ਪੈਦਾਇਸ਼
ਕਾਂਡ 16
1 ਸਾਰਈ ਅਬਰਾਮ ਦੀ ਪਤਨੀ ਸੀ। ਉਸਦੇ ਅਤੇ ਅਬਰਾਮ ਦੇ ਉਲਾਦ ਨਹੀਂ ਹੋਈ। ਸਾਰਈ ਦੀ ਮਿਸਰ ਦੀ ਇੱਕ ਦਾਸੀ ਸੀ। ਉਸਦਾ ਨਾਮ ਹਾਜਰਾ ਸੀ।
2 ਸਾਰਈ ਨੇ ਅਬਰਾਮ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਬੱਚੇ ਹੋਣ ਤੋਂ ਰੋਕ ਦਿੱਤਾ ਹੈ। ਇਸ ਲਈ ਮੇਰੀ ਦਾਸੀ ਹਾਜਰਾ ਨਾਲ ਸੰਭੋਗ ਕਰ। ਮੈਂ ਉਸਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਹੀ ਪ੍ਰਵਾਨ ਕਰਾਂਗੀ।” ਅਬਰਾਮ ਆਪਣੀ ਪਤਨੀ ਦੀ ਬੇਨਤੀ ਨਾਲ ਸਹਿਮਤ ਹੋ ਗਿਆ।
3 ਇਹ ਗੱਲ ਅਬਰਾਮ ਦੇ ਕਨਾਨ ਦੀ ਧਰਤੀ ਉੱਤੇ ਦਸ ਸਾਲ ਰਹਿ ਚੁੱਕਣ ਤੋਂ ਬਾਦ ਵਾਪਰੀ। ਸਾਰਈ ਨੇ ਹਾਜਰਾ ਨੂੰ ਆਪਣੇ ਪਤੀ ਦੀ ਪਤਨੀ ਹੋਣ ਲਈ ਸੌਂਪ ਦਿੱਤਾ। (ਹਾਜਰਾ ਉਸਦੀ ਮਿਸਰ ਦੀ ਦਾਸੀ ਸੀ।)
4 ਹਾਜਰਾ ਅਬਰਾਮ ਤੋਂ ਗਰਭਵਤੀ ਹੋ ਗਈ। ਜਦੋਂ ਹਾਜਰਾ ਨੂੰ ਇਹ ਪਤਾ ਲੱਗਾ ਤਾਂ ਉਸਦੀ ਮਾਲਕਣ ਨੂੰ ਹਾਜਰਾ ਦੀ ਨਿਗਾਹ ਵਿੱਚ ਇੰਨੀ ਇੱਜ਼ਤ ਨਹੀਂ ਮਿਲੀ।
5 ਪਰ ਸਾਰਈ ਨੇ ਅਬਰਾਮ ਨੂੰ ਆਖਿਆ, “ਮੇਰੀ ਦਾਸੀ ਹੁਣ ਮੈਨੂੰ ਨਫ਼ਰਤ ਕਰਦੀ ਹੈ। ਅਤੇ ਇਸ ਲਈ ਮੈਂ ਤੈਨੂੰ ਕਸੂਰਵਾਰ ਸਮਝਦੀ ਹਾਂ। ਮੈਂ ਉਸਨੂੰ ਤੈਨੂੰ ਸੌਂਪਿਆ। ਉਹ ਗਰਭਵਤੀ ਹੋਈ ਅਤੇ ਫ਼ੇਰ ਉਹ ਇਹ ਮਹਿਸੂਸ ਕਰਨ ਲੱਗ ਪਈ ਕਿ ਉਹ ਮੇਰੇ ਨਾਲੋਂ ਬਿਹਤਰ ਹੈ। ਮੈਂ ਚਾਹੁੰਦੀ ਹਾਂ ਕਿ ਯਹੋਵਾਹ ਇਸਦਾ ਨਿਰਣਾ ਕਰੇ ਕਿ ਸਾਡੇ ਵਿੱਚੋਂ ਕੌਣ ਸਹੀ ਹੈ।”
6 ਪਰ ਅਬਰਾਮ ਨੇ ਸਾਰਈ ਨੂੰ ਆਖਿਆ, “ਹਾਜਰਾ ਤੇਰੀ ਦਾਸੀ ਹੈ। ਤੂੰ ਉਸਦੇ ਨਾਲ ਜੋ ਚਾਹੇਂ ਸਲੂਕ ਕਰ ਸਕਦੀ ਹੈਂ।” ਇਸ ਤਰ੍ਹਾਂ ਸਾਰਈ ਆਪਣੀ ਦਾਸੀ ਨਾਲ ਬੁਰਾ ਸਲੂਕ ਕਰਨ ਲਗੀ ਅਤੇ ਹਾਜਰਾ ਘਰੋਂ ਭੱਜ ਗਈ।
7 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਅੰਦਰ ਇੱਕ ਟੋਭੇ ਦੇ ਕੰਢੇ ਪਿਆ ਦੇਖਿਆ। ਟੋਭਾ ਸੂਰ ਦੇ ਰਸਤੇ ਉੱਤੇ ਸੀ।
8 ਦੂਤ ਨੇ ਆਖਿਆ, “ਹਾਜਰਾ, ਤੂੰ ਸਾਰਈ ਦੀ ਦਾਸੀਂ ਹੈਂ। ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਕਿਧਰ ਜਾ ਰਹੀ ਹੈਂ?”ਹਾਜਰਾ ਨੇ ਆਖਿਆ, “ਮੈਂ ਸਾਰਈ ਤੋਂ ਦੂਰ ਭੱਜ ਰਹੀ ਹਾਂ।”
9 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਆਖਿਆ, “ਸਾਰਈ ਤੇਰੀ ਮਾਲਕਣ ਹੈ। ਉਸ ਕੋਲ ਘਰ ਚਲੀ ਜਾਹ ਅਤੇ ਉਸਦਾ ਹੁਕਮ ਮੰਨ।
10 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਇਹ ਵੀ ਆਖਿਆ, “ਤੇਰੇ ਤੋਂ ਬਹੁਤ ਲੋਕ ਪੈਦਾ ਹੋਣਗੇ। ਉਹ ਇੰਨੇ ਹੋਣਗੇ ਕਿ ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕੇਗੀ।”
11 ਯਹੋਵਾਹ ਦੇ ਦੂਤ ਨੇ ਇਹ ਵੀ ਆਖਿਆ,“ਹਾਜਰਾ, ਤੂੰ ਹੁਣ ਗਰਭਵਤੀ ਹੈਂ ਤੇਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ।ਤੂੰ ਉਸਦਾ ਨਾਮ ਇਸਮਾਏਲ ਰੱਖੀਂ।ਕਿਉਂਕਿ ਯਹੋਵਾਹ ਨੇ ਸੁਣ ਲਿਆ ਹੈ ਕਿ ਤੇਰੇ ਨਾਲ ਬੁਰਾ ਸਲੂਕ ਹੋਇਆ ਅਤੇ ਉਹ ਤੇਰੀ ਸਹਾਇਤਾ ਕਰੇਗਾ।
12 ਇਸਮਾਏਲ ਜੰਗਲੀ ਖੋਤੇ ਵਾਂਗ ਆਵਾਰਾਅਤੇ ਆਜ਼ਾਦ ਹੋਵੇਗਾ।ਉਹ ਹਰੇਕ ਦੇ ਵਿਰੁੱਧ ਹੋਵੇਗਾ।ਅਤੇ ਹਰ ਕੋਈ ਉਸਦੇ ਵਿਰੁੱਧ ਹੋਵੇਗਾ।ਉਹ ਥਾਂ-ਥਾਂ ਘੁੰਮੇਗਾ ਅਤੇ ਆਪਣੇ ਭਰਾਵਾਂ ਲਾਗੇ ਡੇਰਾ ਲਾਵੇਗਾ;ਪਰ ਉਹ ਉਨ੍ਹਾਂ ਦੇ ਵਿਰੁੱਧ ਹੋਵੇਗਾ।”
13 ਯਹੋਵਾਹ ਨੇ ਹਾਜਰਾ ਨਾਲ ਗੱਲ ਕੀਤੀ। ਉਸਨੇ ਯਹੋਵਾਹ ਨੂੰ ਜਿਸਨੇ ਉਸ ਨਾਲ ਗੱਲ ਕੀਤੀ ਇਉਂ ਬੁਲਾਇਆ, ‘ਪਰਮੇਸ਼ੁਰ ਜਿਹੜਾ ਮੇਰੇ ਵੱਲ ਧਿਆਨ ਦਿੰਦਾ।’ ਉਸਨੇ ਉਸਦਾ ਅਜਿਹਾ ਨਾਮ ਇਸ ਲਈ ਧਰਿਆ ਕਿਉਂਕਿ ਉਸਨੇ ਸੋਚਿਆ, “ਮੈਂ ਦੇਖਦੀ ਹਾਂ ਕਿ ਇੱਥੇ ਵੀ, ਪਰਮੇਸ਼ੁਰ ਮੈਨੂੰ ਦੇਖਦਾ ਹੈ ਅਤੇ ਮੇਰਾ ਧਿਆਨ ਰਖਦਾ ਹੈ!”
14 ਇਸ ਲਈ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਰੱਖਿਆ ਗਿਆ। ਉਹ ਖੂਹ ਕਾਦੇਸ ਅਤੇ ਬਰਦ ਦੇ ਵਿਚਕਾਰ ਹੈ।
15 ਹਾਜਰਾ ਨੇ ਅਬਰਾਮ ਦੇ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਪੁੱਤਰ ਦਾ ਨਾਮ ਇਸਮਾਏਲ ਰੱਖਿਆ।
16 ਅਬਰਾਮ ਉਦੋਂ 86 ਵਰ੍ਹਿਆਂ ਦਾ ਸੀ ਜਦੋਂ ਹਾਜਰਾ ਤੋਂ ਇਸਮਾਏਲ ਦਾ ਜਨਮ ਹੋਇਆ।