ਪੈਦਾਇਸ਼
ਕਾਂਡ 48
1 ਕੁਝ ਸਮੇਂ ਬਾਦ, ਯੂਸੁਫ਼ ਨੂੰ ਪਤਾ ਲਗਿਆ ਕਿ ਉਸਦਾ ਪਿਤਾ ਬਹੁਤ ਬਿਮਾਰ ਸੀ। ਇਸ ਲਈ ਯੂਸੁਫ਼ ਨੇ ਆਪਣੇ ਦੋਹਾਂ ਪੁੱਤਰਾਂ, ਮਨਸ਼ਹ ਅਤੇ ਇਫ਼ਰਾਈਮ ਨੂੰ ਨਾਲ ਲਿਆ ਅਤੇ ਆਪਣੇ ਪਿਤਾ ਵੱਲ ਗਿਆ।
2 ਜਦੋਂ ਯੂਸੁਫ਼ ਆਇਆ, ਕਿਸੇ ਨੇ ਯਾਕੂਬ ਨੂੰ ਆਖਿਆ “ਤੇਰਾ ਪੁੱਤਰ ਯੂਸੁਫ਼ ਤੈਨੂੰ ਮਿਲਣ ਆਇਆ ਹੈ।” ਇਸਰਾਏਲ ਉਨ੍ਹਾਂ ਨੂੰ ਵੇਖਕੇ ਬਹੁਤ ਜ਼ਿਆਦੇ ਪ੍ਰਸੰਨ ਹੋਇਆ ਅਤੇ ਬਿਸਤਰੇ ਤੋਂ ਉਠਕੇ ਬੈਠ ਗਿਆ।
3 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਕਨਾਨ ਦੀ ਧਰਤੀ ਉੱਤੇ ਲੂਜ਼ ਵਿਖੇ, ਸਰਬ-ਸ਼ਕਤੀਮਾਨ ਪਰਮੇਸ਼ੁਰ ਮੈਨੂੰ ਪ੍ਰਗਟਿਆ। ਪਰਮੇਸ਼ੁਰ ਨੇ ਮੈਨੂੰ ਉਥੇ ਅਸੀਸ ਦਿੱਤੀ ਸੀ।
4 ਪਰਮੇਸ਼ੁਰ ਨੇ ਮੈਨੂੰ ਆਖਿਆ, ‘ਮੈਂ ਤੈਨੂੰ ਵੱਡਾ ਪਰਿਵਾਰ ਬਣਾ ਦਿਆਂਗਾ। ਮੈਂ ਤੈਨੂੰ ਬਹੁਤ ਔਲਾਦ ਦੇਵਾਂਗਾ ਅਤੇ ਤੁਸੀਂ ਮਹਾਨ ਲੋਕ ਬਣੋਂਗੇ। ਇਹ ਧਰਤੀ ਸਦਾ ਤੁਹਾਡੇ ਪਰਿਵਾਰ ਦੀ ਹੋਵੇਗੀ।’
5 ਅਤੇ ਹੁਣ ਤੇਰੇ ਦੋ ਪੁੱਤਰ ਹਨ। ਇਨ੍ਹਾਂ ਪੁੱਤਰਾਂ ਦਾ ਜਨਮ ਮੇਰੇ ਆਉਣ ਤੋਂ ਪਹਿਲਾਂ ਇੱਥੇ ਮਿਸਰ ਦੇਸ਼ ਵਿੱਚ ਹੋਇਆ ਸੀ। ਤੇਰੇ ਦੋਵੇਂ ਪੁੱਤਰ, ਇਫ਼ਰਾਈਮ ਅਤੇ ਮਨਸ਼ਹ ਮੇਰੇ ਆਪਣੇ ਪੁੱਤਰਾਂ ਵਰਗੇ ਹੋਣਗੇ। ਉਹ ਮੇਰੇ ਲਈ ਰਊਬੇਨ ਅਤੇ ਸਿਮਓਨ ਵਰਗੇ ਹੋਣਗੇ।
6 ਇਸ ਲਈ ਇਹ ਦੋਵੇਂ ਮੁੰਡੇ ਮੇਰੇ ਪੁੱਤਰ ਹੋਣਗੇ। ਮੇਰੀ ਹਰ ਚੀਜ਼ ਵਿੱਚ ਇਨ੍ਹਾਂ ਦਾ ਹਿੱਸਾ ਹੋਵੇਗਾ। ਪਰ ਜੇ ਤੇਰੇ ਹੋਰ ਪੁੱਤਰ ਹੋਏ ਤਾਂ ਉਹ ਤੇਰੇ ਪੁੱਤਰ ਹੋਣਗੇ। ਪਰ ਉਹ ਇਫ਼ਰਾਈਮ ਅਤੇ ਮਨਸ਼ਹ ਲਈ ਪੁੱਤਰਾਂ ਵਰਗੇ ਹੋਣਗੇ - ਅਰਥਾਤ, ਭਵਿਖ ਵਿੱਚ ਉਹ ਇਫ਼ਰਾਈਮ ਅਤੇ ਮਨਸ਼ਹ ਦੀ ਸਾਰੀ ਜਾਇਦਾਦ ਦਾ ਹਿੱਸਾ ਵੰਡਾਉਣਗੇ।
7 ਪਦਨ ਅਰਾਮ ਤੋਂ ਸਫ਼ਰ ਕਰਦੇ ਹੋਏ ਰਾਖੇਲ ਦਾ ਦੇਹਾਂਤ ਹੋ ਗਿਆ ਸੀ। ਇਸਨੇ ਮੈਨੂੰ ਬਹੁਤ ਉਦਾਸ ਕੀਤਾ। ਉਹ ਕਨਾਨ ਦੀ ਧਰਤੀ ਉੱਤੇ ਮਰੀ ਸੀ। ਅਸੀਂ ਹਾਲੇ ਅਫ਼ਰਾਤ ਵੱਲ ਸਫ਼ਰ ਕਰ ਰਹੇ ਸਾਂ। ਮੈਂ ਉਸਨੂੰ ਉਸੇ ਅਫ਼ਰਾਤ ਦੇ ਰਸਤੇ ਉੱਤੇ ਦਫ਼ਨ ਕਰ ਦਿੱਤਾ ਸੀ।” (ਅਫ਼ਰਾਤ ਬੇਤਲਹਮ ਹੈ।)
8 ਫ਼ੇਰ ਇਸਰਾਏਲ ਨੇ ਯੂਸੁਫ਼ ਦੇ ਪੁੱਤਰਾਂ ਵੱਲ ਵੇਖਿਆ। ਇਸਰਾਏਲ ਨੇ ਆਖਿਆ, “ਇਹ ਮੁੰਡੇ ਕੌਣ ਹਨ?”
9 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਇਹ ਮੇਰੇ ਪੁੱਤਰ ਹਨ। ਇਹ ਉਹ ਮੁੰਡੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ।”ਇਸਰਾਏਲ ਨੇ ਆਖਿਆ, “ਆਪਣੇ ਪੁੱਤਰਾਂ ਨੂੰ ਮੇਰੇ ਕੋਲ ਲਿਆ। ਮੈਂ ਇਨ੍ਹਾਂ ਨੂੰ ਅਸੀਸ ਦੇਵਾਂਗਾ।”
10 ਇਸਰਾਏਲ ਬਹੁਤ ਬਿਰਧ ਸੀ ਅਤੇ ਉਸਦੀ ਨਜ਼ਰ ਕਮਜ਼ੋਰ ਸੀ। ਇਸ ਲਈ ਯੂਸੁਫ਼ ਮੁੰਡਿਆਂ ਨੂੰ ਆਪਣੇ ਪਿਤਾ ਦੇ ਬਹੁਤ ਨੇੜੇ ਲੈ ਗਿਆ। ਇਸਰਾਏਲ ਨੇ ਮੁੰਡਿਆਂ ਨੂੰ ਚੁੰਮਿਆ ਅਤੇ ਆਪਣੇ ਨਾਲ ਘੁਟਿਆ।
11 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਮੁੜਕੇ ਤੇਰਾ ਚਿਹਰਾ ਦੇਖਾਂਗਾ। ਪਰ ਦੇਖੋ; ਪਰਮੇਸ਼ੁਰ ਨੇ ਮੈਨੂੰ ਤੂੰ ਅਤੇ ਤੇਰੇ ਬੱਚੇ ਦਿਖਾ ਦਿੱਤੇ ਹਨ।”
12 ਫ਼ੇਰ ਯੂਸੁਫ਼ ਨੇ ਮੁੰਡਿਆਂ ਨੂੰ ਇਸਰਾਏਲ ਦੀ ਗੋਦੀ ਵਿੱਚੋਂ ਚੁੱਕ ਲਿਆ ਅਤੇ ਉਹ ਉਸਦੇ ਪਿਤਾ ਅੱਗੇ ਧਰਤੀ ਉੱਤੇ ਝੁਕ ਗਏ।
13 ਯੂਸੁਫ਼ ਨੇ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਅਤੇ ਮਨਸ਼ਹ ਨੂੰ ਆਪਣੇ ਖੱਬੇ ਪਾਸੇ ਬਿਠਾਇਆ। (ਇਸ ਤਰ੍ਹਾਂ, ਇਫ਼ਰਾਈਮ ਇਸਰਾਏਲ ਦੇ ਖੱਬੇ ਪਾਸੇ ਸੀ ਅਤੇ ਮਨਸ਼ਹ ਇਸਰਾਏਲ ਦੇ ਸੱਜੇ ਪਾਸੇ ਸੀ।)
14 ਪਰ ਇਸਰਾਏਲ ਨੇ ਆਪਣੇ ਹੱਥ ਵਧਾ ਕੇ ਆਪਣਾ ਸੱਜਾ ਹੱਥ ਛੋਟੇ ਮੁੰਡੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ। ਫ਼ੇਰ ਇਸਰਾਏਲ ਨੇ ਆਪਣਾ ਖੱਬਾ ਹੱਥ ਵੱਡੇ ਮੁੰਡੇ ਮਨਸ਼ਹ ਦੇ ਸਿਰ ਉੱਤੇ ਰੱਖਿਆ। ਉਸਨੇ ਆਪਣਾ ਹੱਥ ਮਨਸ਼ਹ ਉੱਤੇ ਰੱਖਿਆ ਭਾਵੇਂ ਮਨਸ਼ਹ ਪਲੇਠਾ ਸੀ।
15 ਅਤੇ ਇਸਰਾਏਲ ਨੇ ਯੂਸੁਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,“ਮੇਰੇ ਪੁਰਖਿਆਂ, ਅਬਰਾਹਾਮ ਅਤੇ ਇਸਹਾਕ ਨੇ, ਸਾਡੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ।ਅਤੇ ਉਸ ਪਰਮੇਸ਼ੁਰ ਨੇ ਸਾਰੀ ਉਮਰ ਮੇਰੀ ਅਗਵਾਈ ਕੀਤੀ ਹੈ।
16 ਉਹ ਦੂਤ ਸੀ, ਜਿਸਨੇ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਸੀ।ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।ਹੁਣ ਇਨ੍ਹਾਂ ਮੁੰਡਿਆਂ ਨੂੰ ਮੇਰਾ ਅਤੇ ਸਾਡੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦਾ ਨਾਮ ਮਿਲੇਗਾ।ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਵਧ ਫ਼ੁੱਲਕੇ ਧਰਤੀ ਦੇ ਮਹਾਨ ਪਰਿਵਾਰ ਅਤੇ ਕੌਮਾਂ ਬਨਣ।
17 ਯੂਸੁਫ਼ ਨੇ ਦੇਖਿਆ ਕਿ ਉਸਦੇ ਪਿਤਾ ਨੇ ਆਪਣਾ ਸੱਜਾ ਹੱਥ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਸੀ। ਇਸ ਨਾਲ ਯੂਸੁਫ਼ ਨੂੰ ਖੁਸ਼ੀ ਨਹੀਂ ਹੋਈ। ਯੂਸੁਫ਼ ਨੇ ਆਪਣੇ ਪਿਤਾ ਦਾ ਹੱਥ ਫ਼ੜ ਲਿਆ। ਉਹ ਇਸਨੂੰ ਇਫ਼ਰਾਈਮ ਦੇ ਸਿਰ ਤੋਂ ਹਟਾਕੇ ਮਨਸ਼ਹ ਦੇ ਸਿਰ ਉੱਤੇ ਰਖਣਾ ਚਾਹੁੰਦਾ ਸੀ।
18 ਯੂਸੁਫ਼ ਨੇ ਆਪਣੇ ਪਿਤਾ ਨੂੰ ਆਖਿਆ, “ਤੁਸੀਂ ਆਪਣਾ ਸੱਜਾ ਹੱਥ ਗਲਤ ਮੁੰਡੇ ਦੇ ਸਿਰ ਉੱਤੇ ਰੱਖਿਆ ਹੈ। ਮਨਸ਼ਹ ਪਲੇਠਾ ਹੈ। ਆਪਣਾ ਸੱਜਾ ਹੱਥ ਉਸ ਉੱਤੇ ਰਖੋ।”
19 ਪਰ ਉਸਦੇ ਪਿਤਾ ਨੇ ਦਲੀਲ ਦਿੱਤੀ ਅਤੇ ਆਖਿਆ, “ਮੈਂ ਜਾਣਦਾ ਹਾਂ, ਪੁੱਤਰ। ਮੈਂ ਜਾਣਦਾ ਹਾਂ ਮਨਸ਼ਹ ਪਲੇਠਾ ਹੈ ਅਤੇ ਉਹ ਮਹਾਨ ਬਣੇਗਾ। ਉਹ ਬਹੁਤ ਸਾਰੇ ਲੋਕਾਂ ਦਾ ਪਿਤਾਮਾ ਹੋਵੇਗਾ। ਪਰ ਛੋਟਾ ਭਰਾ ਵੱਡੇ ਨਾਲੋਂ ਵਧੇਰੇ ਮਹਾਨ ਹੋਵੇਗਾ। ਅਤੇ ਛੋਟੇ ਭਰਾ ਦਾ ਪਰਿਵਾਰ ਬਹੁਤ ਵੱਡੇਰਾ ਹੋਵੇਗਾ।”
20 ਇਸ ਲਈ ਇਸਰਾਏਲ ਨੇ ਉਨ੍ਹਾਂ ਨੂੰ ਉਸ ਦਿਨ ਅਸੀਸ ਦਿੱਤੀ। ਉਸਨੇ ਆਖਿਆ,“ਇਸਰਾਏਲ ਦੇ ਲੋਕ, ਜਦੋਂ ਵੀ ਕਿਸੇਨੂੰ ਅਸੀਸ ਦੇਣਗੇ ਤੁਹਾਡਾ ਨਾਮ ਲੈਣਗੇ।ਉਹ ਆਖਣਗੇ, ‘ਪਰਮੇਸ਼ੁਰ ਤੁਹਾਨੂੰ ਇਫ਼ਰਾਈਮਅਤੇ ਮਨੱਸ਼ਹ ਵਰਗਾ ਬਣਾਵੇ।’”ਇਸ ਤਰ੍ਹਾਂ, ਇਸਰਾਏਲ ਨੇ ਇਫ਼ਰਾਈਮ ਨੂੰ ਮਨੱਸ਼ਹ ਤੋਂ ਉੱਚਾ ਰੁਤਬਾ ਦਿੱਤਾ।
21 ਫ਼ੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਦੇਖ, ਮੇਰੇ ਦੇਹਾਂਤ ਦਾ ਸਮਾਂ ਤਕਰੀਬਨ ਆ ਚੁੱਕਾ ਹੈ। ਪਰ ਪਰਮੇਸ਼ੁਰ ਹਾਲੇ ਵੀ ਤੁਹਾਡੇ ਨਾਲ ਹੋਵੇਗਾ। ਉਹ ਤੁਹਾਨੂੰ ਤੁਹਾਡੇ ਪੁਰਖਿਆਂ ਦੀ ਧਰਤੀ ਉੱਤੇ ਜਾਣ ਵਿੱਚ ਅਗਵਾਈ ਦੇਵੇਗਾ।
22 “ਮੈਂ ਤੈਨੂੰ ਤੇਰੇ ਭਰਾਵਾਂ ਨੂੰ ਦਿੱਤੇ ਨਾਲੋਂ, ਇੱਕ ਭਾਗ ਵਧ ਦਿੱਤਾ ਹੈ। ਮੈਂ ਤੈਨੂੰ ਉਹ ਪਰਬਤ ਦਿੱਤਾ ਜਿਹੜਾ ਮੈਂ ਅਮੋਰੀ ਲੋਕਾਂ ਤੋਂ ਮੇਰੀ ਤਲਵਾਰ ਅਤੇ ਮੇਰੇ ਧਨੁੱਖ ਨਾਲ ਲਿਆ ਸੀ। ਮੈਂ ਧਰਤੀ ਦੇ ਉਸ ਭਾਗ ਲਈ ਲੜਨ ਦੀ ਖਾਤਰ ਆਪਣੀ ਤਲਵਾਰ ਆਪਣੇ ਧਨੁਖ ਦੀ ਵਰਤੋਂ ਕੀਤੀ ਸੀ ਅਤੇ ਮੈਂ ਜਿੱਤ ਗਿਆ ਸੀ।”