ਜ਼ਬੂਰ
ਕਾਂਡ 50
1 ਪਰਮੇਸ਼ੁਰਾਂ ਦਾ ਪਰਮੇਸ਼ੁਰ, ਯਹੋਵਾਹ ਬੋਲਿਆ ਹੈ। ਉਹ ਧਰਤੀ ਦੇ ਸਾਰੇ ਲੋਕਾਂ ਨੂੰ ਸਵੇਰ ਤੋਂ ਸ਼ਾਮ ਤੱਕ ਬੁਲਾਉਂਦਾ ਹੈ।
2 ਸੀਯੋਨ ਤੋਂ ਚਮਕਦਾ ਹੋਇਆ ਪਰਮੇਸ਼ੁਰ ਪਰਮ ਸੁੰਦਰ ਹੈ।
3 ਸਾਡਾ ਪਰਮੇਸ਼ੁਰ, ਆ ਰਿਹਾ ਹੈ। ਅਤੇ ਉਹ ਚੁੱਪ ਨਹੀਂ ਰਹੇਗਾ। ਅੱਗ ਉਸਦੇ ਅੱਗੇ ਬਲਦੀ ਹੈ। ਇੱਕ ਵੱਡਾ ਤੂਫ਼ਾਨ ਉਸਦੇ ਆਲੇ-ਦੁਆਲੇ ਹੈ।
4 ਸਾਡਾ ਪਰਮੇਸੁਰ ਧਰਤ ਅਤੇ ਅਕਾਸ਼ ਨੂੰ ਅਵਾਜ਼ ਦਿੰਦਾ ਹੈ ਕਿ ਜਦੋਂ ਉਹ ਆਪਣੇ ਲੋਕਾਂ ਬਾਰੇ ਨਿਰਣਾ ਕਰੇ ਉਹ ਗਵਾਹ ਹੋਣ।
5 ਪਰਮੇਸ਼ੁਰ ਆਖਦਾ ਹੈ, "ਤੁਸੀਂ ਸਭ ਜੋ ਮੇਰੇ ਵਫ਼ਾਦਾਰ ਹੋ, ਮੇਰੇ ਆਲੇ-ਦੁਆਲੇ ਇਕਠੇ ਹੋਵੋ। ਤੁਸੀਂ ਸਾਰੇ ਜਿਨ੍ਹਾਂ ਦਾ ਮੇਰੇ ਨਾਲ ਕਰਾਰ ਹੈ ਆਵੋ ਅਤੇ ਮੈਨੂੰ ਆਪਣੀਆਂ ਬਲੀਆਂ ਭੇਂਟ ਕਰੋ।"
6 ਪਰਮੇਸ਼ੁਰ ਨਿਰਂਕਾਰ ਹੈ, ਅਤੇ ਅਕਾਸ਼ ਉਸਦੀ ਨੇਕੀ ਬਾਰੇ ਦੱਸਦਾ ਹੈ।
7 ਪਰਮੇਸ਼ੁਰ ਆਖਦਾ ਹੈ, "ਮੇਰੇ ਲੋਕੋ, ਮੇਰੀ ਗੱਲ ਸੁਣੋ। ਇਸਰਾਏਲ ਦੇ ਲੋਕੋ, ਮੈਂ ਆਪਣਾ ਸਬੂਤ ਤੁਹਾਡੇ ਵਿਰੁੱਧ ਦਰਸਾਵਾਂਗਾ। ਮੈਂ ਪਰਮੇਸ਼ੁਰ ਹਾਂ, ਤੁਹਾਡਾ ਪਰਮੇਸ਼ੁਰ।
8 ਮੈਂ ਤੁਹਾਡੀਆਂ ਬਲੀਆਂ ਬਾਰੇ ਸ਼ਿਕਵਾ ਨਹੀਂ ਕਰ ਰਿਹਾ। ਤੁਸੀਂ ਇਸਰਾਏਲ ਦੇ ਲੋਕ ਹਰ ਸਮੇਂ ਮੇਰੇ ਲਈ ਬਲੀ ਚੜਾਵੇ ਲੈਕੇ ਆਉਂਦੇ ਹੋ। ਤੁਸੀਂ ਇਹ ਮੈਨੂੰ ਹਰ ਰੋਜ਼ ਦਿੰਦੇ ਹੋ।
9 ਮੈਂ ਤੁਹਾਡੇ ਘਰਾਂ ਵਿੱਚੋਂ ਬਲਦ ਨਹੀਂ ਲਵਾਂਗਾ। ਮੈਂ ਤੁਹਾਡੇ ਬਾੜਿਆਂ ਵਿੱਚੋਂ ਬੱਕਰੇ ਨਹੀਂ ਲਵਾਂਗਾ।
10 ਮੈਨੂੰ ਇਨ੍ਹਾਂ ਜਾਨਵਰਾਂ ਦੀ ਕੋਈ ਲੋੜ ਨਹੀਂ। ਮੈਂ ਪਹਿਲਾਂ ਹੀ ਜੰਗਲ ਦੇ ਸਾਰੇ ਜਾਨਵਰਾਂ ਦਾ ਮਾਲਕ ਹਾਂ। ਮੈਂ ਪਹਿਲਾਂ ਹੀ ਪਰਬਤਾਂ ਦੇ ਸਾਰੇ ਹਜ਼ਾਰਾਂ ਜਾਨਵਰਾਂ ਦਾ ਮਾਲਕ ਹਾਂ।
11 ਉੱਚੇ ਤੋਂ ਉੱਚੇ ਪਰਬਤ ਉੱਤੇ ਬੈਠੇ ਹਰ ਪੰਛੀ ਨੂੰ ਮੈਂ ਜਾਣਦਾ ਹਾਂ। ਪਹਾੜੀਆਂ ਵਿੱਚ ਹਰਕਤ ਕਰਦੀ ਹਰ ਸ਼ੈਅ ਮੇਰੀ ਹੈ।
12 ਮੈਂ ਭੁਖਾ ਨਹੀਂ ਹਾਂ। ਪਰ ਜੇ ਮੈਂ ਭੁਖਾਂ ਹੋਵਾਂ ਵੀ, ਮੈਂ ਤੁਹਾਡੇ ਪਾਸੋਂ ਭੋਜਨ ਨਹੀਂ ਮਂਗਾਂਗਾ। ਸਾਰੀ ਦੁਨੀਆ ਅਤੇ ਇਸਦੀ ਹਰ ਸ਼ੈਅ ਪਹਿਲਾਂ ਹੀ ਮੇਰੀ ਹੈ।
13 "ਮੈਂ ਬਲਦਾਂ ਦਾ ਮਾਸ ਨਹੀਂ ਖਾਂਦਾ ਮੈਂ ਬੱਕਰੀਆਂ ਦਾ ਲਹੂ ਨਹੀਂ ਪੀਂਦਾ।"
14 ਇਸ ਲਈ ਹੋਰਨਾਂ ਉਪਾਸਨਾ ਕਰਨ ਵਾਲਿਆਂ ਨਾਲ ਸਾਂਝਾ ਕਰਨ ਲਈ ਆਪਣੇ ਸ਼ੁਕਰਾਨੇ ਦੇ ਚੜਾਵੇ ਲਿਆਵੋ। ਅਤੇ ਪਰਮੇਸ਼ੁਰ ਦੇ ਨਾਲ ਹੋਣ ਲਈ ਆਵੋ। ਤੁਸਾਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਵਾਅਦੇ ਦਿੱਤੇ ਸੀ। ਇਸ ਲਈ ਉਹ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਇਕਰਾਰ ਕੀਤਾ ਸੀ ਅਰਪਣ ਕਰੋ।
15 ਪਰਮੇਸ਼ੁਰ ਆਖਦਾ ਹੈ, "ਜਦੋਂ ਵੀ ਮੁਸੀਬਤਾਂ ਤੁਹਾਨੂੰ ਘੇਰਨ ਮੈਨੂੰ ਬੁਲਾਉ। ਮੈਂ ਤੁਹਾਡੀ ਸਹਾਇਤਾ ਕਰਾਂਗਾ ਅਤੇ ਫ਼ੇਰ ਤੁਸੀਂ ਮੇਰਾ ਆਦਰ ਕਰ ਸਕਦੇ ਹੋ।"
16 ਪਰਮੇਸ਼ੁਰ, ਬਦਕਾਰ ਲੋਕਾਂ ਨੂੰ ਆਖਦਾ ਹੈ, "ਤੁਸੀਂ ਲੋਕੀਂ ਮੇਰੇ ਨੇਮਾਂ ਬਾਰੇ ਗੱਲਾਂ ਕਰਦੇ ਹੋ। ਤੁਸੀਂ ਮੇਰੇ ਕਰਾਰ ਬਾਰੇ ਗੱਲਾਂ ਕਰਦੇ ਹੋ।
17 ਇਸੇ ਲਈ, ਜਦੋਂ ਮੈਂ ਤੁਹਾਨੂੰ ਸਹੀ ਕਰਦਾ ਹਾਂ ਤੁਸੀਂ ਮੈਨੂੰ ਨਫ਼ਰਤ ਕਿਉਂ ਕਰਦੇ ਹੋ। ਤੁਸੀਂ ਉਨ੍ਹਾਂ ਗੱਲਾਂ ਨੂੰ ਅਣਡਿਠ ਕਿਉਂ ਕਰਦੇ ਹੋਂ ਜੋ ਮੈਂ ਤੁਹਾਨੂੰ ਦੱਸਦਾ ਹਾਂ।"
18 ਤੁਸੀਂ ਇੱਕ ਚੋਰ ਨੂੰ ਦੇਖਦੇ ਹੋਂ ਅਤੇ ਨਸ੍ਸਕੇ ਉਸਦੇ ਨਾਲ ਰਲ ਜਾਂਦੇ ਹੋ। ਅਤੇ ਤੁਸੀਂ ਵਿਭਚਾਰੀਆਂ ਦੇ ਨਾਲ ਸ਼ਾਮਿਲ ਹੋ ਜਾਂਦੇ ਹੋ।
19 ਤੁਸੀਂ ਲੋਕੀਂ ਮੰਦੀਆਂ ਗੱਲਾਂ ਆਖਦੇ ਹੋ ਅਤੇ ਝੂਠ ਬੋਲਦੇ ਹੋ।
20 ਤੁਸੀਂ ਲਗਾਤਾਰ ਹੋਰਾਂ ਲੋਕਾਂ ਬਾਰੇ, ਆਪਣੇ ਭਰਾਵਾਂ ਬਾਰੇ ਵੀ ਮੰਦੀਆਂ ਗੱਲਾਂ ਆਖਦੇ ਹੋ।
21 ਤੁਸਾਂ ਇਹ ਮੰਦੇ ਕਾਰੇ ਕੀਤੇ ਅਤੇ ਮੈਂ ਕੁਝ ਨਹੀਂ ਆਖਿਆ। ਇਸ ਲਈ ਤੁਸਾਂ ਸੋਚਿਆ ਕਿ ਮੈਂ ਤੁਹਾਡੇ ਜਿਹਾ ਹੀ ਹਾਂ। ਅਛਾ, ਹੁਣ ਮੈਂ ਲੰਮੇ ਸਮੇਂ ਤੱਕ ਖਾਮੋਸ਼ ਨਹੀਂ ਰਹਾਂਗਾ। ਇਹ ਗੱਲਾਂ ਮੈਂ ਤੁਹਾਨੂੰ ਬਹੁਤ ਸਪਸ਼ਟ ਕਰ ਦਿਆਂਗਾ, ਅਤੇ ਮੈਂ ਤੁਹਾਡੇ ਸਨਮੁਖ ਤੁਹਾਡੇ ਉੱਤੇ ਇਲਜ਼ਾਮ ਲਾਵਾਂਗਾ।
22 ਤੁਸੀਂ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹੋ। ਇਸ ਲਈ ਇਹ ਚੰਗਾ ਹੈ ਜੇਕਰ ਤੁਸੀਂ ਇਹ ਸਮਝ ਲਵੋ, ਇਸਤੋਂ ਪਹਿਲਾਂ ਕਿ ਮੈਂ ਤੁਹਾਨੂੰ ਪਾੜ ਸੁੱਟਾਂ। ਜਦੋਂ ਇਹ ਹੋਵੇਗਾ, ਕੋਈ ਵੀ ਬੰਦਾ ਤੁਹਾਨੂੰ ਨਹੀਂ ਬਚਾ ਸਕੇਗਾ।
23 ਜੇ ਕੋਈ ਬੰਦਾ ਸ਼ੁਕਰਾਨੇ ਦਾ ਚੜਾਵਾ ਪ੍ਰਦਾਨ ਕਰਦਾ ਹੈ ਤਾਂ ਉਹ ਮੇਰੇ ਲਈ ਆਦਰ ਦਰਸਾਉਂਦਾ ਹੈ। ਪਰ ਜੇ ਕੋਈ ਬੰਦਾ ਸਹੀ ਢੰਗ ਨਾਲ ਜਿਉਂਦਾ ਹੈ, ਤਾਂ ਮੈਂ ਉਸਨੂੰ ਬਚਾਉਣ ਲਈ ਆਪਣੀ ਸ਼ਕਤੀ ਦਰਸਾਵਾਂਗਾ।"