ਪੈਦਾਇਸ਼
ਕਾਂਡ 15
1 ਇਨ੍ਹਾਂ ਗੱਲਾਂ ਦੇ ਵਾਪਰਨ ਤੋਂ ਬਾਦ, ਅਬਰਾਮ ਨੂੰ ਯਹੋਵਾਹ ਦੇ ਸ਼ਬਦ ਦਾ ਦਰਸ਼ਨ ਹੋਇਆ। ਪਰਮੇਸ਼ੁਰ ਨੇ ਆਖਿਆ, “ਅਬਰਾਮ, ਡਰੀਂ ਨਾ। ਮੈਂ ਤੇਰੀ ਰੱਖਿਆ ਕਰਾਂਗਾ। ਅਤੇ ਮੈਂ ਤੈਨੂੰ ਬਹੁਤ ਵੱਡਾ ਇਨਾਮ ਦੇਵਾਂਗਾ।”
2 ਪਰ ਅਬਰਾਮ ਨੇ ਆਖਿਆ, “ਯਹੋਵਾਹ ਪਰਮੇਸ਼ੁਰ, ਇੱਥੇ ਕੋਈ ਵੀ ਅਜਿਹੀ ਸ਼ੈਅ ਨਹੀਂ ਜਿਹੜੀ ਮੈਨੂੰ ਦੇ ਸਕੇ ਅਤੇ ਜਿਹੜੀ ਮੈਨੂੰ ਖੁਸ਼ੀ ਦੇ ਸਕੇ। ਕਿਉਂਕਿ ਮੇਰਾ ਕੋਈ ਪੁੱਤਰ ਨਹੀਂ। ਇਸ ਲਈ ਮੇਰਾ ਦਮਿਸਕ ਵਾਲਾ ਗੁਲਾਮ, ਅਲੀਅਜ਼ਰ ਮੇਰੀ ਮੌਤ ਤੋਂ ਬਾਦ ਮੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।”
3 ਅਬਰਾਮ ਨੇ ਆਖਿਆ, “ਤੂੰ ਮੈਨੂੰ ਪੁੱਤਰ ਨਹੀਂ ਦਿੱਤਾ। ਇਸਲਈ ਮੇਰੇ ਘਰ ਵਿੱਚ ਪੈਦਾ ਹੋਣ ਵਾਲਾ ਗੁਲਾਮ ਹੀ ਮੇਰੀ ਹਰ ਸ਼ੈਅ ਦਾ ਵਾਰਿਸ ਹੋਵੇਗਾ।”
4 ਫ਼ੇਰ ਯਹੋਵਾਹ ਨੇ ਅਬਰਾਮ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਆਖਿਆ। ਉਹ ਗੁਲਾਮ ਤੇਰੀਆਂ ਚੀਜ਼ਾਂ ਦਾ ਵਾਰਿਸ ਨਹੀਂ ਹੋਵੇਗਾ। ਤੇਰੇ ਘਰ ਪੁੱਤਰ ਹੋਵੇਗਾ ਅਤੇ ਤੇਰਾ ਪੁੱਤਰ ਤੇਰੀਆਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।”
5 ਫ਼ੇਰ ਪਰਮੇਸ਼ੁਰ ਅਬਰਾਮ ਨੂੰ ਬਾਹਰ ਲੈ ਗਿਆ। ਪਰਮੇਸ਼ੁਰ ਨੇ ਆਖਿਆ, “ਅਕਾਸ਼ ਵੱਲ ਦੇਖ। ਬਹੁਤ ਸਾਰੇ ਤਾਰਿਆਂ ਵੱਲ ਦੇਖ। ਇਹ ਇੰਨੇ ਹਨ ਕਿ ਤੂੰ ਇਨ੍ਹਾਂ ਨੂੰ ਗਿਣ ਨਹੀਂ ਸਕਦਾ। ਭਵਿੱਖ ਵਿੱਚ ਤੇਰਾ ਪਰਿਵਾਰ ਵੀ ਇਸੇ ਤਰ੍ਹਾਂ ਹੋਵੇਗਾ।”
6 ਅਬਰਾਮ ਨੇ ਯਹੋਵਾਹ ਵਿੱਚ ਯਕੀਨ ਕੀਤਾ ਅਤੇ ਉਸਨੇ ਉਸਨੂੰ ਭਰੋਸਾ ਕਰਨ ਦੇ ਯੋਗ ਮੰਨਿਆ।
7 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਮੈਂ ਹੀ ਉਹ ਯਹੋਵਾਹ ਹਾਂ ਜਿਸਨੇ ਤੈਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲਿਆਂਦਾ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਤੈਨੂੰ ਇਹ ਜ਼ਮੀਨ ਦੇ ਸਕਾਂ - ਤੂੰ ਇਸ ਜ਼ਮੀਨ ਦਾ ਮਾਲਕ ਹੋਵੇਂਗਾ।”
8 ਪਰ ਅਬਰਾਮ ਨੇ ਆਖਿਆ, “ਯਹੋਵਾਹ ਮੇਰੇ ਸੁਆਮੀ, ਮੈਂ ਕਿਵੇਂ ਯਕੀਨ ਕਰਾਂ ਕਿ ਮੈਨੂੰ ਇਹ ਜ਼ਮੀਨ ਮਿਲੇਗੀ?”
9 ਪਰਮੇਸ਼ੁਰ ਨੇ ਅਬਰਾਮ ਨੂੰ ਆਖਿਆ, “ਅਸੀਂ ਇੱਕ ਇਕਰਾਰਨਾਮਾ ਕਰਾਂਗੇ ਮੇਰੇ ਲਈ ਤਿੰਨ ਵਰ੍ਹਿਆਂ ਦੀ ਇੱਕ ਗਾਂ, ਤਿੰਨ ਵਰ੍ਹਿਆਂ ਦੀ ਇੱਕ ਬੱਕਰੀ, ਤਿੰਨ ਵਰ੍ਹਿਆਂ ਦੀ ਇੱਕ ਭੇਡ ਅਤੇ ਇੱਕ ਘੁੱਗੀ ਅਤੇ ਕਬੂਤਰ ਵੀ ਲੈਕੇ ਆ।”
10 ਅਬਰਾਮ ਪਰਮੇਸ਼ੁਰ ਲਈ ਇਹ ਸਾਰੀਆਂ ਚੀਜ਼ਾਂ ਲੈ ਆਇਆ। ਅਬਰਾਮ ਨੇ ਇਨ੍ਹਾਂ ਜਾਨਵਰਾਂ ਨੂੰ ਦੋ ਟੁਕੜਿਆਂ ਵਿੱਚ ਵੱਢਿਆ। ਫ਼ੇਰ ਅਬਰਾਮ ਨੇ ਦੋਵੇਂ ਅਧੇ ਹਿਸਿਆਂ ਨੂੰ ਇੱਕ ਦੂਸਰੇ ਦੇ ਸਾਮ੍ਹਣੇ ਧਰ ਦਿੱਤਾ। ਅਬਰਾਮ ਨੇ ਪੰਛੀਆਂ ਦੇ ਟੋਟੇ ਨਹੀਂ ਕੀਤੇ।
11 ਬਾਦ ਵਿੱਚ ਵੱਡੇ ਪੰਛੀ ਪਸ਼ੂਆਂ ਨੂੰ ਖਾਣ ਲਈ ਹੇਠਾਂ ਉੱਤਰ ਆਏ। ਪਰ ਅਬਰਾਮ ਨੇ ਉਨ੍ਹਾਂ ਨੂੰ ਦੂਰ ਭਜਾ ਦਿੱਤਾ।
12 ਬਾਦ ਵਿੱਚ ਦਿਨ ਛਿਪਣ ਲੱਗਾ। ਅਬਰਾਮ ਨੂੰ ਬਹੁਤ ਨੀਂਦ ਆਈ ਅਤੇ ਉਹ ਸੌਂ ਗਿਆ। ਜਦੋਂ ਉਹ ਸੁੱਤਾ ਹੋਇਆ ਸੀ ਤਾਂ ਇੱਕ ਭਿਆਨਕ ਹਨੇਰਾ ਛਾ ਗਿਆ।
13 ਫ਼ੇਰ ਯਹੋਵਾਹ ਨੇ ਅਬਰਾਮ ਨੂੰ ਆਖਿਆ, “ਤੈਨੂੰ ਇਹ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ: ਤੇਰੇ ਉੱਤਰਾਧਿਕਾਰੀ ਅਜਿਹੇ ਦੇਸ਼ ਵਿੱਚ ਰਹਿਣਗੇ ਜਿਹੜਾ ਉਨ੍ਹਾਂ ਦਾ ਆਪਣਾ ਨਹੀਂ ਹੋਵੇਗਾ। ਉਹ ਉਥੇ ਅਜਨਬੀ ਹੋਣਗੇ। ਅਤੇ ਉਥੋਂ ਦੇ ਲੋਕ ਉਨ੍ਹਾਂ ਨੂੰ ਗੁਲਾਮ ਬਣਾ ਲੈਣਗੇ ਅਤੇ ਉਨ੍ਹਾਂ ਨਾਲ 400 ਵਰ੍ਹਿਆਂ ਤੱਕ ਬੁਰਾ ਸਲੂਕ ਕਰਨਗੇ।
14 ਪਰ ਫ਼ੇਰ ਮੈਂ ਉਸ ਕੌਮ ਨੂੰ ਸਜ਼ਾ ਦੇਵਾਂਗਾ ਜਿਸਨੇ ਉਨ੍ਹਾਂ ਨੂੰ ਗੁਲਾਮ ਬਣਾਇਆ ਹੋਵੇਗਾ। ਤੇਰੇ ਲੋਕ ਉਸ ਧਰਤੀ ਨੂੰ ਛੱਡ ਜਾਣਗੇ ਅਤੇ ਆਪਣੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਜਾਣਗੇ।
15 “ਤੂੰ ਖੁਦ ਬਹੁਤ ਲੰਮੀ ਉਮਰ ਭੋਗੇਂਗਾ। ਤੂੰ ਅਮਨ ਚੈਨ ਨਾਲ ਮਰੇਂਗਾ। ਅਤੇ ਤੈਨੂੰ ਤੇਰੇ ਪਰਿਵਾਰ ਨਾਲ ਦਫ਼ਨਾਇਆ ਜਾਵੇਗਾ।
16 ਚਾਰ ਪੀੜੀਆਂ ਬਾਦ ਤੇਰੇ ਲੋਕ ਇਸ ਧਰਤੀ ਉੱਤੇ ਫ਼ੇਰ ਆਉਣਗੇ। ਉਸ ਸਮੇਂ, ਤੇਰੇ ਲੋਕ ਅਮੋਰੀਆਂ ਨੂੰ ਹਰਾ ਦੇਣਗੇ। ਮੈਂ ਤੁਹਾਡੇ ਲੋਕਾਂ ਦੇ ਰਾਹੀਂ ਇੱਥੇ ਰਹਿਣ ਵਾਲੇ ਅਮੋਰੀਆਂ ਨੂੰ ਸਜ਼ਾ ਦੇਵਾਂਗਾ। ਇਹ ਗੱਲ ਭਵਿਖ ਵਿੱਚ ਹੋਵੇਗੀ, ਕਿਉਂਕਿ ਅਮੋਰੀ ਲੋਕ ਹਾਲੇ ਇਨੇ ਪਾਪੀ ਨਹੀਂ ਕਿ ਸਜ਼ਾ ਦੇ ਭਾਗੀ ਹੋਣ।”
17 ਸੂਰਜ ਛੁਪਣ ਤੋਂ ਬਾਦ, ਬਹੁਤ ਹਨੇਰਾ ਹੋ ਗਿਆ। ਮੁਰਦਾ ਜਾਨਵਰ ਹਾਲੇ ਵੀ ਧਰਤੀ ਉੱਤੇ ਪਏ ਸਨ - ਹਰੇਕ ਜਾਨਵਰ ਦੋ ਹਿਸਿਆਂ ਵਿੱਚ ਵੰਡਿਆ ਹੋਇਆ ਸੀ। ਉਸ ਵੇਲੇ, ਮਰੇ ਹੋਏ ਜਾਨਵਰਾਂ ਦੇ ਅਧੇ ਟੋਟਿਆਂ ਦੇ ਵਿਚਕਾਰੋਂ ਅੱਗ ਅਤੇ ਧੂੰਏਂ ਦੀ ਲਕੀਰ ਨਿਕਲੀ।
18 ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ।
19 ਇਹ ਧਰਤੀ ਕੇਨੀ ਲੋਕਾਂ, ਕਨਿਜ਼ੀ ਲੋਕਾਂ, ਕਦਮੋਨੀ ਲੋਕਾਂ,
20 ਹਿੱਤੀ ਲੋਕਾਂ, ਪਰਿਜ਼ੀ ਲੋਕਾਂ, ਰਫਾਈਮ ਲੋਕਾਂ,
21 ਅਮੋਰੀ ਲੋਕਾਂ, ਕਨਾਨੀ ਲੋਕਾਂ, ਗਿਰਗਾਸ਼ੀ ਲੋਕਾਂ ਅਤੇ ਯਬੂਸੀ ਲੋਕਾਂ ਦੀ ਹੈ।