ਪੈਦਾਇਸ਼
ਕਾਂਡ 40
1 ਬਾਦ ਵਿੱਚ ਫ਼ਿਰਊਨ ਦੇ ਦੋ ਨੌਕਰਾਂ ਨੇ ਫ਼ਿਰਊਨ ਨਾਲ ਕੁਝ ਮੰਦਾ ਕੀਤਾ। ਇਹ ਦੋ ਨੌਕਰ ਸਨ ਨਾਨਬਾਈ ਅਤੇ ਉਹ ਬੰਦਾ ਜਿਹੜਾ ਫ਼ਿਰਊਨ ਨੂੰ ਮੈਅ ਵਰਤਾਉਂਦਾ ਸੀ।
2 ਫ਼ਿਰਊਨ ਆਪਣੇ ਨਾਨਬਾਈ ਅਤੇ ਸਾਕੀ ਨਾਲ ਬਹੁਤ ਨਾਰਾਜ਼ ਹੋ ਗਿਆ।
3 ਇਸ ਲਈ ਉਸਨੇ ਉਨ੍ਹਾਂ ਨੂੰ ਉਸੇ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਜਿਥੇ ਯੂਸੁਫ਼ ਸੀ। ਫ਼ਿਰਊਨ ਦਾ ਗਾਰਦ ਵੀ ਕਮਾਂਡਰ ਪੋਟੀਫ਼ਰ, ਇਸ ਕੈਦਖਾਨੇ ਦਾ ਇੰਚਾਰਜ ਸੀ।
4 ਕਮਾਂਡਰ ਨੇ ਦੋਹਾਂ ਕੈਦੀਆਂ ਨੂੰ ਯੂਸੁਫ਼ ਦੀ ਨਿਗਰਾਨੀ ਹੇਠਾਂ ਰੱਖ ਦਿੱਤਾ। ਦੋਵੇਂ ਕੈਦੀ ਕੁਝ ਸਮੇਂ ਤੱਕ ਕੈਦਖਾਨੇ ਵਿੱਚ ਹੀ ਰਹੇ।
5 ਇੱਕ ਰਾਤ, ਦੋਹਾਂ ਕੈਦੀਆਂ ਨੂੰ ਇੱਕ ਸੁਪਨਾ ਆਇਆ। ਇਹ ਦੋ ਕੈਦੀ ਨਾਨਬਾਈ ਅਤੇ ਸਾਕੀ ਮਿਸਰ ਦੇ ਰਾਜੇ ਦੇ ਨੌਕਰ ਸਨ। ਹਰ ਕੈਦੀ ਨੂੰ ਆਪੋ-ਆਪਣਾ ਸੁਪਣਾ ਆਇਆ ਅਤੇ ਹਰ ਸੁਪਨੇ ਦਾ ਆਪੋ-ਆਪਣਾ ਅਰਥ ਸੀ।
6 ਯੂਸੁਫ਼ ਅਗਲੀ ਸਵੇਰ ਉਨ੍ਹਾਂ ਕੋਲ ਗਿਆ। ਯੂਸੁਫ਼ ਨੇ ਦੇਖਿਆ ਕਿ ਇਹ ਦੋਵੇਂ ਆਦਮੀ ਫ਼ਿਕਰਮੰਦ ਸਨ।
7 ਯੂਸੁਫ਼ ਨੇ ਉਨ੍ਹਾਂ ਨੂੰ ਪੁਛਿਆ, “ਅੱਜ ਤੁਸੀਂ ਇੰਨੇ ਫ਼ਿਕਰਮੰਦ ਕਿਉਂ ਲੱਗ ਰਹੇ ਹੋਂ?”
8 ਦੋਹਾਂ ਆਦਮੀਆਂ ਨੇ ਜਵਾਬ ਦਿੱਤਾ, “ਸਾਨੂੰ ਰਾਤੀ ਸੁਪਨਾ ਆਇਆ ਹੈ, ਪਰ ਸਾਨੂੰ ਇਸ ਗੱਲ ਦੀ ਸਮਝ ਨਹੀਂ ਕਿ ਇਸਦਾ ਕੀ ਅਰਥ ਹੈ। ਇੱਥੇ ਕੋਈ ਵੀ ਅਜਿਹਾ ਨਹੀਂ ਜਿਹੜਾ ਸਾਨੂੰ ਸੁਪਨਿਆਂ ਦੀ ਗੱਲ ਸਮਝਾਵੇ ਅਤੇ ਉਨ੍ਹਾਂ ਦੀ ਵਿਆਖਿਆ ਕਰੇ।”ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਪਰਮੇਸ਼ੁਰ ਹੀ ਹੈ ਜਿਹੜਾ ਸੁਪਨਿਆਂ ਨੂੰ ਸਮਝਦਾ ਹੈ ਅਤੇ ਸਮਝਾ ਸਕਦਾ ਹੈ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਸੁਪਨੇ ਦੱਸੋ।”
9 ਇਸ ਲਈ ਸਾਕੀ ਨੇ ਆਪਣਾ ਸੁਪਨਾ ਯੂਸੁਫ਼ ਨੂੰ ਸੁਣਾਇਆ। ਸਾਕੀ ਨੇ ਆਖਿਆ, “ਮੈਨੂੰ ਸੁਪਨਾ ਆਇਆ ਕਿ ਮੈਂ ਇੱਕ ਵੇਲ ਦੇਖੀ ਹੈ।
10 ਵੇਲ ਉੱਤੇ ਤਿੰਨ ਟਹਿਣੀਆਂ ਸਨ। ਮੈਂ ਉਨ੍ਹਾਂ ਟਹਿਣੀਆਂ ਨੂੰ ਵਧਦਿਆਂ ਅਤੇ ਫ਼ੁੱਲ ਉਗਦਿਆਂ ਦੇਖਿਆ ਅਤੇ ਫ਼ੇਰ ਅੰਗੂਰ ਬਣਦਿਆਂ ਦੇਖਿਆ।
11 ਮੈਂ ਫ਼ਿਰਊਨ ਦਾ ਪਿਆਲਾ ਫ਼ੜਿਆ ਹੋਇਆ ਸੀ। ਇਸ ਲਈ ਮੈਂ ਅੰਗੂਰ ਤੋਂੜੇ ਅਤੇ ਉਨ੍ਹਾਂ ਦਾ ਰਸ ਨਿਚੋੜਕੇ ਪਿਆਲੇ ਵਿੱਚ ਪਾ ਦਿੱਤਾ। ਫ਼ੇਰ ਮੈਂ ਪਿਆਲਾ ਫ਼ਿਰਊਨ ਨੂੰ ਦੇ ਦਿੱਤਾ।
12 ਤਾਂ ਯੂਸੁਫ਼ ਨੇ ਆਖ਼ਿਆ, “ਮੈਂ ਤੈਨੂੰ ਇਸ ਸੁਪਨੇ ਦੀ ਗੱਲ ਸਮਝਾਵਾਂਗਾ। ਤਿੰਨ ਟਹਿਣੀਆਂ ਦਾ ਅਰਥ ਹੈ ਤਿੰਨ ਦਿਨ।
13 ਤਿੰਨਾ ਦਿਨਾਂ ਤੋਂ ਪਹਿਲਾਂ ਫ਼ਿਰਊਨ ਤੈਨੂੰ ਮਾਫ਼ ਕਰ ਦੇਵੇਗਾ ਅਤੇ ਤੈਨੂੰ ਕੰਮ ਉੱਤੇ ਵਾਪਸ ਬੁਲਾ ਲਵੇਗਾ। ਤੂੰ ਫ਼ਿਰਊਨ ਲਈ ਉਹੀ ਕੰਮ ਕਰੇਂਗਾ ਜਿਹੜਾ ਪਹਿਲਾਂ ਕਰਦਾ ਹੁੰਦਾ ਸੀ।
14 ਪਰ ਜਦੋਂ ਤੂੰ ਆਜ਼ਾਦ ਹੋਵੇਂ ਤਾਂ ਮੈਨੂੰ ਚੇਤੇ ਰਖੀਂ। ਮੇਰੇ ਨਾਲ ਚੰਗਾ ਵਿਹਾਰ ਕਰੀਂ ਅਤੇ ਮੇਰੀ ਸਹਾਇਤਾ ਕਰੀਂ। ਫ਼ਿਰਊਨ ਨੂੰ ਮੇਰੇ ਬਾਰੇ ਦਸੀਂ ਤਾਂ ਜੋ ਮੈਂ ਇਸ ਕੈਦਖਾਨੇ ਵਿੱਚੋਂ ਨਿਕਲ ਸਕਾਂ।
15 ਮੈਨੂੰ ਆਪਣੇ ਹੀ ਘਰ ਵਿੱਚੋਂ, ਇਬਰਾਨੀਆਂ ਦੀ ਧਰਤੀ ਤੋਂ ਲਿਆਂਦਾ ਗਿਆ ਸੀ। ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ। ਇਸ ਲਈ ਮੈਨੂੰ ਕੈਦਖਾਨੇ ਵਿੱਚ ਨਹੀਂ ਹੋਣਾ ਚਾਹੀਦਾ।”
16 ਨਾਨਬਾਈ ਨੇ ਦੇਖਿਆ ਕਿ ਦੂਸਰੇ ਨੌਕਰਾਂ ਦਾ ਸੁਪਨਾ ਚੰਗਾ ਸੀ। ਇਸ ਲਈ ਨਾਨਬਾਈ ਨੇ ਯੂਸੁਫ਼ ਨੂੰ ਆਖਿਆ, “ਮੈਂ ਵੀ ਇੱਕ ਸੁਪਨਾ ਦੇਖਿਆ ਹੈ। ਮੈਨੂੰ ਸੁਪਨਾ ਆਇਆ ਕਿ ਮੇਰੇ ਸਿਰ ਉੱਤੇ ਰੋਟੀ ਦੀਆਂ ਤਿੰਨ ਟੋਕਰੀਆਂ ਸਨ।
17 ਉੱਪਰਲੀ ਟੋਕਰੀ ਵਿੱਚ ਹਰ ਤਰ੍ਹਾਂ ਦਾ ਪਕਾਇਆ ਹੋਇਆ ਭੋਜਨ ਸੀ। ਇਹ ਭੋਜਨ ਰਾਜੇ ਲਈ ਚੰਗਾ ਸੀ। ਪਰ ਇਸ ਭੋਜਨ ਨੂੰ ਪੰਛੀ ਖਾ ਰਹੇ ਸਨ।”
18 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਤੈਨੂੰ ਦੱਸਦਾ ਹਾਂ ਕਿ ਇਸ ਸੁਪਨੇ ਦਾ ਕੀ ਅਰਥ ਹੈ। ਤਿੰਨ ਟੋਕਰੀਆਂ ਦਾ ਅਰਥ ਹੈ ਤਿੰਨ ਦਿਨ।
19 ਤਿੰਨ ਦਿਨ ਖਤਮ ਹੋਣ ਤੋਂ ਪਹਿਲਾਂ, ਰਾਜਾ ਤੈਨੂੰ ਕੈਦਖਾਨੇ ਵਿੱਚੋਂ ਛੱਡ ਦੇਵੇਗਾ। ਫ਼ੇਰ ਰਾਜਾ ਤੇਰਾ ਸਿਰ ਕਲਮ ਕਰ ਦੇਵੇਗਾ! ਉਹ ਤੇਰੇ ਸ਼ਰੀਰ ਨੂੰ ਰੁਖ ਉੱਤੇ ਟੰਗ ਦੇਵੇਗਾ। ਪੰਛੀ ਤੇਰੀ ਲਾਸ਼ ਵਿੱਚੋਂ ਮਾਸ ਖਾਣਗੇ।”
20 ਤਿੰਨਾ ਦਿਨਾਂ ਮਗਰੋਂ, ਫ਼ਿਰਊਨ ਦਾ ਜਨਮਦਿਨ ਸੀ। ਫ਼ਿਰਊਨ ਨੇ ਆਪਣੇ ਸਾਰੇ ਨੌਕਰਾਂ ਨੂੰ ਦਾਵਤ ਦਿੱਤੀ। ਦਾਵਤ ਉੱਤੇ ਫ਼ਿਰਊਨ ਨੇ ਸਾਕੀ ਨੂੰ ਅਤੇ ਨਾਨਬਾਈ ਨੂੰ ਵੀ ਕੈਦਖਾਨੇ ਤੋਂ ਛੱਡ ਦਿੱਤਾ।
21 ਫ਼ਿਰਊਨ ਨੇ ਸਾਕੀ ਨੂੰ ਰਿਹਾ ਕਰ ਦਿੱਤਾ। ਫ਼ਿਰਊਨ ਨੇ ਉਸਨੂੰ ਉਸਦਾ ਕੰਮ ਵਾਪਸ ਦੇ ਦਿੱਤਾ। ਅਤੇ ਸਾਕੀ ਨੇ ਮੈਅ ਦਾ ਪਿਆਲਾ ਫ਼ਿਰਊਨ ਦੇ ਹੱਥ ਫ਼ੜਾ ਦਿੱਤਾ।
22 ਪਰ ਫ਼ਿਰਊਨ ਨੇ ਨਾਨਬਾਈ ਨੂੰ ਫ਼ਾਂਸੀ ਲਟਕਾ ਦਿੱਤਾ ਅਤੇ ਹਰ ਗੱਲ ਉਸੇ ਤਰ੍ਹਾਂ ਵਾਪਰੀ ਜਿਵੇਂ ਯੂਸੁਫ਼ ਨੇ ਆਖਿਆ ਸੀ।
23 ਪਰ ਸਾਕੀ ਨੇ ਯੂਸੁਫ਼ ਦੀ ਸਹਾਇਤਾ ਕਰਨੀ ਚੇਤੇ ਨਹੀਂ ਰਖੀ। ਉਸਨੇ ਫ਼ਿਰਊਨ ਨੂੰ ਯੂਸੁਫ਼ ਬਾਰੇ ਕੁਝ ਨਹੀਂ ਦੱਸਿਆ। ਸਾਕੀ ਯੂਸੁਫ਼ ਬਾਰੇ ਸਭ ਕੁਝ ਭੁੱਲ ਗਿਆ।