ਪੈਦਾਇਸ਼
ਕਾਂਡ 21
1 ਯਹੋਵਾਹ ਨੇ ਉਹ ਇਕਰਾਰ ਨਿਭਾਇਆ ਜਿਹੜਾ ਉਸਨੇ ਸਾਰਾਹ ਨਾਲ ਕੀਤਾ ਸੀ। ਯਹੋਵਾਹ ਨੇ ਸਾਰਾਹ ਲਈ ਉਹੋ ਕੁਝ ਕੀਤਾ ਜਿਸਦਾ ਉਸਨੇ ਇਕਰਾਰ ਕੀਤਾ ਸੀ।
2 ਸਾਰਾਹ ਗਰਭਵਤੀ ਹੋਈ ਅਤੇ ਉਸਨੇ ਅਬਰਾਹਾਮ ਦੀ ਬਿਰਧ ਅਵਸਥਾ ਵਿੱਚ ਉਸ ਲਈ ਇੱਕ ਪੁੱਤਰ ਜੰਮਿਆ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਦੇ ਐਲਾਨ ਕੀਤੇ ਬਿਲਕੁਲ ਸਹੀ ਸਮੇਂ ਤੇ ਵਾਪਰੀਆਂ।
3 ਸਾਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਹਾਮ ਨੇ ਉਸ ਦਾ ਨਾਮ ਇਸਹਾਕ ਰੱਖਿਆ।
4 ਅਬਰਾਹਾਮ ਨੇ ਇਸਹਾਕ ਦੀ ਸੁੰਨਤ ਕਰ ਦਿੱਤੀ, ਜਦੋਂ ਇਸਹਾਕ ਅਠਾਂ ਦਿਨਾਂ ਦਾ ਹੋਇਆ ਸੀ, ਜਿਵੇਂ ਕਿ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ।
5 ਅਬਰਾਹਾਮ ਉਦੋਂ 100 ਵਰ੍ਹਿਆਂ ਦਾ ਸੀ ਜਦੋਂ ਉਸਦਾ ਪੁੱਤਰ ਇਸਹਾਕ ਜਨਮਿਆ।
6 ਅਤੇ ਸਾਰਾਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਖੁਸ਼ੀ ਦਿੱਤੀ ਹੈ। ਹਰ ਬੰਦਾ ਜਿਹੜਾ ਇਹ ਗੱਲ ਸੁਣੇਗਾ ਉਹ ਪ੍ਰਸੰਨ ਹੋਵੇਗਾ।
7 ਕੋਈ ਨਹੀਂ ਸੀ ਸੋਚਦਾ ਕਿ ਮੈਂ, ਸਾਰਾਹ, ਅਬਰਾਹਾਮ ਦਾ ਬੱਚਾ ਜਣਾਂਗੀ। ਪਰ ਮੈਂ ਅਬਰਾਹਾਮ ਨੂੰ ਇੱਕ ਪੁੱਤਰ ਦਿੱਤਾ ਜਦੋਂ ਕਿ ਉਹ ਬਿਰਧ ਹੈ।”
8 ਇਸਹਾਕ ਵਧਣ ਫ਼ੁਲਣ ਲੱਗਾ। ਛੇਤੀ ਹੀ ਉਹ ਠੋਸ ਆਹਾਰ ਕਰਨ ਜਿੰਨੀ ਉਮਰ ਦਾ ਹੋ ਗਿਆ। ਇਸ ਲਈ ਅਬਰਾਹਾਮ ਨੇ ਇੱਕ ਦਾਵਤ ਦਿੱਤੀ।
9 ਹਾਜਰਾ ਉਹ ਮਿਸਰੀ ਗੁਲਾਮ ਔਰਤ ਸੀ ਜਿਸਨੇ ਅਬਰਾਹਾਮ ਦੇ ਪਹਿਲੇ ਪੁੱਤਰ ਨੂੰ ਜਨਮ ਦਿੱਤਾ ਸੀ। ਸਾਰਾਹ ਨੇ ਹਾਜਰਾ ਦੇ ਪੁੱਤਰ ਨੂੰ ਖੇਡਦਿਆਂ ਦੇਖਿਆ। ਸਾਰਾਹ ਅਸ਼ਾਂਤ ਹੋ ਗਈ।
10 ਸਾਰਾਹ ਨੇ ਅਬਰਾਹਾਮ ਨੂੰ ਆਖਿਆ, “ਇਸ ਦਾਸੀ ਅਤੇ ਇਸਦੇ ਪੁੱਤਰ ਤੋਂ ਖਹਿੜਾ ਛੁਡਾ। ਮੈਂ ਨਹੀਂ ਚਾਹੁੰਦੀ ਕਿ ਉਸ ਦਾਸੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਨਾਲ ਸਾਡੀ ਜਾਇਦਾਦ, ਵਿਰਸੇ ਵਿੱਚ ਪ੍ਰਾਪਤ ਕਰੇ।
11 ਇਸ ਗੱਲ ਨੇ ਅਬਰਾਹਾਮ ਨੂੰ ਬਹੁਤ ਅਸ਼ਾਂਤ ਕਰ ਦਿੱਤਾ। ਉਹ ਆਪਣੇ ਪੁੱਤਰ ਇਸਮਾਏਲ ਬਾਰੇ ਚਿਂਤਿਤ ਸੀ।
12 ਪਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਉਸ ਮੁੰਡੇ ਅਤੇ ਗੁਲਾਮ ਔਰਤ ਦਾ ਫ਼ਿਕਰ ਨਾ ਕਰ। ਉਹੀ ਕਰ ਜੋ ਸਾਰਾਹ ਚਾਹੁੰਦੀ ਹੈ। ਇਸਹਾਕ ਹੀ ਤੇਰਾ ਇੱਕੋ-ਇੱਕ ਵਾਰਿਸ ਹੋਵੇਗਾ।
13 ਪਰ ਮੈਂ ਤੇਰੀ ਗੁਲਾਮ ਔਰਤ ਦੇ ਪੁੱਤਰ ਨੂੰ ਵੀ ਅਸੀਸ ਦੇਵਾਂਗਾ। ਉਹ ਤੇਰਾ ਪੁੱਤਰ ਹੈ, ਇਸ ਲਈ ਮੈਂ ਉਸਦੇ ਪਰਿਵਾਰ ਤੋਂ ਵੀ ਇੱਕ ਮਹਾਨ ਕੌਮ ਪੈਦਾ ਕਰਾਂਗਾ।”
14 ਅਗਲੀ ਸਵੇਰ, ਅਬਰਾਹਾਮ ਨੇ ਕੁਝ ਭੋਜਨ ਪਾਣੀ ਲਿਆ। ਅਬਰਾਹਾਮ ਨੇ ਇਹ ਚੀਜ਼ਾਂ ਹਾਜਰਾ ਨੂੰ ਦੇ ਦਿੱਤੀਆਂ। ਹਾਜਰਾ ਨੇ ਇਹ ਚੀਜ਼ਾਂ ਚੁੱਕ ਲਈਆਂ ਅਤੇ ਆਪਣੇ ਪੁੱਤਰ ਨੂੰ ਲੈਕੇ ਚਲੀ ਗਈ। ਹਾਜਰਾ ਨੇ ਉਹ ਥਾਂ ਛੱਡ ਦਿੱਤੀ ਅਤੇ ਬਏਰਸਬਾ ਦੇ ਮਾਰੂਥਲ ਵਿੱਚ ਘੁੰਮਣ ਲਗੀ।
15 ਕੁਝ ਸਮੇਂ ਬਾਦ, ਸਾਰਾ ਪਾਣੀ ਮੁੱਕ ਗਿਆ। ਪੀਣ ਲਈ ਕੁਝ ਵੀ ਨਹੀਂ ਬਚਿਆ। ਇਸ ਲਈ ਹਾਜਰਾ ਨੇ ਆਪਣੇ ਬੱਚੇ ਨੂੰ ਇੱਕ ਝਾੜੀ ਦੇ ਅੰਦਰ ਰੱਖ ਦਿੱਤਾ।
16 ਹਾਜਰਾ ਥੋੜਾ ਜਿਹਾ ਦੂਰ ਗਈ। ਫ਼ੇਰ ਉਹ ਰੁਕ ਗਈ ਅਤੇ ਬੈਠ ਗਈ। ਹਾਜਰਾ ਨੇ ਸੋਚਿਆ ਕਿ ਉਸਦਾ ਪੁੱਤਰ ਪਿਆਸ ਨਾਲ ਮਰ ਜਾਵੇਗਾ। ਉਹ ਉਸਨੂੰ ਮਰਦਿਆਂ ਹੋਇਆ ਨਹੀਂ ਦੇਖਣ ਚਾਹੁੰਦੀ ਸੀ। ਉਹ ਉਥੇ ਬੈਠ ਗਈ ਅਤੇ ਰੋਣ ਲੱਗ ਪਈ।
17 ਪਰਮੇਸ਼ੁਰ ਨੇ ਮੁੰਡੇ ਦਾ ਰੋਣਾ ਸੁਣਿਆ ਅਤੇ ਪਰਮੇਸ਼ੁਰ ਦੇ ਦੂਤ ਨੇ ਹਾਜਰਾ ਨੂੰ ਆਕਾਸ਼ ਵਿੱਚੋਂ ਆਵਾਜ਼ ਦਿੱਤੀ। ਉਸਨੇ ਆਖਿਆ, “ਕੀ ਗੱਲ ਹੈ, ਹਾਜਰਾ? ਡਰ ਨਾ! ਯਹੋਵਾਹ ਨੇ ਬੱਚੇ ਦਾ ਰੋਣਾ ਸੁਣ ਲਿਆ ਹੈ।
18 ਜਾ ਅਤੇ ਮੁੰਡੇ ਦੀ ਸਹਾਇਤਾ ਕਰ। ਉਸਦਾ ਹੱਥ ਫ਼ੜਕੇ ਉਸਨੂੰ ਖੜਾ ਕਰ! ਮੈਂ ਉਸਨੂੰ ਇੱਕ ਮਹਾਨ ਕੌਮ ਦਾ ਪਿਤਾ ਬਣਾਵਾਂਗਾ।”
19 ਫ਼ੇਰ ਪਰਮੇਸ਼ੁਰ ਨੇ ਹਾਜਰਾ ਨੂੰ ਪਾਣੀ ਦਾ ਇੱਕ ਖੂਹ ਦਿਖਾਇਆ। ਇਸ ਲਈ ਹਾਜਰਾ ਖੂਹ ਉੱਤੇ ਗਈ ਅਤੇ ਆਪਣਾ ਥੈਲਾ ਪਾਣੀ ਨਾਲ ਭਰ ਲਿਆ। ਫ਼ੇਰ ਉਸਨੇ ਮੁੰਡੇ ਨੂੰ ਪਾਣੀ ਪਿਲਾਇਆ।
20 ਮੁੰਡਾ ਵੱਡਾ ਹੁੰਦਾ ਗਿਆ ਅਤੇ ਪਰਮੇਸ਼ੁਰ ਉਸਦੇ ਅੰਗ-ਸੰਗ ਰਿਹਾ। ਇਸਮਾਏਲ ਮਾਰੂਥਲ ਵਿੱਚ ਰਹਿੰਦਾ ਸੀ ਅਤੇ ਇੱਕ ਸ਼ਿਕਾਰੀ ਬਣ ਗਿਆ। ਉਸਨੇ ਤੀਰ ਕਮਾਣ ਚਲਾਉਣ ਵਿੱਚ ਮਹਾਰਥ ਹਾਸਿਲ ਕਰ ਲਈ।
21 ਉਸ ਦੀ ਮਾਂ ਨੇ ਉਸ ਲਈ ਮਿਸਰ ਵਿੱਚੋਂ ਇੱਕ ਪਤਨੀ ਲਭ ਲਈ। ਉਹ ਪਾਰਾਨ ਦੇ ਮਾਰੂਥਲ ਵਿੱਚ ਰਹਿੰਦੇ ਰਹੇ।
22 ਫ਼ੇਰ ਅਬੀਮਲਕ ਅਤੇ ਫ਼ੀਕੋਲ ਨੇ ਅਬਰਾਹਾਮ ਨਾਲ ਗੱਲ ਕੀਤੀ। ਫ਼ੀਲੋਕ ਅਬੀਮਲਕ ਦੀ ਫ਼ੌਜ ਦਾ ਕਮਾਂਡਰ ਸੀ। ਉਨ੍ਹਾਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਹਰ ਗੱਲ ਵਿੱਚ ਪਰਮੇਸ਼ੁਰ ਤੇਰੇ ਨਾਲ ਹੈ।
23 ਇਸ ਲਈ ਮੈਨੂੰ ਇੱਥੇ ਪਰਮੇਸ਼ੁਰ ਦੇ ਸਾਮ੍ਹਣੇ ਇੱਕ ਬਚਨ ਦੇ। ਇਕਰਾਰ ਕਰ ਕਿ ਤੂੰ ਮੇਰੇ ਅਤੇ ਮੇਰੇ ਬੱਚਿਆਂ ਨਾਲ ਇਨਸਾਫ਼ ਕਰੇਂਗਾ। ਇਕਰਾਰ ਕਰ ਕਿ ਤੂੰ ਮੇਰੇ ਉੱਤੇ ਅਤੇ ਇਸ ਦੇਸ਼ ਉੱਤੇ, ਜਿਥੇ ਤੂੰ ਰਿਹਾ ਹੈਂ, ਮਿਹਰਬਾਨ ਹੋਵੇਂਗਾ। ਇਕਰਾਰ ਕਰ ਤੂੰ ਮੇਰੇ ਉੱਤੇ ਓਨਾ ਹੀ ਮਿਹਰਬਾਨ ਹੋਵੇਂਗਾ ਜਿੰਨਾ ਮੈਂ ਤੇਰੇ ਉੱਤੇ ਰਿਹਾ ਹਾਂ।”
24 ਅਤੇ ਅਬਰਾਹਾਮ ਨੇ ਆਖਿਆ, “ਮੈਂ ਤੇਰੇ ਨਾਲ ਓਹੋ ਜਿਹਾ ਸਲੂਕ ਕਰਨ ਦਾ ਇਕਰਾਰ ਕਰਦਾ ਹਾਂ ਜਿਹੋ ਜਿਹਾ ਤੂੰ ਮੇਰੇ ਨਾਲ ਕੀਤਾ ਹੈ।”
25 ਫ਼ੇਰ ਅਬਰਾਹਾਮ ਨੇ ਅਬੀਮਲਕ ਨੂੰ ਸ਼ਿਕਾਇਤ ਕੀਤੀ। ਅਬਰਾਹਾਮ ਨੇ ਇਸ ਲਈ ਸ਼ਿਕਾਇਤ ਕੀਤੀ ਕਿਉਂਕਿ ਅਬੀਮਲਕ ਦੇ ਨੌਕਰਾਂ ਨੇ ਪਾਣੀ ਦੇ ਖੂਹ ਉੱਤੇ ਕਬਜ਼ਾ ਕਰ ਲਿਆ ਸੀ।
26 ਪਰ ਅਬੀਮਲਕ ਨੇ ਆਖਿਆ, “ਮੈਨੂੰ ਨਹੀਂ ਪਤਾ, ਇਹ ਕਿਸਨੇ ਕੀਤਾ। ਤੂੰ ਇਹ ਮੈਨੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਸ ਬਾਰੇ ਅੱਜ ਹੀ ਸੁਣ ਰਿਹਾ ਹਾਂ!”
27 ਇਸ ਲਈ ਅਬਰਾਹਾਮ ਅਤੇ ਅਬੀਮਲਕ ਨੇ ਇੱਕ ਇਕਰਾਰਨਾਮਾ ਕੀਤਾ। ਅਬਰਾਹਾਮ ਨੇ ਅਬੀਮਲਕ ਨੂੰ ਕੁਝ ਭੇਡਾਂ ਅਤੇ ਪਸ਼ੂ ਇਕਰਾਰਨਾਮੇ ਦੇ ਸਬੂਤ ਵਜੋਂ ਦਿੱਤੇ।
28 ਅਬਰਾਹਾਮ ਨੇ ਸੱਤ ਲੇਲੀਆਂ ਵੀ ਅਬੀਮਲਕ ਦੇ ਸਾਮ੍ਹਣੇ ਰੱਖ ਦਿੱਤੀਆਂ।
29 ਅਬੀਮਲਕ ਨੇ ਅਬਰਾਹਾਮ ਨੂੰ ਪੁਛਿਆ, “ਤੂੰ ਇਨ੍ਹਾਂ ਸੱਤ ਲੇਲੀਆਂ ਨੂੰ ਇਕਲਿਆਂ ਕਿਉਂ ਰੱਖ ਦਿੱਤਾ ਹੈ?”
30 ਅਬਰਾਹਾਮ ਨੇ ਜਵਾਬ ਦਿੱਤਾ, “ਜਦੋਂ ਤੂੰ ਇਨ੍ਹਾਂ ਲੇਲੀਆਂ ਨੂੰ ਮੇਰੇ ਵੱਲੋਂ ਪ੍ਰਵਾਨ ਕਰ ਲਵੇਂਗਾ ਤਾਂ ਇਹ ਇਸ ਗੱਲ ਦਾ ਸਬੂਤ ਹੋਵੇਗਾ ਕਿ ਮੈਂ ਇਹ ਖੂਹ ਪੁਟਿਆ ਸੀ।”
31 ਇਸ ਲਈ ਇਸਤੋਂ ਮਗਰੋਂ ਖੂਹ ਨੂੰ ਬਏਰਸ਼ਬਾ ਆਖਿਆ ਜਾਣ ਲੱਗਾ। ਉਸਨੇ ਇਸ ਖੂਹ ਨੂੰ ਇਹ ਨਾਲ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਉਹ ਥਾਂ ਸੀ ਜਿਥੇ ਉਨ੍ਹਾਂ ਨੇ ਇੱਕ ਦੂਜੇ ਨਾਲ ਇਕਰਾਰ ਕੀਤਾ ਸੀ।
32 ਇਸ ਤਰ੍ਹਾਂ ਅਬਰਾਹਾਮ ਅਤੇ ਅਬੀਮਲਕ ਨੇ ਬਏਰਸਬਾ ਵਿਖੇ ਇੱਕ ਇਕਰਾਰਨਾਮਾ ਕੀਤਾ। ਫ਼ੇਰ ਅਬੀਮਲਕ ਅਤੇ ਉਸਦਾ ਫ਼ੌਜੀ ਕਮਾਂਡਰ ਫ਼ਲਿਸਤੀਆਂ ਦੇ ਦੇਸ਼ ਨੂੰ ਚਲੇ ਗਏ।
33 ਅਬਰਾਹਾਮ ਨੇ ਬਏਰਸਬਾ ਵਿਖੇ ਇੱਕ ਖਾਸ ਰੁਖ ਲਾਇਆ। ਉਸ ਥਾਂ ਉੱਤੇ, ਅਬਰਾਹਾਮ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਉਸ ਪਰਮੇਸ਼ੁਰ ਅੱਗੇ ਜਿਹੜਾ ਸਦਾ ਜਿਉਂਦਾ ਹੈ।
34 ਅਤੇ ਅਬਰਾਹਾਮ ਫ਼ਲਿਸਤੀਆਂ ਦੇ ਦੇਸ਼ ਵਿੱਚ ਲੰਮਾ ਸਮਾਂ ਰਿਹਾ।