ਜ਼ਬੂਰ
ਕਾਂਡ 90
1 ਹੇ ਮਾਲਕ, ਤੁਸੀਂ ਸਦਾ-ਸਦਾ ਲਈ ਸਾਡਾ ਘਰ ਰਹੇ ਹੋਂ।
2 ਹੇ ਪਰਮੇਸ਼ੁਰ, ਤੁਸੀਂ ਪਰਬਤਾਂ ਦੇ ਪੈਦਾ ਹੋਣ ਤੋਂ ਪਹਿਲਾਂ ਅਤੇ ਧਰਤੀ ਅਤੇ ਦੁਨੀਆਂ ਸਾਜੇ ਜਾਣ ਤੋਂ ਪਹਿਲਾਂ ਵੀ ਤੁਸੀਂ ਪਰਮੇਸ਼ੁਰ ਸੀ। ਹੇ ਪਰਮੇਸ਼ੁਰ ਤੁਸੀਂ ਸਦਾ ਰਹੇ ਹੋਂ ਅਤੇ ਤੁਸੀਂ ਸਦਾ ਰਹੋਂਗੇ, ਹੇ ਪਰਮੇਸ਼ੁਰ।
3 ਤੁਸੀਂ ਲੋਕਾਂ ਨੂੰ ਇਸ ਦੁਨੀਆਂ ਵਿੱਚ ਲਿਆਉਂਦੇ ਹੋ। ਅਤੇ ਫ਼ੇਰ ਤੁਸੀਂ ਉਨ੍ਹਾਂ ਨੂੰ ਖਾਕ ਵਿੱਚ ਬਦਲ ਦਿੰਦੇ ਹੋ।
4 ਤੁਹਾਡੇ ਲਈ ਹਜ਼ਾਰ ਸਾਲ ਕੱਲ ਦੀ ਤਰ੍ਹਾਂ ਅਤੇ ਰਾਤ ਦੀ ਤਰ੍ਹਾਂ ਹਨ।
5 ਤੁਸੀਂ ਸਾਨੂੰ ਪਰ੍ਹਾਂ ਹੂੰਝ ਸੁੱਟਦੇ ਹੋਂ। ਸਾਡੀ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ, ਅਤੇ ਸਵੇਰ ਨੂੰ ਅਸੀਂ ਜਾ ਚੁੱਕੇ ਹੁੰਦੇ ਹਾਂ। ਅਸੀਂ ਘਾਹ ਦੀ ਤਰ੍ਹਾਂ ਹਾਂ।
6 ਘਾਹ ਸਵੇਰ ਵੇਲੇ ਉਘਦਾ ਹੈ, ਅਤੇ ਸ਼ਾਮ ਨੂੰ ਇਹ ਸੁੱਕ ਜਾਂਦਾ ਹੈ ਅਤੇ ਮਰ ਰਿਹਾ ਹੁੰਦਾ ਹੈ।
7 ਹੇ ਪਰਮੇਸ਼ੁਰ, ਸਾਨੂੰ ਤੁਹਾਡਾ ਗੁੱਸਾ ਤਬਾਹ ਕਰ ਸਕਦਾ ਹੈ। ਸਾਨੂੰ ਤੁਹਾਡੇ ਕਹਿਰ ਤੋਂ ਡਰ ਲੱਗਦਾ ਹੈ।
8 ਤੁਸੀਂ ਸਾਡੇ ਗੁਨਾਹਾਂ ਬਾਰੇ ਸਭ ਕੁਝ ਜਾਣਦੇ ਹੋ। ਤੁਸੀਂ ਸਾਡਾ ਹਰ ਲੁਕਵਾਂ ਗੁਨਾਹ ਵੀ ਵੇਖ ਲੈਂਦੇ ਹੋ।
9 ਤੁਹਾਡਾ ਕਹਿਰ ਸਾਡੀ ਜ਼ਿੰਦਗੀ ਨੂੰ ਖਤਮ ਕਰ ਸਕਦਾ ਹੈ। ਸਾਡੀ ਜ਼ਿੰਦਗੀ ਸਰਗੋਸ਼ੀ ਦੀ ਤਰ੍ਹਾਂ ਮੁੱਕ ਜਾਂਦੀ ਹੈ।
10 ਇਹ ਹੋ ਸਕਦਾ ਹੈ, ਕਿ ਅਸੀਂ 70 ਸਾਲਾਂ ਤੱਕ ਜੀਵੀਏ। ਜੇ ਅਸੀਂ ਹਾਲੇ ਵੀ ਤਕੜੇ ਹਾਂ, ਤਾਂ ਇਹ ਉਮਰ 80 ਸਾਲਾ ਹੋ ਸਕਦੀਆਂ ਹਨ। ਸਾਡੀਆਂ ਜ਼ਿਂਦਗੀਆਂ ਸਖਤ ਮਿਹਨਤ ਅਤੇ ਵਿਅਰਥ ਪ੍ਰਾਪਤੀਆਂ ਨਾਲ ਭਰਪੂਰ ਹਨ। ਫ਼ਿਰ ਅਚਾਨਕ, ਸਾਡੀਆਂ ਜ਼ਿਂਦਗੀਆਂ ਖਤਮ ਹੋ ਜਾਂਦੀਆਂ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।
11 ਕੋਈ ਵੀ ਬੰਦਾ ਤੁਹਾਡੇ ਗੁੱਸੇ ਦੀ ਪੂਰੀ ਸ਼ਕਤੀ ਨੂੰ ਨਹੀਂ ਜਾਣ ਸਕਦਾ, ਪਰਮੇਸ਼ੁਰ। ਪਰ ਹੇ ਪਰਮੇਸ਼ੁਰ, ਤੁਹਾਡੇ ਲਈ ਸਾਡਾ ਡਰ ਅਤੇ ਆਦਰ ਓਨਾ ਹੀ ਵੱਡਾ ਹੈ ਜਿੰਨਾ ਤੁਹਾਡਾ ਗੁੱਸਾ।
12 ਸਾਨੂੰ ਸਿਖਾਉ ਕਿ ਸਾਡੀਆਂ ਜ਼ਿਂਦਗੀਆਂ ਕਿੰਨੀਆਂ ਛੋਟੀਆਂ ਹਨ ਅਤੇ ਜੋ ਅਸੀਂ ਸੱਚ ਮੁੱਚ ਸਿਆਣੇ ਬਣ ਸਕੀਏ।
13 ਯਹੋਵਾਹ, ਸਾਡੇ ਵੱਲ ਸਦਾ ਲਈ ਵਾਪਸ ਆ ਜਾਉ। ਆਪਣੇ ਸੇਵਕਾਂ ਉੱਪਰ ਮਿਹਰ ਕਰੋ।
14 ਹਰ ਸਵੇਰ ਸਾਨੂੰ ਆਪਣੇ ਪਿਆਰ ਨਾਲ ਭਰ ਦਿਉ। ਸਾਨੂੰ ਪ੍ਰਸੰਨ ਹੋਣ ਦਿਉ ਅਤੇ ਆਪਣੀਆਂ ਜ਼ਿਂਦਗੀਆਂ ਮਾਨਣ ਦਿਉ।
15 ਤੁਸਾਂ ਸਾਨੂੰ ਬਹੁਤ ਉਦਾਸੀ ਅਤੇ ਸਾਡੇ ਵਿੱਚ ਬਹੁਤ ਮੁਸੀਬਤਾਂ ਦਿੱਤੀਆਂ ਹਨ। ਹੁਣ ਸਾਨੂੰ ਖੁਸ਼ੀ ਲੈਣ ਦਿਉ।
16 ਆਪਣੇ ਸੇਵਕਾਂ ਨੂੰ ਉਹ ਚਮਤਕਾਰ ਵੇਖਣ ਦਿਉ ਜਿਹੜੇ ਤੁਸੀਂ ਉਨ੍ਹਾਂ ਲਈ ਕਰਨ ਯੋਗ ਹੋਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤੁਹਾਡੀ ਮਹਿਮਾ ਵੇਖਣ ਦਿਉ।
17 ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਵਿੱਚ ਅਸੀਂ ਪਰਮੇਸ਼ੁਰ ਦੀ ਪ੍ਰਸਂਨਤਾ ਮਹਿਸੂਸ ਕਰੀਏ। ਜਿਸਨੂੰ ਅਸੀਂ ਸਾਧਦੇ ਹਾਂ ਉਸਨੂੰ ਸਥਾਪਿਤ ਕਰਦਿਆਂ ਅਤੇ ਸਹਾਰਾ ਦਿੰਦਿਆਂ ਉਹ ਸਾਨੂੰ ਅਸੀਸ ਦੇਵੇ।