ਪੈਦਾਇਸ਼
ਕਾਂਡ 9
1 ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਅਸੀਸ ਦਿੱਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ, “ਬਹੁਤ ਸਾਰੇ ਬੱਚੇ ਪੈਦਾ ਕਰੋ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।
2 ਧਰਤੀ ਉਤਲਾ ਹਰ ਜਾਨਵਰ, ਹਵਾ ਵਿਚਲਾ ਹਰ ਪੰਛੀ, ਧਰਤੀ ਉੱਤੇ ਰੀਂਗਣ ਵਾਲਾ ਹਰ ਜੀਵ ਅਤੇ ਸਮੁੰਦਰ ਵਿਚਲਾ ਹਰ ਜੰਤੂ ਤੁਹਾਡੇ ਕੋਲੋਂ ਡਰੇਗਾ। ਉਹ ਸਾਰੇ ਹੀ ਤੁਹਾਡੇ ਕਾਬੂ ਵਿੱਚ ਹੋਣਗੇ।
3 (ਅਤੀਤ ਵਿੱਚ) ਮੈਂ ਤੁਹਾਨੂੰ ਖਾਣ ਵਾਸਤੇ ਹਰੇ ਪੌਦੇ ਦਿੱਤੇ ਸਨ। ਹੁਣ ਹਰ ਜਾਨਵਰ ਹੀ ਤੁਹਾਡਾ ਭੋਜਨ ਹੋਵੇਗਾ। ਮੈਂ ਧਰਤੀ ਉਤਲੀ ਹਰ ਸ਼ੈਅ ਤੁਹਾਨੂੰ ਦੇਵਾਂਗਾ - ਇਹ ਤੁਹਾਡੀ ਹੈ।
4 ਪਰ ਮੈਂ ਤੁਹਾਨੂੰ ਇੱਕ ਆਦੇਸ਼ ਦੇਵਾਂਗਾ। ਤੁਹਾਨੂੰ ਉਹ ਮਾਸ ਕਦੇ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਜਾਨ (ਖੂਨ) ਹੋਵੇ।
5 ਮੈਂ ਤੁਹਾਡੀਆਂ ਜ਼ਿੰਦਗੀਆਂ ਲਈ ਤੁਹਾਡੇ ਖੂਨ ਦੀ ਮੰਗ ਕਰਾਂਗਾ। ਮਤਲਬ ਇਹ ਕਿ, ਮੈਂ ਕਿਸੇ ਵੀ ਉਸ ਜਾਨਵਰ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਬੰਦੇ ਨੂੰ ਮਾਰੇਗਾ ਅਤੇ ਮੈਂ ਕਿਸੇ ਵੀ ਓਸ ਬੰਦੇ ਦੀ ਜਾਨ ਦੀ ਮੰਗ ਕਰਾਂਗਾ ਜਿਹੜਾ ਕਿਸੇ ਹੋਰ ਆਦਮੀ ਦੀ ਜਾਨ ਲਵੇਗਾ।
6 “ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਨਕਲ ਉੱਤੇ ਸਾਜਿਆ ਸੀ।ਇਸ ਲਈ ਜਿਹੜਾ ਬੰਦਾ ਕਿਸੇ ਹੋਰ ਬੰਦੇ ਨੂੰ ਮਾਰਦਾ ਹੈ, ਉਹ ਕਿਸੇ ਹੋਰ ਬੰਦੇ ਦੇ ਹਥੋਂ ਮਾਰਿਆ ਜਾਵੇਗਾ।
7 “ਨੂਹ, ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਬਹੁਤ ਸਾਰੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਆਪਣੇ ਲੋਕਾਂ ਨਾਲ ਧਰਤੀ ਨੂੰ ਭਰ ਦਿਓ।”
8 ਫ਼ੇਰ ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪੁੱਤਰਾਂ ਨੂੰ ਆਖਿਆ,
9 “ਹੁਣ ਮੈਂ ਤੁਹਾਡੇ ਨਾਲ ਅਤੇ ਤੁਹਾਡੇ ਉੱਤਰਾਧਿਕਾਰੀਆਂ ਨਾਲ ਇੱਕ ਇਕਰਾਰ ਕਰਦਾ ਹਾਂ।
10 ਮੈਂ ਸਾਰੇ ਪੰਛੀਆਂ, ਸਾਰੇ ਪਸ਼ੂਆਂ, ਅਤੇ ਉਨ੍ਹਾਂ ਸਮੂਹ ਜਾਨਵਰਾਂ ਨਾਲ ਜਿਹੜੇ ਤੁਹਾਡੇ ਨਾਲ ਕਿਸ਼ਤੀ ਵਿੱਚੋਂ ਬਾਹਰ ਆਏ ਹਨ, ਇਕਰਾਰ ਕਰਦਾ ਹਾਂ।
11 ਤੁਹਾਨੂੰ ਮੇਰਾ ਇਕਰਾਰ ਇਹ ਹੈ: ਧਰਤੀ ਉੱਤੇ ਸਾਰਾ ਜੀਵਨ ਹੜ ਨੇ ਤਬਾਹ ਕਰ ਦਿੱਤਾ ਸੀ। ਪਰ ਅਜਿਹਾ ਫ਼ੇਰ ਕਦੇ ਨਹੀਂ ਵਾਪਰੇਗਾ। ਹੁਣ ਕਦੇ ਵੀ ਫ਼ੇਰ ਹੜ ਧਰਤੀ ਦੇ ਸਾਰੇ ਜੀਵਨ ਨੂੰ ਤਬਾਹ ਨਹੀਂ ਕਰੇਗਾ।”
12 ਅਤੇ ਪਰਮੇਸ਼ੁਰ ਨੇ ਆਖਿਆ, “ਅਤੇ ਇਸ ਗੱਲ ਨੂੰ ਸਾਬਤ ਕਰਨ ਵਾਸਤੇ ਵੀ ਮੈਂ ਇਹ ਇਕਰਾਰ ਦਿੱਤਾ ਹੈ, ਮੈਂ ਤੁਹਾਨੂੰ ਕੁਝ ਦਿਆਂਗਾ। ਇਹ ਸਬੂਤ ਦਰਸਾਵੇਗਾ ਕਿ ਮੈਂ ਤੁਹਾਡੇ ਨਾਲ ਅਤੇ ਧਰਤੀ ਦੇ ਸਮੂਹ ਜੀਵਾਂ ਨਾਲ ਇੱਕ ਇਕਰਾਰਨਾਮਾ ਕੀਤਾ ਹੈ। ਇਹ ਇਕਰਾਰਨਾਮਾ ਹਮੇਸ਼ਾ ਲਈ ਹੋਵੇਗਾ। ਸਬੂਤ ਇਹ ਹੈ:
13 ਮੈਂ ਬੱਦਲਾਂ ਵਿੱਚ ਇੱਕ ਧਣੁੱਖ ਬਣਾਇਆ ਹੈ। ਇਹ ਧਣੁੱਖ ਮੇਰੇ ਅਤੇ ਧਰਤੀ ਉੱਤੇ ਰਹਿਣ ਵਾਲਿਆਂ ਵਿਚਕਾਰ ਇਕਰਾਰਨਾਮੇ ਦਾ ਸਬੂਤ ਹੈ।
14 “ਜਦੋਂ ਵੀ ਮੈਂ ਧਰਤੀ ਉੱਤੇ ਬੱਦਲ ਲਿਆਵਾਂਗਾ, ਤੁਸੀਂ ਬੱਦਲਾਂ ਵਿੱਚ ਧਣੁਖ ਦੇਖੋਂਗੇ।
15 ਜਦੋਂ ਮੈਂ ਇਸ ਧਣੁਖ ਨੂੰ ਦੇਖਾਂਗਾ, ਮੈਂ ਉਸ ਇਕਰਾਰਨਾਮੇ ਨੂੰ ਯਾਦ ਕਰਾਂਗਾ ਜਿਹੜਾ ਮੈਂ ਤੁਹਾਡੇ ਨਾਲ ਅਤੇ ਧਰਤੀ ਤੇ ਰਹਿਣ ਵਾਲੇ ਸਾਰੇ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ। ਇਕਰਾਰਨਾਮਾ ਆਖਦਾ ਹੈ ਕਿ ਹੜ ਧਰਤੀ ਉੱਤੇ ਸਾਰੇ ਜੀਵਨ ਨੂੰ ਕਦੇ ਵੀ ਤਬਾਹ ਨਹੀਂ ਕਰਨਗੇ।
16 ਜਦੋਂ ਵੀ ਮੈਂ ਬੱਦਲਾਂ ਵੱਲ ਦੇਖਾਂਗਾ ਅਤੇ ਧਣੁਖ ਨੂੰ ਦੇਖਾਂਗਾ, ਮੈਂ ਆਪਣੇ ਅਤੇ ਧਰਤੀ ਦੀ ਹਰ ਜਿਉਂਦੀ ਸ਼ੈਅ ਵਿਚਲੇ ਇਸ ਸਦੀਵੀ ਇਕਰਾਰਨਾਮੇ ਨੂੰ ਯਾਦ ਕਰਾਂਗਾ।”
17 ਇਸ ਲਈ ਯਹੋਵਾਹ ਨੇ ਨੂਹ ਨੂੰ ਆਖਿਆ, “ਇਹ ਧਣੁੱਖ ਉਸ ਇਕਰਾਰਨਾਮੇ ਦਾ ਸਬੂਤ ਹੈ ਜਿਹੜਾ ਮੈਂ ਧਰਤੀ ਦੇ ਸਮੂਹ ਜੀਵਿਤ ਪ੍ਰਾਣੀਆਂ ਨਾਲ ਕੀਤਾ ਹੈ।”
18 ਨੂਹ ਦੇ ਪੁੱਤਰ ਉਸਦੇ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਏ। ਉਨ੍ਹਾਂ ਦੇ ਨਾਮ ਸਨ: ਸ਼ੇਮ, ਹਾਮ ਅਤੇ ਯਾਫ਼ਥ। (ਹਾਮ ਕਨਾਨ ਦਾ ਪਿਤਾ ਸੀ।)
19 ਇਹ ਤਿੰਨੇ ਆਦਮੀ ਨੂਹ ਦੇ ਪੁੱਤਰ ਸਨ। ਅਤੇ ਧਰਤੀ ਦੇ ਸਾਰੇ ਲੋਕ ਉਨ੍ਹਾਂ ਤਿੰਨਾਂ ਪੁੱਤਰਾਂ ਦੀ ਉਲਾਦ ਸਨ।
20 ਨੂਹ ਇੱਕ ਕਿਸਾਨ ਬਣ ਗਿਆ। ਉਸਨੇ ਅੰਗੂਰਾਂ ਦਾ ਬਾਗ ਲਾਇਆ।
21 ਨੂਹ ਨੇ ਮੈਅ ਬਣਾਈ ਅਤੇ ਪੀਤੀ। ਉਹ ਸ਼ਰਾਬੀ ਹੋ ਗਿਆ ਅਤੇ ਆਪਣੇ ਤੰਬੂ ਵਿੱਚ ਲੇਟ ਗਿਆ। ਨੂਹ ਨੇ ਕੱਪੜੇ ਨਹੀਂ ਪਹਿਨੇ ਹੋਏ ਸਨ।
22 ਕਨਾਨ ਦੇ ਪਿਤਾ, ਹਾਮ ਨੇ ਆਪਣੇ ਨਗਨ ਪਿਤਾ ਵੱਲ ਵੇਖਿਆ। ਹਾਮ ਨੇ ਤੰਬੂ ਦੇ ਬਾਹਰ ਆਪਣੇ ਭਰਾਵਾਂ ਨੂੰ ਦੱਸਿਆ।
23 ਫ਼ੇਰ ਸ਼ੇਮ ਅਤੇ ਯਾਫ਼ਥ ਨੇ ਇੱਕ ਕੋਟ ਲਿਆਂਦਾ। ਉਹ ਕੋਟ ਨੂੰ ਆਪਣੀਆਂ ਪਿੱਠਾਂ ਉੱਤੇ ਚੁੱਕ ਕੇ ਤੰਬੂ ਵਿੱਚ ਗਏ। ਉਹ ਤੰਬੂ ਵਿੱਚ ਪਿਛਲੇ ਪੈਰੀਂ ਗਏ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਨੰਗੇਜ਼ ਨਹੀਂ ਦੇਖਿਆ।
24 ਬਾਦ ਵਿੱਚ ਨੂਹ ਜਾਗ ਪਿਆ। (ਉਹ ਮੈਅ ਪੀਣ ਕਾਰਣ ਸੁੱਤਾ ਹੋਇਆ ਸੀ।) ਫ਼ੇਰ ਉਸਨੂੰ ਪਤਾ ਚਲਿਆ ਕਿ ਉਸਦੇ ਜਵਾਨ ਪੁੱਤਰ, ਹਾਮ ਨੇ ਉਸ ਨਾਲ ਕੀ ਕੀਤਾ ਸੀ।
25 ਇਸ ਲਈ ਨੂਹ ਨੇ ਆਖਿਆ,“ਕਨਾਨ ਨੂੰ ਸਰਾਪ ਲੱਗੇ!ਉਹ ਆਪਣੇ ਭਰਾਵਾਂ ਦਾ ਗੁਲਾਮ ਹੋ ਜਾਵੇ।”
26 ਨੂਹ ਨੇ ਇਹ ਵੀ ਆਖਿਆ,“ਸ਼ੇਮ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦਿਓ!ਕਨਾਨ ਸ਼ੇਮ ਦਾ ਗੁਲਾਮ ਹੋ ਜਾਵੇ।
27 ਪਰਮੇਸ਼ੁਰ ਯਾਫ਼ਥ ਨੂੰ ਹੋਰ ਧਰਤੀ ਦੇਵੇ,ਪਰਮੇਸ਼ੁਰ ਸ਼ੇਮ ਦੇ ਤੰਬੂਆਂ ਵਿੱਚ ਰਹੇ।ਅਤੇ ਕਨਾਨ ਉਨ੍ਹਾਂ ਦਾ ਗੁਲਾਮ ਹੋਵੇ।”
28 ਹੜ ਮਗਰੋਂ ਨੂਹ 350 ਵਰ੍ਹੇ ਜੀਵਿਆ।
29 ਨੂਹ ਕੁੱਲ 950 ਵਰ੍ਹੇ ਜੀਵਿਆ, ਫ਼ੇਰ ਉਹ ਮਰ ਗਿਆ।