ਜ਼ਬੂਰ
ਕਾਂਡ 74
1 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ? ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
2 ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ। ਤੁਸੀਂ ਸਾਨੂੰ ਬਚਾਇਆ। ਅਸੀਂ ਤੇਰੇ ਨਾਲ ਸੰਬੰਧਿਤ ਹਾਂ। ਸੀਯੋਨ ਪਰਬਤ ਨੂੰ ਯਾਦ ਕਰੋ, ਜਿਥੇ ਤੁਸੀਂ ਰਹਿੰਦੇ ਸੀ।
3 ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡਰਾ ਵਿੱਚੋਂ ਵੀ ਗੁਜਰੋ। ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸਨੂੰ ਵੈਰੀਆਂ ਨੇ ਤਬਾਹ ਕੀਤਾ ਸੀ।
4 ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ। ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ੍ਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
5 ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵਢਦੇ ਹਨ।
6 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸਜਿਤ੍ਤ ਦਰਾਂ ਨੂੰ ਬਰਬਾਦ ਕਰਨ ਲਈ ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
7 ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁਟਿਆ। ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ। ਪਰ ਉਨ੍ਹਾਂ ਨੇ ਇਸਨੂੰ ਢਹਿ-ਢੇਰੀ ਕਰ ਦਿੱਤਾ।
8 ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
9 ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸਕੇ। ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉਥੇ ਹੋਰ ਨਬੀ ਨਹੀਂ ਹਨ। ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ? ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ? ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ। ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾਢ਼ਨ ਲਈ ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ। ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ। ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰਖਦੇ ਹੋਂ ਅਤੇ ਹਰ ਰਾਤ ਉੱਤੇ ਵੀ ਕਾਬੂ ਰਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ। ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ। ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ। ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ। ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ। ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ। ਉਨ੍ਹਾਂ ਨੂੰ ਹੋਰ ਵਧੇਰੇ ਸੱਟ ਨਾ ਖਾਣ ਦਿਉ। ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉਠੋ ਅਤੇ ਜੰਗ ਕਰੋ। ਯਾਦ ਕਰੋ ਉਨ੍ਹਾਂ ਮੂਰਖਾਂ ਨੇ ਤੁਹਾਨੂੰ ਵਂਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ। ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।