ਜ਼ਬੂਰ
ਕਾਂਡ 24
1 ਧਰਤੀ ਅਤੇ ਇਸਦੀ ਹਰ ਸ਼ੈਅ ਯਹੋਵਾਹ ਦੀ ਮਲਕੀਅਤ ਹੈ। ਦੁਨੀਆਂ ਤੇ ਇਸਦੇ ਸਾਰੇ ਲੋਕ ਉਸਦੇ ਹਨ।
2 ਯਹੋਵਾਹ ਨੇ ਧਰਤ ਨੂੰ ਪਾਣੀ ਉੱਤੇ ਸਾਜਿਆ। ਉਸਨੇ ਇਸਨੂੰ ਦਰਿਆਵਾਂ ਉੱਤੇ ਸਾਜਿਆ।
3 ਯਹੋਵਾਹ ਦੇ ਪਰਬਤ ਉੱਤੇ ਕੌਣ ਚੜ ਸਕਦਾ ਹੈ। ਕੌਣ ਖਲੋ ਸਕਦਾ ਹੈ ਤੇ ਯਹੋਵਾਹ ਦੇ ਪਵਿੱਤਰ ਮੰਦਰ ਵਿੱਚ ਉਪਾਸਨਾ ਕਰ ਸਕਦਾ ਹੈ?
4 ਕਿਹੜੇ ਲੋਕ ਗਿਰਜਾਘਰ ਤੱਕ ਜਾ ਸਕਦੇ ਹਨ? ਪਵਿੱਤਰ ਹੱਥਾਂ ਅਤੇ ਜਿਨ੍ਹਾਂ ਦੇ ਦਿਲ ਸ਼ੁਧ ਹਨ। ਉਹ ਲੋਕ ਜਿਨ੍ਹਾਂ ਨੇ ਮੰਦੇ ਕੰਮ ਨਹੀਂ ਕੀਤੇ ਹਨ, ਉਹ ਲੋਕ ਜਿਨ੍ਹਾ ਦੇ ਹਿਰਦੇ ਸ਼ੁਧ ਹਨ, ਉਹ ਲੋਕ ਜਿਨ੍ਹਾਂ ਨੇ ਝੂਠੀ ਸੌਂਹ ਖਾਣ ਲਈ ਮੇਰੇ ਨਾਂ ਦੀ ਵਰਤੋਂ ਨਹੀਂ ਕੀਤੀ ਅਤੇ ਉਹ ਲੋਕ ਜਿਨ੍ਹਾਂ ਨੇ ਧੋਖਾ ਦੇਣ ਵਾਲੇ ਵਾਅਦੇ ਨਹੀਂ ਕੀਤੇ ਹਨ।
5 ਚਂਗੇ ਬੰਦੇ ਯਹੋਵਾਹ ਤਾਈਂ ਹੋਰਾਂ ਨੂੰ ਅਸੀਸ ਦੇਣ ਲਈ ਆਖਦੇ ਹਨ। ਉਹ ਲੋਕ ਆਪਣੇ ਪਰਮੇਸ਼ੁਰ, ਆਪਣੇ ਮੁਕਤੀਦਾਤਾ ਨੂੰ ਸ਼ੁਭ ਕਾਰਜ ਕਰਨ ਲਈ ਆਖਦੇ ਹਨ।
6 ਉਹ ਚੰਗੇ ਲੋਕ ਪਰਮੇਸ਼ੁਰ ਦਾ ਅਨੁਸਰਣ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ, ਉਹ ਲੋਕ ਯਾਕੂਬ ਦੇ ਪਰਮੇਸ਼ੁਰ ਕੋਲ ਮਦਦ ਲਈ ਜਾਂਦੇ ਹਨ।
7 ਦਰਵਾਜਿਉ ਆਪਣੇ ਸਿਰ ਚੁੱਕੋ। ਪੁਰਾਤਨ ਦਰਵਾਜਿਉ ਖੁਲ੍ਹ ਜਾਵੋ, ਤਾਂ ਜੋ ਮਹਿਮਾਮਈ ਰਾਜਾ ਅੰਦਰ ਆ ਸਕੇ।
8 ਉਹ ਤੇਜਸਵੀ ਰਾਜਾ ਕੌਣ ਹੈ? ਯਹੋਵਾਹ ਸਰਬ ਸ਼ਕਤੀਮਾਨ ਉਹ ਰਾਜਾ ਹੈ। ਉਹ ਤੇਜਸਵੀ ਰਾਜਾ ਹੈ। ਉਹੀ ਯੁਧ ਦਾ ਨਾਇਕ ਹੈ।
9 ਦਰਵਾਜਿਉ, ਆਪਣੇ ਸਿਰ ਚੁੱਕੋ। ਪੁਰਾਤਨ ਦਰਵਾਜਿਉ ਖੁਲ੍ਹ ਜਾਵੋ, ਮਹਿਮਾਮਈ ਰਾਜਾ ਅੰਦਰ ਆਏਗਾ।
10 ਉਹ ਮਹਾਨ ਰਾਜਾ ਕੌਣ ਹੈ? ਪਰਮੇਸ਼ੁਰ ਹੀ ਉਹ ਅੱਤ ਮਹਾਨ ਰਾਜਾ ਹੈ। ਉਹ ਮਹਿਮਾਮਈ ਰਾਜਾ ਹੈ।