ਪੈਦਾਇਸ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50

ਕਾਂਡ 35

1 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਬੈਤਏਲ ਸ਼ਹਿਰ ਚਲਾ ਜਾਹ। ਉਥੇ ਰਹਿ ਅਤੇ ਉਪਾਸਨਾ ਲਈ ਇੱਕ ਜਗਵੇਦੀ ਉਸਾਰ। ਏਲ ਨੂੰ ਯਾਦ ਕਰ, ਉਹ ਪਰਮੇਸ਼ੁਰ ਜਿਹੜਾ ਤੈਨੂੰ ਉਦੋਂ ਦਿਖਾਈ ਦਿੱਤਾ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜ ਰਿਹਾ ਸੀ। ਉਸ ਪਰਮੇਸ਼ੁਰ ਦੀ ਉਪਾਸਨਾ ਲਈ ਉਥੇ ਜਗਵੇਦੀ ਉਸਾਰ।”
2 ਇਸ ਲਈ ਯਾਕੂਬ ਨੇ ਆਪਣੇ ਪਰਿਵਾਰ ਅਤੇ ਆਪਣੇ ਸਾਰੇ ਨੌਕਰਾਂ ਨੂੰ ਆਖਿਆ, “ਉਨ੍ਹਾਂ ਲੱਕੜ ਅਤੇ ਧਾਤ ਦੇ ਬਣੇ ਹੋਏ ਸਾਰੇ ਵਿਦੇਸ਼ੀ ਦੇਵਤਿਆਂ ਨੂੰ ਤਬਾਹ ਕਰ ਦਿਉ ਜਿਹੜੇ ਤੁਹਾਡੇ ਕੋਲ ਹਨ। ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਸਾਫ਼ ਵਸਤਰ ਪਹਿਨੋ।
3 ਅਸੀਂ ਇਹ ਥਾਂ ਛੱਡ ਦਿਆਂਗੇ ਅਤੇ ਬੈਤਏਲ ਨੂੰ ਚਲੇ ਜਾਵਾਂਗੇ। ਉਸ ਥਾਂ ਮੈਂ ਉਸ ਪਰਮੇਸ਼ੁਰ ਲਈ ਜਗਵੇਦੀ ਉਸਾਰਾਂਗਾ ਜਿਸਨੇ ਮੁਸ਼ਕਿਲ ਵੇਲੇ ਮੇਰੀ ਸਹਾਇਤਾ ਕੀਤੀ ਸੀ। ਅਤੇ ਜਿਥੇ ਵੀ ਮੈਂ ਗਿਆ ਹਾਂ ਉਹ ਪਰਮੇਸ਼ੁਰ ਹਮੇਸ਼ਾ ਮੇਰੇ ਅੰਗ-ਸੰਗ ਰਿਹਾ ਹੈ।”
4 ਇਸ ਲਈ ਲੋਕਾਂ ਨੇ ਆਪਣੇ ਕੋਲ ਰਖੇ ਹੋਏ ਸਾਰੇ ਵਿਦੇਸ਼ੀ ਦੇਵਤੇ ਯਾਕੂਬ ਦੇ ਹਵਾਲੇ ਕਰ ਦਿੱਤੇ। ਅਤੇ ਉਨ੍ਹਾਂ ਨੇ ਆਪਣੇ ਕੰਨਾਂ ਵਿੱਚ ਪਾਈਆਂ ਹੋਈਆਂ ਸਾਰੀਆਂ ਮੁੰਦਰਾਂ ਵੀ ਦੇ ਦਿੱਤੀਆਂ। ਯਾਕੂਬ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਕਮ ਨਾਮ ਦੇ ਕਸਬੇ ਦੇ ਨੇੜੇ ਇੱਕ ਓਕ ਦੇ ਰੁਖ ਹੇਠਾਂ ਦੱਬ ਦਿੱਤਾ।
5 ਯਾਕੂਬ ਅਤੇ ਉਸਦੇ ਪੁੱਤਰ ਉਸ ਥਾਂ ਤੋਂ ਚਲੇ ਗਏ। ਉਸ ਇਲਾਕੇ ਦੇ ਲੋਕ ਉਨ੍ਹਾਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਮਾਰ ਦੇਣ ਚਾਹੁੰਦੇ ਸਨ। ਪਰ ਉਹ ਬਹੁਤ ਡਰ ਗਏ ਅਤੇ ਉਨ੍ਹਾਂ ਨੇ ਯਾਕੂਬ ਦਾ ਪਿੱਛਾ ਨਹੀਂ ਕੀਤਾ।
6 ਇਸ ਲਈ ਯਾਕੂਬ ਅਤੇ ਉਸਦੇ ਬੰਦੇ ਲੂਜ਼ ਵਿਖੇ ਚਲੇ ਗਏ। ਲੂਜ਼ ਦਾ ਨਾਮ ਹੁਣ ਬੈਤਏਲ ਹੈ। ਇਹ ਕਨਾਨ ਦੀ ਧਰਤੀ ਉੱਤੇ ਹੈ।
7 ਯਾਕੂਬ ਨੇ ਉਥੇ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ ਬੈਤਏਲ” ਰੱਖਿਆ। ਯਾਕੂਬ ਨੇ ਇਹ ਨਾਮ ਇਸ ਲਈ ਚੁਣਿਆ ਕਿਉਂਕਿ ਇਹੀ ਉਹ ਥਾਂ ਸੀ ਜਿਥੇ ਉਸਨੂੰ ਪਰਮੇਸ਼ੁਰ ਉਸ ਵੇਲੇ ਦਿਖਾਈ ਦਿੱਤਾ ਸੀ ਜਦੋਂ ਉਹ ਆਪਣੇ ਭਰਾ ਕੋਲੋਂ ਭੱਜ ਰਿਹਾ ਸੀ।
8 ਦੋਬਰਾਹ, ਰਿਬਕਾਹ ਦੀ ਦਾਸੀ, ਉਥੇ ਹੀ ਮਰੀ। ਉਨ੍ਹਾਂ ਨੇ ਉਸਨੂੰ ਉਥੇ ਬੈਤਏਲ ਵਿਖੇ ਇੱਕ ਓਕ ਦੇ ਰੁਖ ਹੇਠਾਂ ਦਫ਼ਨਾ ਦਿੱਤਾ। ਉਨ੍ਹਾਂ ਨੇ ਇਸ ਥਾਂ ਦਾ ਨਾਮ ਅੱਲੋਨ ਬਾਕੂਥ ਰੱਖਿਆ।
9 ਜਦੋਂ ਯਾਕੂਬ ਪਦਨ ਆਰਾਮ ਤੋਂ ਵਾਪਸ ਆਇਆ ਤਾਂ ਇੱਕ ਵਾਰ ਫ਼ੇਰ ਉਸਨੂੰ ਪਰਮੇਸ਼ੁਰ ਦਿਖਾਈ ਦਿੱਤਾ। ਅਤੇ ਪਰਮੇਸ਼ੁਰ ਨੇ ਯਾਕੂਬ ਨੂੰ ਅਸੀਸ ਦਿੱਤੀ।
10 ਪਰਮੇਸ਼ੁਰ ਨੇ ਯਾਕੂਬ ਨੂੰ ਆਖਿਆ, “ਤੇਰਾ ਨਾਮ ਯਾਕੂਬ ਹੈ। ਪਰ ਮੈਂ ਇਸ ਨਾਮ ਨੂੰ ਬਦਲ ਦਿਆਂਗਾ। ਹੁਣ ਤੇਰਾ ਨਾਮ ਯਾਕੂਬ ਨਹੀਂ ਹੋਵੇਗਾ। ਤੇਰਾ ਨਵਾਂ ਨਾਮ ਇਸਰਾਏਲ ਹੋਵੇਗਾ।” ਇਸ ਲਈ ਪਰਮੇਸ਼ੁਰ ਨੇ ਉਸ ਦਾ ਨਵਾਂ ਨਾਮ ਇਸਰਾਏਲ ਰੱਖ ਦਿੱਤਾ।
11 ਪਰਮੇਸ਼ੁਰ ਨੇ ਉਸਨੂੰ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ। ਹਾਂ। ਅਤੇ ਮੈਂ ਤੈਨੂੰ ਇਹ ਅਸੀਸ ਦਿੰਦਾ ਹਾਂ: ਬਹੁਤ ਔਲਾਦ ਪੈਦਾ ਕਰ ਅਤੇ ਮਹਾਨ ਕੌਮ ਦੀ ਸਾਜਨਾ ਕਰ। ਹੋਰ ਕੌਮਾਂ ਅਤੇ ਹੋਰ ਰਾਜੇ ਤੇਰੇ ਤੋਂ ਪੈਦਾ ਹੋਣਗੇ।
12 ਮੈਂ ਅਬਰਾਹਾਮ ਅਤੇ ਇਸਹਾਕ ਨੂੰ ਕੁਝ ਖਾਸ ਧਰਤੀ ਦਿੱਤੀ ਸੀ। ਹੁਣ ਮੈਂ ਉਹ ਧਰਤੀ ਤੈਨੂੰ ਦਿੰਦਾ ਹਾਂ। ਅਤੇ ਮੈਂ ਉਹ ਧਰਤੀ ਤੇਰੇ ਉਨ੍ਹਾਂ ਸਮੂਹ ਲੋਕਾਂ ਨੂੰ ਵੀ ਦਿੰਦਾ ਹਾਂ ਜਿਹੜੇ ਤੇਰੇ ਮਗਰੋਂ ਜਿਉਂਦੇ ਹੋਣਗੇ।”
13 ਫ਼ੇਰ ਪਰਮੇਸ਼ੁਰ ਉਸ ਥਾਂ ਤੋਂ ਚਲਿਆ ਗਿਆ।
14 ਯਾਕੂਬ ਨੇ ਉਸ ਥਾਂ ਉੱਤੇ ਯਾਦਗਾਰੀ ਪੱਥਰ ਸਥਾਪਿਤ ਕੀਤਾ। ਯਾਕੂਬ ਨੇ ਪੱਥਰ ਨੂੰ ਮੈਅ ਅਤੇ ਤੇਲ ਛਿੜਕਕੇ ਪਵਿੱਤਰ ਬਣਾਇਆ। ਇਹ ਥਾਂ ਇਸ ਲਈ ਖਾਸ ਹੈ ਕਿਉਂਕਿ ਇੱਥੇ ਪਰਮੇਸ਼ੁਰ ਨੇ ਯਾਕੂਬ ਨਾਲ ਗੱਲ ਕੀਤੀ ਸੀ। ਯਾਕੂਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ।
15
16 ਯਾਕੂਬ ਅਤੇ ਉਸਦੇ ਟੋਲੇ ਨੇ ਬੈਤਏਲ ਛੱਡ ਦਿੱਤਾ। ਜਦੋਂ ਹਾਲੇ ਉਹ ਅਫ਼ਰਾਥ (ਬੈਤਲਹਮ) ਤੋਂ ਥੋੜੀ ਜਿਹੀ ਦੂਰੀ ਤੇ ਹੀ ਸਨ, ਰਾਖੇਲ ਨੇ ਜਨਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਸਖ਼ਤ ਗਰਭ ਪੀੜਾਂ ਹੋਣ ਲੱਗ ਪਈਆਂ।
17 ਜਦੋਂ ਰਾਖੇਲ ਨੂੰ ਇਹ ਬੱਚਾ ਜਨਣ ਵਿੱਚ ਇੰਨੀ ਤਕਲੀਫ਼ ਹੋ ਰਹੀ ਸੀ ਦਾਈ ਨੇ ਇਹ ਵੇਖਕੇ ਆਖਿਆ, “ਰਾਖੇਲ ਡਰ ਨਹੀਂ। ਤੂੰ ਇੱਕ ਹੋਰ ਪੁੱਤਰ ਨੂੰ ਜਨਮ ਦੇ ਰਹੀਂ ਹੈਂ।”
18 ਪੁੱਤਰ ਨੂੰ ਜਨਮ ਦਿੰਦਿਆਂ ਰਾਖੇਲ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ, ਰਾਖੇਲ ਨੇ ਲੜਕੇ ਦਾ ਨਾਮ ਬਨ-ਓਨੀ ਰੱਖਿਆ। ਪਰ ਯਾਕੂਬ ਨੇ ਉਸਨੂੰ ਬਿਨਯਾਮੀਨ ਨਾਮ ਦਿੱਤਾ।
19 ਅਫ਼ਰਾਥ ਦੇ ਰਸਤੇ ਉੱਤੇ ਰਾਖੇਲ ਨੂੰ ਦਫ਼ਨਾ ਦਿੱਤਾ ਗਿਆ। (ਅਫ਼ਰਾਥ ਬੈਤਲਹਮ ਹੈ।)
20 ਅਤੇ ਯਾਕੂਬ ਨੇ ਰਾਖੇਲ ਦੀ ਕਬਰ ਦਾ ਆਦਰ ਕਰਦਿਆਂ ਉਥੇ ਖਾਸ ਪੱਥਰ ਰੱਖ ਦਿੱਤਾ। ਇਹ ਖਾਸ ਪੱਥਰ ਅੱਜ ਵੀ ਉਥੇ ਹੈ। ਫ਼ੇਰ ਇਸਰਾਏਲ (ਯਾਕੂਬ) ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਸਨੇ ਏਦਰ ਮੀਨਾਰ ਦੇ ਦਖਣ ਵੱਲ ਡੇਰਾ ਲਾ ਲਿਆ।
21 ਜਦੋਂ ਇਸਰਾਏਲ ਉਥੇ ਰਹਿ ਰਿਹਾ ਸੀ, ਤਾਂ ਰਊਬੇਨ ਇਸਰਾਏਲ ਦੀ ਦਾਸੀ ਬਿਲਹਾਹ ਨਾਲ ਸੁੱਤਾ। ਇਸਰਾਏਲ ਨੇ ਇਸ ਬਾਰੇ ਸੁਣਿਆ।ਯਾਕੂਬ ਦੇ 12 ਪੁੱਤਰ ਸਨ।
22
23 ਯਾਕੂਬ ਅਤੇ ਲੇਆਹ ਦੇ ਪੁੱਤਰ ਸਨ: ਯਾਕੂਬ ਦਾ ਪਲੇਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।
24 ਯਾਕੂਬ ਅਤੇ ਰਾਖੇਲ ਦੇ ਪੁੱਤਰ ਸਨ ਯੂਸੁਫ਼ ਅਤੇ ਬਿਨਯਾਮੀਨ।
25 ਬਿਲਹਾਹ ਰਾਖੇਲ ਦੀ ਦਾਸੀ ਸੀ। ਯਾਕੂਬ ਅਤੇ ਬਿਲਹਾਹ ਦੇ ਪੁੱਤਰ ਸਨ ਦਾਨ ਅਤੇ ਨਫ਼ਤਾਲੀ।
26 ਜ਼ਿਲਪਾਹ ਲੇਆਹ ਦੀ ਦਾਸੀ ਸੀ। ਯਾਕੂਬ ਅਤੇ ਜ਼ਲਪਾਹ ਦੇ ਪੁੱਤਰ ਸਨ ਗਾਦ ਅਤੇ ਆਸ਼ੇਰ।ਇਹ ਯਾਕੂਬ ਦੇ ਪੁੱਤਰ ਸਨ ਜਿਹੜੇ ਪਦਨ ਅਰਾਮ ਵਿਖੇ ਜਨਮੇ ਸਨ।
27 ਯਾਕੂਬ ਕਿਰਿਯਥ ਅਰਬਾ (ਹਬਰੋਨ) ਵਿੱਚ ਆਪਣੇ ਪਿਤਾ ਇਸਹਾਕ ਕੋਲ ਮਮਰੇ ਵਿਖੇ ਚਲਾ ਗਿਆ। ਇਹੀ ਉਹ ਥਾਂ ਹੈ ਜਿਥੇ ਅਬਰਾਹਾਮ ਅਤੇ ਇਸਹਾਕ ਰਹਿ ਚੁੱਕੇ ਸਨ।
28 ਇਸਹਾਕ 180 ਵਰ੍ਹੇ ਜੀਵਿਆ।
29 ਫ਼ੇਰ ਇਸਹਾਕ ਕਮਜ਼ੋਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਇਸਹਾਕ ਨੇ ਲੰਮੀ ਭਰਪੂਰ ਜ਼ਿੰਦਗੀ ਜੀਵੀ ਸੀ। ਉਸਦੇ ਪੁੱਤਰਾਂ ਏਸਾਓ ਅਤੇ ਯਾਕੂਬ ਨੇ ਉਸਨੂੰ ਉਸਦੇ ਪਿਤਾ ਵਾਲੀ ਥਾਵੇਂ ਹੀ ਦਫ਼ਨਾ ਦਿੱਤਾ।