੇਗਾ। ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਸਾਡੇ ਪੁਰਖਿਆਂ ਨੂੰ ਕੌਮਾਂ ਦਰਮਿਆਨ ਖਿੰਡਾ ਦੇਵੇਗਾ।
28 ਫ਼ੇਰ ਬਾਲ ਪਿਓਰ ਦੀ ਥਾਂ ਉੱਤੇ, ਪਰਮੇਸ਼ੁਰ ਦੇ ਲੋਕਾਂ ਨੇ ਇਕਠੇ ਬਾਲ ਦੀ ਪੂਜਾ ਕਰਨੀ ਸ਼ੁਰੂ ਕੀਤੀ। ਪਰਮੇਸ਼ੁਰ ਦੇ ਲੋਕਾਂ ਨੇ ਦਾਅਵਤਾਂ ਦਾ ਆਨੰਦ ਮਾਣਿਆ ਅਤੇ ਮੁਰਦਿਆਂ ਨੂੰ ਸਤਿਕਾਰਨ ਵਾਸਤੇ ਬਲੀਆਂ ਖਾਧੀਆਂ।
29 ਪਰਮੇਸ਼ੁਰ ਆਪਣੇ ਬੰਦਿਆਂ ਉੱਤੇ ਬਹੁਤ ਕਹਿਰਵਾਨ ਹੋਇਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਰੋਗੀ ਬਣਾ ਦਿੱਤਾ।
30 ਪਰ ਫ਼ਿਨੇਹਾਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਬਿਮਾਰੀ ਨੂੰ ਰੋਕ ਦਿੱਤਾ।
31 ਪਰਮੇਸ਼ੁਰ ਜਾਣਦਾ ਸੀ ਕਿ ਫ਼ਿਨੇਹਾਸ ਨੇ ਬਹੁਤ ਚੰਗੀ ਗੱਲ ਕੀਤੀ ਸੀ। ਪਰਮੇਸ਼ੁਰ ਇਸਨੂੰ ਸਦਾ-ਸਦਾ ਲਈ ਚੇਤੇ ਰਖੇਗਾ।
32 ਮਰੀਬਾਹ ਵਿੱਚ ਲੋਕ ਬਹੁਤ ਕ੍ਰੋਧਵਾਨ ਹੋ ਗਏ ਅਤੇ ਫ਼ੇਰ ਉਨ੍ਹਾਂ ਮੂਸਾ ਪਾਸੋਂ ਕੋਈ ਮਾੜਾ ਕੰਮ ਕਰਾਇਆ।
33 ਉਨ੍ਹਾਂ ਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ ਇਸ ਲਈ ਮੂਸਾ ਬਿਨ ਸੋਚੇ-ਸਮਝੇ ਬੋਲਿਆ।
34 ਪਰਮੇਸ਼ੁਰ ਨੇ ਲੋਕਾਂ ਨੂੰ ਕਨਾਨ ਵਿੱਚ ਰਹਿਂਦਿਆ ਪਰਾਈਆਂ ਕੌਮਾਂ ਨੂੰ ਤਬਾਹ ਕਰਨ ਲਈ ਕਿਹਾ। ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਨਹੀਂ ਮੰਨਿਆ।
35 ਉਹ ਹੋਰਾਂ ਲੋਕਾਂ ਨਾਲ ਰਲ-ਮਿਲ ਗਏ। ਅਤੇ ਉਹੀ ਕੁਝ ਕਰਨ ਲੱਗੇ ਜੋ ਉਹ ਲੋਕ ਕਰਦੇ ਸਨ।
36 ਉਹ ਪਰਮੇਸ਼ੁਰ ਦੇ ਲੋਕਾਂ ਲਈ ਇੱਕ ਫ਼ਂਦਾ ਬਣ ਗਏ। ਪਰਮੇਸ਼ੁਰ ਦੇ ਲੋਕ ਉਨ੍ਹਾਂ ਦੇਵਤਿਆਂ ਦੀ ਪੂਜਾ ਕਰਨ ਲੱਗੇ ਜਿਨ੍ਹਾਂ ਦੀ ਉਪਾਸਨਾ ਉਹ ਹੋਰ ਲੋਕ ਕਰਦੇ ਸਨ।
37 ਪਰਮੇਸ਼ੁਰ ਦੇ ਲੋਕਾਂ ਨੇ ਆਪਣੇ ਬਚਿਆ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਨੂੰ ਸ਼ੈਤਾਨਾ ਨੂੰ ਭੇਟ ਕਰ ਦਿੱਤਾ।
38 ਪਰਮੇਸ਼ੁਰ ਦੇ ਲੋਕਾਂ ਨੇ ਮਾਸੂਮ ਲੋਕਾਂ ਨੂੰ ਮਾਰ ਦਿੱਤਾ। ਉਨ੍ਹਾਂ ਨੇ ਆਪਣੇ ਹੀ ਬਚਿਆ ਨੂੰ ਮਾਰ ਦਿੱਤਾ ਅਤੇ ਝੂਠੇ ਦੇਵਤਿਆਂ ਨੂੰ ਉਨ੍ਹਾਂ ਦੀ ਬਲੀ ਚੜਾ ਦਿੱਤੀ।
39 ਇਸ ਲਈ ਪਰਮੇਸ਼ੁਰ ਦੇ ਲੋਕ ਹੋਰਾਂ ਲੋਕਾਂ ਦੇ ਗੁਨਾਹਾ ਨਾਲ ਨਾਪਾਕ ਹੋ ਗਏ। ਪਰਮੇਸ਼ੁਰ ਦੇ ਲੋਕ ਆਪਣੇ ਪਰਮੇਸ਼ੁਰ ਨਾਲ ਬੇਵਫ਼ਾ ਸਨ। ਅਤੇ ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਹੋਰ ਲੋਕੀਂ ਕਰਦੇ ਸਨ।
40 ਪਰਮੇਸ਼ੁਰ ਆਪਣੇ ਲੋਕਾਂ ਉੱਤੇ ਕਹਿਰਵਾਨ ਹੋ ਗਿਆ, ਪਰਮੇਸ਼ੁਰ ਉਨ੍ਹਾਂ ਤੋਂ ਤੰਗ ਆ ਚੁਕਿਆ ਸੀ।
41 ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
42 ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦਾ ਜਿਉਣਾ ਬਹੁਤ ਮੁਸ਼ਕਿਲ ਕਰ ਦਿੱਤਾ।
43 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਅਨੇਕਾਂ ਵਾਰੀ ਬਚਾਇਆ। ਪਰ ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ, ਅਤੇ ਮਨ ਭਾਉਂਦੀਆਂ ਗੱਲਾਂ ਕਰਨ ਲੱਗੇ। ਪਰਮੇਸ਼ੁਰ ਦੇ ਲੋਕਾਂ ਨੇ ਬਹੁਤ-ਬਹੁਤ ਸਾਰੀਆਂ ਬਦੀਆਂ ਕੀਤੀਆਂ।
44 ਪਰ ਜਦੋਂ ਵੀ ਪਰਮੇਸ਼ੁਰ ਦੇ ਲੋਕ ਮੁਸੀਬਤ ਵਿੱਚ ਸਨ। ਉਨ੍ਹਾਂ ਨੇ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਹਰ ਵਾਰ ਉਨ੍ਹਾਂ ਦੀ ਅਰਦਾਸ ਸੁਣ ਲਈ।
45 ਪਰਮੇਸ਼ੁਰ ਨੇ ਆਪਣਾ ਕਰਾਰ ਹਮੇਸ਼ਾ ਚੇਤੇ ਰੱਖਿਆ। ਅਤੇ ਉਸਦੇ ਮਹਾਨ ਪਿਆਰ ਵਿੱਚੋਂ ਉਨ੍ਹਾਂ ਨੂੰ ਸਕੂਨ ਪਹੁੰਚਾਇਆ।
46 ਪਰਾਈਆਂ ਕੌਮਾਂ ਨੇ ਉਨ੍ਹਾਂ ਨੂੰ ਕੈਦੀ ਬਣਾ ਲਿਆ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਲਈ ਦਯਾਵਾਨ ਬਣਾ ਦਿੱਤਾ।
47 ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ। ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ ਤਾਂ ਜੋ ਅਸੀਂ ਉਸਦੇ ਪਵਿੱਤਰ ਨਾਮ ਦੀ ਉਸਤਤਿ ਕਰ ਸਕੀਏ। ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸਕੀਏ।
48 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ। ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ। ਅਤੇ ਸਮੂਹ ਲੋਕਾਂ ਨੇ ਆਖਿਆ, "ਆਮੀਨ! ਯਹੋਵਾਹ ਦੀ ਉਸਤਤਿ ਕਰੋ।"