ਪੈਦਾਇਸ਼
ਕਾਂਡ 34
1 ਦੀਨਾਹ ਲੇਆਹ ਅਤੇ ਯਾਕੂਬ ਦੀ ਧੀ ਸੀ। ਇੱਕ ਦਿਨ ਦੀਨਾਹ ਉਸ ਥਾਂ ਦੀਆਂ ਔਰਤਾਂ ਨੂੰ ਮਿਲਣ ਗਈ।
2 ਉਸ ਧਰਤੀ ਦਾ ਰਾਜਾ ਹਮੋਰ ਸੀ। ਉਸ ਦੇ ਪੁੱਤਰ ਸ਼ਕਮ ਨੇ ਦੀਨਾਹ ਨੂੰ ਦੇਖਿਆ। ਸ਼ਕਮ ਨੇ ਉਸਨੂੰ ਅਗਵਾ ਕਰ ਲਿਆ ਅਤੇ ਉਸਦਾ ਬਲਾਤਕਾਰ ਕੀਤਾ।
3 ਫ਼ੇਰ ਸ਼ਕਮ ਦਾ ਦੀਨਾਹ ਨਾਲ ਪਿਆਰ ਪੈ ਗਿਆ ਅਤੇ ਉਸ ਨਾਲ ਨਮਰਤਾ ਨਾਲ ਗੱਲ ਕੀਤੀ।
4 ਸ਼ਕਮ ਨੇ ਆਪਣੇ ਪਿਤਾ ਨੂੰ ਆਖਿਆ, “ਮਿਹਰਬਾਨੀ ਕਰਕੇ ਮੇਰੇ ਲਈ ਇਹ ਕੁੜੀ ਲੈ ਆਉ ਤਾਂ ਜੋ ਮੈਂ ਇਸ ਨਾਲ ਸ਼ਾਦੀ ਕਰ ਸਕਾਂ।”
5 ਯਾਕੂਬ ਨੂੰ ਪਤਾ ਲਗਿਆ ਕਿ ਮੁੰਡੇ ਨੇ ਉਸਦੀ ਧੀ ਨੂੰ ਕਲੰਕਤ ਕਰ ਦਿੱਤਾ ਸੀ। ਪਰ ਯਾਕੂਬ ਦੇ ਸਾਰੇ ਪੁੱਤਰ ਖੇਤਾਂ ਵਿੱਚ ਆਪਣੇ ਜਾਨਵਰ ਚਾਰਨ ਲਈ ਗਏ ਹੋਏ ਸਨ। ਇਸ ਲਈ ਉਨ੍ਹਾਂ ਦੇ ਵਾਪਸ ਆਉਣ ਤੋਂ ਪਹਿਲਾਂ ਯਾਕੂਬ ਨੇ ਕੁਝ ਨਹੀਂ ਕੀਤਾ।
6 ਉਸ ਸਮੇਂ ਸ਼ਕਮ ਦਾ ਪਿਤਾ ਹਮੋਰ ਯਾਕੂਬ ਨਾਲ ਗੱਲ ਕਰਨ ਲਈ ਗਿਆ।
7 ਜਿਉਂ ਹੀ ਯਾਕੂਬ ਦੇ ਪੁੱਤਰਾਂ ਨੇ ਇਸ ਬਾਰੇ ਸੁਣਿਆ, ਉਹ ਖੇਤਾਂ ਵਿੱਚੋਂ ਆ ਗਏ। ਉਹ ਇਸ ਭਿਆਨਕ ਹਾਦਸੇ ਕਾਰਣ ਗੁੱਸੇ ਨਾਲ ਭਰ ਗਏ ਜੋ ਸ਼ਕਮ ਨੇ ਯਕੂਬ ਦੀ ਧੀ ਨਾਲ ਜਿਨਸੀ ਸੰਬੰਧ ਬਣਾਕੇ ਕੀਤਾ ਸੀ। ਇਸਰਾਏਲੀਆਂ ਦਰਮਿਆਨ ਅਜਿਹਾ ਅਮਲ ਮੰਜ਼ੂਰ ਨਹੀਂ ਹੈ।
8 ਪਰ ਹਮੋਰ ਨੇ ਭਰਾਵਾਂ ਨਾਲ ਗੱਲ ਕੀਤੀ। ਉਸਨੇ ਆਖਿਆ, “ਮੇਰਾ ਪੁੱਤਰ ਸ਼ਕਮ ਦੀਨਾਹ ਨੂੰ ਬਹੁਤ ਚਾਹੁੰਦਾ ਹੈ। ਕਿਰਪਾ ਕਰਕੇ ਉਸਨੂੰ ਉਸਦੇ ਨਾਲ ਵਿਆਹ ਕਰ ਲੈਣ ਦਿਉ।
9 ਇਸ ਸ਼ਾਦੀ ਤੋਂ ਇਹ ਲੱਗੇ ਕਿ ਸਾਡਾ ਖਾਸ ਇਕਰਾਰਨਾਮਾ ਹੈ। ਫ਼ੇਰ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸਕਣਗੇ, ਅਤੇ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰ ਸਕਣਗੇ।
10 ਤੁਸੀਂ ਇੱਕੋ ਧਰਤੀ ਉੱਤੇ ਸਾਡੇ ਨਾਲ ਰਹਿ ਸਕੋਂਗੇ। ਤੁਸੀਂ ਜ਼ਮੀਨ ਰੱਖਣ ਵਿੱਚ ਅਤੇ ਇੱਥੇ ਵਪਾਰ ਕਰਨ ਵਿੱਚ ਆਜ਼ਾਦ ਹੋਵੋਂਗ਼ੇ।”
11 ਸ਼ਕਮ ਨੇ ਵੀ ਯਾਕੂਬ ਅਤੇ ਭਰਾਵਾਂ ਨਾਲ ਗੱਲ ਕੀਤੀ। ਸ਼ਕਮ ਨੇ ਆਖਿਆ, “ਕਿਰਪਾ ਕਰਕੇ ਮੈਨੂੰ ਪ੍ਰਵਾਨ ਕਰੋ। ਮੈਂ ਹਰ ਉਹ ਗੱਲ ਕਰਾਗਾ ਜਿਹੜੀ ਤੁਸੀਂ ਮੈਨੂੰ ਕਰਨ ਲਈ ਆਖੋਂਗੇ।
12 ਮੈਂ ਤੁਹਾਨੂੰ ਕੋਈ ਵੀ ਸੁਗਾਤ ਦੇ ਦੇਵਾਂਗਾ ਜਿਹੜੀ ਤੁਸੀਂ ਚਾਹੁੰਦੇ ਹੋ, ਜੇ ਤੁਸੀਂ ਸਿਰਫ਼ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ। ਤੁਸੀਂ ਜੋ ਮਂਗੋਗੇ, ਮੈਂ ਦੇਵਾਂਗਾ, ਪਰ ਮੈਨੂੰ ਦੀਨਾਹ ਨਾਲ ਸ਼ਾਦੀ ਕਰਨ ਦਿਉ।
13 ਯਾਕੂਬ ਦੇ ਪੁੱਤਰਾਂ ਨੇ ਸ਼ਕਮ, ਜਿਸਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ ਅਤੇ ਉਸਦੇ ਪਿਤਾ ਹਮੋਰੇ ਨੂੰ ਗੁਮਰਾਹ ਕਰਨ ਦਾ ਫ਼ੈਸਲਾ ਕੀਤਾ।
14 ਇਸ ਲਈ ਭਰਾਵਾਂ ਨੇ ਉਸਨੂੰ ਆਖਿਆ, “ਅਸੀਂ ਤੈਨੂੰ ਆਪਣੀ ਭੈਣ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਹਾਲੇ ਤੀਕ ਤੇਰੀ ਸੁੰਨਤ ਨਹੀਂ ਹੋਈ। ਸਾਡੀ ਭੈਣ ਦਾ ਤੇਰੇ ਨਾਲ ਸ਼ਾਦੀ ਕਰਨਾ ਗਲਤ ਗੱਲ ਹੋਵੇਗੀ।
15 ਪਰ ਅਸੀਂ ਤੈਨੂੰ ਉਸ ਨਾਲ ਸ਼ਾਦੀ ਕਰਨ ਦੀ ਇਜਾਜ਼ਤ ਦੇ ਸਕਦੇ ਹਾਂ ਜੇ ਤੂੰ ਇੱਕ ਗੱਲ ਕਰੇਂ: ਤੇਰੇ ਕਸਬੇ ਦੇ ਹਰ ਆਦਮੀ ਦੀ ਸਾਡੇ ਵਾਂਗ ਸੁੰਨਤ ਹੋਣੀ ਚਾਹੀਦੀ ਹੈ।
16 ਫ਼ੇਰ ਤੁਹਾਡੇ ਆਦਮੀ ਸਾਡੀਆਂ ਔਰਤਾਂ ਨਾਲ ਸ਼ਾਦੀ ਕਰਨਗੇ, ਅਤੇ ਸਾਡੇ ਆਦਮੀ ਤੁਹਾਡੀਆਂ ਔਰਤਾਂ ਨਾਲ ਸ਼ਾਦੀ ਕਰ ਸਕਣਗੇ। ਫ਼ੇਰ ਅਸੀਂ ਇੱਕੋ ਜਿਹੇ ਲੋਕ ਹੋ ਜਾਵਾਂਗੇ।
17 ਜੇ ਤੂੰ ਸੁੰਨਤ ਕਰਨ ਤੋਂ ਇਨਕਾਰ ਕਰੇਂਗਾ ਤਾਂ ਅਸੀਂ ਦੀਨਾਹ ਨੂੰ ਦੂਰ ਲੈ ਜਾਵਾਂਗੇ।”
18 ਇਸ ਇਕਰਾਰਨਾਮੇ ਨਾਲ ਹਮੋਰੇ ਅਤੇ ਸ਼ਕਮ ਨੂੰ ਬਹੁਤ ਖੁਸ਼ੀ ਹੋਈ।
19 ਸ਼ਕਮ ਦੀਨਾਹ ਦੇ ਭਰਾਵਾਂ ਦੇ ਆਖੇ ਅਨੁਸਾਰ ਕਰਨ ਲਈ ਬੜੀ ਜਲਦੀ ਵਿੱਚ ਸੀ, ਕਿਉਂਕਿ ਉਹ ਉਸ ਨਾਲ ਪਿਆਰ ਕਰਦਾ ਸੀ।ਸ਼ਕਮ ਆਪਣੇ ਪਰਿਵਾਰ ਦਾ ਸਭ ਤੋਂ ਇੱਜ਼ਤਦਾਰ ਆਦਮੀ ਸੀ।
20 ਹਮੋਰੇ ਅਤੇ ਸ਼ਕਮ ਆਪਣੇ ਸ਼ਹਿਰ ਦੀ ਸਭਾ ਵਾਲੀ ਥਾਂ ਉੱਤੇ ਗਏ। ਉਨ੍ਹਾਂ ਨੇ ਸ਼ਹਿਰ ਦੇ ਆਦਮੀਆਂ ਨਾਲ ਗੱਲ ਕੀਤੀ ਅਤੇ ਆਖਿਆ,
21 “ਇਸਰਾਏਲ ਦੇ ਇਹ ਲੋਕ ਸਾਡੇ ਨਾਲ ਦੋਸਤੀ ਪਾਉਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਧਰਤੀ ਉੱਤੇ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨਾਲ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਸਾਰਿਆ ਲਈ ਕਾਫ਼ੀ ਥਾਂ ਹੈ। ਅਸੀਂ ਉਨ੍ਹਾਂ ਦੀਆਂ ਔਰਤਾਂ ਨਾਲ ਸ਼ਾਦੀ ਕਰਨ ਲਈ ਸੁਤੰਤਰ ਹਾਂ। ਅਤੇ ਅਸੀਂ ਉਨ੍ਹਾਂ ਨਾਲ ਆਪਣੀਆਂ ਔਰਤਾਂ ਦੀ ਸ਼ਾਦੀ ਕਰਨ ਵਿੱਚ ਖੁਸ਼ੀ ਹਾਸਿਲ ਕਰਾਂਗੇ।
22 ਪਰ ਉਹ ਸਾਡੇ ਨਾਲ ਰਹਿਣ ਅਤੇ ਇੱਕ ਹੋਣ ਲਈ ਤਾਂ ਹੀ ਰਾਜ਼ੀ ਹੋਣਗੇ ਜੇ ਸਾਡੇ ਆਦਮੀ ਉਨ੍ਹਾਂ ਵਾਂਗ ਸੁੰਨਤ ਕਰਾਉਣ ਲਈ ਰਾਜ਼ੀ ਹੋ ਜਾਣ।
23 ਜੇ ਅਸੀਂ ਅਜਿਹਾ ਕਰਾਂਗੇ, ਤਾਂ ਅਸੀਂ ਉਨ੍ਹਾਂ ਦੇ ਸਾਰੇ ਪਸ਼ੂਆਂ ਅਤੇ ਜਾਨਵਰਾਂ ਨਾਲ ਮਾਲਾਮਾਲ ਹੋ ਜਾਵਾਂਗੇ। ਇਸ ਲਈ ਸਾਨੂੰ ਉਨ੍ਹਾਂ ਨਾਲ ਇਹ ਇਕਰਾਰਨਾਮਾ ਕਰ ਲੈਣਾ ਚਾਹੀਦਾ ਹੈ ਅਤੇ ਉਹ ਇੱਥੇ ਸਾਡੇ ਨਾਲ ਰਹਿ ਪੈਣਗੇ।”
24 ਇਸ ਸਭਾ ਸਥਾਨ ਉੱਤੇ ਹਾਜ਼ਰ ਜਿਨ੍ਹਾਂ ਲੋਕਾਂ ਨੇ ਇਹ ਗੱਲ ਸੁਣੀ ਉਹ ਹਮੋਰ ਅਤੇ ਸ਼ਕਮ ਨਾਲ ਸਹਿਮਤ ਹੋਏ। ਅਤੇ ਉਸੇ ਵੇਲੇ ਹਰ ਆਦਮੀ ਨੇ ਸੁੰਨਤ ਕਰਾ ਲਈ।
25 ਤਿੰਨਾ ਦਿਨਾ ਮਗਰੋਂ, ਜਿਨ੍ਹਾਂ ਆਦਮੀਆਂ ਦੀ ਸੁੰਨਤ ਕੀਤੀ ਗਈ ਸੀ ਜਦੋਂ ਹਾਲੇ ਉਹ ਦਰਦ ਵਿੱਚ ਸਨ, ਯਾਕੂਬ ਦੇ ਪੁੱਤਰਾਂ, ਸ਼ਿਮਓਨ, ਅਤੇ ਲੇਵੀ ਨੂੰ ਪਤਾ ਸੀ ਕਿ ਇਸ ਵੇਲੇ ਆਦਮੀ ਕਮਜ਼ੋਰ ਹੋਣਗੇ। ਇਸ ਲਈ ਉਨ੍ਹਾ ਨੇ ਆਪਣੀਆਂ ਤਲਵਾਰਾਂ ਲਈਆਂ ਅਤੇ ਅਚਾਨਕ ਹੀ ਨਗਰ ਵਿੱਚ ਆ ਵੜੇ ਅਤੇ ਉਥੋਂ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ।
26 ਦੀਨਾਹ ਦੇ ਭਰਾਵਾਂ, ਸ਼ਿਮਓਨ ਅਤੇ ਲੇਵੀ ਨੇ ਹਮੋਰੇ ਅਤੇ ਉਸਦੇ ਪੁੱਤਰ ਸ਼ਕਮ ਨੂੰ ਮਾਰ ਦਿੱਤਾ। ਉਨ੍ਹਾਂ ਨੇ ਦੀਨਾਹ ਨੂੰ ਸ਼ਕਮ ਦੇ ਘਰੋਂ ਬਾਹਰ ਲਿਆਂਦਾ ਅਤੇ ਚਲੇ ਗਏ।
27 ਯਾਕੂਬ ਦੇ ਪੁੱਤਰ ਨਗਰ ਵਿੱਚ ਗਏ ਅਤੇ ਉਥੋਂ ਦੀ ਹਰ ਸ਼ੈਅ ਲੁੱਟ ਲਈ। ਉਹ ਹਾਲੇ ਵੀ ਗੁੱਸੇ ਵਿੱਚ ਸਨ ਕਿਉਂਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਨੂੰ ਕਲੰਕਤ ਕੀਤਾ ਸੀ।
28 ਇਸ ਲਈ ਭਰਾਵਾਂ ਨੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਉਨ੍ਹਾਂ ਦੇ ਸਾਰੇ ਖੋਤੇ ਅਤੇ ਸ਼ਹਿਰ ਦੇ ਖੇਤਾਂ ਦੀ ਹਰ ਸ਼ੈਅ ਲੁੱਟ ਲਈ।
29 ਭਰਾਵਾਂ ਨੇ ਉਨ੍ਹਾਂ ਲੋਕਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਆਪਣੇ ਕਾਬੂ ਵਿੱਚ ਲੈ ਲਿਆ।
30 ਪਰ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, “ਤੁਸੀਂ ਮੇਰੇ ਲਈ ਕਈ ਦੁੱਖਾਂ ਦੇ ਕਾਰਣ ਬਣੇ ਹੋ ਇਸ ਥਾਂ ਦੇ ਸਾਰੇ ਲੋਕ ਮੈਨੂੰ ਨਫ਼ਰਤ ਕਰਨਗੇ। ਸਾਰੇ ਕਨਾਨੀ ਲੋਕ ਅਤੇ ਪਰਿਜ਼ੀ ਲੋਕ ਮੇਰੇ ਵਿਰੁੱਧ ਹੋ ਜਾਣਗੇ। ਅਸੀਂ ਗਿਣਤੀ ਵਿੱਚ ਬਹੁਤ ਘੱਟ ਹਾਂ। ਜੇ ਇਸ ਥਾਂ ਦੇ ਸਾਰੇ ਲੋਕ ਇਕਠੇ ਹੋਕੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ, ਮੈਂ ਤਬਾਹ ਹੋ ਜਾਵਾਂਗਾ, ਅਤੇ ਮੇਰੇ ਨਾਲ ਮੇਰੇ ਸਾਰੇ ਲੋਕ ਵੀ ਤਬਾਹ ਹੋ ਜਾਣਗੇ।”
31 ਪਰ ਭਰਾਵਾਂ ਨੇ ਆਖਿਆ, “ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਆਪਣੀ ਭੈਣ ਨਾਲ ਵੇਸਵਾ ਵਰਗਾ ਵਿਹਾਰ ਕਰਨ ਦੇਣਾ ਚਾਹੀਦਾ ਹੈ? ਨਹੀਂ!”