ਜ਼ਬੂਰ
ਕਾਂਡ 88
1 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ। ਮੈਂ ਤੁਹਾਡੇ ਅੱਗੇ ਦਿਨ-ਰਾਤ ਅਰਦਾਸ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਅਰਦਾਸਾਂ ਵੱਲ ਧਿਆਨ ਦਿਉ। ਰਹਿਮ ਲਈ ਮੇਰੀਆਂ ਅਰਦਾਸਾਂ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝਲਿਆ ਹੈ। ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ। ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ, ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ। ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ। ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ, ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ। ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ। ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ। ਹੇ ਪਰਮੇਸ਼ੁਰ, ਮੈਂ ਨਿਰਂਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ। ਮੈਂ ਅਰਦਾਸ ਲਈ ਤੁਹਾਡੇ ਵੱਲ ਆਪਣੇ ਹੱਥ ਉਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ? ਕੀ ਪ੍ਰੇਤ ਉਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸਕਦੇ। ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸਕਦੇ। ਭੁੱਲੇ ਵਿਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ। ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਅਰਦਾਸ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ? ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ ਅਤੇ ਮੈਂ ਤੁਹਾਡਾ ਗੁੱਸਾ ਝਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ। ਸਿਰਫ਼ ਹਨੇਰਾ ਹੀ ਮੇਰਾ ਸਂਗੀ ਸਾਥੀ ਹੈ।