ਜ਼ਬੂਰ
ਕਾਂਡ 32
1 ਬੰਦਾ ਬਹੁਤ ਪ੍ਰਸੰਨ ਹੁੰਦਾ ਹੈ, ਜਦੋਂ ਉਸਦੇ ਪਾਪ ਬਖਸ਼ੇ ਜਾਂਦੇ ਹਨ। ਉਹ ਬੰਦਾ ਬਹੁਤ ਸੁਭਾਗਾ ਹੈ ਜਦੋਂ ਉਸਦੇ ਪਾਪ ਮਿਟਾਏ ਜਾਂਦੇ ਹਨ।
2 ਉਹ ਵਿਅਕਤੀ ਵੜਭਾਗਾ ਹੈ ਜਿਹੜਾ ਪਰਮੇਸ਼ੁਰ ਦੁਆਰਾ ਨਿਰਦੋਸ਼ ਘੋਸ਼ਿਤ ਕੀਤਾ ਜਾਵੇਗਾ। ਉਹ ਆਦਮੀ ਬਹੁਤ ਸੁਭਾਗਾ ਹੈ ਜਿਸਨੇ ਆਪਣੇ ਗੁਪਤ ਪਾਪ ਵੀ ਨਹੀਂ ਛੁਪਾਏ।
3 ਹੇ ਪਰਮੇਸ਼ੁਰ, ਮੈਂ ਬਾਰ-ਬਾਰ ਤੁਹਾਨੂੰ ਪ੍ਰਾਰਥਨਾ ਕੀਤੀ, ਪਰ ਮੈਂ ਆਪਣੇ ਗੁਪਤ ਗੁਨਾਹਾਂ ਬਾਰੇ ਨਹੀਂ ਦੱਸਿਆ। ਮੈਂ ਹਰ ਸਮੇਂ ਕਮਜ਼ੋਰ ਬਣ ਗਿਆ ਜਦੋਂ ਵੀ ਮੈਂ ਅਰਦਾਸ ਕੀਤੀ।
4 ਹੇ ਪਰਮੇਸ਼ੁਰ, ਤੂੰ ਮੇਰੀ ਜ਼ਿੰਦਗੀ ਦਿਨ ਅਤੇ ਰਾਤ, ਸਖਤ ਤੋਂ ਸਖਤਰ ਬਣਾ ਦਿੱਤੀ ਹੈ। ਮੈਂ ਗਰਮੀ ਦੀ ਝੁਲਸੀ ਤਪਸ਼ ਵਿੱਚ ਸੁੱਕੀ ਜ਼ਮੀਨ ਵਰਗਾ ਬਣ ਗਿਆ ਹਾਂ।
5 ਪਰ ਫ਼ੇਰ ਮੈਂ ਆਪਣੇ ਸਾਰੇ ਗੁਨਾਹਾਂ ਦਾ ਯਹੋਵਾਹ ਸਾਮ੍ਹਣੇ ਇਕਬਾਲ ਕਰਨ ਦਾ ਫ਼ੈਸਲਾ ਕੀਤਾ। ਯਹੋਵਾਹ, ਮੈਂ ਤੁਹਾਨੂੰ ਆਪਣੇ ਗੁਨਾਹਾਂ ਬਾਰੇ ਦੱਸਿਆ। ਮੈਂ ਤੁਹਾਡੇ ਕੋਲੋਂ ਕੋਈ ਵੀ ਦੋਸ਼ ਨਹੀਂ ਛੁਪਾਇਆ। ਅਤੇ ਤੁਸੀਂ ਮੈਨੂੰ ਮੇਰੇ ਸਾਰੇ ਗੁਨਾਹਾਂ ਲਈ ਮੁਆਫ਼ ਕਰ ਦਿੱਤਾ।
6 ਇਸੇ ਕਾਰਣ ਹੇ ਪਰਮੇਸ਼ੁਰ, ਤੁਹਾਡੇ ਸਮੂਹ ਅਨੁਯਾਈਆਂ ਨੂੰ ਚਾਹੀਦਾ ਹੈ ਕਿ ਉਹ ਤੁਹਾਡੇ ਅੱਗੇ ਅਰਦਾਸ ਕਰਨ। ਤੁਹਾਡੇ ਅਨੁਯਾਈਆਂ ਨੂੰ ਉਦੋਂ ਵੀ ਅਰਦਾਸ ਕਰਨੀ ਚਾਹੀਦੀ ਹੈ ਜਦੋਂ ਮੁਸੀਬਤਾਂ ਹੜ ਵਾਂਗਰਾਂ ਭਿਆਨਕ ਹੋਣ।
7 ਹੇ ਪਰਮੇਸ਼ੁਰ, ਤੁਸੀਂ ਮੇਰੀ ਸ਼ਰਨ ਹੋ। ਤੁਸੀਂ ਮੇਰੀਆਂ ਮੁਸੀਬਤਾਂ ਵਿੱਚ ਮੇਰੀ ਰੱਖਿਆ ਕਰਦੇ ਹੋ। ਤੂੰ ਮੈਨੂੰ ਘੇਰ ਅਤੇ ਮੇਰੀ ਰੱਖਿਆ ਕਰ। ਇਸ ਲਈ ਮੈਂ ਉਸ ਬਾਰੇ ਗਾਉਂਦਾ ਜਿਵੇਂ ਤੁਸੀਂ ਮੈਨੂੰ ਬਚਾਇਆ।
8 ਯਹੋਵਾਹ ਆਖਦਾ ਹੈ, "ਮੈਂ ਤੈਨੂੰ ਸਿਖਿਆ ਦੇਵਾਂਗਾ ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ। ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
9 ਇਸ ਲਈ ਕਿਸੇ ਘੋੜੇ ਜਾਂ ਖੋਤੇ ਵਾਂਗਰਾਂ ਮੂਰਖ ਨਾ ਬਣੋ। ਲੋਕਾਂ ਨੂੰ ਉਨ੍ਹਾਂ ਜਾਨਵਰਾਂ ਤੇ ਕਾਬੂ ਕਰਨ ਲਈ ਵਾਂਗਾ ਅਤੇ ਲਗਾਮਾਂ ਇਸਤੇਮਾਲ ਕਰਨੇ ਚਾਹੀਦੇ ਹਨ। ਉਨ੍ਹਾਂ ਚੀਜ਼ਾਂ ਤੋਂ ਬਿਨਾ ਉਹ ਜਾਨਵਰ ਤੁਹਾਡੇ ਨੇੜੇ ਨਹੀਂ ਆਉਣਗੇ।"
10 ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਮ੍ਹਣਾ ਕਰਨਗੇ। ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰਖਦੇ ਹਨ।
11 ਹੇ ਸੱਜਨੋ, ਆਨੰਦ ਮਾਣੋ ਅਤੇ ਯਹੋਵਾਹ ਵਿੱਚ ਬਹੁਤ ਖੁਸ਼ ਹੋਵੋ। ਤੁਸੀਂ ਪਵਿੱਤਰ ਹਿਰਦਿਆਂ ਵਾਲੇ ਸਮੂਹ ਲੋਕੋ, ਖੁਸ਼ੀ ਮਨਾਉ।