ਜ਼ਬੂਰ
ਕਾਂਡ 104
1 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ। ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ। ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
2 ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ। ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
3 ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ। ਤੁਸੀਂ ਮੋਟੇ ਬੱਦਲਾਂ ਦੀ ਰਥ ਵਾਂਗ ਵਰਤੋਂ ਕਰਦੇ ਹੋ ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖਂਬਾਂ ਉੱਤੇ ਸਵਾਰੀ ਕਰਦੇ ਹੋ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
5 ਹੇ ਪਰਮੇਸ਼ੁਰ, ਤੁਸਾਂ ਧਰਤ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ। ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
6 ਤੁਸੀਂ ਇਸਨੂੰ ਕੰਬਲ ਵਾਂਗ ਪਾਣੀ ਨਾਲ ਢਕ ਦਿੱਤਾ ਹੈ। ਪਾਣੀ ਨੇ ਪਰਬਤਾਂ ਨੂੰ ਢਕ ਲਿਆ ਸੀ।
7 ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭਜਿਆ। ਹ੍ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜ੍ਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉਠਿਆ।
8 ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
9 ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ੍ਦ ਨਿਸ਼ਚਿਤ ਕਰ ਦਿੱਤੀ ਹੈ, ਪਾਣੀ ਧਰਤ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚਢ਼ੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ। ਇਹ ਪਾਣੀ ਨਦੀਆਂ ਵਿੱਚੋਂ ਵਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ। ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ। ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰਖਾ ਭੇਜਦਾ ਹੈ। ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ। ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ। ਉਹ ਪੌਦੇ ਸਾਨੂੰ ਧਰਤ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ। ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ। ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪਂਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ, ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ। ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।
19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ। ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜਦਾ ਹੈ, ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ। ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ। ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ। ਇਹ ਕਿੰਨਾ ਵੱਡਾ ਹੈ। ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ। ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ, ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ। ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ। ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰਜ੍ਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ, ਉਹ ਭੈਭੀਤ ਹੋ ਜਾਂਦੇ ਹਨ। ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕਢ ਲੈਂਦੇ ਹੋ। ਉਹ ਕਮਜ਼ੋਰ ਬਣ ਜਾਂਦੇ ਹਨ। ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ। ਉਹ ਸਿਹਤਮੰਦ ਬਣ ਜਾਂਦੇ ਹਨ। ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤ ਵੱਲ ਵੇਖਦਾ ਹੈ ਅਤੇ ਇਹ ਕੰਬਣ ਲੱਗ ਜਾਂਦੀ ਹੈ। ਉਹ ਪਹਾੜਾਂ ਨੂੰ ਛੂੰਹਦਾ ਹੈ ਅਤੇ ਉਨ੍ਹਾਂ ਤੋਂ ਧੂਆਂ ਉਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ। ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸਨੂੰ ਪ੍ਰਸੰਨ ਕਰਨਗੇ। ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ। ਬੁਰੇ ਲੋਕਾਂ ਨੂੰ ਇਥੋਂ ਸਦਾ ਲਈ ਦੂਰ ਚਲੇ ਜਾਣ ਦਿਉ। ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ। ਯਹੋਵਾਹ ਦੀ ਉਸਤਤਿ ਕਰ।