ਪੈਦਾਇਸ਼
ਕਾਂਡ 11
1 ਹੜ ਤੋਂ ਮਗਰੋਂ ਸਾਰੀ ਦੁਨੀਆਂ ਇੱਕ ਭਾਸ਼ਾ ਬੋਲਦੀ ਸੀ। ਸਾਰੇ ਲੋਕ ਇੱਕੋ ਜਿਹੇ ਸ਼ਬਦ ਬੋਲਦੇ ਸਨ।
2 ਲੋਕ ਪੂਰਬ ਤੋਂ ਚੱਲ ਪਏ। ਉਨ੍ਹਾਂ ਨੇ ਸ਼ਿਨਾਰ ਦੇ ਦੇਸ਼ ਵਿੱਚ ਇੱਕ ਮੈਦਾਨ ਦੀ ਖੋਜ ਕੀਤੀ। ਲੋਕ ਉਥੇ ਰਹਿਣ ਲਈ ਟਿਕ ਗਏ।
3 ਲੋਕਾਂ ਨੇ ਆਖਿਆਂ, “ਸਾਨੂੰ ਇੱਟਾਂ ਪੱਥਣੀਆਂ ਚਾਹੀਦੀਆਂ ਹਨ। ਅਤੇ ਉਨ੍ਹਾਂ ਨੂੰ ਅੱਗ ਵਿੱਚ ਤਪਾਉਣਾ ਚਾਹੀਦਾ ਹੈ। ਤਾਂ ਜੋ ਉਹ ਬਹੁਤ ਪੱਕੀਆਂ ਹੋ ਜਾਣ।” ਇਸ ਲਈ ਲੋਕਾਂ ਨੇ ਆਪਣੇ ਘਰਾਂ ਦੀ ਉਸਾਰੀ ਲਈ ਪੱਥਰ ਨਹੀਂ ਵਰਤੇ ਸਗੋਂ ਇੱਟਾਂ ਵਰਤੀਆਂ। ਅਤੇ ਲੋਕਾਂ ਨੇ ਮੋਰਦਾਰ ਦੀ ਬਜਾਇ ਲੁੱਕ ਦੀ ਵਰਤੋਂ ਕੀਤੀ।
4 ਫ਼ੇਰ ਲੋਕਾਂ ਨੇ ਆਖਿਆ, “ਸਾਨੂੰ ਆਪਣੇ ਲਈ ਸ਼ਹਿਰ ਉਸਾਰਨਾ ਚਾਹੀਦਾ ਹੈ। ਅਤੇ ਸਾਨੂੰ ਇੱਕ ਅਜਿਹਾ ਬੁਰਜ ਉਸਾਰਨਾ ਚਾਹੀਦਾ ਹੈ ਜਿਹੜਾ ਅਕਾਸ਼ ਨੂੰ ਛੁੰਹਦਾ ਹੋਵੇ। ਅਸੀਂ ਮਸ਼ਹੂਰ ਹੋ ਜਾਵਾਂਗੇ। ਅਤੇ ਇਹ ਸਾਨੂੰ ਇਕੱਠਿਆਂ ਰਖੇਗਾ। ਅਸੀਂ ਸਾਰੀ ਧਰਤੀ ਉੱਤੇ ਨਹੀਂ ਖਿੱਲਰਾਂਗੇ।”
5 ਯਹੋਵਾਹ ਸ਼ਹਿਰ ਨੂੰ ਅਤੇ ਬਹੁਤ ਉੱਚੀ ਇਮਾਰਤ ਨੂੰ ਦੇਖਣ ਲਈ ਹੇਠਾਂ ਆ ਗਿਆ। ਯਹੋਵਾਹ ਨੇ ਲੋਕਾਂ ਨੂੰ ਇਹ ਚੀਜ਼ਾਂ ਉਸਾਰਦਿਆਂ ਦੇਖਿਆ।
6 ਯਹੋਵਾਹ ਨੇ ਆਖਿਆ, “ਇਹ ਲੋਕ ਸਾਰੇ ਹੀ ਇੱਕੋ ਭਾਸ਼ਾ ਬੋਲਦੇ ਹਨ। ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਇਹ ਕੰਮ ਕਰਨ ਲਈ ਇਕਠੇ ਹੋ ਗਏ ਹਨ। ਇਹ ਤਾਂ ਉਸ ਗੱਲ ਦੀ ਸਿਰਫ਼ ਸ਼ੁਰੂਆਤ ਹੀ ਹੈ ਕਿ ਉਹ ਕੀ ਕਰ ਸਕਦੇ ਹਨ। ਛੇਤੀ ਹੀ ਉਹ ਮਨਚਾਹੀ ਹਰ ਗੱਲ ਕਰ ਸਕਣਗੇ।
7 ਇਸ ਲਈ ਸਾਨੂੰ ਹੇਠਾਂ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਨੂੰ ਉਲਝਾ ਦੇਣਾ ਚਾਹੀਦਾ ਹੈ। ਫ਼ੇਰ ਉਹ ਇੱਕ ਦੂਸਰੇ ਦੀ ਗੱਲ ਨਹੀਂ ਸਮਝ ਸਕਣਗੇ।”
8 ਇਸ ਲਈ, ਯਹੋਵਾਹ ਨੇ ਲੋਕਾਂ ਨੂੰ ਸਾਰੀ ਦੁਨੀਆਂ ਵਿੱਚ ਖਿੰਡਾ ਦਿੱਤਾ, ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀ ਉਸਾਰੀ ਬੰਦ ਕਰ ਦਿੱਤੀ।
9 ਇਹੀ ਉਹ ਥਾਂ ਹੈ ਜਿਥੇ ਯਹੋਵਾਹ ਨੇ ਦੁਨੀਆਂ ਦੀ ਭਾਸ਼ਾ ਨੂੰ ਰਲਾ ਦਿੱਤਾ। ਇਸ ਲਈ ਉਸ ਥਾਂ ਨੂੰ ਬਾਬਲ ਆਖਿਆਂ ਜਾਂਦਾ ਹੈ। ਇਸ ਲਈ ਯਹੋਵਾਹ ਨੇ ਲੋਕਾਂ ਨੂੰ ਉਸ ਥਾਂ ਤੋਂ ਖਿੰਡਾਕੇ ਧਰਤੀ ਦੀਆਂ ਹੋਰਨਾਂ ਥਾਵਾਂ ਉੱਤੇ ਫ਼ੈਲਾ ਦਿੱਤਾ।
10 ਇਹ ਸ਼ੇਮ ਦੇ ਪਰਿਵਾਰ ਦੀ ਕਹਾਣੀ ਹੈ। ਹੜ ਤੋਂ ਦੋ ਵਰ੍ਹਿਆਂ ਬਾਦ, ਜਦੋਂ ਸ਼ੇਮ 100 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਅਰਪਕਸਦ ਜੰਮਿਆ।
11 ਉਸਤੋਂ ਬਾਦ ਸ਼ੇਮ 500 ਵਰ੍ਹੇ ਹੋਰ ਜੀਵਿਆ। ਉਸਦੇ ਹੋਰ ਧੀਆਂ ਪੁੱਤਰ ਵੀ ਹੋਏ।
12 ਜਦੋਂ ਅਰਪਕਸਦ 35 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸ਼ਲਹ ਜੰਮਿਆ।
13 ਸ਼ਲਹ ਦੇ ਜਨਮ ਤੋਂ ਬਾਦ, ਅਰਪਕਸਦ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
14 ਜਦੋਂ ਸ਼ਲਹ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਏਬਰ ਜਨਮਿਆ।
15 ਏਬਰ ਦੇ ਜੰਮਣ ਤੋਂ ਬਾਦ, ਸ਼ਲਹ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
16 ਜਦੋਂ ਏਬਰ 34 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਪਲਗ ਜੰਮਿਆ।
17 ਪਲਗ ਦੇ ਜੰਮਣ ਤੋਂ ਬਾਦ, ਏਬਰ 403 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
18 ਜਦੋਂ ਪਲਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਰਊ ਜੰਮਿਆ।
19 ਰਊ ਦੇ ਜੰਮਣ ਤੋਂ ਬਾਦ, ਪਲਗ 209 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
20 ਜਦੋਂ ਰਊ 32 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਸਰੂਗ ਜੰਮਿਆ।
21 ਸਰੂਗ ਦੇ ਜੰਮਣ ਤੋਂ ਬਾਦ, ਰਊ 270 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
22 ਜਦੋਂ ਸਰੂਗ 30 ਵਰ੍ਹਿਆਂ ਦਾ ਸੀ, ਉਸਦਾ ਪੁੱਤਰ ਨਾਹੋਰ ਜੰਮਿਆ।
23 ਨਾਹੋਰ ਦੇ ਜੰਮਣ ਤੋਂ ਬਾਦ, ਸਰੂਗ 200 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
24 ਜਦੋਂ ਨਾਹੋਰ 29 ਵਰ੍ਹਿਆਂ ਦਾ ਸੀ, ਤਾਂ ਉਸਦਾ ਪੁੱਤਰ ਤਾਰਹ ਜੰਮਿਆ।
25 ਤਾਰਹ ਦੇ ਜੰਮਣ ਤੋਂ ਬਾਦ, ਨਾਹੋਰ 119 ਵਰ੍ਹੇ ਹੋਰ ਜੀਵਿਆ। ਉਸ ਸਮੇਂ ਦੌਰਾਨ ਉਸਦੇ ਹੋਰ ਧੀਆਂ ਪੁੱਤਰ ਹੋਏ।
26 ਜਦੋਂ ਤਾਰਹ 70 ਵਰ੍ਹਿਆਂ ਦਾ ਸੀ, ਉਸਦੇ ਪੁੱਤਰ ਅਬਰਾਮ, ਨਾਹੋਰ, ਅਤੇ ਹਾਰਾਨ ਜੰਮੇ।
27 ਇਹ ਤਾਰਹ ਦੇ ਪਰਿਵਾਰ ਦੀ ਕਹਾਣੀ ਹੈ। ਤਾਰਹ ਅਬਰਾਮ, ਨਾਹੋਰ ਅਤੇ ਹਾਰਾਨ ਦਾ ਪਿਤਾ ਸੀ। ਹਾਰਾਨ ਲੂਤ ਦਾ ਪਿਤਾ ਸੀ।
28 ਹਾਰਾਨ ਆਪਣੇ ਜੱਦੀ ਕਸਬੇ, ਕਸਦੀਆਂ ਦੇ ਊਰ ਵਿੱਚ ਮਰਿਆ, ਜਦੋਂ ਕਿ ਉਸਦਾ ਪਿਤਾ ਤਾਰਹ ਹਾਲੇ ਜਿਉਂਦਾ ਸੀ।
29 ਅਬਰਾਮ ਅਤੇ ਨਾਹੋਰ ਦੋਹਾਂ ਨੇ ਸ਼ਾਦੀ ਕੀਤੀ। ਅਬਰਾਮ ਦੀ ਪਤਨੀ ਦਾ ਨਾਮ ਸਾਰਈ ਸੀ। ਨਾਹੋਰ ਦੀ ਪਤਨੀ ਦਾ ਨਾਮ ਮਿਲਕਾਹ ਸੀ। ਮਿਲਕਾਹ ਹਾਰਾਨ ਦੀ ਧੀ ਸੀ। ਹਾਰਾਨ ਮਿਲਕਾਹ ਅਤੇ ਯਿਸਕਾਹ ਦਾ ਪਿਤਾ ਸੀ।
30 ਸਾਰਈ ਦੇ ਔਲਾਦ ਨਹੀਂ ਹੋਈ ਕਿਉਂਕਿ ਉਹ ਬਾਂਝ ਸੀ।
31 ਤਾਰਹ ਆਪਣੇ ਪਰਿਵਾਰ ਨੂੰ ਲੈਕੇ ਕਸਦੀਮ ਦੇ ਊਰ ਨੂੰ ਛੱਡ ਗਿਆ। ਉਨ੍ਹਾਂ ਨੇ ਕਨਾਨ ਜਾਣ ਦੀ ਯੋਜਨਾ ਬਣਾਈ। ਤਾਰਹ ਆਪਣੇ ਪੁੱਤਰ ਅਬਰਾਮ, ਆਪਣੇ ਪੋਤੇ ਲੂਤ (ਹਾਰਾਨ ਦੇ ਪੁੱਤਰ) ਅਤੇ ਆਪਣੀ ਨੂੰਹ ਸਾਰਈ (ਅਬਰਾਮ ਦੀ ਪਤਨੀ) ਨੂੰ ਨਾਲ ਲੈ ਗਿਆ। ਉਨ੍ਹਾਂ ਨੇ ਹਾਰਾਨ ਸ਼ਹਿਰ ਤੱਕ ਸਫਰ ਕੀਤਾ ਅਤੇ ਓਥੇ ਹੀ ਟਿਕ ਜਾਣ ਦਾ ਨਿਰਣਾ ਕੀਤਾ।
32 ਤਾਰਹ 205 ਵਰ੍ਹੇ ਜੀਵਿਆ। ਉਹ ਹਾਰਾਨ ਵਿੱਚ ਮਰਿਆ।