ਪੈਦਾਇਸ਼
ਕਾਂਡ 30
1 ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!”
2 ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।”
3 ਫ਼ੇਰ ਰਾਖੇਲ ਨੇ ਆਖਿਆ, “ਤੂੰ ਮੇਰੀ ਦਾਸੀ ਬਿਲਹਾਹ ਨਾਲ ਸੰਬੰਧ ਬਣਾ ਸਕਦਾ ਹੈਂ। ਉਸ ਨਾਲ ਸੌਂ ਅਤੇ ਉਹ ਮੇਰੇ ਲਈ ਬੱਚਾ ਪੈਦਾ ਕਰੇਗੀ। ਫ਼ੇਰ ਮੈਂ ਉਸਦੇ ਕਾਰਣ ਮਾਂ ਬਣ ਜਾਵਾਂਗੀ।”
4 ਇਸ ਲਈ ਰਾਖੇਲ ਨੇ ਬਿਲਹਾਹ ਨੂੰ ਆਪਣੇ ਪਤੀ, ਯਾਕੂਬ ਨੂੰ ਉਸਦੀ ਪਤਨੀ ਹੋਣ ਲਈ ਦੇ ਦਿੱਤਾ। ਯਾਕੂਬ ਨੇ ਬਿਲਹਾਹ ਨਾਲ ਜਿਸਨੀ ਸੰਬੰਧ ਬਣਾਏ।
5 ਬਿਲਹਾਹ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਇੱਕ ਪੁੱਤਰ ਦਿੱਤਾ।
6 ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ। ਉਸਨੇ ਮੈਨੂੰ ਪੁੱਤਰ ਦੇਣ ਦਾ ਨਿਰਣਾ ਕੀਤਾ ਹੈ।” ਇਸ ਲਈ ਰਾਖੇਲ ਨੇ ਇਸ ਪੁੱਤਰ ਦਾ ਨਾਮ ਦਾਨ ਰੱਖਿਆ।
7 ਬਿਲਹਾਹ ਇੱਕ ਵਾਰੀ ਫ਼ੇਰ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਦੂਸਰਾ ਪੁੱਤਰ ਦਿੱਤਾ।
8 ਰਾਖੇਲ ਨੇ ਆਖਿਆ, “ਮੈਂ ਆਪਣੀ ਭੈਣ ਨਾਲ ਕੜਾ ਸੰਘਰਸ਼ ਕੀਤਾ ਹੈ। ਅਤੇ ਮੈਂ ਜਿੱਤ ਗਈ ਹਾਂ।” ਇਸ ਲਈ ਉਸਨੇ ਉਸ ਪੁੱਤਰ ਦਾ ਨਾਮ ਨਫ਼ਤਾਲੀ ਰੱਖਿਆ।
9 ਲੇਆਹ ਨੇ ਦੇਖਿਆ ਕਿ ਉਹ ਬੱਚੇ ਪੈਦਾ ਕਰਨੋ ਹਟ ਗਈ ਸੀ। ਇਸ ਲਈ ਉਸਨੇ ਆਪਣੀ ਦਾਸੀ ਜ਼ਿਲਫ਼ਾਹ ਯਾਕੂਬ ਦੇ ਹਵਾਲੇ ਕਰ ਦਿੱਤੀ।
10 ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ।
11 ਲੇਆਹ ਨੇ ਆਖਿਆ, “ਮੈਂ ਖੁਸ਼ਕਿਸਮਤ ਹਾਂ।” ਇਸ ਲਈ ਉਸਨੇ ਪੁੱਤਰ ਦਾ ਨਾਮ ਗਾਦ ਰੱਖਿਆ।
12 ਜ਼ਿਲਫ਼ਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ।
13 ਲੇਆਹ ਨੇ ਆਖਿਆ, “ਮੈਂ ਬਹੁਤ ਖੁਸ਼ ਹਾਂ! ਹੁਣ ਔਰਤਾਂ ਮੈਨੂੰ ਖੁਸ਼ਕਿਸਮਤ ਆਖਣਗੀਆਂ।” ਇਸ ਲਈ ਉਸਨੇ ਉਸ ਪੁੱਤਰ ਦਾ ਨਾਮ ਆਸ਼ੇਰ ਰੱਖਿਆ।
14 ਕਣਕ ਦੀ ਵਾਢੀ ਸਮੇਂ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸਨੂੰ ਕੁਝ ਖਾਸ ਕਿਸਮ ਦੇ ਫ਼ੁੱਲ ਮਿਲੇ। ਰਊਬੇਨ ਇਹ ਫ਼ੁੱਲ ਆਪਣੀ ਮਾਂ ਲੇਆਹ ਕੋਲ ਲੈ ਆਇਆ। ਪਰ ਰਾਖੇਲ ਨੇ ਲੇਆਹ ਨੂੰ ਆਖਿਆ, “ਮਿਹਰਬਾਨੀ ਕਰਕੇ ਆਪਣੇ ਪੁੱਤਰ ਦੇ ਲਿਆਂਦੇ ਫ਼ੁੱਲ ਮੈਨੂੰ ਵੀ ਦੇ।”
15 ਲੇਆਹ ਨੇ ਜਵਾਬ ਦਿੱਤਾ, “ਤੂੰ ਤਾਂ ਪਹਿਲਾਂ ਹੀ ਮੇਰਾ ਪਤੀ ਮੇਰੇ ਕੋਲੋਂ ਖੋਹ ਲਿਆ ਹੈ। ਹੁਣ ਤੂੰ ਮੇਰੇ ਪੁੱਤਰ ਦੇ ਫ਼ੁੱਲ ਵੀ ਲੈਣਾ ਚਾਹੁੰਦੀ ਹੈਂ।”ਪਰ ਰਾਖੇਲ ਨੇ ਜਵਾਬ ਦਿੱਤਾ, “ਜੇ ਤੂੰ ਆਪਣੇ ਪੁੱਤਰ ਦੇ ਫ਼ੁੱਲ ਮੈਨੂੰ ਦੇ ਦੇਵੇਂਗੀ ਤਾਂ ਤੂੰ ਅੱਜ ਦੀ ਰਾਤ ਯਾਕੂਬ ਨਾਲ ਸੌਂ ਸਕਦੀ ਹੈਂ।”
16 ਯਾਕੂਬ ਉਸ ਸਮੇਂ ਖੇਤਾਂ ਵਿੱਚੋਂ ਆਇਆ। ਲੇਆਹ ਨੇ ਉਸਨੂੰ ਦੇਖਿਆ ਅਤੇ ਉਸਨੂੰ ਮਿਲਣ ਲਈ ਬਾਹਰ ਗਈ। ਉਸਨੇ ਆਖਿਆ, “ਤੂੰ ਅੱਜ ਮੇਰੇ ਨਾਲ ਸੌਵੇਂਗਾ। ਮੈਂ ਆਪਣੇ ਪੁੱਤਰ ਦੇ ਫ਼ੁੱਲਾਂ ਨਾਲ ਤੇਰੀ ਕੀਮਤ ਅਦਾ ਕਰ ਦਿੱਤੀ ਹੈ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ।
17 ਪਰਮੇਸ਼ੁਰ ਦੀ ਰਜ਼ਾ ਨਾਲ ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ। ਉਸਨੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ।
18 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇਨਾਮ ਦਿੱਤਾ ਹੈ ਕਿਉਂਕਿ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਅਰਪਣ ਕਰ ਦਿੱਤੀ ਸੀ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਯਿੱਸਾਕਾਰ ਰੱਖਿਆ।
19 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ ਅਤੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ।
20 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਬਹੁਤ ਸੁੰਦਰ ਤੋਹਫ਼ਾ ਦਿੱਤਾ। ਹੈ। ਹੁਣ ਜ਼ਰੂਰ ਯਾਕੂਬ ਮੇਰੇ ਬਾਰੇ ਚੰਗਾ ਸੋਚੇਗਾ ਕਿਉਂਕਿ ਮੈਂ ਉਸਨੂੰ ਛੇ ਪੁੱਤਰ ਦਿੱਤੇ ਹਨ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਜ਼ਬੂਲੁਨ ਧਰਿਆ।
21 ਬਾਦ ਵਿੱਚ ਲੇਆਹ ਨੇ ਇੱਕ ਧੀ ਜੰਮੀ। ਉਸਨੇ ਉਸ ਧੀ ਦਾ ਨਾਮ ਦੀਨਾਹ ਰੱਖਿਆ।
22 ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ।
23 ਰਾਖੇਲ ਫ਼ਿਰ ਗਰਭਵਤੀ ਹੋਈ ਅਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ।” ਇਸ ਲਈ ਰਾਖੇਲ ਨੇ ਪੁੱਤਰ ਦਾ ਨਾਮ ਯੂਸੁਫ਼ ਰੱਖਿਆ।
24
25 ਰਾਖੇਲ ਦੇ ਯੂਸੁਫ਼ ਨੂੰ ਜਨਮ ਤੋਂ ਬਾਦ, ਯਾਕੂਬ ਨੇ ਲਾਬਾਨ ਨੂੰ ਆਖਿਆ, “ਹੁਣ ਮੈਨੂੰ ਆਪਣੇ ਘਰ ਜਾਣ ਦੇ।
26 ਮੈਨੂੰ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਦੇ ਦਿਉ। ਮੈਂ 14 ਸਾਲ ਤੇਰੇ ਲਈ ਕੰਮ ਕਰਕੇ ਉਨ੍ਹਾਂ ਨੂੰ ਰੱਖਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਤੂੰ ਜਾਣਦਾ ਹੈਂ ਕਿ ਮੈਂ ਤੇਰੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ।”
27 ਲਾਬਾਨ ਨੇ ਉਸਨੂੰ ਆਖਿਆ, “ਮੈਨੂੰ ਕੁਝ ਕਹਿਣ ਦੇ! ਮੈਂ ਭਵਿਖ ਕਥਨ ਤੋਂ ਸਿੱਖਿਆ ਹੈ ਕਿ ਯਹੋਵਾਹ ਨੇ ਤੇਰੇ ਸਦਕਾ ਮੈਨੂੰ ਅਸੀਸ ਦਿੱਤੀ ਹੈ।
28 ਮੈਨੂੰ ਦੱਸ ਕਿ ਤੈਨੂੰ ਕੀ ਦੇਵਾਂ ਮੈਂ ਉਹ ਚੀਜ਼ ਤੈਨੂੰ ਦੇ ਦੇਵਾਂਗਾ।”
29 ਯਾਕੂਬ ਨੇ ਜਵਾਬ ਦਿੱਤਾ, “ਤੂੰ ਜਾਣਦਾ ਹੈਂ ਕਿ ਮੈਂ ਤੇਰੇ ਵਾਸਤੇ ਸਖ਼ਤ ਮਿਹਨਤ ਕੀਤੀ ਹੈ। ਤੇਰੇ ਇੱਜੜ ਵਧੇ ਫ਼ੁੱਲੇ ਹਨ, ਜਦੋਂ ਤੋਂ ਮੈਂ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ।
30 ਜਦੋਂ ਮੈਂ ਆਇਆ ਸਾਂ, ਤੇਰੇ ਕੋਲ ਬਹੁਤ ਥੋੜਾ ਸੀ। ਹੁਣ ਤੇਰੇ ਕੋਲ ਬਹੁਤ ਕੁਝ ਹੈ। ਜਦੋਂ ਵੀ ਮੈਂ ਤੇਰੇ ਲਈ ਕੁਝ ਕੀਤਾ ਪਰਮੇਸ਼ੁਰ ਨੇ ਤੈਨੂੰ ਅਸੀਸ ਦਿੱਤੀ। ਹੁਣ ਮੇਰੇ ਲਈ ਆਪਣਾ ਕੰਮ ਕਰਨ ਦਾ ਸਮਾਂ ਆ ਗਿਆ ਹੈ - ਇਹ ਸਮਾਂ ਮੇਰਾ ਆਪਣਾ ਘਰ ਬਨਾਉਣ ਦਾ ਹੈ।”
31 ਲਾਬਾਨ ਨੇ ਪੁਛਿਆ, “ਤਾਂ ਮੈਂ ਤੈਨੂੰ ਕੀ ਦੇਵਾਂ?”ਯਾਕੂਬ ਨੇ ਜਵਾਬ ਦਿੱਤਾ, “ਮੈਂ ਨਹੀਂ ਚਾਹੁੰਦਾ ਕਿ ਤੂੰ ਮੈਨੂੰ ਕੁਝ ਵੀ ਦੇਵੇਂ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਤੂੰ ਸਿਰਫ਼ ਮੇਰੀ ਮਿਹਨਤ ਦਾ ਮੁੱਲ ਦੇਵੇਂ ਮੇਰੇ ਲਈ ਸਿਰਫ਼ ਇੰਨੀ ਗੱਲ ਕਰ: ਮੈਂ ਵਾਪਸ ਜਾਵਾਂਗਾ ਅਤੇ ਤੇਰੀ ਭੇਡਾਂ ਦੀ ਦੇਖ-ਭਾਲ ਕਰਾਂਗਾ।
32 ਪਰ ਅੱਜ ਮੈਨੂੰ ਤੇਰੇ ਸਾਰੇ ਇੱਜੜਾਂ ਵਿੱਚ ਗੇੜਾ ਮਾਰਨ ਦੇ ਅਤੇ ਹਰ ਉਸ ਲੇਲੇ ਨੂੰ ਲੈ ਲੈਣ ਦੇ ਜਿਸਦੇ ਉੱਤੇ ਧੱਬੇ ਜਾਂ ਲਕੀਰਾਂ ਹਨ। ਇਹੀ ਮੇਰੀ ਤਨਖਾਹ ਹੋਵੇਗੀ।
33 ਭਵਿੱਖ ਵਿੱਚ, ਤੂੰ ਆਸਾਨੀ ਨਾਲ ਦੇਖ ਸਕੇਂਗਾ ਕਿ ਮੈਂ ਇਮਾਨਦਾਰ ਹਾਂ ਜਾਂ ਨਹੀਂ। ਤੂੰ ਮੇਰੇ ਇੱਜੜ ਵੱਲ ਝਾਤੀ ਮਾਰਨ ਆ ਸਕਦਾ ਹੈ। ਜੇ ਮੇਰੇ ਕੋਲ ਕੋਈ ਅਜਿਹੀ ਬੱਕਰੀ ਹੋਵੇ ਜਿਸਦੇ ਉੱਤੇ ਧੱਬੇ ਨਹੀਂ ਹਨ ਜਾਂ ਕੋਈ ਅਜਿਹੀ ਭੇਡ ਹੋਵੇ ਜੋ ਕਾਲੀ ਨਹੀਂ ਹੈ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਉਸਨੂੰ ਮੈਂ ਚੋਰੀ ਕੀਤਾ ਸੀ।”
34 ਲਾਬਾਨ ਨੇ ਜਵਾਬ ਦਿੱਤਾ, “ਮੈਂ ਇਸ ਨਾਲ ਸਹਿਮਤ ਹਾਂ। ਅਸੀਂ ਉਹੀ ਕਰਾਂਗੇ ਜੋ ਤੂੰ ਕਹਿੰਦਾ ਹੈ।”
35 ਤਾਂ ਉਸ ਦਿਨ ਲਾਬਾਨ ਨੇ ਆਪਣੇ ਇੱਜੜ ਵਿੱਚੋਂ ਉਹ ਸਾਰੀਆਂ ਬੱਕਰੀਆਂ ਜਿਨ੍ਹਾਂ ਉੱਤੇ ਧੱਬੇ ਜਾਂ ਧਾਰੀਆਂ ਸਨ ਅਤੇ ਸਾਰਿਆਂ ਕਾਲੀਆਂ ਭੇਡਾਂ ਵੀ ਅਲੱਗ ਕਰ ਦਿਤਿਆਂ। ਲਾਬਾਨ ਨੇ ਆਪਣੇ ਪੁੱਤਰ ਨੂੰ ਇਨ੍ਹਾਂ ਭੇਡਾਂ ਦਾ ਧਿਆਨ ਰੱਖਣ ਲਈ ਆਖਿਆ।
36 ਇਸ ਲਈ ਪੁੱਤਰਾਂ ਨੇ ਸਾਰੇ ਧੱਬੇ ਵਾਲੇ ਜਾਨਵਰ ਲੈ ਗਏ ਅਤੇ ਉਨ੍ਹਾਂ ਨੂੰ ਲੈਕੇ ਕਿਧਰੇ ਹੋਰ ਚਲੇ ਗਏ। ਉਹ ਤਿੰਨ ਦਿਨਾਂ ਤੱਕ ਸਫ਼ਰ ਕਰਦੇ ਰਹੇ। ਯਾਕੂਬ ਰੁਕ ਗਿਆ ਅਤੇ ਉਸਨੇ ਉਨ੍ਹਾਂ ਸਾਰੇ ਜਾਨਵਰਾਂ ਦਾ ਧਿਆਨ ਰੱਖਿਆ ਜਿਹੜੇ ਬਚ ਗਏ ਸਨ। ਪਰ ਉਥੇ ਕੋਈ ਵੀ ਅਜਿਹਾ ਜਾਨਵਰ ਨਹੀਂ ਸੀ ਜਿਸਦੇ ਉੱਤੇ ਧੱਬੇ ਸਨ ਜਾਂ ਉਹ ਕਾਲੇ ਸੀ।
37 ਇਸ ਲਈ ਯਾਕੂਬ ਨੇ ਪੋਪਲਰ ਅਤੇ ਬਾਦਾਮ ਅਤੇ ਸਾਫ਼ ਰੁਖਾਂ ਦੀਆਂ ਹਰੀਆਂ ਟਹਿਣੀਆਂ ਤੋੜੀਆਂ। ਯਾਕੂਬ ਨੇ ਸੱਕਾਂ ਨੂੰ ਛਿੱਲ ਦਿੱਤਾ ਤਾਂ ਜੋ ਟਹਿਣੀਆਂ ਦੇ ਉੱਤੇ ਚਿੱਟੀਆਂ ਧਾਰੀਆਂ ਬਣ ਜਾਣ।
38 ਯਾਕੂਬ ਨੇ ਉਹ ਟਹਿਣੀਆਂ ਜੋ ਉਸਨੇ ਛਿੱਲੀਆਂ ਸਨ ਉਨ੍ਹਾਂ ਇੱਜੜਾਂ ਦੇ ਸਾਮ੍ਹਣੇ ਸੁੱਟ ਦਿੱਤੀਆਂ ਜਿਹੜੇ ਪਾਣੀ ਪੀਣ ਵਾਲੀ ਥਾਂ ਉੱਤੇ ਸਨ। ਜਦੋਂ ਜਾਨਵਰ ਪਾਣੀ ਪੀਣ ਲਈ ਆਏ ਉਨ੍ਹਾਂ ਉਸ ਥਾਵੇਂ ਸੰਭੋਗ ਵੀ ਕੀਤਾ।
39 ਫ਼ੇਰ ਜਦੋਂ ਬੱਕਰੇ ਬੱਕਰੀਆਂ ਨੇ ਟਹਿਣੀਆਂ ਦੇ ਸਾਮ੍ਹਣੇ ਮੇਲ ਕੀਤਾ ਤਾਂ ਜਿਹੜੇ ਬੱਚੇ ਜੰਮੇ ਉਨ੍ਹਾਂ ਉੱਤੇ ਧੱਬੇ ਸਨ ਜਾਂ ਧਾਰੀਆਂ ਸਨ।
40 ਯਾਕੂਬ ਨੇ ਚਿਤਕਬਰੇ ਅਤੇ ਕਾਲੇ ਜਾਨਵਰਾਂ ਨੂੰ ਇੱਜੜ ਦੇ ਹੋਰਨਾਂ ਜਾਨਵਰਾਂ ਤੋਂ ਵੱਖ ਕਰ ਲਿਆ। ਯਾਕੂਬ ਨੇ ਇਨ੍ਹਾਂ ਜਾਨਵਰਾਂ ਨੂੰ ਲਾਬਾਨ ਦੇ ਜਾਨਵਰਾਂ ਤੋਂ ਵੱਖ ਰੱਖਿਆ।
41 ਜਦੋਂ ਵੀ ਇੱਜੜ ਦੇ ਤਕੜੇ ਜਾਨਵਰ ਮਿਲਾਪ ਕਰ ਰਹੇ ਹੁੰਦੇ, ਯਾਕੂਬ ਉਨ੍ਹਾਂ ਦੀਆਂ ਅਖਾਂ ਅੱਗੇ ਟਹਿਣੀਆਂ ਰੱਖ ਦਿੰਦਾ। ਜਾਨਵਰ ਉਨ੍ਹਾਂ ਟਹਿਣੀਆਂ ਨੇੜੇ ਮਿਲਾਪ ਕਰਦੇ।
42 ਪਰ ਜਦੋਂ ਕਮਜ਼ੋਰ ਜਾਨਵਰ ਮਿਲਾਪ ਕਰਦੇ ਯਾਕੂਬ ਉਥੇ ਟਹਿਣੀਆਂ ਨਹੀਂ ਰਖਦਾ ਸੀ। ਇਸ ਲਈ ਕਮਜ਼ੋਰ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਲਾਬਾਨ ਦੇ ਸਨ। ਅਤੇ ਤਕੜੇ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਯਾਕੂਬ ਦੇ ਸਨ।
43 ਇਸ ਤਰ੍ਹਾਂ ਨਾਲ, ਯਾਕੂਬ ਬਹੁਤ ਅਮੀਰ ਹੋ ਗਿਆ। ਉਸਦੇ ਕੋਲ ਵੱਡੇ ਇੱਜੜ ਸਨ, ਬਹੁਤ ਸਾਰੇ ਨੌਕਰ-ਚਾਕਰ, ਊਠ ਅਤੇ ਖੋਤੇ ਸਨ।