ਜ਼ਬੂਰ
ਕਾਂਡ 86
1 ਮੈਂ ਇੱਕ ਗਰੀਬ ਬੇਸਹਾਰਾ ਆਦਮੀ ਹਾਂ। ਯਹੋਵਾਹ, ਕਿਰਪਾ ਕਰਕੇ ਮੈਨੂੰ ਸੁਣੋ ਅਤੇ ਮੈਨੂੰ ਮੇਰੀ ਅਰਦਾਸ ਦਾ ਉੱਤਰ ਦਿਉ।
2 ਯਹੋਵਾਹ, ਮੈਂ ਤੁਹਾਡਾ ਚੇਲਾ ਹਾਂ। ਕਿਰਪਾ ਕਰਕੇ ਮੈਨੂੰ ਬਚਾਉ। ਮੈਂ ਤੁਹਾਡਾ ਨੌਕਰ ਹਾਂ। ਤੁਸੀਂ ਮੇਰੇ ਪਰਮੇਸ਼ੁਰ ਹੋ। ਮੈਂ ਤੁਹਾਡੇ ਵਿੱਚ ਯਕੀਨ ਰਖਦਾ ਹਾਂ। ਇਸੇ ਲਈ ਤੁਸੀਂ ਮੇਰੀ ਰੱਖਿਆ ਕਰੋ।
3 ਮੇਰੇ ਮਾਲਕ, ਮੇਰੇ ਉੱਪਰ ਮਿਹਰਬਾਨੀ ਕਰੋ ਮੈਂ ਸਾਰਾ ਦਿਨ ਤੁਹਾਡੇ ਅੱਗੇ ਅਰਦਾਸ ਕਰਦਾ ਰਿਹਾ ਹਾਂ।
4 ਹੇ ਮਾਲਕ, ਮੈਂ ਆਪਣਾ ਜੀਵਨ ਤੁਹਾਨੂੰ ਸੌਂਪਦਾ ਹਾਂ। ਮੈਨੂੰ ਖੁਸ਼ੀ ਦਿਉ ਮੈਂ ਤੁਹਾਡਾ ਸੇਵਕ ਹਾਂ।
5 ਹੇ ਮਾਲਕ, ਤੁਸੀਂ ਚੰਗੇ ਅਤੇ ਦਯਾਵਾਨ ਹੋ। ਤੁਹਾਡੇ ਲੋਕ ਤੁਹਾਨੂੰ ਸਹਾਇਤਾ ਲਈ ਬੁਲਾਉਂਦੇ ਹਨ। ਤੁਸੀਂ ਸੱਚ ਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹੋਂ।
6 ਯਹੋਵਾਹ, ਮੇਰੀ ਅਰਦਾਸ ਸੁਣੋ। ਰਹਿਮ ਲਈ ਮੇਰੀ ਅਰਦਾਸ ਸੁਣੋ।
7 ਯਹੋਵਾਹ, ਮੈਂ ਆਪਣੀ ਸੰਕਟ ਦੀ ਘੜੀ ਵਿੱਚ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉੱਤਰ ਦੇਵੋਂਗੇ।
8 ਹੇ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ। ਕੋਈ ਹੋਰ ਉਹ ਨਹੀਂ ਕਰ ਸਕਦਾ ਜੋ ਤੁਸਾਂ ਕੀਤਾ ਹੈ।
9 ਹੇ ਮਾਲਕ, ਤੁਸੀਂ ਹਰ ਬੰਦੇ ਨੂੰ ਬਣਾਇਆ ਹੈ। ਉਹ ਸਾਰੇ ਆਉਣ ਅਤੇ ਤੁਹਾਡੀ ਉਪਾਸਨਾ ਕਰਨ। ਉਹ ਸਾਰੇ ਤੁਹਾਡੇ ਨਾਮ ਨੂੰ ਸਤਿਕਾਰਨ।
10 ਹੇ ਪਰਮੇਸ਼ੁਰ, ਤੁਸੀਂ ਮਹਾਨ ਹੋ। ਤੁਸੀਂ ਅਦਭੁਤ ਗੱਲਾਂ ਕਰਦੇ ਹੋ। ਤੁਸੀਂ ਅਤੇ ਸਿਰਫ਼ ਤੁਸੀਂ ਹੀ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿਖਿਆ ਦੇਵੋ, ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮਂਨਾਂਗਾ। ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸਕਾਂ।
12 ਪਰਮੇਸ਼ੁਰ ਮੇਰੇ ਮਾਲਕ ਮੈਂ ਆਪਣੇ ਸਾਰੇ ਅਤੇ ਪੂਰੇ ਮਨ ਨਾਲ ਤੁਹਾਡੀ ਉਸਤਤਿ ਕਰਦਾ ਹਾਂ। ਮੈਂ ਸਦਾ ਲਈ ਤੁਹਾਡੇ ਨਾਮ ਦਾ ਆਦਰ ਕਰਾਂਗਾ।
13 ਹੇ ਪਰਮੇਸ਼ੁਰ, ਤੁਹਾਨੂੰ ਮੇਰੇ ਲਈ ਇੰਨਾ ਸਾਰਾ ਪਿਆਰ ਹੈ। ਤੁਸੀਂ ਮੈਨੂੰ ਮਿਰਤੂ ਲੋਕ ਤੋਂ ਬਚਾਉਂਦੇ ਹੋ।
14 ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ। ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
15 ਹੇ ਮਾਲਕ ਤੁਸੀਂ ਦਯਾ ਅਤੇ ਕਿਰਪਾ ਦੇ ਪਰਮੇਸ਼ੁਰ ਹੋ। ਤੁਸੀਂ ਸਬਰ ਵਾਲੇ ਹੋਂ, ਤੁਸੀਂ ਵਫ਼ਾਦਾਰੀ ਅਤੇ ਪਿਆਰ ਨਾਲ ਭਰਪੂਰ ਹੋ।
16 ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ। ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ। ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
17 ਹੇ ਪਰਮੇਸ਼ੁਰ, ਇਹ ਦਰਸਾਉਣ ਲਈ ਸੰਕੇਤ ਦਿਉ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ। ਇਸ ਨਾਲ ਪਤਾ ਚੱਲੇਗਾ ਕਿ ਤੁਸੀਂ ਮੇਰੀ ਅਰਦਾਸ ਸੁਣ ਲਈ ਅਤੇ ਇਹ ਵੀ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।