ਜ਼ਬੂਰ
ਕਾਂਡ 35
1 ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖਿਲਾਫ਼ ਲੜੋ। ਮੇਰੇ ਯੁਧ ਲੜੋ।
2 ਹੇ ਯਹੋਵਾਹ, ਆਪਣੀ ਢਾਲ ਅਤੇ ਫ਼ਰੀ ਚੁੱਕ ਲਵੋ। ਉਠੋ ਅਤੇ ਮੇਰੀ ਮਦਦ ਕਰੋ।
3 ਆਪਣਾ ਨੇਜਾ ਅਤੇ ਬਰਛਾ ਚੁੱਕ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜੋ ਜੋ ਮੇਰਾ ਪਿੱਛਾ ਕਰ ਰਹੇ ਹਨ। ਯਹੋਵਾਹ, ਮੇਰੀ ਰੂਹ ਨੂੰ ਆਖੋ, "ਮੈਂ ਤੈਨੂੰ ਬਚਵਾਂਗਾ।"
4 ਉਹ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਨਿਰਾਸ਼ ਅਤੇ ਸ਼ਰਮਸਾਰ ਹੋਣ। ਉਹ ਜਿਹੜੇ ਮੈਨੂੰ ਸੱਟ ਮਾਰਨ ਦੀ ਸਾਜਿਸ਼ ਕਰਦੇ ਹਨ, ਹਾਰ ਜਾਣ ਅਤੇ ਸ਼ਰਮਸਾਰ ਹੋਣ।
5 ਉਨ੍ਹਾਂ ਨੂੰ ਉਸ ਤੂੜੀ ਵਾਂਗ ਬਣਾ ਦਿਉ। ਜਿਹੜਾ ਹਵਾ ਦੁਆਰਾ ਉੱਡ ਜਾਂਦੀ ਹੈ। ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
6 ਯਹੋਵਾਹ, ਉਨ੍ਹਾਂ ਦੇ ਰਾਹਾਂ ਨੂੰ ਹਨੇਰਮਈ ਅਤੇ ਤਿਲਕਣਾ ਬਣਾ ਦਿਉ। ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
7 ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਪਰ ਉਨ੍ਹਾਂ ਲੋਕਾਂ ਨੇ ਮੈਨੂੰ ਫ਼ੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੈਨੂੰ ਅਕਾਰਣ ਹੀ ਫ਼ਸਾਉਣ ਦੀ ਕੋਸ਼ਿਸ਼ ਕੀਤੀ।
8 ਇਸ ਲਈ ਯਹੋਵਾਹ, ਉਨ੍ਹਾਂ ਨੂੰ ਆਪਣੀਆਂ ਚਾਲਾਂ ਵਿੱਚ ਫ਼ਸਣ ਦਿਉ, ਉਨ੍ਹਾਂ ਨੂੰ ਆਪਣੇ ਹੀ ਜਾਲਾਂ ਵਿੱਚ ਡਿੱਗਣ ਦਿਉ। ਕੋਈ ਅਣਪਛਾਣਿਆ ਖਤਰਾ ਉਨ੍ਹਾਂ ਨੂੰ ਫ਼ੜ ਲਵੇ।
9 ਫ਼ੇਰ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ। ਮੈਂ ਖੁਸ਼ ਹੋਵਾਂਗਾ ਜਦੋਂ ਉਸਨੇ ਮੈਨੂੰ ਬਚਾਉਂਦਾ ਹੈ।
10 ਫ਼ੇਰ ਮੇਰੀ ਪੂਰੀ ਹਸਤੀ ਆਖੇਗੀ; "ਯਹੋਵਾਹ, ਤੁਹਾਡੇ ਜਿਹਾ ਕੋਈ ਨਹੀਂ। ਤੁਸੀਂ ਗਰੀਬ ਲੋਕਾਂ ਨੂੰ ਉਨ੍ਹਾਂ ਤੋਂ ਬਚਾਉਂਦੇ ਹੋ ਜੋ ਡਾਢੇ ਹਨ। ਤੁਸੀਂ ਡਾਢਿਆਂ ਕੋਲੋਂ ਚੀਜ਼ਾਂ ਖੋਹ ਕੇ ਉਹ ਚੀਜ਼ਾਂ ਤੁਸੀਂ ਗਰੀਬ ਅਤੇ ਲਾਚਾਰਾਂ ਨੂੰ ਦਿੰਦੇ ਹੋ।"
11 ਗਵਾਹਾਂ ਦੀ ਇੱਕ ਟੋਲੀ ਮੈਨੂੰ ਨੁਕਸਾਨ ਪਹੁੰਚਾਣ ਲਈ ਵਿਉਂਤਾਂ ਘੜ ਰਹੀ ਹੈ, ਉਹ ਲੋਕ ਮੇਰੇ ਪਾਸੋਂ ਐਸੇ ਸਵਾਲ ਪੁਛਣਗੇ ਜਿਨ੍ਹਾਂ ਦਾ ਮੈਂ ਕੋਈ ਜਵਾਬ ਨਹੀਂ ਜਾਣਦਾ।
12 ਮੈਂ ਤਾਂ ਸਿਰਫ਼ ਚੰਗੇ ਕੰਮ ਕੀਤੇ ਹਨ। ਪਰ ਉਹ ਲੋਕ ਮੇਰੇ ਨਾਲ ਮੰਦੇ ਕੰਮ ਕਰਨਗੇ। ਯਹੋਵਾਹ, ਮੈਨੂੰ ਸ਼ੁਭ ਚੀਜ਼ਾਂ ਦਿਉ ਜਿਨ੍ਹਾਂ ਦਾ ਮੈਂ ਹਕ੍ਕਦਾਰ ਹਾਂ।
13 ਜਦੋਂ ਉਹ ਲੋਕ ਬਿਮਾਰ ਸਨ, ਮੈਂ ਉਨ੍ਹਾਂ ਲਈ ਦੁੱਖੀ ਸੀ। ਮੈਂ ਭੋਜਨ ਛੱਡਕੇ ਉਨ੍ਹਾਂ ਨੂੰ ਆਪਣਾ ਪਿਆਰ ਦਰਸਾਇਆ। ਕੀ ਮੈਨੂੰ ਉਨ੍ਹਾਂ ਦੀ ਅਰਦਾਸ ਕਰਕੇ ਇਹੀ ਸਿਲਾ ਮਿਲਿਆ?
14 ਮੈਂ ਉਨ੍ਹਾਂ ਲੋਕਾਂ ਲਈ ਗਮੀ ਦੇ ਬਸਤਰ ਪਹਿਨੇ। ਮੈਂ ਉਨ੍ਹਾਂ ਨਾਲ ਮਿੱਤਰਾਂ ਜਾਂ ਮੇਰੇ ਭਰਾਵਾਂ ਵਰਗਾ ਵਿਹਾਰ ਕੀਤਾ। ਮੈਂ ਉਦਾਸ ਸਾਂ ਜਿਵੇਂ ਇੱਕ ਵਿਅਕਤੀ ਚੀਕਦਾ ਜਿਸਦੀ ਮਾਂ ਮਰ ਗਈ ਹੋਵੇ। ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਉਦਾਸੀ ਦਰਸਾਉਣ ਲਈ ਕਾਲੇ ਵਸਤਰ ਪਹਿਨੇ। ਮੈਂ ਗਮ ਨਾਲ ਨੀਵੀਂ ਪਾਕੇ ਤੁਰਦਾ।
15 ਪਰ ਜਦੋਂ ਮੈਂ ਕੋਈ ਗਲਤੀ ਕੀਤੀ, ਉਹ ਲੋਕ ਮੇਰੇ ਉੱਤੇ ਹਸ੍ਸੇ। ਉਹ ਲੋਕ ਸੱਚ ਮੁੱਚ ਦੋਸਤ ਨਹੀਂ ਸਨ, ਮੈਂ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਹਾਂ। ਪਰ ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਉੱਤੇ ਹਮਲਾ ਕੀਤਾ।
16 ਉਨ੍ਹਾਂ ਨੇ ਮੰਦੀ ਭਾਸ਼ਾ ਇਸਤੇਮਾਲ ਕੀਤੀ ਅਤੇ ਮੇਰਾ ਮਜ਼ਾਕ ਉਡਾਇਆ। ਉਨ੍ਹਾਂ ਲੋਕਾਂ ਨੇ ਦੰਦ ਕਰੀਚਦਿਆਂ ਦਰਸਾਇਆ ਕਿ ਉਹ ਕ੍ਰੋਧਵਾਨ ਸਨ।
17 ਮੇਰੇ ਮਾਲਕ ਤੁਸੀਂ ਕਿੰਨਾ ਕੁ ਚਿਰ ਇਨ੍ਹਾਂ ਮੰਦੀਆਂ ਗੱਲਾਂ ਦੇ ਵਾਪਰਨ ਨੂੰ ਦੇਖਦੇ ਰਹੋਂਗੇ? ਉਹ ਲੋਕ ਮੈਨੂੰ ਤਬਾਹ ਕਰਨ ਦਾ ਜਤਨ ਕਰ ਰਹੇ ਹਨ। ਹੇ ਪਰਮੇਸ਼ੁਰ ਮੇਰੀ ਜਿੰਦ ਦੀ ਰੱਖਿਆ ਕਰੋ। ਮੇਰੀ ਅਨਮੋਲ ਜ਼ਿੰਦਗੀ ਨੂੰ ਉਨ੍ਹਾਂ ਬੁਰੇ ਲੋਕਾਂ ਦੇ ਹਥੋਂ ਬਚਾਉ। ਉਹ ਸ਼ੇਰਾਂ ਵਰਗੇ ਹਨ।
18 ਯਹੋਵਾਹ, ਮੈਂ ਵੱਡੀ ਸਭਾ ਵਿੱਚ ਤੁਹਾਡੀ ਉਸਤਤਿ ਕਰਾਂਗਾ। ਮੈਂ ਤੁਹਾਡੀ ਉਸਤਤਿ ਕਰਾਂਗਾ, ਜਦੋਂ ਮੈਂ ਸ਼ਕਤੀਸ਼ਾਲੀ ਲੋਕਾਂ ਦੇ ਸੰਗ ਹੋਵਾਂਗਾ।
19 ਮੇਰੇ ਝੂਠੇ ਦੁਸ਼ਮਣ ਹੱਸਦੇ ਨਹੀਂ ਰਹਿ ਸਕਣਗੇ। ਅਵੱਸ਼ ਹੀ ਮੇਰੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ ਗੁਪਤ ਵਿਉਂਤਾ ਦਾ ਦੰਡ ਮਿਲੇਗਾ।
20 ਅਸਲ ਵਿੱਚ ਮੇਰੇ ਦੁਸ਼ਮਣ ਅਮਨ ਦੀਆਂ ਵਿਉਂਤਾਂ ਨਹੀਂ ਬਣਾ ਰਹੇ। ਉਹ ਖੁਫ਼ੀਆਂ ਤੌਰ ਤੇ ਇਸ ਦੇਸ਼ ਦੇ ਅਮਨ ਪਸੰਦ ਲੋਕਾਂ ਲਈ ਬਦੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ।
21 ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖ ਰਹੇ ਹਨ। ਉਹ ਝੂਠ ਬੋਲਦੇ ਹਨ ਅਤੇ ਆਖਦੇ ਹਨ, "ਆਹਾ ਅਸੀਂ ਜਾਣਦੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ।"
22 ਯਹੋਵਾਹ, ਤੁਸੀਂ ਲਾਜਮੀ ਤੌਰ ਤੇ ਵੇਖ ਰਹੇ ਹੋ, ਕਿ ਕੀ ਹੋ ਰਿਹਾ। ਇਸ ਲਈ ਚੁੱਪ ਨਾ ਰਹੋ। ਮੈਨੂੰ ਛੱਡਕੇ ਨਾ ਜਾਉ।
23 ਯਹੋਵਾਹ, ਜਾਗੋ। ਉਠੋ। ਮੇਰੇ ਪਰਮੇਸ਼ੁਰ ਅਤੇ ਮੇਰੇ ਯਹੋਵਾਹ, ਮੇਰੇ ਲਈ ਲੜੋ, ਅਤੇ ਮੇਰੇ ਨਾਲ ਇਨਸਾਫ਼ ਕਰੋ।
24 ਯਹੋਵਾਹ ਮੇਰੇ ਪਰਮੇਸ਼ੁਰ ਮੇਰੇ ਬਾਰੇ ਆਪਣੀ ਨਿਰਪਖਤਾ ਨਾਲ ਨਿਰਣਾ ਕਰੋ। ਉਨ੍ਹਾਂ ਲੋਕਾਂ ਨੂੰ ਮੇਰੇ ਉੱਤੇ ਹੱਸਣ ਨਾ ਦਿਉ।
25 ਉਨ੍ਹਾਂ ਲੋਕਾਂ ਨੂੰ ਨਾ ਆਖਣ ਦਿਉ, "ਆਹਾ। ਅਸੀਂ ਜੋ ਚਾਹਿਆ ਸਾਨੂੰ ਮਿਲ ਗਿਆ।" ਯਹੋਵਾਹ, ਉਨ੍ਹਾਂ ਨੂੰ ਨਾ ਆਖਣ ਦਿਉ, "ਅਸੀਂ ਉਸਨੂੰ ਤਬਾਹ ਕਰ ਦਿੱਤਾ।"
26 ਮੇਰੇ ਸਾਰੇ ਵੈਰੀ ਸ਼ਰਮਿੰਦਾ ਹੋਣ ਅਤੇ ਪਰੇਸ਼ਾਨੀ ਵਿੱਚ ਪੈਣ। ਉਹ ਲੋਕੀਂ ਖੁਸ਼ ਸਨ ਜਦੋਂ ਮੇਰੇ ਨਾਲ ਮੰਦੀਆਂ ਗੱਲਾਂ ਵਾਪਰ ਰਹੀਆਂ ਸਨ। ਉਨ੍ਹਾਂ ਨੇ ਸੋਚਿਆ ਸੀ ਕਿ ਉਹ ਮੇਰੇ ਨਾਲੋਂ ਬਿਹਤਰ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਸ਼ਰਮਿਂਦਗੀ ਅਤੇ ਅਪਮਾਨ ਨਾਲ ਢਕੋ।
27 ਕੁਝ ਲੋਕੀਂ ਚਾਹੁੰਦੇ ਹਨ ਕਿ ਮੇਰੇ ਨਾਲ ਚੰਗਿਆਂ ਗੱਲਾਂ ਵਾਪਰਨ। ਮੈਂ ਆਸ ਕਰਦਾ ਹਾਂ ਕਿ ਉਹ ਲੋਕ ਬਹੁਤ ਖੁਸ਼ ਹੋਣਗੇ। ਉਹ ਲੋਕ ਸਦਾ ਆਖਦੇ ਹਨ, "ਯਹੋਵਾਹ ਮਹਾਨ ਹੈ। ਉਹ ਆਪਣੇ ਨੌਕਰਾਂ ਦੀ ਭਲਾਈ ਚਾਹੁੰਦਾ ਹੈ।"
28 ਇਸ ਲਈ ਯਹੋਵਾਹ, ਮੈਂ ਲੋਕਾਂ ਨੂੰ ਤੇਰੀ ਚੰਗਿਆਈ ਬਾਰੇ ਦੱਸਦਾ ਹਾਂ। ਮੈਂ ਹਰ ਰੋਜ਼ ਉਸਤਤਿ ਕਰਦਾ ਹਾਂ।