ਜ਼ਬੂਰ
ਕਾਂਡ 81
1 ਖੁਸ਼ ਹੋਵੋ ਅਤੇ ਪਰਮੇਸ਼ੁਰ ਨੂੰ ਗੀਤ ਗਾਵੋ ਜਿਹੜਾ ਸਾਡੀ ਤਾਕਤ ਹੈ। ਇਸਰਾਏਲ ਦੇ ਪਰਮੇਸ਼ੁਰ ਨੂੰ ਖੁਸ਼ੀ ਦੇ ਜੈਕਾਰੇ ਗਜਾਉ।
2 ਸਂਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ। ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।
3 ਮਸਿਆ ਅਤੇ ਪੁਂਨਿਆ ਦੇ ਤਿਉਹਾਰਾਂ ਵੇਲੇ ਤੂਰ੍ਹੀਆਂ ਵਜਾਉ ਜਦੋਂ ਸਾਡੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ।
4 ਇਸਰਾਏਲ ਦੇ ਲੋਕਾਂ ਲਈ ਇਹੀ ਬਿਧੀ ਹੈ। ਪਰਮੇਸ਼ੁਰ ਨੇ ਇਹੀ ਆਦੇਸ਼ ਯਾਕੂਬ ਨੂੰ ਦਿੱਤਾ ਸੀ।
5 ਪਰਮੇਸ਼ੁਰ ਨੇ ਇਹ ਇਕਰਾਰ ਯੂਸੁਫ਼ ਨਾਲ ਕੀਤਾ, ਜਦੋਂ ਪਰਮੇਸ਼ੁਰ ਉਸਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ। ਮਿਸਰ ਵਿੱਚ ਅਸੀਂ ਉਹ ਭਾਸ਼ਾ ਸੁਣੀ, ਜਿਹੜੀ ਅਸੀਂ ਸਮਝਦੇ ਨਹੀਂ ਸਾਂ।
6 ਪਰਮੇਸ਼ੁਰ ਆਖਦਾ ਹੈ, ਮੈਂ ਤੁਹਾਡੇ ਮੋਢਿਆਂ ਉਤਲਾ ਭਾਰ ਲਾਹ ਲਿਆ ਹੈ। ਮੈਂ ਤੁਹਾਡੀ ਮਜ਼ਦੂਰੀ ਦੀ ਟੋਕਰੀ ਲੁਹਾ ਦਿੱਤੀ।
7 ਤੁਸੀਂ ਲੋਕ ਮੁਸੀਬਤਾਂ ਵਿੱਚ ਸੀ। ਤੁਸੀਂ ਮੇਰੀ ਸਹਾਇਤਾ ਲਈ ਚੀਕੇ, ਅਤੇ ਮੈਂ ਤੁਹਾਨੂੰ ਮੁਕਤ ਕੀਤਾ। ਮੈਂ ਆਪਣੇ-ਆਪ ਨੂੰ ਤੂਫ਼ਾਨੀ ਬੱਦਲਾਂ ਵਿੱਚ ਛੁਪਾ ਰਿਹਾ ਸੀ ਅਤੇ ਤੁਹਾਨੂੰ ਜਵਾਬ ਦਿੱਤਾ। ਮੈਂ ਤੁਹਾਨੂੰ ਮਰੀਬਾਹ ਦੇ ਪਾਣੀ ਦੁਆਰਾ ਪਰਖਿਆ।
8 "ਮੇਰੇ ਲੋਕੋ, ਮੈਨੂੰ ਸੁਣੋ ਅਤੇ ਮੈਂ ਤੁਹਾਨੂੰ ਆਪਣਾ ਕਰਾਰ ਦੇਵਾਂਗਾ। ਇਸ ਲਈ, ਕਿਰਪਾ ਕਰਕੇ ਮੇਰੀ ਗੱਲ ਸੁਣ।
9 ਉਨ੍ਹਾਂ ਝੂਠੇ ਦੇਵਤਿਆਂ ਦੀ ਪੂਜਾ ਨਾ ਕਰੋ ਜਿਨ੍ਹਾਂ ਦੀ ਉਪਾਸਨਾ ਵਿਦੇਸ਼ੀ ਲੋਕ ਕਰਦੇ ਹਨ।
10 ਮੈਂ ਪਰਮੇਸ਼ੁਰ, ਤੁਹਾਡਾ ਯਹੋਵਾਹ ਹਾਂ। ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ। ਇਸਰਾਏਲ, ਆਪਣਾ ਮੂੰਹ ਖੋਲ੍ਹ ਅਤੇ ਮੈਂ ਤੈਨੂੰ ਭੋਜਨ ਕਰਾਵਾਂਗਾ।
11 "ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ, ਇਸਰਾਏਲ ਨੇ ਮੇਰਾ ਹੁਕਮ ਨਹੀਂ ਮੰਨਿਆ।
12 ਇਸ ਲਈ ਮੈਂ ਉਨ੍ਹਾਂ ਨੂੰ ਮਨਮਾਨੀਆਂ ਕਰਨ ਦਿੱਤੀਆਂ, ਇਸਰਾਏਲ ਨੇ ਉਹੀ ਕੀਤਾ ਜੋ ਉਨ੍ਹਾਂ ਨੇ ਚਾਹਿਆ।
13 ਜੇ ਮੇਰੇ ਲੋਕ ਮੇਰੀ ਗੱਲ ਸੁਣਦੇ ਅਤੇ ਉਸ ਢੰਗ ਨਾਲ ਰਹਿੰਦੇ ਜਿਵੇਂ ਮੈਂ ਚਾਹੁੰਦਾ ਸੀ ਕਿ ਉਹ ਜਿਉਣ।
14 ਫ਼ੇਰ ਮੈਂ ਉਨ੍ਹਾਂ ਦੇ ਵੈਰੀਆਂ ਨੂੰ ਹਰਾ ਦਿੰਦਾ ਮੈਂ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਜਿਹੜੇ ਇਸਰਾਏਲ ਲਈ ਮੂਸੀਬਤਾਂ ਲਿਆਉਂਦੇ।
15 ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬਣਗੇ। ਉਹ ਸਦਾ ਲਈ ਦੰਡੇ ਜਾਣਗੇ।
16 ਪਰਮੇਸ਼ੁਰ ਸਭ ਤੋਂ ਉੱਤਮ ਕਣਕ ਆਪਣੇ ਲੋਕਾਂ ਨੂੰ ਦੇਵੇਗਾ। ਚੱਟਾਨ ਉਸ ਦੇ ਲੋਕਾਂ ਨੂੰ ਉਦੋਂ ਤੱਕ ਸ਼ਹਿਰ ਦੇਵੇ ਜਦੋਂ ਤੱਕ ਉਹ ਤ੍ਰਿਪਤ ਨਾ ਹੋ ਜਾਣ।"