ਪੈਦਾਇਸ਼
ਕਾਂਡ 42
1 ਅਕਾਲ ਕਨਾਨ ਵਿੱਚ ਵੀ ਸਖ਼ਤ ਸੀ। ਪਰ ਯਾਕੂਬ ਨੂੰ ਪਤਾ ਲਗਿਆ ਕਿ ਮਿਸਰ ਵਿੱਚ ਅਨਾਜ਼ ਹੈ। ਇਸ ਲਈ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਅਸੀਂ ਇੱਥੇ ਨਿਕੰਮੇ ਕਿਉਂ ਬੈਠੇ ਹਾਂ?
2 ਮੈਂ ਸੁਣਿਆ ਹੈ ਕਿ ਮਿਸਰ ਕੋਲ ਵੇਚਣ ਲਈ ਅਨਾਜ਼ ਹੈ। ਇਸ ਲਈ ਆਉ ਅਨਾਜ਼ ਖਰੀਦਣ ਲਈ ਉਥੇ ਚੱਲੀਏ। ਫ਼ੇਰ ਅਸੀਂ ਆਪਣੇ-ਆਪ ਨੂੰ ਮਰਦਿਆਂ ਦੇਖਣ ਦੀ ਬਜਾਇ ਜਿਉਂ ਸਕਦੇ ਹਾਂ।”
3 ਇਸ ਲਈ ਯੂਸੁਫ਼ ਦੇ ਦਸ ਭਰਾ ਅਨਾਜ਼ ਖਰੀਦਣ ਲਈ ਮਿਸਰ ਗਏ।
4 ਯਾਕੂਬ ਨੇ ਬਿਨਯਾਮੀਨ ਨੂੰ ਉਸਦੇ ਭਰਾਵਾਂ ਨਾਲ ਨਹੀਂ ਭੇਜਿਆ। (ਬਿਨਯਾਮੀਨ ਹੀ ਯੂਸੁਫ਼ ਦਾ ਇੱਕ ਸਕਾ ਭਰਾ ਸੀ।) ਯਾਕੂਬ ਡਰਦਾ ਸੀ ਕਿ ਬਿਨਯਾਮੀਨ ਨਾਲ ਕੁਝ ਮਾੜਾ ਨਾ ਵਾਪਰ ਜਾਵੇ।
5 ਕਨਾਨ ਵਿੱਚ ਅਕਾਲ ਬਹੁਤ ਸਖ਼ਤ ਸੀ, ਇਸ ਲਈ ਕਨਾਨ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਅਨਾਜ਼ ਖਰੀਦਣ ਲਈ ਮਿਸਰ ਗਏ ਸਨ। ਉਨ੍ਹਾਂ ਵਿੱਚ ਇਸਰਾਏਲ ਦੇ ਪੁੱਤਰ ਵੀ ਸਨ।
6 ਉਸ ਸਮੇਂ, ਯੂਸੁਫ਼ ਮਿਸਰ ਦਾ ਰਾਜਪਾਲ ਸੀ ਅਤੇ ਯੂਸੁਫ਼ ਹੀ ਸੀ ਜਿਹੜਾ ਉਨ੍ਹਾਂ ਲੋਕਾਂ ਲਈ ਅਨਾਜ਼ ਦੀ ਵਿਕਰੀ ਕਰਾਉਣ ਦਾ ਅਧਿਕਾਰੀ ਸੀ ਜਿਹੜੇ ਮਿਸਰ ਨੂੰ ਆਉਂਦੇ ਸਨ। ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਸ ਅੱਗੇ ਝੁਕ ਗਏ।
7 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ। ਯੂਸੁਫ਼ ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਉਸਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਨ੍ਹਾਂ ਨੂੰ ਜਾਣਦਾ ਹੀ ਨਾ ਹੋਵੇ। ਉਨ੍ਹਾ ਨਾਲ ਗੱਲ ਕਰਦਿਆਂ ਉਹ ਬੜਾ ਕੁਰਖਤ ਸੀ। ਉਸਨੇ ਆਖਿਆ, “ਤੁਸੀਂ ਕਿਥੋਂ ਆਏ ਹੋ?”ਭਰਾਵਾਂ ਨੇ ਜਵਾਬ ਦਿੱਤਾ, “ਅਸੀਂ ਕਨਾਨ ਦੀ ਧਰਤੀ ਤੋਂ ਆਏ ਹਾਂ। ਅਸੀਂ ਇੱਥੇ ਅਨਾਜ਼ ਖਰੀਦਣ ਆਏ ਹਾਂ।”
8 ਯੂਸੁਫ਼ ਜਾਣਦਾ ਸੀ ਕਿ ਇਹ ਆਦਮੀ ਉਸਦੇ ਭਰਾ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ।
9 ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸਨੇ ਆਪਣੇ ਭਰਾਵਾਂ ਬਾਰੇ ਲਈ ਸਨ।ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ਼ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।”
10 ਪਰ ਭਰਾਵਾਂ ਨੇ ਉਸਨੂੰ ਆਖਿਆ, “ਨਹੀਂ ਜਨਾਬ! ਅਸੀਂ ਤਾਂ ਤੁਹਾਡੇ ਨੌਕਰ ਹਾਂ। ਅਸੀਂ ਤਾਂ ਸਿਰਫ਼ ਅਨਾਜ਼ ਖਰੀਦਣ ਲਈ ਆਏ ਹਾਂ।
11 ਅਸੀਂ ਸਾਰੇ ਭਰਾ ਹਾਂ - ਸਾਡਾ ਸਾਰਿਆਂ ਦਾ ਇੱਕੋ ਪਿਤਾ ਹੈ। ਅਸੀਂ ਇਮਾਨਦਾਰ ਲੋਕ ਹਾਂ। ਅਸੀਂ ਜਾਸੂਸ ਨਹੀਂ ਹਾਂ।”
12 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲਭਣ ਆਏ ਹੋਂ।”
13 ਅਤੇ ਭਰਾਵਾਂ ਨੇ ਆਖਿਆ, “ਨਹੀਂ! ਅਸੀਂ ਸਾਰੇ ਭਰਾ ਹਾਂ। ਸਾਡੇ ਪਰਿਵਾਰ ਵਿੱਚ 12 ਭਰਾ ਹਨ। ਸਾਡੇ ਸਾਰਿਆਂ ਦਾ ਇੱਕ ਪਿਤਾ ਹੈ। ਸਾਡਾ ਸਾਰਿਆਂ ਤੋਂ ਛੋਟਾ ਭਰਾ ਹਲੇ ਵੀ ਸਾਡੇ ਪਿਤਾ ਨਾਲ ਘਰ ਵਿੱਚ ਹੈ। ਅਤੇ ਦੂਸਰਾ ਭਰਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ। ਤੁਹਾਡੇ ਸਾਮ੍ਹਣੇ ਅਸੀਂ ਨੌਕਰਾਂ ਵਾਂਗ ਹਾਂ। ਅਸੀਂ ਕਨਾਨ ਦੀ ਧਰਤੀ ਤੋਂ ਹਾਂ।”
14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਮੈਂ ਸਹੀ ਹਾਂ। ਤੁਸੀਂ ਜਾਸੂਸ ਹੋ।
15 ਪਰ ਮੈਂ ਤੁਹਾਨੂੰ ਇਹ ਸਾਬਤ ਕਰਨ ਦਾ ਮੌਕਾ ਦਿਆਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ। ਮੈਂ ਫ਼ਿਰਊਨ ਦਾ ਨਾਮ ਲੈਕੇ ਸਹੁੰ ਖਾਂਦਾ ਹਾਂ ਕਿ ਮੈਂ ਤੁਹਾਨੂੰ ਓਨਾ ਚਿਰ ਨਹੀਂ ਜਾਣ ਦਿਆਂਗਾ ਜਦੋਂ ਤੱਕ ਕਿ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ।
16 ਮੈਂ ਤੁਹਾਡੇ ਵਿੱਚੋਂ ਇੱਕ ਨੂੰ ਵਾਪਸ ਜਾਣ ਦੇਵਾਂਗਾ ਅਤੇ ਤੁਹਾਡੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਲਿਆਉਣ ਦਿਆਂਗਾ, ਜਦ ਕਿ ਹੋਰ ਸਾਰੇ ਕੈਦਖਾਨੇ ਵਿੱਚ ਰਹਿਣਗੇ। ਅਸੀਂ ਦੇਖਾਂਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਪਰ ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਮੈਂ ਫ਼ਿਰਊਨ ਦੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਮੈਂ ਜਾਣ ਜਾਵਾਂਗਾ ਕਿ ਤੁਸੀਂ ਜਾਸੂਸ ਹੋ।”
17 ਫ਼ੇਰ ਯੂਸੁਫ਼ ਨੇ ਉਨ੍ਹਾਂ ਸਾਰਿਆਂ ਨੂੰ ਤਿੰਨਾ ਦਿਨਾ ਲਈ ਕੈਦਖਾਨੇ ਵਿੱਚ ਪਾ ਦਿੱਤਾ।
18 “ਤਿੰਨ ਦਿਨਾਂ ਮਗਰੋਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਰਮੇਸ਼ੁਰ ਦਾ ਖੌਫ਼ ਰੱਖਣ ਵਾਲਾ ਆਦਮੀ ਹਾਂ! ਇਹ ਗੱਲ ਕਰੋ, ਅਤੇ ਮੈਂ ਤੁਹਾਨੂੰ ਜਿਉਣ ਦਿਆਂਗਾ।
19 ਜੇ ਤੁਸੀਂ ਸੱਚਮੁੱਚ ਸੱਚੇ ਬੰਦੇ ਹੋ, ਤਾਂ ਤੁਹਾਡੇ ਵਿੱਚੋਂ ਇੱਕ ਭਰਾ ਇੱਥੇ ਕੈਦਖਾਨੇ ਵਿੱਚ ਰਹਿ ਸਕਦਾ ਹੈ। ਅਤੇ ਦੂਸਰੇ ਤੁਹਾਡੇ ਲੋਕਾਂ ਕੋਲ ਅਨਾਜ਼ ਲੈਕੇ ਜਾ ਸਕਦੇ ਹਨ।
20 ਪਰ ਫ਼ੇਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਮੇਰੇ ਕੋਲ ਲੈਕੇ ਆਉਣਾ ਪਵੇਗਾ। ਫ਼ੇਰ ਮੈਨੂੰ ਪਤਾ ਲੱਗੇਗਾ ਕਿ ਤੁਸੀਂ ਸੱਚ ਬੋਲ ਰਹੇ ਹੋ ਅਤੇ ਤੁਹਾਨੂੰ ਮਰਨ ਦੀ ਲੋੜ ਨਹੀਂ।”ਭਰਾਵਾਂ ਨੇ ਇਹ ਗੱਲ ਮੰਨ ਲਈ।
21 ਉਨ੍ਹਾਂ ਨੇ ਇੱਕ-ਦੂਜੇ ਨੂੰ ਆਖਿਆ, “ਸਾਨੂੰ ਸਾਡੇ ਉਸ ਮੰਦੇ ਕਾਰੇ ਦੀ ਸਜ਼ਾ ਮਿਲ ਰਹੀ ਹੈ ਜਿਹੜਾ ਅਸੀਂ ਆਪਣੇ ਛੋਟੇ ਭਰਾ ਯੂਸੁਫ਼ ਨਾਲ ਕੀਤਾ ਸੀ। ਅਸੀਂ ਉਸਨੂੰ ਮੁਸੀਬਤ ਵਿੱਚ ਦੇਖਿਆ। ਉਸਨੇ ਸਾਡੇ ਕੋਲੋਂ ਆਪਣੀ ਜਾਨ ਦੀ ਭਿਖਿਆ ਮਂਗੀ। ਪਰ ਅਸੀਂ ਉਸਦੀ ਗੱਲ ਨਹੀਂ ਸੁਣੀ। ਇਸ ਲਈ ਹੁਣ ਅਸੀਂ ਮੁਸੀਬਤ ਵਿੱਚ ਹਾਂ।”
22 ਫ਼ੇਰ ਰਊਬੇਨ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਆਖਿਆ ਸੀ ਕਿ ਮੁੰਡੇ ਨਾਲ ਮੰਦਾ ਨਾ ਕਰੋ। ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਇਸ ਲਈ ਹੁਣ ਸਾਨੂੰ ਉਸਦੀ ਮੌਤ ਦੀ ਸਜ਼ਾ ਮਿਲ ਰਹੀ ਹੈ।
23 ਯੂਸੁਫ਼ ਉਨ੍ਹਾਂ ਨਾਲ ਗੱਲ ਕਰਨ ਲਈ ਇੱਕ ਦੋ-ਭਾਸ਼ੀਏ ਦੀ ਵਰਤੋਂ ਕਰ ਰਿਹਾ ਸੀ। ਇਸ ਲਈ ਭਰਾਵਾਂ ਨੂੰ ਪਤਾ ਨਹੀਂ ਲਗਿਆ ਕਿ ਯੂਸੁਫ਼ ਉਨ੍ਹਾਂ ਦੀ ਬੋਲੀ ਸਮਝਦਾ ਸੀ। ਪਰ ਯੂਸੁਫ਼ ਨੇ ਉਨ੍ਹਾਂ ਦੀ ਆਖੀ ਹਰ ਗੱਲ ਸੁਣੀ ਅਤੇ ਸਮਝ ਲਈ।
24 ਉਨ੍ਹਾਂ ਦੇ ਸ਼ਬਦਾਂ ਨੇ ਯੂਸੁਫ਼ ਨੂੰ ਬਹੁਤ ਉਦਾਸ ਕਰ ਦਿੱਤਾ। ਇਸ ਲਈ ਯੂਸੁਫ਼ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਅਤੇ ਰੋਣ ਲੱਗਾ। ਕੁਝ ਸਮੇਂ ਬਾਦ ਯੂਸੁਫ਼ ਫ਼ੇਰ ਉਨ੍ਹਾਂ ਕੋਲ ਗਿਆ। ਉਸਨੇ ਉਨ੍ਹਾਂ ਵਿੱਚੋਂ ਇੱਕ ਭਰਾ, ਸਿਮਓਨ ਨੂੰ ਲਿਆ ਅਤੇ ਬੰਨ੍ਹ ਦਿੱਤਾ ਜਦੋਂ ਕਿ ਦੂਸਰੇ ਦੇਖਦੇ ਰਹੇ।
25 ਯੂਸੁਫ਼ ਨੇ ਕੁਝ ਨੌਕਰਾਂ ਨੂੰ ਉਨ੍ਹਾਂ ਦੀਆਂ ਬੋਰੀਆਂ ਵਿੱਚ ਅਨਾਜ਼ ਭਰਨ ਲਈ ਆਖਿਆ। ਭਰਾਵਾਂ ਨੇ ਇਸ ਅਨਾਜ਼ ਦੇ ਬਦਲੇ ਪੈਸੇ ਦਿੱਤੇ। ਪਰ ਯੂਸੁਫ਼ ਨੇ ਪੈਸੇ ਨਹੀਂ ਰਖੇ। ਉਸਨੇ ਪੈਸੇ ਉਨ੍ਹਾਂ ਦੀਆਂ ਅਨਾਜ਼ ਦੀਆਂ ਬੋਰੀਆਂ ਵਿੱਚ ਪਾ ਦਿੱਤੇ। ਉਸਨੇ ਉਨ੍ਹਾਂ ਨੂੰ ਵਾਪਸ ਘਰ ਜਾਂਦੇ ਵਕਤ ਸਫ਼ਰ ਵਾਸਤੇ ਖਾਣ ਲਈ ਭੋਜਨ ਵੀ ਦਿੱਤਾ।
26 ਇਸ ਲਈ ਭਰਾਵਾਂ ਨੇ ਅਨਾਜ਼ ਆਪਣੇ ਖੋਤਿਆਂ ਉੱਪਰ ਲਦਿਆ ਅਤੇ ਚਲੇ ਗਏ।
27 ਉਸ ਰਾਤ ਭਰਾ ਰਾਤ ਕੱਟਣ ਲਈ ਇੱਕ ਥਾਂ ਠਹਿਰ ਗਏ। ਭਰਾਵਾਂ ਵਿੱਚੋਂ ਇੱਕ ਨੇ ਆਪਣੇ ਖੋਤੇ ਨੂੰ ਕੁਝ ਅਨਾਜ਼ ਦੇਣ ਲਈ ਆਪਣੀ ਬੋਰੀ ਦਾ ਮੂੰਹ ਖੋਲ੍ਹਿਆ। ਅਤੇ ਉਥੇ ਬੋਰੀ ਵਿੱਚ ਉਸਨੂੰ ਆਪਣਾ ਪੈਸਾ ਦਿਖਾਈ ਦਿੱਤਾ।
28 ਉਸਨੇ ਹੋਰਨਾਂ ਭਰਾਵਾਂ ਨੂੰ ਆਖਿਆ, “ਦੇਖੋ, ਇਹ ਉਹ ਪੈਸਾ ਹੈ ਜਿਹੜਾ ਮੈਂ ਅਨਾਜ਼ ਬਦਲੇ ਦਿੱਤਾ ਸੀ। ਕਿਸੇ ਨੇ ਪੈਸੇ ਫ਼ੇਰ ਮੇਰੀ ਬੋਰੀ ਵਿੱਚ ਰੱਖ ਦਿੱਤੇ ਹਨ।” ਭਰਾ ਬਹੁਤ ਡਰ ਗਏ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, ਸਾਡੇ ਨਾਲ ਪਰਮੇਸ਼ੁਰ ਕੀ ਕਰ ਰਿਹਾ ਹੈ?”
29 ਭਰਾ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੀ ਧਰਤੀ ਉੱਤੇ ਵਾਪਸ ਚਲੇ ਗਏ। ਉਨ੍ਹਾਂ ਨੇ ਯਾਕੂਬ ਨੂੰ ਉਹ ਸਾਰਾ ਕੁਝ ਦੱਸ ਦਿੱਤਾ ਜੋ ਵਾਪਰਿਆ ਸੀ।
30 ਉਨ੍ਹਾਂ ਨੇ ਆਖਿਆ, “ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਬਹੁਤ ਰੁਖਾ ਬੋਲਿਆ। ਉਸਦਾ ਖਿਆਲ ਸੀ ਕਿ ਅਸੀਂ ਜਾਸੂਸ ਹਾਂ!
31 ਪਰ ਅਸੀਂ ਉਸਨੂੰ ਦੱਸਿਆ ਕਿ ਅਸੀਂ ਜਾਸੂਸ ਨਹੀਂ ਹਾਂ, ਅਸੀਂ ਇਮਾਨਦਾਰ ਆਦਮੀ ਹਾਂ!
32 ਅਸੀਂ ਉਸਨੂੰ ਦੱਸਿਆ ਕਿ ਅਸੀਂ 12 ਭਰਾ ਸਾਂ। ਅਸੀਂ ਉਸਨੂੰ ਦੱਸਿਆ ਕਿ ਸਾਡਾ ਸਭ ਦਾ ਇੱਕ ਪਿਤਾ ਹੈ। ਅਸੀਂ ਉਸਨੂੰ ਆਪਣੇ ਭਰਾ ਬਾਰੇ ਦੱਸਿਆ ਜੋ ਮਰ ਚੁਕਿਆ ਹੈ, ਅਤੇ ਅਸੀਂ ਉਸਨੂੰ ਆਪਣੇ ਸਭ ਤੋਂ ਛੋਟੇ ਭਰਾ ਬਾਰੇ ਵੀ ਦੱਸਿਆ, ਜੋ ਹਾਲੇ ਸਾਡੇ ਪਿਉ ਨਾਲ ਕਨਾਨ ਦੀ ਧਰਤੀ ਵਿੱਚ ਰਹਿ ਰਿਹਾ ਸੀ।
33 “ਤਾਂ ਉਸ ਦੇਸ਼ ਦੇ ਰਾਜਪਾਲ ਨੇ ਸਾਨੂੰ ਇਹ ਆਖਿਆ, ‘ਇਹ ਸਾਬਤ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਇਮਾਨਦਾਰ ਆਦਮੀ ਹੋ: ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਜਾਉ। ਆਪਣਾ ਅਨਾਜ਼ ਆਪਣੇ ਪਰਿਵਾਰ ਕੋਲ ਵਾਪਸ ਲੈ ਜਾਉ।
34 ਫ਼ੇਰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਉ। ਫ਼ੇਰ ਮੈਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇਮਾਨਦਾਰ ਆਦਮੀ ਹੋ ਜਾਂ ਜਾਸੂਸ। ਜੇ ਤੁਸੀਂ ਸੱਚ ਬੋਲ ਰਹੇ ਹੋਵੋਂਗੇ, ਮੈਂ ਤੁਹਾਨੂੰ ਤੁਹਾਡਾ ਭਰਾ ਵਾਪਸ ਕਰ ਦਿਆਂਗਾ ਅਤੇ ਤੁਸੀਂ ਸਾਡੇ ਦੇਸ਼ ਵਿੱਚੋਂ ਅਨਾਜ਼ ਖਰੀਦ ਸਕੋਂਗੇ।’”
35 ਫ਼ੇਰ ਭਰਾਵਾਂ ਨੇ ਆਪੋ-ਆਪਣੀਆਂ ਬੋਰੀਆਂ ਵਿੱਚੋਂ ਅਨਾਜ਼ ਕਢਣਾ ਸ਼ੁਰੂ ਕਰ ਦਿੱਤਾ। ਅਤੇ ਹਰ ਭਰਾ ਨੂੰ ਆਪਣੀ ਬੋਰੀ ਵਿੱਚ ਪੈਸਿਆਂ ਦੀ ਥੈਲੀ ਮਿਲੀ। ਭਰਾਵਾਂ ਨੇ ਅਤੇ ਪਿਤਾ ਨੇ ਪੈਸੇ ਦੇਖੇ ਅਤੇ ਉਹ ਭੈਭੀਤ ਹੋ ਗਏ।
36 ਯਾਕੂਬ ਨੇ ਉਨ੍ਹਾਂ ਨੂੰ ਆਖਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਸਾਰੇ ਬੱਚੇ ਗੁਆ ਲਵਾਂ? ਯੂਸੁਫ਼ ਚਲਾ ਗਿਆ। ਸਿਮਓਨ ਚਲਾ ਗਿਆ। ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਵੀ ਲੈ ਜਾਣਾ ਚਾਹੁੰਦੇ ਹੋ?”
37 ਪਰ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਪਿਤਾ ਜੀ, ਜੇ ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਨਾ ਲੈਕੇ ਆਇਆ ਤਾਂ ਤੁਸੀਂ ਭਾਵੇਂ ਮੇਰੇ ਦੋਵੇਂ ਪੁੱਤਰਾਂ ਨੂੰ ਮਾਰ ਦਿਉ। ਮੇਰੇ ਉੱਤੇ ਭਰੋਸਾ ਕਰੋ। ਮੈਂ ਬਿਨਯਾਮੀਨ ਨੂੰ ਤੁਹਾਡੇ ਕੋਲ ਵਾਪਸ ਲੈਕੇ ਆਵਾਂਗਾ।”
38 ਪਰ ਯਾਕੂਬ ਨੇ ਆਖਿਆ, “ਮੈਂ ਬਿਨਯਾਮੀਨ ਨੂੰ ਤੁਹਾਡੇ ਨਾਲ ਨਹੀਂ ਜਾਣ ਦਿਆਂਗਾ। ਉਸਦਾ ਭਰਾ ਮਰ ਚੁਕਿਆ ਹੈ ਅਤੇ ਉਹ ਮੇਰੀ ਪਤਨੀ ਦਾ ਇੱਕੋ-ਇੱਕ ਪੁੱਤਰ ਬਚਿਆ ਹੈ। ਜੇ ਉਸ ਨਾਲ ਮਿਸਰ ਦੀ ਯਾਤਰਾ ਦੌਰਾਨ ਕੁਝ ਵਾਪਰਿਆ ਤਾਂ ਮੈਂ ਮਾਰਿਆ ਜਾਵਾਂਗਾ। ਤੁਸੀਂ ਮੈਨੂੰ ਇੱਕ ਸੋਗੀ, ਬੁਢੇ ਬੰਦੇ ਨੂੰ ਕਬਰ ਵਿੱਚ ਸੁੱਟ ਦਿਉਂਗੇ।”