ਪੈਦਾਇਸ਼
ਕਾਂਡ 19
1 ਉਸ ਸ਼ਾਮ ਸਦੂਮ ਸ਼ਹਿਰ ਵਿੱਚ ਦੋ ਦੂਤ ਆਏ। ਲੂਤ ਸ਼ਹਿਰ ਦੇ ਦਰਵਾਜ਼ੇ ਤੇ ਬੈਠਾ ਹੋਇਆ ਸੀ ਅਤੇ ਉਸਨੇ ਦੂਤਾਂ ਨੂੰ ਦੇਖਿਆ। ਲੂਤ ਨੇ ਸੋਚਿਆ ਕਿ ਉਹ ਨਗਰ ਵਿੱਚੋਂ ਲੰਘਣ ਵਾਲੇ ਆਦਮੀ ਸਨ। ਲੂਤ ਉਠ ਖਲੋਤਾ ਅਤੇ ਉਨ੍ਹਾਂ ਕੋਲ ਚਲਾ ਗਿਆ ਅਤੇ ਝੁਕ ਗਿਆ।
2 ਲੂਤ ਨੇ ਆਖਿਆ, “ਸ਼੍ਰੀਮਾਨ, ਕਿਰਪਾ ਕਰਕੇ ਮੇਰੇ ਘਰ ਆਓ, ਮੈਂ ਤੁਹਾਡੀ ਸੇਵਾ ਕਰਾਂਗਾ। ਓਥੇ ਤੁਸੀਂ ਆਪਣੇ ਪੈਰ ਧੋ ਸਕਦੇ ਹੋਂ ਅਤੇ ਰਾਤ ਠਹਿਰ ਸਕਦੇ ਹੋਂ। ਫ਼ੇਰ ਕਲ੍ਹ੍ਹ ਨੂੰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸਕਦੇ ਹੋਂ।”ਦੂਤਾਂ ਨੇ ਜਵਾਬ ਦਿੱਤਾ, “ਨਹੀਂ ਅਸੀਂ ਨਗਰ ਦੇ ਚੌਕ ਵਿੱਚ ਰਾਤ ਗੁਜ਼ਾਰਾਂਗੇ।”
3 ਪਰ ਲੂਤ ਉਨ੍ਹਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਰਿਹਾ। ਇਸ ਲਈ ਦੂਤ ਲੂਤ ਦੇ ਘਰ ਜਾਣ ਲਈ ਰਾਜ਼ੀ ਹੋ ਗਏ। ਉਹ ਲੂਤ ਦੇ ਘਰ ਗਏ। ਲੂਤ ਨੇ ਉਨ੍ਹਾਂ ਨੂੰ ਕੁਝ ਖਾਣ-ਪੀਣ ਵਾਸਤੇ ਦਿੱਤਾ। ਲੂਤ ਨੇ ਦੂਤਾਂ ਲਈ ਰੋਟੀ ਪਕਾਈ ਅਤੇ ਉਨ੍ਹਾਂ ਨੇ ਭੋਜਨ ਕਰ ਲਿਆ।
4 ਉਸ ਸ਼ਾਮ, ਸੌਣ ਵੇਲੇ ਤੋਂ ਰਤਾ ਕੁ ਪਹਿਲਾਂ ਦੋਵੇਂ ਜਵਾਨ ਅਤੇ ਬੁਢੇ ਆਦਮੀ ਨਗਰ ਦੇ ਹਰ ਭਾਗ ਵਿੱਚੋਂ ਲੂਤ ਦੇ ਘਰ ਆ ਗਏ। ਉਹ ਘਰ ਦੇ ਆਲੇ-ਦੁਆਲੇ ਇਕਠੇ ਹੋ ਗਏ
5 ਅਤੇ ਲੂਤ ਨੂੰ ਆਵਾਜ਼ ਮਾਰੀ। ਉਨ੍ਹਾਂ ਨੇ ਆਖਿਆ, “ਕਿਥੇ ਨੇ ਉਹ ਦੋ ਬੰਦੇ ਜਿਹੜੇ ਅੱਜ ਰਾਤੀਂ ਤੇਰੇ ਘਰ ਆਏ ਸਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ। ਅਸੀਂ ਉਨ੍ਹਾਂ ਨਾਲ ਸੰਭੋਗ ਕਰਨਾ ਚਾਹੁੰਦੇ ਹਾਂ।”
6 ਲੂਤ ਬਾਹਰ ਗਿਆ, ਅਤੇ ਆਪਣੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ।
7 ਲੂਤ ਨੇ ਆਦਮੀਆਂ ਨੂੰ ਆਖਿਆ, “ਨਹੀਂ! ਦੋਸਤੋਂ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮਿਹਰਬਾਨੀਂ ਕਰਕੇ ਇਹ ਬਦੀ ਨਾ ਕਰਿਓ!
8 ਦੇਖੋ, ਮੇਰੀਆਂ ਦੋ ਧੀਆਂ ਹਨ ਜਿਹੜੀਆਂ ਕਦੇ ਵੀ ਕਿਸੇ ਮਰਦ ਨਾਲ ਨਹੀਂ ਸੁੱਤੀਆਂ। ਮੈਂ ਆਪਣੀਆਂ ਧੀਆਂ ਤੁਹਾਨੂੰ ਦੇ ਦਿਆਂਗਾ। ਤੁਸੀਂ ਉਨ੍ਹਾਂ ਨਾਲ ਜੋ ਚਾਹੋਂ ਕਰ ਸਕਦੇ ਹੋ। ਪਰ ਮਿਹਰਬਾਨੀ ਕਰਕੇ ਇਨ੍ਹਾਂ ਆਦਮੀਆਂ ਨਾਲ ਕੁਝ ਨਾ ਕਰਨਾ। ਇਹ ਆਦਮੀ ਮੇਰੇ ਘਰ ਆਏ ਹਨ ਅਤੇ ਮੈਂ ਇਨ੍ਹਾਂ ਦੀ ਰੱਖਿਆ ਜ਼ਰੂਰ ਕਰਾਂਗਾ।
9 ਘਰ ਦੇ ਆਲੇ-ਦੁਆਲੇ ਖੜੇ ਆਦਮੀਆਂ ਨੇ ਜਵਾਬ ਦਿੱਤਾ, “ਤੂੰ ਇੱਥੇ ਆ!” ਫ਼ੇਰ ਆਦਮੀਆਂ ਨੇ ਆਪਸ ‘ਚ ਆਖਿਆ, “ਇਹ ਆਦਮੀ, ਲੂਤ, ਸਾਡੇ ਸ਼ਹਿਰ ਇੱਕ ਮਹਿਮਾਨ ਵਜੋਂ ਆਇਆ ਹੈ। ਹੁਣ ਇਹ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ!” ਆਦਮੀਆਂ ਨੇ ਲੂਤ ਨੂੰ ਆਖਿਆ, “ਅਸੀਂ ਤੇਰੇ ਨਾਲ ਇਨ੍ਹਾਂ ਨਾਲੋਂ ਵੀ ਬੁਰਾ ਸਲੂਕ ਕਰਾਂਗੇ।” ਇਸ ਤਰ੍ਹਾਂ ਆਦਮੀ ਲੂਤ ਦੇ ਨੇੜੇ-ਨੇੜੇ ਆਉਂਦੇ ਗਏ। ਉਹ ਦਰਵਾਜ਼ਾ ਤੋੜਨ ਹੀ ਵਾਲੇ ਸਨ।
10 ਪਰ ਦੋ ਆਦਮੀਆਂ ਨੇ ਜਿਹੜੇ ਘਰ ਦੇ ਅੰਦਰ ਸਨ ਦਰਵਾਜ਼ਾ ਖੋਲ੍ਹਕੇ, ਆਪਣੇ ਹੱਥ ਬਾਹਰ ਕੱਢੇ ਅਤੇ ਲੂਤ ਨੂੰ ਘਰ ਅੰਦਰ ਖਿੱਚ ਲਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ।
11 ਫ਼ੇਰ ਉਨ੍ਹਾਂ ਨੇ ਦਰਵਾਜ਼ੇ ਤੋਂ ਬਾਹਰ ਖੜੇ ਲੋਕਾਂ ਨਾਲ ਕੁਝ ਕੀਤਾ - ਉਨ੍ਹਾਂ ਨੇ ਉਨ੍ਹਾਂ ਸਾਰੇ ਬਦ ਆਦਮੀਆਂ ਨੂੰ, ਜਵਾਨ ਤੇ ਬੁਢਿਆਂ ਨੂੰ ਅੰਨ੍ਹਾ ਕਰ ਦਿੱਤਾ। ਇਸ ਲਈ ਘਰ ਵਿੱਚ ਦਾਖਲ ਹੋਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਨੂੰ ਦਰਵਾਜ਼ਾ ਨਹੀਂ ਮਿਲਿਆ।
12 ਉਨ੍ਹਾਂ ਦੋਹਾਂ ਆਦਮੀਆਂ ਨੇ ਲੂਤ ਨੂੰ ਆਖਿਆ, “ਕੀ ਤੇਰੇ ਪਰਿਵਾਰ ਦੇ ਹੋਰ ਲੋਕ ਵੀ ਇਸ ਨਗਰ ਵਿੱਚ ਰਹਿੰਦੇ ਨੇ? ਕੀ ਤੇਰੇ ਜੁਆਈ, ਪੁੱਤਰ, ਧੀਆਂ ਜਾਂ ਤੇਰੇ ਪਰਿਵਾਰ ਦੇ ਹੋਰ ਲੋਕ ਇੱਥੇ ਹਨ? ਜੇ ਇਵੇਂ ਹੈ ਤਾਂ ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੁਣੇ ਚਲੇ ਜਾਣ ਲਈ ਆਖ ਦੇਵੇਂ।
13 ਅਸੀਂ ਇਸ ਨਗਰ ਨੂੰ ਤਬਾਹ ਕਰਨ ਵਾਲੇ ਹਾਂ। ਯਹੋਵਾਹ ਨੇ ਇਹ ਸੁਣ ਲਿਆ ਸੀ ਕਿ ਇਹ ਸ਼ਹਿਰ ਕਿੰਨਾ ਬੁਰਾ ਹੈ, ਇਸੇ ਲਈ ਉਸਨੇ ਸਾਨੂੰ ਇਸਨੂੰ ਤਬਾਹ ਕਰਨ ਲਈ ਭੇਜਿਆ ਹੈ।”
14 ਇਸ ਲਈ ਲੂਤ ਚਲਾ ਗਿਆ ਅਤੇ ਆਪਣੇ ਜੁਆਈਆਂ, ਉਨ੍ਹਾਂ ਆਦਮੀਆਂ ਨੂੰ ਜਿਨ੍ਹਾਂ ਨੇ ਇਸ ਦੀਆਂ ਹੋਰਨਾਂ ਧੀਆਂ ਨਾਲ ਸ਼ਾਦੀ ਕੀਤੀ ਸੀ, ਨਾਲ ਗੱਲ ਕੀਤੀ। ਲੂਤ ਨੇ ਆਖਿਆ, “ਛੇਤੀ ਕਰੋ, ਇਹ ਨਗਰ ਛੱਡ ਦਿਓ! ਯਹੋਵਾਹ ਛੇਤੀ ਹੀ ਇਸਨੂੰ ਤਬਾਹ ਕਰ ਦੇਵੇਗਾ!” ਪਰ ਉਨ੍ਹਾਂ ਆਦਮੀਆਂ ਨੇ ਸੋਚਿਆ ਕਿ ਲੂਤ ਮਜ਼ਾਕ ਕਰ ਰਿਹਾ ਹੈ।
15 ਦੂਸਰੇ ਦਿਨ ਪ੍ਰਭਾਤ ਵੇਲੇ, ਦੂਤ ਲੂਤ ਨੂੰ ਛੇਤੀ ਕਰਨ ਲਈ ਆਖ ਰਹੇ ਸਨ। ਉਨ੍ਹਾਂ ਆਖਿਆ, “ਇਸ ਨਗਰ ਨੂੰ ਸਜ਼ਾ ਮਿਲੇਗੀ। ਇਸ ਲਈ ਆਪਣੀ ਪਤਨੀ ਅਤੇ ਆਪਣੀਆਂ ਉਨ੍ਹਾਂ ਧੀਆਂ ਨੂੰ ਨਾਲ ਲੈਕੇ ਜਿਹੜੀਆਂ ਹਾਲੇ ਤੱਕ ਤੇਰੇ ਨਾਲ ਰਹਿੰਦੀਆਂ ਹਨ, ਅਤੇ ਇਸ ਥਾਂ ਨੂੰ ਛੱਡ ਦੇ। ਫ਼ੇਰ ਤੂੰ ਨਗਰ ਦੇ ਨਾਲ ਤਬਾਹ ਨਹੀਂ ਹੋਵੇਂਗਾ।”
16 ਪਰ ਲੂਤ ਝਿਝਕਿਆ, ਇਸ ਲਈ ਉਨ੍ਹਾਂ ਆਦਮੀਆਂ ਨੇ ਲੂਤ ਦੀ ਪਤਨੀ ਅਤੇ ਉਸ ਦੀਆਂ ਦੋਹਾਂ ਧੀਆਂ ਦੇ ਹੱਥ ਫ਼ੜ ਲਏ। ਕਿਉਂਕਿ ਯਹੋਵਾਹ ਲੂਤ ਉੱਤੇ ਮਿਹਰਬਾਨ ਸੀ, ਉਹ ਲੂਤ ਅਤੇ ਉਸਦੇ ਪਰਿਵਾਰ ਨੂੰ ਸੁਰਖਿਆ ਨਾਲ ਸ਼ਹਿਰ ਤੋਂ ਬਾਹਰ ਲੈ ਗਏ।
17 ਜਦੋਂ ਉਹ ਬਾਹਰ ਆ ਗਏ, ਆਦਮੀਆਂ ਵਿੱਚੋਂ ਇੱਕ ਨੇ ਆਖਿਆ, “ਹੁਣ ਭੱਜੋ ਅਤੇ ਆਪਣੀ ਜਾਨ ਬਚਾਓ। ਪਿਛੇ ਮੁੜਕੇ ਨਹੀਂ ਦੇਖਣਾ ਅਤੇ ਵਾਦੀ ਵਿੱਚ ਕਿਸੇ ਥਾਂ ਉੱਤੇ ਵੀ ਨਹੀਂ ਰੁਕਣਾ। ਜਦੋਂ ਤੱਕ ਤੁਸੀਂ ਪਹਾੜਾਂ ਤਾਈਂ ਨਹੀਂ ਪਹੁੰਚ ਜਾਂਦੇ, ਭੱਜਦੇ ਰਹੋ। ਜੇ ਤੁਸੀਂ ਰੁਕ ਗਏ, ਤਾਂ ਤੁਸੀਂ ਵੀ ਨਗਰ ਦੇ ਨਾਲ ਤਬਾਹ ਹੋ ਜਾਵੋਂਗੇ!”
18 ਪਰ ਲੂਤ ਨੇ ਦੋਹਾਂ ਆਦਮੀਆਂ ਨੂੰ ਆਖਿਆ, “ਸ਼੍ਰੀ ਮਾਨ, ਕਿਰਪਾ ਕਰਕੇ ਮੈਨੂੰ ਇੰਨੀ ਤੇਜ਼ੀ ਨਾਲ ਭੱਜਣ ਲਈ ਮਜਬੂਰ ਨਾ ਕਰੋ!
19 ਤੁਸੀਂ ਮੇਰੇ ਉੱਤੇ, ਆਪਣੇ ਖਾਦਮ ਉੱਤੇ, ਮਿਹਰਬਾਨ ਰਹੇ ਹੋਂ। ਤੁਸੀਂ ਮਿਹਰ ਕਰਕੇ ਮੈਨੂੰ ਬਚਾਇਆ ਹੈ। ਪਰ ਮੈਂ ਪਹਾੜਾਂ ਤੱਕ ਸਾਰੇ ਰਾਹ ਭੱਜ ਕੇ ਨਹੀਂ ਜਾ ਸਕਦਾ। ਕੀ ਹੋਵੇਗਾ ਜੇ ਮੈਂ ਬਹੁਤ ਧੀਮੀ ਰਫ਼ਤਾਰ ਨਾਲ ਜਾਵਾਂ ਅਤੇ ਕੁਝ ਵਾਪਰ ਜਾਵੇ? ਮੈਂ ਤਾਂ ਮਾਰਿਆ ਜਾਵਾਂਗਾ!
20 ਦੇਖੋ, ਇੱਥੇ ਇੱਕ ਬਹੁਤ ਛੋਟਾ ਨਗਰ ਨੇੜੇ ਹੀ ਹੈ। ਜਿਉਂਦੇ ਰਹਿਣ ਲਈ ਮੈਨੂੰ ਉਸ ਨਗਰ ਤਾਈਂ ਭੱਜ ਜਾਣ ਦਿਓ।”
21 ਦੂਤ ਨੇ ਲੂਤ ਨੂੰ ਆਖਿਆ, “ਠੀਕ ਹੈ, ਮੈਂ ਤੈਨੂੰ ਅਜਿਹਾ ਕਰਨ ਦੀ ਇਜਾਜ਼ਤ ਦੇ ਦਿਆਂਗਾ। ਮੈਂ ਉਸ ਕਸਬੇ ਨੂੰ ਤਬਾਹ ਨਹੀਂ ਕਰਾਂਗਾ।
22 ਪਰ ਉਥੋਂ ਤੱਕ ਭੱਜ ਕੇ ਚਲਾ ਜਾ। ਮੈਂ ਓਨੀ ਦੇਰ ਤੱਕ ਸਦੂਮ ਨੂੰ ਤਬਾਹ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਤੂੰ ਉਸ ਕਸਬੇ ਵਿੱਚ ਸੁਰਖਿਅਤ ਹੋਕੇ ਪਹੁੰਚ ਨਹੀਂ ਜਾਂਦਾ।” ਉਸ ਕਸਬੇ ਦਾ ਨਾਮ ਸੋਆਰ ਹੈ, ਕਿਉਂਕਿ ਉਹ ਇੱਕ ਛੋਟਾ ਕਸਬਾ ਹੈ।
23 ਜਦੋਂ ਲੂਤ ਸੋਆਰ ਵਿੱਚ ਦਾਖਲ ਹੋਇਆ ਤਾਂ ਸੂਰਜ ਹਾਲੇ ਚੜ ਰਿਹਾ ਸੀ।
24 ਓਸੇ ਵੇਲੇ, ਯਹੋਵਾਹ ਨੇ ਸਦੂਮ ਅਤੇ ਅਮੂਰਾਹ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਯਹੋਵਾਹ ਨੇ ਅਕਾਸ਼ ਉੱਤੋਂ ਅੱਗ ਦਾ ਮੀਂਹ ਵਰ੍ਹਾਇਆ।
25 ਇਸ ਤਰ੍ਹਾਂ ਯਹੋਵਾਹ ਨੇ ਉਨ੍ਹਾਂ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਸਾਰੀ ਵਾਦੀ ਨੂੰ ਤਬਾਹ ਕਰ ਦਿੱਤਾ - ਸਾਰੀ ਬਨਾਸਪਤੀ ਨੂੰ ਤੇ ਉਨ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ।
26 ਭੱਜੇ ਜਾਂਦਿਆਂ ਲੂਤ ਦੀ ਪਤਨੀ ਨੇ ਸ਼ਹਿਰ ਵੱਲ ਮੁੜਕੇ ਵੇਖਿਆ ਅਤੇ ਲੂਣ ਦੀ ਸਿਲ ਬਣ ਗਈ।
27 ਉਸ ਦਿਨ ਸਵੇਰੇ-ਸਵੇਰੇ ਅਬਰਾਹਾਮ ਉਠ ਪਿਆ ਅਤੇ ਉਸ ਥਾਂ ਤੇ ਗਿਆ ਜਿਥੇ ਉਹ ਯਹੋਵਾਹ ਦੇ ਸਨਮੁਖ ਖਲੋਤਾ ਸੀ।
28 ਅਬਰਾਹਾਮ ਨੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਅਤੇ ਵਾਦੀ ਦੀ ਸਾਰੀ ਧਰਤੀ ਵੱਲ ਵੇਖਿਆ। ਅਬਰਾਹਾਮ ਨੂੰ ਸਾਰੀ ਧਰਤੀ ਚੋਂ ਬਹੁਤ ਸਾਰਾ ਧੂਆਂ ਨਿਕਲਦਾ ਨਜ਼ਰ ਆਇਆ। ਇਹ ਕਿਸੇ ਭਠੀ ਵਿੱਚੋਂ ਨਿਕਲਦੇ ਧੂੰਏਂ ਵਾਂਗ ਦਿਖਾਈ ਦਿੰਦਾ ਸੀ।
29 ਪਰਮੇਸ਼ੁਰ ਨੇ ਵਾਦੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ। ਪਰ ਜਦੋਂ ਪਰਮੇਸ਼ੁਰ ਨੇ ਅਜਿਹਾ ਕੀਤਾ, ਉਸਨੇ ਅਬਰਾਹਾਮ ਨੂੰ ਯਾਦ ਕੀਤਾ ਅਤੇ ਉਸਨੇ ਅਬਰਾਹਾਮ ਦੇ ਭਤੀਜੇ ਨੂੰ ਤਬਾਹ ਨਹੀਂ ਕੀਤਾ ਲੂਤ ਵਾਦੀ ਦੇ ਸ਼ਹਿਰਾਂ ਵਿੱਚ ਰਹਿ ਰਿਹਾ ਸੀ। ਪਰ ਪਰਮੇਸ਼ੁਰ ਨੇ ਇਨ੍ਹਾਂ ਸ਼ਹਿਰਾਂ ਨੂੰ ਤਬਾਹ ਕਰਨ ਤੋਂ ਪਹਿਲਾਂ ਹੀ ਲੂਤ ਨੂੰ ਦੂਰ ਭੇਜ ਦਿੱਤਾ ਸੀ।
30 ਲੂਤ ਸੋਆਰ ਵਿੱਚ ਰਹਿਣ ਤੋਂ ਡਰਦਾ ਸੀ। ਇਸ ਲਈ ਉਹ ਅਤੇ ਉਸ ਦੀਆਂ ਦੋਵੇਂ ਧੀਆਂ ਪਹਾੜਾਂ ਵਿੱਚ ਰਹਿਣ ਲਈ ਚਲੀਆਂ ਗਈਆਂ। ਉਹ ਉਥੇ ਇੱਕ ਗੁਫ਼ਾ ਵਿੱਚ ਰਹਿਣ ਲੱਗੇ।
31 ਇੱਕ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਸਾਡਾ ਪਿਤਾ ਬੁੱਢਾ ਹੈ, ਅਤੇ ਧਰਤੀ ਉੱਤੇ ਕੋਈ ਅਜਿਹਾ ਨਹੀਂ ਬਚਿਆ ਜੋ ਸਾਡੇ ਨਾਲ ਬੱਚੇ ਪੈਦਾ ਕਰ ਸਕੇ।
32 ਇਸ ਲਈ ਆ, ਆਪਾਂ ਆਪਣੇ ਪਿਤਾ ਨੂੰ ਮੈਅ ਨਾਲ ਮਦਹੋਸ਼ ਕਰ ਦੇਈਏ। ਫ਼ੇਰ ਅਸੀਂ ਉਸ ਨਾਲ ਜਿਸਨੀ ਸੰਬੰਧ ਬਣਾ ਸਕਾਂਗੀਆਂ। ਇਸ ਢੰਗ ਨਾਲ, ਆਪਾਂ ਆਪਣੇ ਪਿਤਾ ਰਾਹੀਂ ਵੰਸ਼ ਨੂੰ ਬਚਾ ਸਕਦੀਆਂ ਹਾਂ!”
33 ਉਸ ਰਾਤ ਦੋਵੇ ਕੁੜੀਆਂ ਆਪਣੇ ਪਿਤਾ ਕੋਲ ਗਈਆਂ ਅਤੇ ਉਸ ਨੂੰ ਸ਼ਰਾਬੀ ਕਰ ਦਿੱਤਾ। ਫ਼ੇਰ ਵੱਡੀ ਕੁੜੀ ਪਿਤਾ ਦੇ ਬਿਸਤਰੇ ਉੱਤੇ ਗਈ ਅਤੇ ਉਸ ਨਾਲ ਸੰਭੋਗ ਕੀਤਾ। ਲੂਤ ਇੰਨਾ ਸ਼ਰਾਬੀ ਸੀ ਕਿ ਉਸਨੂੰ ਪਤਾ ਹੀ ਨਹੀਂ ਲਗਿਆ ਕਿ ਕਦੋਂ ਉਹ ਬਿਸਤਰੇ ਉੱਤੇ ਆਈ ਅਤੇ ਕਦੋਂ ਉਠਕੇ ਚਲੀ ਗਈ।
34 ਅਗਲੇ ਦਿਨ, ਵੱਡੀ ਧੀ ਨੇ ਛੋਟੀ ਧੀ ਨੂੰ ਆਖਿਆ, “ਪਿਛਲੀ ਰਾਤ, ਮੈਂ ਆਪਣੇ ਪਿਤਾ ਨਾਲ ਸੁੱਤੀ ਸੀ। ਆ ਉਸਨੂੰ ਫ਼ਿਰ ਤੋਂ, ਅੱਜ ਰਾਤ ਸ਼ਰਾਬੀ ਕਰ ਦੇਈਏ। ਫ਼ੇਰ ਤੂੰ ਉਸ ਨਾਲ ਸੌਂ ਜਾਵੀਂ ਅਤੇ ਉਸ ਨਾਲ ਜਿਨਸੀ ਸੰਬੰਧ ਬਣਾਵੀਂ। ਇਸ ਤਰ੍ਹਾਂ, ਅਸੀਂ ਆਪਣੇ ਪਿਤਾ ਰਾਹੀਂ ਬੱਚੇ ਪੈਦਾ ਕਰ ਸਕਾਂਗੀਆਂ।”
35 ਇਸ ਲਈ ਉਸ ਰਾਤ ਦੋਹਾਂ ਕੁੜੀਆਂ ਨੇ ਆਪਣੇ ਪਿਤਾ ਨੂੰ ਸ਼ਰਾਬੀ ਕਰ ਦਿੱਤਾ। ਫ਼ਿਰ ਛੋਟੀ ਕੁੜੀ ਉਸ ਨਾਲ ਸੁੱਤੀ ਅਤੇ ਸੰਭੋਗ ਕੀਤਾ। ਇੱਕ ਵਾਰ ਫ਼ੇਰ, ਲੂਤ ਇੰਨਾ ਸ਼ਰਾਬੀ ਸੀ ਕਿ ਉਸਨੂੰ ਪਤਾ ਨਹੀਂ ਚਲ ਸਕਿਆ ਕਦੋਂ ਉਹ ਬਿਸਤਰ ਉੱਤੇ ਆਈ ਅਤੇ ਕਦੋਂ ਉਠਕੇ ਚਲੀ ਗਈ।
36 ਲੂਤ ਦੀਆਂ ਦੋਵੇਂ ਧੀਆਂ ਗਰਭਵਤੀ ਹੋ ਗਈਆਂ। ਉਨ੍ਹਾਂ ਦਾ ਪਿਤਾ ਉਨਾਂ ਦੇ ਬੱਚਿਆਂ ਦਾ ਪਿਤਾ ਸੀ।
37 ਵੱਡੀ ਧੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਮੋਆਬ ਰੱਖਿਆ। ਮੋਆਬ ਸਾਰੇ ਅਜੋਕੇ ਮੋਆਬੀ ਲੋਕਾਂ ਦਾ ਪਿਤਾ ਹੈ।
38 ਛੋਟੀ ਧੀ ਨੇ ਵੀ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਬਿਨ-ਅੰਮੀ ਰੱਖਿਆ। ਬਿਨ-ਅੰਮੀ ਅਜੋਕੇ ਸਮੇਂ ਦੇ ਸਾਰੇ ਅੰਮੋਨੀ ਲੋਕਾਂ ਦਾ ਪਿਤਾ ਹੈ।