ਜ਼ਬੂਰ
ਕਾਂਡ 108
1 ਹੇ ਪਰਮੇਸ਼ੁਰ, ਮੈਂ ਤੁਹਾਡੀ ਉਸਤਤਿ ਦੇ ਗੀਤ ਗਾਉਣ ਲਈ ਦਿਲ ਅਤੇ ਰੂਹ ਨਾਲ ਤਿਆਰ ਹਾਂ।
2 ਸਿਤਾਰ ਅਤੇ ਸਰੰਗੀ ਜਾਗੋ, ਆਉ ਆਪਾਂ ਪ੍ਰਭਾਤ ਨੂੰ ਜਗਾਈਏ।
3 ਯਹੋਵਾਹ, ਅਸੀਂ ਕੌਮਾਂ ਅੰਦਰ ਤੁਹਾਡੀ ਉਸਤਤਿ ਕਰਾਂਗੇ। ਅਸੀਂ ਹੋਰਾਂ ਲੋਕਾਂ ਵਿੱਚ ਤੁਹਾਡੀ ਉਸਤਤਿ ਕਰਾਂਗੇ।
4 ਯਹੋਵਾਹ, ਤੁਹਾਡਾ ਪਿਆਰ ਆਕਾਸ਼ਾਂ ਨਾਲੋਂ ਉੱਚਾ ਹੈ। ਤੁਹਾਡੀ ਵਫ਼ ਉੱਚੇ ਤੋਂ ਉੱਚੇ ਬੱਦਲ ਨਾਲੋਂ ਉਚੇਰੀ ਹੈ।
5 ਹੇ ਪਰਮੇਸ਼ੁਰ, ਸਵਰਗਾਂ ਦੇ ਸ਼ਿਖਰਾਂ ਤੱਕ ਉਠੋ ਸਾਰੀ ਦੁਨੀਆਂ ਨੂੰ ਤੁਹਾਡੀ ਮਹਿਮਾ ਦੇਖਣ ਦੇਵੋ।
6 ਹੇ ਪਰਮੇਸ਼ੁਰ, ਇਸ ਤਰ੍ਹਾਂ ਹੀ ਕਰੋ ਤਾਂ ਜੋ ਤੁਹਾਡੇ ਮਿੱਤਰਾਂ ਨੂੰ ਬਚਾਇਆ ਜਾ ਸਕੇ। ਮੇਰੀ ਅਰਦਾਸ ਮੰਨ ਲਵੋ, ਅਤੇ ਸਾਨੂੰ ਬਚਾਉਣ ਲਈ ਆਪਣੀ ਮਹਾ ਸ਼ਕਤੀ ਵਰਤੋਂ।
7 "ਮੈਂ ਯੁਧ ਜਿਤ੍ਤਾਂਗਾ ਅਤੇ ਜਿੱਤ ਬਾਰੇ ਪ੍ਰਸੰਨ ਹੋਵਾਂਗਾ! ਮੈਂ ਇਹੀ ਧਰਤੀ ਆਪਣੇ ਲੋਕਾਂ ਦਰਮਿਆਨ ਵੰਡ ਦਿਆਂਗਾ। ਮੈਂ ਉਨ੍ਹਾਂ ਨੂੰ ਸ਼ੇਚੇਮ ਦੇ ਦੇਵਾਂਗਾ, ਮੈਂ ਉਨ੍ਹਾਂ ਨੂੰ ਸੁਕੋਥ ਦੀ ਵਾਦੀ ਦੇ ਦੇਵਾਂਗਾ।
8 ਗਿਲਆਦ ਅਤੇ ਮਨਸ਼ਹ ਮੇਰੇ ਹੋਣਗੇ। ਇਫ਼ਰਾਈਮ ਮੇਰੇ ਸਿਰ ਦੀ ਢਾਲ ਹੋਵੇਗਾ। ਯਹੂਦਾਹ ਮੇਰਾ ਸ਼ਾਹੀ ਡੰਡਾ ਹੋਵੇਗਾ।
9 ਮੋਆਬ ਅਤੇ ਮਨਸ਼ਹ ਮੇਰੇ ਚਰਨ ਧੋਣ ਲਈ ਪਿਆਲਾ ਹੋਣਗੇ। ਅਦੋਮ ਮੇਰੀ ਜੁੱਤੀ ਚੁੱਕਣ ਲਈ ਮੇਰਾ ਸੇਵਕ ਹੋਵੇਗਾ। ਮੈਂ ਫ਼ਲਿਸਤ ਨੂੰ ਹਰਾ ਦਿਆਂਗਾ ਅਤੇ ਜਿੱਤ ਦੇ ਨਾਅਰੇ ਮਾਰਾਂਗਾ।"
10 ਦੁਸ਼ਮਣ ਦੇ ਕਿਲ੍ਹੇ ਅੰਦਰ, ਮੇਰੀ ਅਗਵਾਈ ਕੌਣ ਕਰੇਗਾ? ਅਦੋਮ ਦੇ ਖਿਲਾਫ਼ ਲੜਨ ਵਿੱਚ ਮੇਰੀ ਅਗਵਾਈ ਕੌਣ ਕਰੇਗਾ?
11 ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ! ਪਰ ਤੁਸੀਂ ਅਸਾਂ ਨੂੰ ਤਿਆਗ ਦਿੱਤਾ! ਤੁਸੀਂ ਸਾਡੀ ਫ਼ੌਜ ਦੇ ਨਾਲ ਨਹੀਂ ਗਏ।
12 ਹੇ ਪਰਮੇਸ਼ੁਰ, ਕਿਰਪਾ ਕਰਕੇ ਦੁਸ਼ਮਣ ਦੀ ਫ਼ੌਜ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕਰੋ! ਲੋਕ ਸਾਡੀ ਸਹਾਇਤਾ ਨਹੀਂ ਕਰ ਸਕਦੇ!
13 ਸਿਰਫ਼ ਪਰਮੇਸ਼ੁਰ ਹੀ ਸਾਨੂੰ ਬਲਵਾਨ ਬਣਾ ਸਕਦਾ ਹੈ। ਪਰਮੇਸ਼ੁਰ ਹੀ ਸਾਡੇ ਦੁਸ਼ਮਣਾਂ ਨੂੰ ਹਰਾ ਸਕਦਾ ਹੈ!