ਪੈਦਾਇਸ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50

ਕਾਂਡ 45

1 ਯੂਸੁਫ਼ ਹੁਣ ਆਪਣੇ-ਆਪ ਉੱਤੇ ਹੋਰ ਬਹੁਤ ਚਿਰ ਕਾਬੂ ਨਹੀਂ ਰੱਖ ਸਕਿਆ। ਉਹ ਉਥੇ ਸਾਰੇ ਲੋਕਾਂ ਦੇ ਸਾਮ੍ਹਣੇ ਰੋ ਪਿਆ। ਯੂਸੁਫ਼ ਨੇ ਆਖਿਆ, “ਹਰੇਕ ਨੂੰ ਆਖੋ ਇਥੋਂ ਚਲਿਆ ਜਾਵੇ।” ਇਸ ਲਈ ਸਭ ਲੋਕ ਚਲੇ ਗਏ। ਸਿਰਫ਼ ਭਰਾ ਹੀ ਯੂਸੁਫ਼ ਦੇ ਕੋਲ ਰਹਿ ਗਏ। ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੌਣ ਹੈ।
2 ਯੂਸੁਫ਼ ਰੋਂਦਾ ਰਿਹਾ ਅਤੇ ਫ਼ਿਰਊਨ ਦੇ ਘਰ ਦੇ ਸਾਰੇ ਮਿਸਰੀ ਲੋਕਾਂ ਨੇ ਇਸਨੂੰ ਸੁਣਿਆ।
3 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਕੀ ਮੇਰਾ ਪਿਤਾ ਠੀਕ-ਠਾਕ ਹੈ?” ਪਰ ਭਰਾਵਾਂ ਨੇ ਉਸਨੂੰ ਜਵਾਬ ਨਹੀਂ ਦਿੱਤਾ। ਉਹ ਉਲਝਣ ਵਿੱਚ ਪਏ ਹੋਏ ਅਤੇ ਡਰੇ ਹੋਏ ਸਨ।
4 ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇੱਕ ਵਾਰੀ ਫ਼ੇਰ ਆਖਿਆ, “ਆਓ ਮੇਰੇ ਕੋਲ ਆਓ। ਮੈਂ ਬੇਨਤੀ ਕਰਦਾ ਹਾਂ ਇੱਥੇ ਆਓ।” ਇਸ ਲਈ ਭਰਾ ਯੂਸੁਫ਼ ਦੇ ਨੇੜੇ ਹੋ ਗਏ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਮੈਂ ਹੀ ਹਾਂ ਜਿਸਨੂੰ ਤੁਸੀਂ ਗੁਲਾਮ ਵਜੋਂ ਮਿਸਰ ਨੂੰ ਵੇਚ ਦਿੱਤਾ ਸੀ।
5 ਹੁਣ, ਫ਼ਿਕਰ ਨਾ ਕਰੋ। ਜੋ ਕੁਝ ਤੁਸੀਂ ਕੀਤਾ ਸੀ ਉਸ ਕਾਰਣ ਆਪਣੇ-ਆਪ ਉੱਤੇ ਗੁੱਸਾ ਨਾ ਕਰੋ। ਇਹ ਮੇਰੇ ਲਈ ਪਰਮੇਸ਼ੁਰ ਦੀ ਯੋਜਨਾ ਸੀ ਕਿ ਮੈਂ ਇੱਥੇ ਆਉਂਦਾ। ਮੈਂ ਇੱਥੇ ਤੁਹਾਡੀ ਜਾਨ ਬਚਾਉਣ ਲਈ ਹਾਂ।
6 ਅਕਾਲ ਦਾ ਇਹ ਭਿਆਨਕ ਸਮਾਂ ਹੁਣ ਦੋ ਸਾਲ ਤੋਂ ਜਾਰੀ ਹੈ। ਅਤੇ ਪੰਜ ਵਰ੍ਹੇ ਹੋਰ ਫ਼ਸਲਾਂ ਦੀ ਬਿਜਾਈ ਜਾਂ ਵਾਢੀ ਤੋਂ ਬਿਨਾ ਰਹਿਣਗੇ।
7 ਇਸ ਲਈ ਪਰਮੇਸ਼ੁਰ ਨੇ ਮੈਨੂੰ ਇੱਥੇ ਤੁਹਾਡੇ ਨਾਲੋਂ ਪਹਿਲਾਂ ਭੇਜ ਦਿੱਤਾ ਸੀ ਤਾਂ ਜੋ ਮੈਂ ਇਸ ਦੇਸ਼ ਵਿੱਚ ਤੁਹਾਡੇ ਲੋਕਾਂ ਨੂੰ ਬਚਾ ਸਕਾਂ।
8 ਇਹ ਤੁਹਾਡਾ ਦੋਸ਼ ਨਹੀਂ ਸੀ ਕਿ ਮੈਨੂੰ ਇੱਥੇ ਭੇਜਿਆ ਗਿਆ। ਇਹ ਪਰਮੇਸ਼ੁਰ ਦੀ ਯੋਜਨਾ ਸੀ। ਪਰਮੇਸ਼ੁਰ ਨੇ ਮੈਨੂੰ ਫ਼ਿਰਊਨ ਲਈ ਪਿਤਾ ਵਾਂਗ ਬਣਾਇਆ। ਮੈਂ ਉਸਦੇ ਸਾਰੇ ਘਰ ਅਤੇ ਪੂਰੇ ਮਿਸਰ ਦਾ ਰਾਜਪਾਲ ਹਾਂ।”
9 ਯੂਸੁਫ਼ ਨੇ ਆਖਿਆ, “ਛੇਤੀ ਕਰੋ ਅਤੇ ਮੇਰੇ ਪਿਤਾ ਕੋਲ ਜਾਉ। ਉਸਨੂੰ ਆਖੋ ਕਿ ਉਸਦੇ ਪੁੱਤਰ ਯੂਸੁਫ਼ ਨੇ ਇਹ ਸੰਦੇਸ਼ ਭੇਜਿਆ ਹੈ: ‘ਪਰਮੇਸ਼ੁਰ ਨੇ ਮੈਨੂੰ ਮਿਸਰ ਦਾ ਰਾਜਪਾਲ ਬਣਾਇਆ ਹੈ। ਇਸ ਲਈ ਇੱਥੇ ਮੇਰੇ ਕੋਲ ਆਉ। ਦੇਰੀ ਨਾ ਕਰੋ। ਹੁਣੇ ਆ ਜਾਉ।
10 ਤੁਸੀਂ ਮੇਰੇ ਨੇੜੇ ਗੋਸ਼ਨ ਦੀ ਧਰਤੀ ਉੱਤੇ ਰਹਿ ਸਕਦੇ ਹੋ। ਤੁਸੀਂ, ਤੁਹਾਡੇ ਬੱਚੇ, ਤੁਹਾਡੇ ਪੋਤਰੇ ਅਤੇ ਤੁਹਾਡੇ ਸਾਰੇ ਪਸ਼ੂ ਇੱਥੇ ਸਵਾਗਤ ਦੇ ਯੋਗ ਹਨ।
11 ਮੈਂ ਅਕਾਲ ਦੇ ਅਗਲੇ ਪੰਜ ਸਾਲ ਤੁਹਾਡੀ ਦੇਖ-ਭਾਲ ਕਰਾਂਗਾ। ਇਸ ਲਈ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ।’
12 “ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ, “ਅਵਸ਼ ਹੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ। ਮੇਰਾ ਭਰਾ ਬਿਨਯਾਮੀਨ ਵੀ ਜਾਣਦਾ ਹੈ ਕਿ ਮੈਂ ਸੱਚਮੁੱਚ ਯੂਸੁਫ਼ ਹੀ ਹਾਂ, ਤੁਹਾਡਾ ਭਰਾ, ਤੁਹਾਡੇ ਨਾਲ ਗੱਲ ਕਰ ਰਿਹਾ।
13 ਇਸ ਲਈ ਮੇਰੇ ਪਿਤਾ ਨੂੰ ਉਸ ਇੱਜ਼ਤ ਬਾਰੇ ਦੱਸੋ ਜਿਹੜੀ ਇੱਥੇ ਮੈਨੂੰ ਮਿਸਰ ਵਿੱਚ ਮਿਲੀ ਹੋਈ ਹੈ। ਉਸਨੂੰ ਉਹ ਸਾਰਾ ਕੁਝ ਦੱਸੋ ਜੋ ਤੁਸੀਂ ਇੱਥੇ ਦੇਖਿਆ ਹੈ। ਹੁਣ ਛੇਤੀ ਕਰੋ, ਮੇਰੇ ਪਿਤਾ ਨੂੰ ਮੇਰੇ ਕੋਲ ਵਾਪਸ ਲੈਕੇ ਆਉ।”
14 ਫ਼ੇਰ ਯੂਸੁਫ਼ ਨੇ ਆਪਣੇ ਭਰਾ ਬਿਨਯਾਮੀਨ ਨੂੰ ਜ਼ਫ਼ੀ ਵਿੱਚ ਲਿਆ ਅਤੇ ਉਹ ਦੋਵੇਂ ਰੋ ਪਏ।
15 ਫ਼ੇਰ ਯੂਸੁਫ਼ ਨੇ ਆਪਣੇ ਸਾਰੇ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਲੱਗ ਕੇ ਰੋਇਆ। ਇਸਤੋਂ ਮਗਰੋਂ ਭਰਾ ਉਸ ਨਾਲ ਗੱਲਾਂ ਕਰਨ ਲੱਗੇ।
16 ਫ਼ਿਰਊਨ ਨੂੰ ਪਤਾ ਲਗਿਆ ਕਿ ਯੂਸੁਫ਼ ਦੇ ਭਰਾ ਉਸ ਕੋਲ ਆਏ ਹਨ। ਇਹ ਖ਼ਬਰ ਫ਼ਿਰਊਨ ਦੇ ਸਾਰੇ ਘਰ ਵਿੱਚ ਫ਼ੈਲ ਗਈ। ਫ਼ਿਰਊਨ ਅਤੇ ਉਸਦੇ ਨੌਕਰ ਬਹੁਤ ਉੱਤੇਜ਼ਿਤ ਸਨ।
17 ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, “ਆਪਣੇ ਭਰਾਵਾਂ ਨੂੰ ਆਖ ਕਿ ਉਹ ਸਾਰਾ ਲੋੜੀਂਦਾ ਅਨਾਜ਼ ਕਨਾਨ ਦੀ ਧਰਤੀ ਉੱਤੇ ਲੈ ਜਾਣ।
18 ਉਨ੍ਹਾਂ ਨੂੰ ਆਖ ਕਿ ਉਹ ਤੇਰੇ ਪਿਤਾ ਨੂੰ ਆਪਣੇ ਪਰਿਵਾਰਾਂ ਨੂੰ ਇੱਥੇ ਮੇਰੇ ਕੋਲ ਵਾਪਸ ਲੈਕੇ ਆਉਣ। ਮੈਂ ਤੁਹਾਨੂੰ ਰਹਿਣ ਵਾਸਤੇ ਮਿਸਰ ਦੀ ਸਭ ਤੋਂ ਚੰਗੀ ਜ਼ਮੀਨ ਦੇਵਾਂਗਾ। ਅਤੇ ਤੁਹਾਡਾ ਪਰਿਵਾਰ ਇਥੋਂ ਦਾ ਬਿਹਤਰੀਨ ਭੋਜਨ ਖਾ ਸਕਦਾ ਹੈ।”
19 ਫ਼ੇਰ ਫ਼ਿਰਊਨ ਨੇ ਆਖਿਆ, “ਆਪਣੇ ਭਰਾਵਾਂ ਨੂੰ ਸਾਡੀਆਂ ਕੁਝ ਵਧੀਆਂ ਗੱਡੀਆਂ ਵੀ ਦਿਉ। ਉਨ੍ਹਾਂ ਨੂੰ ਆਖੋ ਕਿ ਕਨਾਨ ਜਾਣ ਅਤੇ ਤੁਹਾਡੇ ਪਿਤਾ, ਸਾਰੀਆਂ ਔਰਤਾਂ ਅਤੇ ਬੱਚਿਆਂ ਨੂੰ ਗੱਡੀਆਂ ਵਿੱਚ ਬਿਠਾਕੇ ਵਾਪਸ ਆ ਜਾਣ।
20 ਉਹ ਆਪਣੇ ਸਾਰੇ ਸਮਾਨ ਨੂੰ ਇੱਥੇ ਲਿਆਉਣ ਦੀ ਚਿੰਤਾ ਨਾ ਕਰਨ। ਅਸੀਂ ਉਨ੍ਹਾਂ ਨੂੰ ਮਿਸਰ ਦੀਆਂ ਸਭ ਤੋਂ ਵਧੀਆਂ ਚੀਜ਼ਾਂ ਦੇਵਾਂਗੇ।”
21 ਇਸ ਲਈ ਇਸਰਾਏਲ ਦੇ ਪੁੱਤਰਾਂ ਨੇ ਇਹੀ ਗੱਲ ਕੀਤੀ। ਯੂਸੁਫ਼ ਨੇ ਉਨ੍ਹਾਂ ਨੂੰ ਚੰਗੀਆਂ ਗੱਡੀਆਂ ਦੇ ਦਿੱਤੀਆਂ ਜਿਹਾ ਕਿ ਫ਼ਿਰਊਨ ਨੇ ਇਕਰਾਰ ਕੀਤਾ ਸੀ। ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਕਾਫ਼ੀ ਭੋਜਨ ਦੇ ਦਿੱਤਾ।
22 ਯੂਸੁਫ਼ ਨੇ ਹਰੇਕ ਭਰਾ ਨੂੰ ਚੰਗੇ ਕੱਪੜੇ ਦਾ ਸੂਟ ਦਿੱਤਾ। ਪਰ ਯੂਸੁਫ਼ ਨੇ ਬਿਨਯਾਮੀਨ ਨੂੰ ਸੁੰਦਰ ਕੱਪੜੇ ਦੇ ਪੰਜ ਸੂਟ ਦਿੱਤੇ। ਅਤੇ ਯੂਸੁਫ਼ ਨੇ ਬਿਨਯਾਮੀਨ ਨੂੰ ਚਾਂਦੀ ਦੇ 300 ਸਿੱਕੇ ਵੀ ਦਿੱਤੇ।
23 ਯੂਸੁਫ਼ ਨੇ ਆਪਣੇ ਪਿਤਾ ਨੂੰ ਵੀ ਸੁਗਾਤਾਂ ਭੇਜੀਆਂ। ਉਸਨੇ ਮਿਸਰ ਦੀਆਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੇ ਥੈਲੇ ਦਸ ਖੋਤਿਆਂ ਉੱਤੇ ਲੱਦ ਦਿੱਤੇ। ਅਤੇ ਉਸਨੇ ਆਪਣੇ ਪਿਤਾ ਦੇ ਵਾਪਸੀ ਸਫ਼ਰ ਲਈ ਦਸ ਖੋਤੇ ਅਨਾਜ਼ ਰੋਟੀ ਅਤੇ ਹੋਰ ਭੋਜਨ ਨਾਲ ਲੱਦ ਹੋਏ ਵੀ ਭੇਜੇ।
24 ਫ਼ੇਰ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵਿਦਾ ਕਰ ਦਿੱਤਾ। ਅਤੇ ਜਦੋਂ ਉਹ ਜਾਣ ਲੱਗੇ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਸਿਧੇ ਘਰ ਜਾਇਓ। ਅਤੇ ਰਸਤੇ ਵਿੱਚ ਲੜਿਓ ਨਾ।”
25 ਇਸ ਲਈ ਭਰਾ ਮਿਸਰ ਤੋਂ ਤੁਰ ਪਏ ਅਤੇ ਕਨਾਨ ਦੀ ਧਰਤੀ ਉੱਤੇ ਆਪਣੇ ਪਿਤਾ ਯਾਕੂਬ ਕੋਲ ਚਲੇ ਗਏ।
26 ਭਰਾਵਾਂ ਨੇ ਉਸਨੂੰ ਦੱਸਿਆ, “ਪਿਤਾ ਜੀ, ਯੂਸੁਫ਼ ਹਾਲੇ ਜਿਉਂਦਾ ਹੈ! ਅਤੇ ਉਹ ਸਾਰੇ ਮਿਸਰ ਦੇਸ਼ ਦਾ ਰਾਜਪਾਲ ਹੈ।”ਉਸਦੇ ਪਿਤਾ ਨੂੰ ਸਮਝ ਨਾ ਆਵੇ ਕਿ ਕੀ ਸੋਚੇ। ਪਹਿਲਾਂ ਤਾਂ ਉਸਨੂੰ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਆਇਆ।
27 ਪਰ ਫ਼ੇਰ ਉਨ੍ਹਾਂ ਨੇ ਉਸਨੂੰ ਹਰ ਉਹ ਗੱਲ ਦਸੀ ਜਿਹੜੀ ਯੂਸੁਫ਼ ਨੇ ਆਖੀ ਸੀ। ਅਤੇ ਯਾਕੂਬ ਨੇ ਉਹ ਗੱਡੀਆਂ ਵੀ ਦੇਖੀਆਂ ਜਿਹੜੀਆਂ ਯੂਸੁਫ਼ ਨੇ ਉਸਨੂੰ ਮਿਸਰ ਵਾਪਸ ਲਿਜਾਣ ਲਈ ਭੇਜੀਆਂ ਸਨ। ਫ਼ੇਰ ਯਾਕੂਬ ਬਹੁਤ ਉੱਤੇਜਿਤ ਹੋ ਗਿਆ। ਅਤੇ ਬਹੁਤ ਖੁਸ਼ ਹੋ ਗਿਆ।
28 ਇਸਰਾਏਲ ਨੇ ਆਖਿਆ, “ਹੁਣ ਮੈਨੂੰ ਤੁਹਾਡੇ ਉਤੇ ਵਿਸ਼ਵਾਸ ਹੋ ਗਿਆ ਹੈ। ਮੇਰਾ ਪੁੱਤਰ ਯੂਸੁਫ਼ ਅਜੇ ਜਿਉਂਦਾ ਹੈ! ਮੈਂ ਉਸਨੂੰ ਮਰਨ ਤੋਂ ਪਹਿਲਾਂ ਦੇਖਣ ਲਈ ਜਾ ਰਿਹਾ ਹਾਂ।”