ਪੈਦਾਇਸ਼
ਕਾਂਡ 47
1 ਯੂਸੂਫ਼ ਫ਼ਿਰਊਨ ਕੋਲ ਗਿਆ ਅਤੇ ਆਖਿਆ, “ਮੇਰਾ ਪਿਤਾ ਅਤੇ ਮੇਰੇ ਭਰਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਇੱਥੇ ਆ ਗਏ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਾਰੇ ਪਸ਼ੂ ਅਤੇ ਹੋਰ ਸਾਰਾ ਮਾਲ ਧਨ ਵੀ ਹੈ ਜਿਹੜਾ ਕਨਾਨ ਦੀ ਧਰਤੀ ਉੱਤੇ ਉਨ੍ਹਾਂ ਦੀ ਮਲਕੀਅਤ ਸੀ। ਉਹ ਹੁਣ ਗੋਸ਼ਨ ਦੀ ਧਰਤੀ ਉੱਤੇ ਹਨ।”
2 ਯੂਸੁਫ਼ ਨੇ ਫ਼ਿਰਊਨ ਦੇ ਸਾਮ੍ਹਣੇ ਆਪਣੇ ਭਰਾਵਾਂ ਵਿੱਚੋਂ ਪੰਜਾਂ ਦੀ ਚੋਣ ਕੀਤੀ ਕਿ ਉਹ ਉਸਦੇ ਨਾਲ ਰਹਿਣ।
3 ਫ਼ਿਰਊਨ ਨੇ ਭਰਾਵਾਂ ਨੂੰ ਆਖਿਆ, “ਤੁਸੀਂ ਕੀ ਕੰਮ ਕਰਦੇ ਹੋ?”ਭਰਾਵਾਂ ਨੇ ਆਖਿਆ, “ਹਜ਼ੂਰ, ਅਸੀਂ ਆਜੜੀ ਹਾਂ। ਅਤੇ ਸਾਡੇ ਪੁਰਖੇ ਵੀ ਸਾਡੇ ਤੋਂ ਪਹਿਲਾਂ ਆਜੜੀ ਹੀ ਸਨ।”
4 ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, “ਅਕਾਲ ਦੀ ਹਾਲਤ ਕਨਾਣ ਵਿੱਚ ਬਹੁਤ ਭੈੜੀ ਹੈ। ਸਾਡੇ ਪਸ਼ੂਆਂ ਲਈ ਘਾਹ ਵਾਲੇ ਕੋਈ ਵੀ ਖੇਤ ਨਹੀਂ ਬਚੇ। ਇਸ ਲਈ ਅਸੀਂ ਇਸ ਧਰਤੀ ਉੱਤੇ ਰਹਿਣ ਲਈ ਆ ਗਏ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਗੋਸ਼ਨ ਵਿੱਚ ਰਹਿਣ ਦਿਉ।”
5 ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ।
6 ਤੂੰ ਉਨ੍ਹਾਂ ਲਈ ਮਿਸਰ ਵਿੱਚ ਰਹਿਣ ਵਾਲੀ ਕੋਈ ਵੀ ਥਾਂ ਚੁਣ ਸਕਦਾ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਦੇ ਦੇ, ਉਨ੍ਹਾਂ ਨੂੰ ਗੋਸ਼ਨ ਦੀ ਧਰਤੀ ਉੱਤੇ ਰਹਿਣ ਦੇ, ਅਤੇ ਜੇ ਉਹ ਮਾਹਰ ਆਜੜੀ ਹਨ ਤਾਂ ਉਹ ਮੇਰੇ ਪਸ਼ੂਆਂ ਦੀ ਦੇਖ-ਭਾਲ ਵੀ ਕਰ ਸਕਦੇ ਹਨ।”
7 ਤਾਂ ਯੂਸਫ਼ ਨੇ ਆਪਣੇ ਪਿਤਾ ਯਾਕੂਬ ਨੂੰ ਫ਼ਿਰਊਨ ਨਾਲ ਆਕੇ ਮਿਲਣ ਲਈ ਸਦਿਆ। ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ।
8 ਅਤੇ ਫ਼ਿਰਊਨ ਨੇ ਉਸਨੂੰ ਆਖਿਆ, “ਤੁਹਾਡੀ ਕਿੰਨੀ ਉਮਰ ਹੈ?”
9 ਯਾਕੂਬ ਨੇ ਫ਼ਿਰਊਨ ਨੂੰ ਆਖਿਆ, “ਮੇਰੀ ਜ਼ਿੰਦਗੀ ਬਹੁਤ ਛੋਟੀ ਹੈ, ਪਰ ਮੇਰੀਆਂ ਮੁਸੀਬਤਾਂ ਬਹੁਤ ਜ਼ਿਆਦਾ ਸਨ। ਮੈਂ ਸਿਰਫ਼ 130 ਵਰ੍ਹੇ ਜੀਵਿਆ ਹਾਂ। ਮੇਰਾ ਪਿਤਾ ਅਤੇ ਉਸਦੇ ਪੁਰਖੇ ਮੇਰੇ ਨਾਲੋਂ ਵਡੇਰੀ ਉਮਰ ਜੀਵੇ ਸਨ।”
10 ਯਾਕੂਬ ਨੇ ਫ਼ਿਰਊਨ ਨੂੰ ਅਸੀਸ ਦਿੱਤੀ। ਫ਼ੇਰ ਯਾਕੂਬ ਫ਼ਿਰਊਨ ਨਾਲ ਹੋਈ ਇਸ ਮੁਲਾਕਾਤ ਤੋਂ ਮਗਰੋਂ ਚਲਾ ਗਿਆ।
11 ਯੂਸੁਫ਼ ਨੇ ਉਹੀ ਕੀਤਾ ਜੋ ਫ਼ਿਰਊਨ ਨੇ ਆਖਿਆ ਸੀ ਅਤੇ ਉਸਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਮਿਸਰ ਵਿੱਚ ਜ਼ਮੀਨ ਦੇ ਦਿੱਤੀ। ਇਹ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਸੀ, ਦੇਸ਼ ਦੇ ਪੂਰਬੀ ਹਿੱਸੇ ਵੱਲ ਰਾਮਸੇਸ ਦੀ ਧਰਤੀ ਵਿੱਚ।
12 ਯੂਸੁਫ਼ ਨੇ ਆਪਣੇ ਪਿਤਾ, ਆਪਣੇ ਭਰਾਵਾਂ ਅਤੇ ਉਨ੍ਹਾਂ ਦੇ ਸਾਰੇ ਲੋਕਾਂ ਨੂੰ ਲੋੜੀਦਾ ਅਨਾਜ਼ ਵੀ ਦੇ ਦਿੱਤਾ।
13 ਅਕਾਲ ਦਾ ਸਮਾਂ ਹੋਰ ਵੀ ਮਾੜਾ ਹੋ ਗਿਆ। ਦੇਸ਼ ਵਿੱਚ ਕਿਧਰੇ ਵੀ ਅਨਾਜ਼ ਨਹੀਂ ਸੀ। ਮਿਸਰ ਅਤੇ ਕਨਾਨ ਇਸ ਮੰਦੇ ਸਮੇਂ ਕਾਰਣ ਬਹੁਤ ਗਰੀਬ ਹੋ ਗਏ।
14 ਦੇਸ਼ ਦੇ ਲੋਕਾਂ ਨੇ ਹੋਰ ਅਨਾਜ਼ ਖਰੀਦਿਆ। ਯੂਸੁਫ਼ ਨੇ ਪੈਸਾ ਬਚਾਇਆ ਅਤੇ ਇਸਨੂੰ ਫ਼ਿਰਊਨ ਦੇ ਘਰ ਲੈ ਆਇਆ।
15 ਕੁਝ ਸਮੇਂ ਬਾਦ, ਮਿਸਰ ਅਤੇ ਕਨਾਨ ਦੇ ਲੋਕਾਂ ਕੋਲ ਕੋਈ ਪੈਸਾ ਨਹੀਂ ਬਚਿਆ। ਉਨ੍ਹਾਂ ਨੇ ਸਾਰਾ ਪੈਸਾ ਅਨਾਜ਼ ਖਰੀਦਣ ਉੱਤੇ ਖਰਚ ਕਰ ਦਿੱਤਾ ਸੀ। ਇਸ ਲਈ ਮਿਸਰ ਦੇ ਲੋਕ ਯੂਸੁਫ਼ ਕੋਲ ਗਏ ਅਤੇ ਆਖਣ ਲੱਗੇ, “ਕਿਰਪਾ ਕਰਕੇ ਸਾਨੂੰ ਅਨਾਜ਼ ਦਿਉ। ਸਾਡਾ ਪੈਸਾ ਮੁੱਕ ਗਿਆ ਹੈ। ਜੇ ਅਸੀਂ ਖਾਵਾਂਗੇ ਨਹੀਂ ਤਾਂ ਤੁਹਾਡੇ ਦੇਖਦਿਆਂ-ਦੇਖਦਿਆਂ ਅਸੀਂ ਮਰ ਜਾਵਾਂਗੇ।”
16 ਪਰ ਯੂਸੁਫ਼ ਨੇ ਆਖਿਆ, “ਮੈਨੂੰ ਆਪਣੇ ਪਸ਼ੂ ਦੇ ਦਿਉ ਅਤੇ ਮੈਂ ਤੁਹਾਨੂੰ ਅਨਾਜ਼ ਦੇ ਦੇਵਾਂਗਾ।”
17 ਇਸ ਲਈ ਲੋਕਾਂ ਨੇ ਆਪਣੇ ਪਸ਼ੂਆਂ ਅਤੇ ਘੋੜਿਆਂ ਅਤੇ ਹੋਰ ਸਾਰੇ ਜਾਨਵਰਾਂ ਬਦਲੇ ਅਨਾਜ਼ ਖਰੀਦ ਲਿਆ। ਅਤੇ ਉਸ ਸਾਲ, ਯੂਸੁਫ਼ ਨੇ ਉਨ੍ਹਾਂ ਦੇ ਪਸ਼ੂ ਲੈ ਲਈ ਅਤੇ ਉਨ੍ਹਾਂ ਨੂੰ ਅਨਾਜ਼ ਦੇ ਦਿੱਤਾ।
18 ਪਰ ਅਗਲੇ ਵਰ੍ਹੇ, ਲੋਕਾਂ ਕੋਲ ਅਨਾਜ਼ ਖਰੀਦਣ ਲਈ ਨਾ ਤਾਂ ਕੋਈ ਪਸ਼ੂ ਬਚਿਆ ਅਤੇ ਨਾ ਹੀ ਕੁਝ ਹੋਰ। ਇਸ ਲਈ ਲੋਕ ਯੂਸੁਫ਼ ਕੋਲ ਗਏ ਅਤੇ ਆਖਿਆ, “ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਬਚਿਆ। ਅਤੇ ਸਾਡੇ ਸਾਰੇ ਪਸ਼ੂ ਵੀ ਹੁਣ ਤੁਹਾਡੇ ਹਨ। ਇਸ ਲਈ ਸਾਡੇ ਕੋਲ ਹੁਣ ਕੁਝ ਨਹੀਂ ਬਚਿਆ - ਸਿਰਫ਼ ਉਹੀ ਹੈ ਜੋ ਤੁਸੀਂ ਦੇਖਦੇ ਹੋ - ਸਾਡੇ ਸ਼ਰੀਰ ਅਤੇ ਸਾਡੀ ਜ਼ਮੀਨ।
19 ਅਵਸ਼ ਹੀ ਅਸੀਂ ਤੁਹਾਡੇ ਦੇਖਦਿਆਂ-ਦੇਖਦਿਆਂ ਮਰ ਜਾਵਾਂਗੇ। ਪਰ ਜੇ ਤੁਸੀਂ ਸਾਨੂੰ ਅਨਾਜ਼ ਦੇ ਦੇਵੋਂਗੇ, ਤਾਂ ਅਸੀਂ ਫ਼ਿਰਊਨ ਨੂੰ ਜ਼ਮੀਨ ਦੇ ਦਿਆਂਗੇ ਅਤੇ ਅਸੀਂ ਉਸਦੇ ਗੁਲਾਮ ਬਣ ਜਾਵਾਂਗੇ। ਸਾਨੂੰ ਬੀਜ ਦੇਵੋ ਤਾਂ ਜੋ ਅਸੀਂ ਪੌਦੇ ਲਾ ਸਕੀਏ। ਫ਼ੇਰ ਅਸੀਂ ਜਿਉਂਦੇ ਰਹਾਂਗੇ, ਮਰਾਂਗੇ ਨਹੀਂ। ਅਤੇ ਅਸੀਂ ਆਪਣੇ ਲਈ ਫ਼ੇਰ ਅਨਾਜ਼ ਉਗਾਵਾਂਗੇ।”
20 ਇਸ ਲਈ ਯੂਸੁਫ਼ ਨੇ ਫ਼ਿਰਊਨ ਲਈ ਮਿਸਰ ਦੀ ਸਾਰੀ ਜ਼ਮੀਨ ਖਰੀਦ ਲਈ। ਮਿਸਰ ਦੇ ਸਾਰੇ ਲੋਕਾਂ ਨੇ ਯੂਸੁਫ਼ ਨੂੰ ਆਪਣੇ ਸਾਰੇ ਖੇਤ ਵੇਚ ਦਿੱਤੇ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂ ਜੁ ਉਹ ਬਹੁਤ ਭੁਖੇ ਸਨ।
21 ਅਤੇ ਸਾਰੇ ਲੋਕ ਫ਼ਿਰਊਨ ਦੇ ਗੁਲਾਮ ਹੋ ਗਏ। ਮਿਸਰ ਵਿੱਚ ਹਰ ਥਾਂ ਲੋਕ ਫ਼ਿਰਊਨ ਦੇ ਗੁਲਾਮ ਸਨ।
22 ਸਿਰਫ਼ ਉਹੀ ਜ਼ਮੀਨ ਜਿਹੜੀ ਯੂਸੁਫ਼ ਨੇ ਨਹੀਂ ਖਰੀਦੀ ਸੀ ਉਹ ਜਾਜਕਾਂ ਦੀ ਜ਼ਮੀਨ ਸੀ। ਜਾਜਕਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਲੋੜ ਨਹੀਂ ਸੀ ਕਿਉਂਕਿ ਫ਼ਿਰਊਨ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਦੀ ਉਜਰਤ ਦਿੰਦਾ ਸੀ। ਇਸ ਲਈ ਉਹ ਇਸ ਪੈਸੇ ਨਾਲ ਖਾਣ ਲਈ ਅਨਾਜ਼ ਖਰੀਦਦੇ ਸਨ।
23 ਯੂਸੁਫ਼ ਨੇ ਲੋਕਾਂ ਨੂੰ ਆਖਿਆ, “ਹੁਣ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਫ਼ਿਰਊਨ ਲਈ ਖਰੀਦ ਲਿਆ ਹੈ। ਇਸ ਲਈ ਮੈਂ ਤੁਹਾਨੂੰ ਬੀਜ਼ ਦਿਆਂਗਾ, ਅਤੇ ਤੁਸੀਂ ਆਪਣੇ ਖੇਤਾਂ ਵਿੱਚ ਬਿਜਾਈ ਕਰ ਸਕਦੇ ਹੋ।
24 ਵਾਢੀਆਂ ਵੇਲੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਪੰਜਵਾਂ ਹਿੱਸਾ ਫ਼ਿਰਊਨ ਨੂੰ ਦੇਣਾ ਪਵੇਗਾ। ਪੰਜਾਂ ਵਿੱਚੋਂ ਚਾਰ ਹਿੱਸੇ ਤੁਸੀਂ ਆਪਣੇ ਲਈ ਰੱਖ ਸਕਦੇ ਹੋ। ਤੁਸੀਂ ਬੀਜਾਂ ਨੂੰ ਅਨਾਜ਼ ਲਈ ਅਤੇ ਅਗਲੇ ਵਰ੍ਹੇ ਦੀ ਬਿਜਾਈ ਲਈ ਰੱਖ ਸਕਦੇ ਹੋ। ਹੁਣ ਤੁਸੀਂ ਆਪਣੇ ਪਰਿਵਾਰਾਂ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹੋ।”
25 ਲੋਕਾਂ ਨੇ ਆਖ਼ਿਆ, “ਤੁਸੀਂ ਸਾਡੀਆਂ ਜਾਨਾ ਬਚਾਈਆਂ ਹਨ। ਜੇਕਰ ਇਹ ਤੁਹਾਨੂੰ ਮੰਜ਼ੂਰ ਹੋਵੇ, ਅਸੀਂ ਫ਼ਿਰਊਨ ਦੇ ਗੁਲਾਮ ਰਹਾਂਗੇ।”
26 ਇਸ ਲਈ ਯੂਸੁਫ਼ ਨੇ ਦੇਸ਼ ਵਿੱਚ ਇੱਕ ਕਾਨੂੰਨ ਬਣਾ ਦਿੱਤਾ। ਅਤੇ ਉਹ ਕਾਨੂੰਨ ਅੱਜ ਵੀ ਜਾਰੀ ਹੈ। ਕਾਨੂੰਨ ਆਖਦਾ ਹੈ ਕਿ ਧਰਤੀ ਦੀ ਉਪਜ ਦਾ ਪੰਜਵਾਂ ਹਿੱਸਾ ਫ਼ਿਰਊਨ ਦਾ ਹੈ। ਸਾਰੀ ਜ਼ਮੀਨ ਫ਼ਿਰਊਨ ਦੀ ਹੈ। ਉਹੀ ਜ਼ਮੀਨ ਜਿਹੜੀ ਉਸਦੀ ਨਹੀਂ ਹੈ ਉਹ ਜਾਜਕਾਂ ਦੀ ਜ਼ਮੀਨ ਹੈ।
27 ਇਸਰਾਏਲ ਮਿਸਰ ਵਿੱਚ ਠਹਿਰ ਗਿਆ। ਉਹ ਗੋਸ਼ਨ ਦੀ ਧਰਤੀ ਉੱਤੇ ਰਹਿ ਗਿਆ। ਉਸਦਾ ਪਰਿਵਾਰ ਵਧ ਫ਼ੁਲਕੇ ਬਹੁਤ ਵੱਡਾ ਹੋ ਗਿਆ। ਉਨ੍ਹਾਂ ਨੂੰ ਮਿਸਰ ਵਿੱਚ ਉਹ ਧਰਤੀ ਮਿਲੀ।
28 ਯਾਕੂਬ ਮਿਸਰ ਵਿੱਚ 17 ਵਰ੍ਹੇ ਜੀਵਿਆ। ਇਸ ਲਈ ਯਾਕੂਬ 147 ਵਰ੍ਹਿਆ ਦਾ ਸੀ।
29 ਹੁਣ ਸਮਾਂ ਆ ਗਿਆ ਜਦੋਂ ਇਸਰਾਏਲ ਜਾਣਦਾ ਸੀ ਕਿ ਛੇਤੀ ਹੀ ਉਸਦਾ ਦੇਹਾਂਤ ਹੋ ਜਾਵੇਗਾ, ਇਸ ਲਈ ਉਸਨੇ ਆਪਣੇ ਪੁੱਤਰ ਯੂਸੁਫ਼ ਨੂੰ ਆਪਣੇ ਕੋਲ ਸਦਿਆ। ਉਸਨੇ ਆਖਿਆ, “ਜੇ ਤੂੰ ਮੈਨੂੰ ਪਿਆਰ ਕਰਦਾ ਹੈ, ਤਾਂ ਆਪਣਾ ਹੱਥ ਮੇਰੀ ਲੱਤ ਹੇਠਾਂ ਰੱਖ ਅਤੇ ਇਕਰਾਰ ਕਰ। ਇਕਰਾਰ ਕਰ ਕਿ ਤੂੰ ਉਹੀ ਕਰੇਂਗਾ ਜੋ ਮੈਂ ਆਖਾਂਗਾ ਅਤੇ ਤੂੰ ਮੇਰੇ ਪ੍ਰਤੀ ਵਫ਼ਾਦਾਰ ਰਹੇਂਗਾ। ਜਦੋਂ ਮੈਂ ਮਰਾ, ਤਾਂ ਮੈਨੂੰ ਮਿਸਰ ਵਿੱਚ ਨਹੀਂ ਦਫ਼ਨਾਉਣਾ।
30 ਮੈਨੂੰ ਉਸੇ ਥਾਂ ਦਫ਼ਨਾਉਣਾ ਜਿਥੇ ਮੇਰੇ ਪੁਰਖੇ ਦਫ਼ਨ ਹਨ। ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਮੈਨੂੰ ਪਰਿਵਾਰ ਦੇ ਕਬਰਸਤਾਨ ਵਿੱਚ ਦਫ਼ਨਾ ਦੇਵੀਂ।”ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਇਕਰਾਰ ਕਰਦਾ ਹਾਂ ਕਿ ਜਿਵੇਂ ਤੁਸੀਂ ਆਖਦੇ ਹੋ ਉਵੇਂ ਹੀ ਕਰਾਂਗਾ।”
31 ਫ਼ੇਰ ਯਾਕੂਬ ਨੇ ਆਖਿਆ, “ਮੇਰੇ ਨਾਲ ਇਕਰਾਰ ਕਰ।” ਯੂਸੁਫ਼ ਨੇ ਉਹੀ ਕਰਨ ਦੀ ਕਸਮ ਖਾਧੀ। ਫ਼ੇਰ ਇਸਰਾਏਲ ਆਪਣੇ ਬਿਸਤਰੇ ਦੇ ਸਰਾਹਣੇ ਉੱਤੇ ਝੁਕ ਗਿਆ।