ਪੈਦਾਇਸ਼

1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50

ਕਾਂਡ 29

1 ਫ਼ੇਰ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪੂਰਬ ਦੇ ਦੇਸ਼ ਵਿੱਚ ਗਿਆ।
2 ਯਾਕੂਬ ਨੇ ਝਾਤੀ ਮਾਰੀ ਅਤੇ ਉਸਨੂੰ ਖੇਤਾਂ ਅੰਦਰ ਇੱਕ ਖੂਹ ਨਜ਼ਰ ਆਇਆ। ਖੂਹ ਦੇ ਨੇੜੇ ਭੇਡਾਂ ਦੇ ਤਿੰਨ ਇੱਜੜ ਲੇਟੇ ਸਨ। ਇਹੀ ਉਹ ਖੂਹ ਸੀ ਜਿਥੇ ਇਹ ਭੇਡਾਂ ਪਾਣੀ ਪੀਂਦੀਆਂ ਸਨ। ਉਥੇ ਇੱਕ ਵੱਡਾ ਪੱਥਰ ਸੀ, ਜਿਸ ਨਾਲ ਖੂਹ ਦਾ ਮੂੰਹ ਕੱਜਿਆ ਹੋਇਆ ਸੀ।
3 ਜਦੋਂ ਸਾਰੇ ਇੱਜੜ ਉਥੇ ਇਕੱਠੇ ਹੋ ਜਾਂਦੇ ਸਨ ਅਯਾਲੀ ਪੱਥਰ ਨੂੰ ਖੂਹ ਤੋਂ ਹਟਾ ਦਿੰਦੇ ਸਨ। ਫ਼ੇਰ ਸਾਰੀਆਂ ਭੇਡਾਂ ਪਾਣੀ ਪੀ ਸਕਦੀਆਂ ਸਨ। ਜਦੋਂ ਭੇਡਾਂ ਦੀ ਪਿਆਸ ਬੁਝ ਜਾਂਦੀ ਤਾਂ ਅਯਾਲੀ ਪੱਥਰ ਨੂੰ ਮੁੜਕੇ ਪਹਿਲੀ ਥਾਂ ਖਿਸਕਾ ਦਿੰਦੇ ਸਨ।
4 ਯਾਕੂਬ ਨੇ ਉਥੋਂ ਦੇ ਅਯਾਲੀਆਂ ਨੂੰ ਆਖਿਆ, “ਭਰਾਵੋ, ਤੁਸੀਂ ਕਿਥੋਂ ਦੇ ਹੋ?”ਉਨ੍ਹਾਂ ਨੇ ਜਵਾਬ ਦਿੱਤਾ,”ਅਸੀਂ ਹਾਰਾਨ ਤੋਂ ਹਾਂ।”
5 ਫ਼ੇਰ ਯਾਕੂਬ ਨੇ ਆਖਿਆ, “ਕੀ ਤੁਸੀਂ ਨਾਹੋਰ ਦੇ ਪੋਤਰੇ ਲਾਬਾਨ ਨੂੰ ਜਾਣਦੇ ਹੋ?”ਅਯਾਲੀਆਂ ਨੇ ਜਵਾਬ ਦਿੱਤਾ, “ਅਸੀਂ ਉਸਨੂੰ ਜਾਣਦੇ ਹਾਂ।”
6 ਫ਼ੇਰ ਯਾਕੂਬ ਨੇ ਆਖਿਆ, “ਉਸਦਾ ਕੀ ਹਾਲ ਹੈ?”ਉਨ੍ਹਾਂ ਨੇ ਜਵਾਬ ਦਿੱਤਾ, “ਉਹ ਰਾਜੀ-ਖੁਸ਼ੀ ਹੈ। ਹਰ ਚੀਜ਼ ਠੀਕ ਹੈ। ਦੇਖੋ ਉਹ ਉਸਦੀ ਧੀ ਰਾਖੇਲ ਉਸ ਦੀਆਂ ਭੇਡਾਂ ਦੇ ਨਾਲ ਤੁਰੀ ਆਉਂਦੀ ਹੈ।”
7 ਯਾਕੂਬ ਨੇ ਆਖਿਆ, “ਦੇਖੋ, ਹਾਲੇ ਤਾਂ ਦਿਨ ਖੜਾ ਹੈ ਸੂਰਜ ਛਿਪਣ ਵਿੱਚ ਹਾਲੇ ਦੇਰ ਹੈ। ਹਾਲੇ ਜਾਨਵਰਾਂ ਦੇ ਰਾਤ ਲਈ ਇਕਠੇ ਕਰਨ ਦਾ ਵੇਲਾ ਨਹੀਂ ਹੋਇਆ। ਇਸ ਲਈ ਇਨ੍ਹਾਂ ਨੂੰ ਪਾਣੀ ਪਿਲਾਉ ਅਤੇ ਖੇਤਾਂ ਵਿੱਚ ਵਾਪਸ ਜਾਣ ਦਿਉ।”
8 ਪਰ ਉਸ ਅਯਾਲੀ ਨੇ ਆਖਿਆ, “ਅਸੀਂ ਉਦੋਂ ਤੱਕ ਅਜਿਹਾ ਨਹੀਂ ਕਰ ਸਕਦੇ ਜਿੰਨਾ ਚਿਰ ਸਾਰੇ ਇੱਜੜ ਇਕਠੇ ਨਹੀਂ ਹੋ ਜਾਂਦੇ। ਫ਼ੇਰ ਅਸੀਂ ਖੂਹ ਤੋਂ ਪੱਥਰ ਖਿਸਕਾ ਦੇਵਾਂਗੇ ਅਤੇ ਸਾਰੀਆਂ ਭੇਡਾਂ ਪਾਣੀ ਪੀਣਗੀਆਂ।”
9 ਜਦੋਂ ਯਾਕੂਬ ਅਯਾਲੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਦੇ ਨਾਲ ਆ ਗਈ। (ਰਾਖੇਲ ਦਾ ਕੰਮ ਭੇਡਾਂ ਦੀ ਦੇਖ-ਭਾਲ ਕਰਨਾ ਸੀ।)
10 ਰਾਖੇਲ ਲਾਬਾਨ ਦੀ ਧੀ ਸੀ। ਲਾਬਾਨ ਯਕੂਬ ਦੀ ਮਾਂ ਰਿਬਕਾਹ ਦਾ ਭਰਾ ਸੀ। ਜਦੋਂ ਯਾਕੂਬ ਨੇ ਰਾਖੇਲ ਨੂੰ ਦੇਖਿਆ, ਉਸਨੇ ਜਾਕੇ ਪੱਥਰ ਖਿਸਕਾਇਆ ਅਤੇ ਫ਼ੇਰ ਭੇਡਾਂ ਨੂੰ ਪਾਣੀ ਦਿੱਤਾ।
11 ਫ਼ੇਰ ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਤੇ ਰੋ ਪਿਆ।
12 ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਉਹ ਉਸਦੇ ਪਿਤਾ ਦੇ ਪਰਿਵਾਰ ਵਿੱਚੋਂ ਸੀ। ਉਸਨੇ ਰਾਖੇਲ ਨੂੰ ਦੱਸਿਆ ਕਿ ਉਹ ਰਿਬਕਾਹ ਦਾ ਪੁੱਤਰ ਸੀ। ਇਸ ਲਈ ਰਾਖੇਲ ਘਰ ਦੌੜ ਗਈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ।
13 ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੂਬ ਬਾਰੇ ਸੁਣਿਆ। ਇਸ ਲਈ ਲਾਬਾਨ ਉਸਨੂੰ ਮਿਲਣ ਲਈ ਦੌੜਿਆ। ਲਾਬਾਨ ਨੇ ਉਸਨੂੰ ਜਫ਼ੀ ਪਾ ਲਈ ਅਤੇ ਚੁੰਮਿਆ ਅਤੇ ਆਪਣੇ ਘਰ ਲੈ ਆਇਆ। ਯਾਕੂਬ ਨੇ ਜੋ ਕੁਝ ਵਾਪਰਿਆ ਸੀ ਸਭ ਦੱਸ ਦਿੱਤਾ।
14 ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ।
15 ਇੱਕ ਦਿਨ ਲਾਬਾਨ ਨੇ ਯਾਕੂਬ ਨੂੰ ਆਖਿਆ, “ਤੇਰੇ ਲਈ ਮੇਰੇ ਵਾਸਤੇ ਬਿਨਾ ਤਨਖਾਹ ਤੋਂ ਕੰਮ ਕਰਨਾ ਸਹੀ ਨਹੀਂ। ਤੂੰ ਇੱਕ ਰਿਸ਼ਤੇਦਾਰ ਹੈਂ, ਕੋਈ ਗੁਲਾਮ ਨਹੀਂ ਮੈਂ ਤੈਨੂੰ ਕੀ ਦੇਵਾਂ?”
16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਲੇਆਹ ਸੀ ਅਤੇ ਛੋਟੀ ਰਾਖੇਲ ਸੀ।
17 ਲੇਆਹ ਜ਼ਿਆਦੇ ਖੂਬਸੂਰਤ ਨਹੀਂ ਸੀ, ਪਰ ਰਾਖੇਲ ਇੱਕ ਬਹੁਤ ਹੀ ਖੂਬਸੂਰਤ ਮੁਟਿਆਰ ਸੀ।
18 ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ, ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਂ ਤੇਰੇ ਲਈ ਸੱਤ ਸਾਲ ਗੁਲਾਮੀ ਕਰਾਂਗਾ ਜੇ ਤੂੰ ਮੇਰੇ ਨਾਲ ਆਪਣੀ ਧੀ ਰਾਖੇਲ ਦਾ ਵਿਆਹ ਕਰ ਦੇਵੇਂ।”
19 ਲਾਬਾਨ ਨੇ ਆਖਿਆ, “ਉਸਦੇ ਲਈ ਵੀ ਤੇਰੇ ਨਾਲ ਸ਼ਾਦੀ ਕਰਨਾ ਹੋਰ ਕਿਸੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਹੋਵੇਗਾ। ਇਸ ਲਈ ਮੇਰੇ ਕੋਲ ਠਹਿਰ ਜਾ।
20 ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ।
21 ਸੱਤ ਵਰ੍ਹਿਆਂ ਬਾਦ ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਨੂੰ ਰਾਖੇਲ ਦਾ ਹੱਥ ਫ਼ੜਾ ਦੇ ਤਾਂ ਜੋ ਮੈਂ ਉਸ ਨਾਲ ਸ਼ਾਦੀ ਕਰ ਸਕਾਂ। ਮੇਰਾ ਤੇਰੇ ਲਈ ਕੰਮ ਕਰਨ ਦਾ ਸਮਾਂ ਮੁੱਕ ਗਿਆ ਹੈ।”
22 ਇਸ ਲਈ ਲਾਬਾਨ ਨੇ ਉਸ ਥਾਂ ਦੇ ਸਾਰੇ ਲੋਕਾਂ ਨੂੰ ਦਾਵਤ ਦਿੱਤੀ।
23 ਉਸ ਰਾਤ ਲਾਬਾਨ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਆਇਆ। ਯਾਕੂਬ ਅਤੇ ਲੇਆਹ ਨੇ ਸੰਭੋਗ ਕੀਤਾ।
24 (ਲਾਬਾਨ ਨੇ ਆਪਣੀ ਨੌਕਰਾਣੀ ਜ਼ਿਲਫ਼ਾਹ ਨੂੰ ਆਪਣੀ ਧੀ ਦੀ ਸੇਵਕਾ ਬਣਾ ਦਿੱਤਾ।)
25 ਸਵੇਰ ਨੂੰ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਨਾਲ ਸੁੱਤਾ ਸੀ। ਯਾਕੂਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੇਰੇ ਲਈ ਸਖ਼ਤ ਮਿਹਨਤ ਕੀਤੀ ਤਾਂ ਜੋ ਰਾਖੇਲ ਨਾਲ ਸ਼ਾਦੀ ਕਰ ਸਕਾਂ। ਤੂੰ ਮੈਨੂੰ ਧੋਖਾ ਕਿਉਂ ਦਿੱਤਾ?”
26 ਲਾਬਾਨ ਨੇ ਆਖਿਆ, “ਸਾਡੇ ਦੇਸ਼ ਵਿੱਚ ਅਸੀਂ ਵੱਡੀ ਧੀ ਤੋਂ ਪਹਿਲਾਂ ਛੋਟੀ ਦਾ ਵਿਆਹ ਨਹੀਂ ਕਰਦੇ।
27 ਪਰ ਤੂੰ ਪੂਰਾ ਹਫ਼ਤਾ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਰਹਿ, ਅਤੇ ਮੈਂ ਰਾਖੇਲ ਦਾ ਵੀ ਤੇਰੇ ਨਾਲ ਵਿਆਹ ਕਰ ਦਿਆਂਗਾ। ਪਰ ਤੈਨੂੰ ਮੇਰੇ ਲਈ ਸੱਤ ਵਰ੍ਹੇ ਹੋਰ ਕੰਮ ਕਰਨਾ ਪਵੇਗਾ।”
28 ਇਸ ਲਈ ਯਾਕੂਬ ਨੇ ਇਵੇਂ ਹੀ ਕੀਤਾ ਅਤੇ ਹਫ਼ਤਾ ਖਤਮ ਹੋ ਗਿਆ। ਫ਼ੇਰ ਲਾਬਾਨ ਨੇ ਆਪਣੀ ਧੀ ਰਾਖੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ।
29 (ਲਾਬਾਨ ਨੇ ਆਪਣੀ ਸੇਵਕਾ ਬਿਲਹਾਹ ਨੂੰ ਆਪਣੀ ਧੀ ਰਾਖੇਲ ਦੀ ਸੇਵਕਾ ਬਣਾ ਦਿੱਤਾ।)
30 ਇਸ ਲਈ ਯਾਕੂਬ ਨੇ ਰਾਖੇਲ ਨਾਲ ਵੀ ਸੰਭੋਗ ਕੀਤਾ ਅਤੇ ਯਾਕੂਬ ਰਾਖੇਲ ਨੂੰ ਲੇਆਹ ਨਾਲੋਂ ਵੱਧ ਪਿਆਰ ਕਰਦਾ ਸੀ। ਯਾਕੂਬ ਸੱਤ ਵਰ੍ਹੇ ਹੋਰ ਲਾਬਾਨ ਲਈ ਕੰਮ ਕਰਦਾ ਰਿਹਾ।
31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ।
32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”
33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਸ਼ਿਮਓਨ ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸਨੇ ਮੈਨੂੰ ਇਹ ਪੁੱਤਰ ਦਿੱਤਾ ਹੈ।”
34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸਨੂੰ ਤਿੰਨ ਪੁੱਤਰ ਦਿੱਤੇ ਹਨ।”
35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।