ਜ਼ਬੂਰ
ਕਾਂਡ 38
1 ਹੇ ਯਹੋਵਾਹ, ਮੈਨੂੰ ਕ੍ਰੋਧ ਵਿੱਚ ਨਾ ਨਿਂਦੋ, ਮੈਨੂੰ ਗੁੱਸੇ ਵਿੱਚ ਸਂਜਮ ਨਾ ਸਿਖਾਉ।
2 ਤੁਸੀਂ ਮੈਨੂੰ ਸੱਟ ਮਾਰੀ ਹੈ, ਤੁਹਾਡੇ ਤੀਰ ਮੇਰੇ ਅੰਦਰ ਡੂੰਘੇ ਧਸ ਗਏ ਹਨ।
3 ਤੁਸਾਂ ਮੈਨੂੰ ਦੰਡ ਦਿੱਤਾ, ਮੇਰਾ ਸਾਰਾ ਸ਼ਰੀਰ ਜ਼ਖਮੀ ਹੈ। ਮੈਂ ਪਾਪ ਕੀਤਾ ਅਤੇ ਤੁਸਾਂ ਮੈਨੂੰ ਦੰਡ ਦਿੱਤਾ ਇਸ ਲਈ ਮੇਰੇ ਹਡ੍ਡ ਦੁੱਖ ਰਹੇ ਹਨ।
4 ਮੈਂ ਮੰਦੇ ਅਮਲਾਂ ਦਾ ਦੋਸ਼ੀ ਹਾਂ। ਅਤੇ ਇਹ ਦੋਸ਼ ਡਾਢੇ ਭਾਰ ਜਿਹਾ ਹੈ। ਸਿਰ ਚੁੱਕਣ ਲਈ ਮੈਂ ਬਹੁਤ ਸ਼ਰਿਮੰਦਾ ਹਾਂ ਮੈਂ ਅਤਿ ਮੂਰਖ ਹਾਂ।
5 ਮੇਰੇ ਜ਼ਖਮਾਂ ਵਿੱਚ ਪਾਕ ਪੈ ਗਈ ਹੈ, ਅਤੇ ਸੜੇਆਂਦ ਆਉਂਦੀ ਹੈ। ਕਿਉਂਕਿ ਮੈਂ ਇੱਕ ਮੂਰਖਮਈ ਗੱਲ ਕੀਤੀ।
6 ਮੇਰੀ ਕਮਰ ਝੁਕ ਗਈ ਹੈ ਅਤੇ ਮੈਂ ਦਿਨ ਭਰ ਗਮਗੀਨ ਰਹਿੰਦਾ ਹਾਂ।
7 ਮੈਨੂੰ ਬੁਖਾਰ ਹੈ, ਅਤੇ ਮੇਰਾ ਸ਼ਰੀਰ ਦੁੱਖ ਰਿਹਾ ਹੈ।
8 ਮੈਨੂੰ ਇੰਨਾ ਦਰਦ ਹੋ ਰਿਹਾ ਕਿ ਮੈਂ ਕੁਝ ਵੀ ਮਹਿਸੂਸ ਨਹੀਂ ਕਰ ਸਕਦਾ ਮੇਰਾ ਦਿਲ ਚੀਕਾਂ ਮਾਰ ਰਿਹਾ ਹੈ ਕਿਉਂਕਿ ਇਹ ਚੂਰ ਹੋਇਆ ਹੈ।
9 ਮੇਰੇ ਮਾਲਕ, ਤੁਸੀਂ ਮੇਰਾ ਦਰਦ ਨਾਲ ਕੁਰਾਹੁਣਾ ਸੁਣਿਆ ਹੈ। ਮੇਰੇ ਹੌਁਕੇ ਤੁਹਾਥੋ ਲੁਕੇ ਹੋਏ ਨਹੀਂ ਹਨ।
10 ਮੇਰਾ ਦਿਲ ਚੂਰ ਹੋ ਰਿਹਾ ਹੈ। ਮੇਰੀ ਸ਼ਕਤੀ ਮੁੱਕ ਗਈ ਹੈ ਅਤੇ ਮੈਂ ਅੰਨ੍ਹਾ ਹੋ ਰਿਹਾ ਹਾਂ।
11 ਮੇਰੀ ਬਿਮਾਰੀ ਦੇ ਕਾਰਣ, ਮੇਰੇ ਮਿੱਤਰ ਅਤੇ ਗੁਆਂਢੀ ਮੇਰੇ ਕੋਲ ਨਹੀਂ ਆਉਂਦੇ। ਮੇਰਾ ਪਰਿਵਾਰ ਮੇਰੇ ਨੇੜੇ ਨਹੀਂ ਢੁਕਦਾ।
12 ਮੇਰੇ ਵੈਰੀ ਮੇਰੇ ਬਾਰੇ ਮੰਦੀਆਂ ਗੱਲਾਂ ਕਰਦੇ ਹਨ। ਉਹ ਝੂਠ ਅਤੇ ਅਫ਼ਵਾਹਾਂ ਫ਼ੈਲਾ ਰਹੇ ਹਨ। ਉਹ ਦਿਨ ਭਰ ਮੇਰੀਆਂ ਗੱਲਾਂ ਕਰਦੇ ਹਨ।
13 ਪਰ ਮੈਂ ਇਸ ਬੋਲੇ ਬੰਦੇ ਵਰਗਾ ਹਾਂ ਜਿਹੜਾ ਸੁਣ ਨਹੀਂ ਸਕਦਾ। ਮੈਂ ਇੱਕ ਗੂਂਗੇ ਆਦਮੀ ਵਾਂਗ ਹਾਂ ਜਿਹੜਾ ਬੋਲ ਨਹੀਂ ਸਕਦਾ।
14 ਮੈਂ ਉਸ ਬੰਦੇ ਵਰਗਾ ਹਾਂ ਜਿਹੜਾ ਉਹ ਨਹੀਂ ਸੁਣ ਸਕਦਾ ਜੋ ਲੋਕ ਉਸ ਬਾਰੇ ਆਖਦੇ ਹਨ। ਮੈਂ ਬਹਿਸ ਨਹੀਂ ਕਰ ਸਕਦਾ ਅਤੇ ਸਾਬਤ ਨਹੀਂ ਕਰ ਸਕਦਾ, ਕਿ ਮੇਰੇ ਦੁਸ਼ਮਣ ਗਲਤ ਹਨ।
15 ਇਸ ਲਈ ਯਹੋਵਾਹ, ਤੁਸੀਂ ਹੀ ਮੇਰੀ ਰੱਖਿਆ ਕਰੋ। ਮੇਰੇ ਮਾਲਕ ਤੁਸੀਂ ਹੀ ਮੇਰੀ ਥਾਵੇਂ ਬੋਲੋ।
16 ਜੇਕਰ ਮੈਂ ਕੁਝ ਆਖਦਾ ਹਾ, ਮੇਰੇ ਦੁਸ਼ਮਣ ਮੇਰੇ ਉੱਤੇ ਹਸ੍ਸਣਗੇ। ਉਹ ਵੇਖਣਗੇ ਕਿ ਮੈਂ ਬਿਮਾਰ ਹਾਂ, ਅਤੇ ਆਖਣਗੇ ਕਿ ਮੈਨੂੰ ਮੇਰੇ ਪਾਪਾਂ ਲਈ ਦੰਡ ਮਿਲ ਰਿਹਾ ਹੈ।
17 ਮੇਰੇ ਦਰਦ ਹਮੇਸ਼ਾ ਮੇਰੇ ਪਿਛੇ ਪਏ ਰਹਿੰਦੇ ਹਨ ਇਸ ਲਈ ਹੁਣ ਮੈਂ ਆਪਣਾ ਹੌਂਸਲਾ ਛੱਡਣ ਹੀ ਵਾਲਾ ਹਾਂ।
18 ਯਹੋਵਾਹ, ਮੈਂ ਤੁਹਾਨੂੰ ਆਪਣੇ ਮੰਦੇ ਅਮਲਾਂ ਬਾਰੇ ਦੱਸਿਆ ਸੀ। ਮੈਂ ਆਪਣੇ ਗੁਨਾਹਾਂ ਬਾਰੇ ਉਦਾਸ ਹਾਂ।
19 ਮੇਰੇ ਦੁਸ਼ਮਣ ਜਿਉਂਦੇ ਹਨ ਅਤੇ ਉਹ ਸਿਹਤਮੰਦ ਹਨ। ਅਤੇ ਉਨ੍ਹਾਂ ਨੇ ਬਹੁਤ ਸਾਰੇ ਝੂਠ ਬੋਲੇ ਹਨ।
20 ਮੇਰੇ ਦੁਸ਼ਮਣਾਂ ਨੇ ਮੇਰੇ ਨਾਲ ਦੁਸ਼ਟਤਾ ਭਰੀਆਂ ਗੱਲਾਂ ਕੀਤੀਆਂ ਜਦ ਕੋ ਉਨ੍ਹਾਂ ਨਾਲ ਸਦਾ ਹੀ ਚੰਗਾ ਵਿਹਾਰ ਕੀਤਾ। ਮੈਂ ਸਿਰਫ਼ ਚੰਗੇ ਸਲੂਕ ਦੀ ਕੋਸ਼ਿਸ਼ ਕੀਤੀ ਪਰ ਫ਼ੇਰ ਵੀ ਉਹ ਲੋਕ ਮੇਰੇ ਖਿਲਾਫ਼ ਹੋ ਗਏ।
21 ਯਹੋਵਾਹ, ਮੈਨੂੰ ਛੱਡਕੇ ਨਾ ਜਾਉ। ਮੇਰੇ ਪਰਮੇਸ਼ੁਰ ਨੇੜੇ ਰਹੋ।
22 ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ। ਮੇਰੇ ਪਰਮੇਸ਼ੁਰ, ਮੈਨੂੰ ਬਚਾਉ।