ਜ਼ਬੂਰ
ਕਾਂਡ 114
1 ਇਸਰਾਏਲ ਨੇ ਮਿਸਰ ਛੱਡ ਦਿੱਤਾ। ਯਾਕੂਬ ਨੇ ਉਸ ਪਰਦੇਸ ਨੂੰ ਛੱਡ ਦਿੱਤਾ।
2 ਯਹੂਦਾਹ ਪਰਮੇਸ਼ੁਰ ਦਾ ਖਾਸ ਬੰਦਾ ਬਣ ਗਿਆ। ਇਸਰਾਏਲ ਉਸ ਦੀ ਸਲਤਨਤ ਬਣ ਗਈ।
3 ਲਾਲ ਸਾਗਰ ਨੇ ਇਸਨੂੰ ਦੇਖਿਆ ਅਤੇ ਉਹ ਦੌੜ ਗਿਆ। ਯਰਦਨ ਨਦੀ ਮੁੜੀ ਅਤੇ ਨੱਸ ਪਈ।
4 ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ, ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।
5 ਹੇ ਲਾਲ ਸਾਗਰ, ਤੂੰ ਕਿਉਂ ਨਸਿਆ ਸੀ? ਯਰਦਨ ਨਦੀਏ, ਤੂੰ ਕਿਉਂ ਮੁੜੀ ਅਤੇ ਕਿਉਂ ਨਸੀ ਸੀ?
6 ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਨੱਚੇ ਸੀ? ਅਤੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਨੱਚੀਆਂ ਸੀ?
7 ਮਾਲਕ, ਯਾਕੂਬ ਦੇ ਯਹੋਵਾਹ ਪਰਮੇਸ਼ੁਰ ਸਮ੍ਹਣੇ ਧਰਤੀ ਹਿੱਲ ਗਈ ਸੀ।
8 ਪਰਮੇਸ਼ੁਰ ਹੀ ਹੈ ਜਿਹੜਾ ਪਾਣੀ ਨੂੰ ਚੱਟਾਨ ਵਿੱਚੋਂ ਵਗਾਉਂਦਾ ਹੈ। ਪਰਮੇਸ਼ੁਰ ਨੇ ਸਖਤ ਚੱਟਾਨ ਤੋਂ ਵਗਦਾ ਹੋਏ ਪਾਣੀ ਦਾ ਇੱਕ ਚਸ਼ਮਾ ਬਣਾਇਆ।