ਯਰਮਿਆਹ
ਕਾਂਡ 42
1 ਹਾਲੇ ਜਦੋਂ ਉਹ ਗੇਰੁਬ ਕਿਮਹਾਮ ਵਿੱਚ ਹੀ ਸਨ ਤਾਂ ਯੋਹਾਨਾਨ ਅਤੇ ਹੋਸ਼ਅਯਾਹ ਦਾ ਇੱਕ ਪੁੱਤਰ ਜਿਸਦਾ ਨਾਂ ਯਜ਼ਨਯਾਹ ਸੀ, ਨਬੀ ਯਿਰਮਿਯਾਹ ਵੱਲ ਗਏ। ਸਾਰੇ ਫ਼ੌਜੀ ਅਧਿਕਾਰੀ ਯੋਹਾਨਾਨ ਅਤੇ ਯਜ਼ਨਯਾਹ ਦੇ ਨਾਲ ਗਏ। ਸਾਰੇ ਬੰਦੇ ਛੋਟੇ ਤੋਂ ਲੈਕੇ ਵੱਡੇ ਤੱਕ, ਯਿਰਮਿਯਾਹ ਵੱਲ ਗਏ।
2 ਉਨ੍ਹਾਂ ਸਾਰੇ ਲੋਕਾਂ ਨੇ ਉਸਨੂੰ ਆਖਿਆ, "ਯਿਰਮਿਯਾਹ ਮਿਹਰਬਾਨੀ ਕਰਕੇ ਜੋ ਅਸੀਂ ਆਖਦੇ ਹਾਂ ਉਸਨੂੰ ਧਿਆਨ ਨਾਲ ਸੁਣੋ। ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਉਨ੍ਹਾਂ ਸਾਰੇ ਲੋਕਾਂ ਲਈ, ਜਿਹੜੇ ਯਹੂਦਾਹ ਦੇ ਪਰਿਵਾਰ ਵਿੱਚੋਂ ਬਚੇ ਰਹਿ ਗਏ ਹਨ, ਪ੍ਰਾਰਥਨਾ ਕਰੋ। ਯਿਰਮਿਯਾਹ, ਇਹ ਤਾਂ ਤੁਸੀਂ ਦੇਖਦੇ ਹੀ ਹੋ ਕਿ ਸਾਡੇ ਵਿੱਚੋਂ ਬਹੁਤੇ ਲੋਕ ਨਹੀਂ ਬਚੇ ਹੋਏ। ਇੱਕ ਵੇਲੇ ਅਸੀਂ ਬਹੁਤ ਸਾਂ।
3 ਯਿਰਮਿਯਾਹ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਕਿ ਉਹ ਸਾਨੂੰ ਦੱਸੇ ਕਿ ਅਸੀਂ ਕਿੱਧਰ ਜਾਈਏ ਅਤੇ ਕੀ ਕਰੀਏ।"
4 ਤਦੋ ਨਬੀ ਯਿਰਮਿਯਾਹ ਨੇ ਜਵਾਬ ਦਿੱਤਾ, "ਮੈਂ ਉਨ੍ਹਾਂ ਗੱਲਾਂ ਨੂੰ ਸਮਝਦਾ ਹਾਂ ਜੋ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ। ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਾਂਗਾ ਜਿਹੀ ਕਿ ਤੁਸੀਂ ਮੈਂ ਕਰਨ ਲਈ ਆਖਿਆ ਹੈ। ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿਆਂਗਾ ਜੋ ਯਹੋਵਾਹ ਆਖੇਗਾ। ਮੈਂ ਤੁਹਾਡੇ ਪਾਸੋਂ ਕੁਝ ਵੀ ਨਹੀਂ ਛੁਪਾਵਾਂਗਾ।"
5 ਫ਼ੇਰ ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, "ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜਿਹੜੀ ਤੁਹਾਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਸਾਨੂੰ ਦੱਸਣ ਲਈ ਭੇਜਦਾ ਹੈ, ਜੇਕਰ ਅਸੀਂ ਨਹੀਂ ਕਰਾਂਗੇ, ਯਹੋਵਾਹ ਸਾਡੇ ਵਿਰੁੱਧ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ।
6 ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਸੰਦੇਸ਼ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ ਕਰਦੇ। ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨਾਂਗੇ। ਅਸੀਂ ਤੁਹਾਨੂੰ ਯਹੋਵਾਹ ਵੱਲ ਉਸਦੇ ਸੰਦੇਸ਼ ਲਈ ਭੇਜ ਰਹੇ ਹਾਂ। ਜੋ ਵੀ ਉਹ ਆਖੇਗਾ ਅਸੀਂ ਮੰਨਾਂਗੇ। ਫ਼ੇਰ ਸਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਾਂਗੇ।"
7 ਦਸਾਂ ਦਿਨਾਂ ਦੇ ਅੰਤ ਉੱਤੇ, ਯਿਰਮਿਯਾਹ ਨੂੰ
8 ਯਹੋਵਾਹ ਦਾ ਸੰਦੇਸ਼ ਮਿਲਿਆ। ਫ਼ੇਰ ਯਿਰਮਿਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੂੰ ਇਕਠਿਆਂ ਬ੍ਬੁਲਾਇਆ। ਯਿਰਮਿਯਾਹ ਨੇ ਛੋਟੇ ਤੋਂ ਲੈਕੇ ਵੱਡੇ ਤੀਕ ਹੋਰਨਾਂ ਸਭ ਲੋਕਾਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ।
9 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਨੂੰ ਆਖਿਆ, "ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਆਖਦਾ ਹੈ। ਤੁਸੀਂ ਮੈਨੂੰ ਉਸਦੇ ਕੋਲ ਭੇਜਿਆ। ਮੈਂ ਯਹੋਵਾਹ ਓਹ ਗੱਲ ਪੁੱਛੀ ਜੋ ਤੁਸੀਂ ਮੈਨੂੰ ਪੁੱਛਣ ਲਈ ਆਖਿਆ ਸੀ। ਇਹੀ ਹੈ ਜੋ ਯਹੋਵਾਹ ਆਖਦਾ ਹੈ:
10 'ਜੇ ਤੁਸੀਂ ਲੋਕ ਯਹੂਦਾਹ ਵਿੱਚ ਠਹਿਰੋਗੇ ਤਾਂ ਮੈਂ ਤੁਹਾਨੂੰ ਤਾਕਤਵਰ ਬਣਾਵਾਂਗਾ - ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਬੀਜਾਂਗਾ, ਪੁਟ੍ਟਾਂਗਾ ਨਹੀਂ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਮੈਂ ਉਨ੍ਹਾਂ ਭਿਆਨਕ ਗੱਲਾਂ ਕਰਕੇ ਬਹੁਤ ਉਦਾਸ ਹਾਂ ਜਿਹੜੀਆਂ ਮੈਂ ਤੁਹਾਡੇ ਉੱਤੇ ਵਾਪਰਨ ਦਿੱਤੀਆਂ।
11 ਹੁਣ ਤੁਸੀਂ ਬਾਬਲ ਦੇ ਰਾਜੇ ਤੋਂ ਭੈਭੀਤ ਹੋ। ਪਰ ਉਸਤੋਂ ਭੈਭੀਤ ਨਾ ਹੋਵੋ। ਬਾਬਲ ਦੇ ਰਾਜੇ ਤੋਂ ਡਰੋ ਨਾ', ਯਹੋਵਾਹ ਦਾ ਇਹ ਸੰਦੇਸ਼ ਹੈ, 'ਕਿਉਂ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਮੁਸ਼ਕਿਲ ਵਿੱਚੋਂ ਕੱਢਾਂਗਾ। ਉਹ ਤੁਹਾਡੇ ਉੱਪਰ ਹੱਥ ਨਹੀਂ ਪਾ ਸਕੇਗਾ।
12 ਮੈਂ ਤੁਹਾਡੇ ਉੱਪਰ ਮਿਹਰਬਾਨ ਹੋਵਾਂਗਾ। ਅਤੇ ਬਾਬਲ ਦਾ ਰਾਜਾ ਵੀ ਤੁਹਾਡੇ ਉੱਤੇ ਰਹਿਮ ਕਰੇਗਾ। ਅਤੇ ਉਹ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇਗਾ।'
13 ਪਰ ਤੁਸੀਂ ਸ਼ਾਇਦ ਇਹ ਆਖੋ, 'ਅਸੀਂ ਯਹੂਦਾਹ ਵਿੱਚ ਨਹੀਂ ਠਹਿਰਾਂਗੇ।' ਜੇ ਤੁਸੀਂ ਇਹ ਆਖੋਗੇ, ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਹੁਕਮ ਅਦੂਲੀ ਕਰੋਗੇ।
14 ਅਤੇ ਸ਼ਾਇਦ ਤੁਸੀਂ ਇਹ ਆਖੋ, 'ਨਹੀਂ, ਅਸੀਂ ਮਿਸਰ ਵਿੱਚ ਜਾਕੇ ਰਹਾਂਗੇ। ਸਾਨੂੰ ਉਸ ਥਾਂ ਉੱਤੇ ਲੜਾਈ ਦੀ ਚਿੰਤਾ ਨਹੀਂ ਹੋਵੇਗੀ। ਸਾਨੂੰ ਓਥੇ ਜੰਗ ਦੀਆਂ ਤੂਰ੍ਹੀਆਂ ਨਹੀਂ ਸੁਣਾਈ ਦੇਣਗੀਆਂ। ਅਤੇ ਮਿਸਰ ਵਿੱਚ ਅਸੀਂ ਭੁੱਖੇ ਵੀ ਨਹੀਂ ਮਰਾਂਗੇ।'
15 ਜੇ ਤੁਸੀਂ ਇਹ ਗੱਲਾਂ ਆਖੋਗੇ, ਤਾਂ ਯਹੂਦਾਹ ਦੇ ਬਾਕੀ ਬਚੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣ ਲਵੋ। ਇਹੀ ਹੈ ਜੋ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: 'ਜੇ ਤੁਸੀਂ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦੇ ਹੋ ਤਾਂ ਇਹ ਗੱਲਾਂ ਵਾਪਰਨਗੀਆਂ।
16 ਤੁਸੀਂ ਜੰਗ ਦੀ ਤਲਵਾਰ ਤੋਂ ਭੈਭੀਤ ਹੋ ਪਰ ਇਹ ਤੁਹਾਨੂੰ ਓਥੇ ਹਰਾਵੇਗੀ। ਅਤੇ ਤੁਸੀਂ ਭੁੱਖ ਦੀ ਚਿੰਤਾ ਕਰ ਰਹੇ ਹੋ ਪਰ ਮਿਸਰ ਵਿੱਚ ਤੁਸੀਂ ਭੁੱਖੇ ਰਹੋਗੇ। ਤੁਸੀਂ ਓਥੇ ਮਰੋਗੇ।
17 ਹਰ ਉਹ ਬੰਦਾ ਜਿਹੜਾ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ ਨਾਲ, ਜਾਂ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਕੋਈ ਵੀ ਬੰਦਾ ਜਿਹੜਾ ਮਿਸਰ ਜਾਵੇਗਾ, ਬਚੇਗਾ ਨਹੀਂ। ਉਨ੍ਹਾਂ ਵਿੱਚੋਂ ਇੱਕ ਵੀ ਬੰਦਾ ਉਨ੍ਹਾਂ ਭਿਆਨਕ ਆਫ਼ਤਾਂ ਤੋਂ ਨਹੀਂ ਬਚ ਸਕੇਗਾ ਜਿਹੜੀਆਂ ਮੈਂ ਉਨ੍ਹਾਂ ਲਈ ਲੈਕੇ ਆਵਾਂਗਾ।'
18 "ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: 'ਮੈਂ ਯਰੂਸ਼ਲਮ ਦੇ ਖਿਲਾਫ਼ ਆਪਣਾ ਗੁੱਸਾ ਦਿਖਾਇਆ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ। ਇਸੇ ਤਰ੍ਹਾਂ, ਮੈਂ ਹਰ ਓਸ ਬੰਦੇ ਦੇ ਖਿਲਾਫ਼ ਆਪਣਾ ਗੁੱਸਾ ਦਿਖਾਵਾਂਗਾ ਜਿਹੜਾ ਮਿਸਰ ਜਾਵੇਗਾ। ਹੋਰਨਾਂ ਲੋਕਾਂ ਨੂੰ ਸਰਾਪ ਦੇਣ ਲਗਿਆ ਲੋਕ ਤੁਹਾਡੀ ਵਰਤੋਂ ਮਿਸਾਲ ਦੇਣ ਲਈ ਕਰਨਗੇ। ਤੁਸੀਂ ਸਰਾਪ ਦੇ ਸ਼ਬਦ ਵਰਗੇ ਬਣ ਜਾਵੋਗੇ। ਲੋਕ ਤੁਹਾਡੇ ਕੋਲੋਂ ਸ਼ਰਮਸਾਰ ਹੋਣਗੇ। ਲੋਕ ਤੁਹਾਡੀ ਬੇਇੱਜ਼ਤੀ ਕਰਨਗੇ। ਅਤੇ ਤੁਸੀਂ ਫ਼ੇਰ ਕਦੇ ਵੀ ਯਹੂਦਾਹ ਨਹੀਂ ਦੇਖ ਸਕੋਗੇ।'
19 "ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਨੇ ਤੁਹਾਨੂੰ ਆਖਿਆ ਸੀ: 'ਮਿਸਰ ਨੂੰ ਨਾ ਜਾਓ।' ਮੈਂ ਤੁਹਾਨੂੰ ਹੁਣ, ਇਸੇ ਵੇਲੇ, ਚੇਤਾਵਨੀ ਦਿੰਦਾ ਹਾਂ,
20 ਤੁਸੀਂ ਲੋਕ ਅਜਿਹੀ ਗ਼ਲਤੀ ਕਰ ਰਹੇ ਹੋ ਜਿਹੜੀ ਤੁਹਾਡੀ ਮੌਤ ਦਾ ਕਾਰਣ ਬਣੇਗੀ। ਤੁਸੀਂ ਲੋਕਾਂ ਨੂੰ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਸੀ। ਤੁਸੀਂ ਮੈਨੂੰ ਆਖਿਆ ਸੀ, 'ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ। ਸਾਨੂੰ ਹਰ ਉਹ ਗੱਲ ਦੱਸੋ ਜੋ ਯਹੋਵਾਹ ਸਾਨੂੰ ਕਰਨ ਲਈ ਆਖਦਾ ਹੈ। ਅਸੀਂ ਯਹੋਵਾਹ ਦਾ ਹੁਕਮ ਮੰਨਾਂਗੇ।'
21 ਇਸ ਲਈ ਅੱਜ, ਮੈਂ ਤੁਹਾਨੂੰ ਯਹੋਵਾਹ ਦਾ ਸੰਦੇਸ਼ ਦੇ ਦਿੱਤਾ ਹੈ। ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਉਸਨੇ ਮੇਰੇ ਰਾਹੀਂ ਤੁਹਾਨੂੰ ਕਰਨ ਲਈ ਆਖੀਆਂ ਸਨ।
22 ਇਸ ਲਈ ਹੁਣ, ਪੱਕਾ ਕਰੋ ਕਿ ਤੁਸੀਂ ਇਹ ਗੱਲ ਸਮਝਦੇ ਹੋ: ਤੁਸੀਂ ਲੋਕ ਮਿਸਰ ਵਿੱਚ ਜਾਕੇ ਰਹਿਣਾ ਚਾਹੁੰਦੇ ਹੋ। ਪਰ ਮਿਸਰ ਵਿੱਚ ਤੁਹਾਡੇ ਨਾਲ ਇਹ ਗੱਲਾਂ ਵਾਪਰਨਗੀਆਂ। ਤੁਸੀਂ ਤਲਵਾਰ ਨਾਲ, ਜਾਂ ਭੁੱਖ ਨਾਲ, ਜਾਂ ਭਿਆਨਕ ਬੀਮਾਰੀ ਨਾਲ ਮਰੋਗੇ।"