ਯਰਮਿਆਹ
ਕਾਂਡ 27
1 ਯਹੋਵਾਹ ਵੱਲੋਂ ਇਹ ਸੰਦੇਸ਼ ਯਿਰਮਿਯਾਹ ਨੂੰ ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਸ਼ੁਰੂਆਤ ਵਿੱਚ ਮਿਲਿਆ। ਸਿਦਕੀਯਾਹ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ।
2 ਇਹ ਸੀ ਜੋ ਯਹੋਵਾਹ ਨੇ ਮੈਨੂੰ ਆਖਿਆ, "ਯਿਰਮਿਯਾਹ, ਡਂਡਿਆਂ ਅਤੇ ਰਸੀਆਂ ਤੋਂ ਇੱਕ ਜੂਲਾ ਬਣਾ ਅਤੇ ਇਸ ਨੂੰ ਆਪਣੀ ਗਰਦਨ ਉੱਤੇ ਰੱਖ।
3 ਫ਼ੇਰ ਹੋਰਨਾਂ ਹਲਾਂ ਨੂੰ ਅਦੋਮ, ਮੋਆਬ ਅਤੇ ਅੰਮੋਨ, ਸੂਰ ਅਤੇ ਸੈਦਾ ਦੇ ਰਾਜਿਆਂ ਨੂੰ ਘੱਲ ਦੇ। ਉਨ੍ਹਾਂ ਰਾਜਿਆਂ ਨੂੰ ਜਿਹੜੇ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਮਿਲਣ ਆਏ ਨੇ, ਸੰਦੇਸ਼ਵਾਹਕਾਂ ਹੱਥ ਸੰਦੇਸ਼ ਭੇਜ।
4 ਉਨ੍ਹਾਂ ਸੰਦੇਸ਼ਵਾਹਕਾਂ ਨੂੰ ਆਖ ਕਿ ਉਹ ਆਪਣੇ ਮਾਲਕਾਂ ਨੂੰ ਇਹ ਸੰਦੇਸ਼ ਦੇਣ। ਉਨ੍ਹਾਂ ਨੂੰ ਆਖੀਂ, 'ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਆਪਣੇ ਮਾਲਕਾਂ ਨੂੰ ਆਖੋ ਕਿ ਮੈਂ ਇਸ ਧਰਤੀ ਨੂੰ ਅਤੇ ਇਸ ਉੱਤੇ ਵਸਣ ਵਾਲਿਆਂ ਨੂੰ ਆਖ ਕਿ
5 ਮੈਂ ਧਰਤੀ ਨੂੰ ਅਤੇ ਇਸ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਾਜਿਆ ਸੀ। ਮੈਂ ਧਰਤੀ ਉਤਲੇ ਸਾਰੇ ਜਾਨਵਰਾਂ ਨੂੰ ਸਾਜਿਆ ਸੀ। ਇਹ ਸਾਰਾ ਕੁਝ ਮੈਂ ਆਪਣੀ ਵੱਡੀ ਸ਼ਕਤੀ ਨਾਲ ਅਤੇ ਤਾਕਤਵਰ ਹੱਥ ਨਾਲ ਕੀਤਾ। ਮੈਂ ਜਿਸ ਕਿਸੇ ਨੂੰ ਚਾਹਾਂ ਇਹ ਧਰਤੀ ਦੇ ਸਕਦਾ ਹਾਂ।
6 ਹੁਣ ਮੈਂ ਤੁਹਾਡੇ ਸਾਰੇ ਦੇਸ਼ਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਦੇ ਦਿੱਤਾ ਹੈ। ਉਹ ਮੇਰਾ ਸੇਵਕ ਹੈ। ਮੈਂ ਜੰਗਲੀ ਜਾਨਵਰਾਂ ਕੋਲੋਂ ਵੀ ਉਸਦਾ ਆਗਿਆ ਪਾਲਨ ਕਰਾਵਾਂਗਾ।
7 ਸਾਰੀਆਂ ਕੌਮਾਂ ਨਬੂਕਦਨੱਸਰ ਉਸਦੇ ਪੁੱਤਰ ਅਤੇ ਉਸਦੇ ਪੋਤਰੇ ਦੀ ਸੇਵਾ ਕਰਨਗੀਆਂ। ਫ਼ੇਰ ਇੱਕ ਸਮਾਂ ਆਵੇਗਾ ਜਦੋਂ ਬਾਬਲ ਹਾਰ ਜਾਵੇਗਾ। ਬਹੁਤ ਸਾਰੀਆਂ ਕੌਮਾਂ ਅਤੇ ਮਹਾਨ ਰਾਜੇ ਬਾਬਲ ਨੂੰ ਆਪਣਾ ਸੇਵਕ ਬਣਾ ਲੈਣਗੇ।
8 "ਪਰ ਜੇਕਰ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰਨ ਤੋਂ ਅਤੇ ਉਸ ਦਾ ਜੂਲਾ ਆਪਣੀ ਗਰਦਨ ਤੇ ਪਾਉਣ ਤੋਂ ਇਨਕਾਰ ਕਰਦਾ, ਮੈਂ ਉਸ ਕੌਮ ਨੂੰ ਤਲਵਾਰ, ਭੁੱਖ ਅਤੇ ਭਿਆਨਕ ਬਿਮਾਰੀ ਨਾਲ ਸਜ਼ਾ ਦਿਆਂਗਾ।"' ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "'ਇਹ ਗੱਲ ਮੈਂ ਉਦੋਂ ਤੀਕ ਕਰਾਂਗਾ ਜਦੋਂ ਤੀਕ ਕਿ ਮੈਂ ਉਸ ਕੌਮ ਨੂੰ ਤਬਾਹ ਨਹੀਂ ਕਰ ਦਿੰਦਾ। ਮੈਂ ਨਬੂਕਦਨੱਸਰ ਦੀ ਵਰਤੋਂ ਉਸ ਕੌਮ ਨੂੰ ਤਬਾਹ ਕਰਨ ਲਈ ਕਰਾਂਗਾ ਜਿਹੜੀ ਉਸਦੇ ਖਿਲਾਫ਼ ਲੜਦੀ ਹੈ।
9 ਇਸ ਲਈ ਆਪਣੇ ਨਬੀਆਂ ਦੀ ਗੱਲ ਨਾ ਸੁਣੋ, ਉਨ੍ਹਾਂ ਲੋਕਾਂ ਦੀ ਗੱਲ ਨਾ ਸੁਣੋ ਜਿਹੜੇ ਜਾਦੂ ਦੇ ਪ੍ਰਭਾਵ ਨਾਲ ਭਵਿੱਖ ਬਾਣੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਨਾ ਸੁਣੋ ਜਿਹੜੇ ਆਖਦੇ ਨੇ ਕਿ ਉਹ ਸੁਪਨਿਆਂ ਦੀ ਵਿਆਖਿਆ ਕਰ ਸਕਦੇ ਹਨ। ਉਨ੍ਹਾਂ ਲੋਕਾਂ ਨਾਲ ਗੱਲ ਨਾ ਕਰੋ ਜਿਹੜੇ ਮੁਰਦਿਆਂ ਨਾਲ ਗੱਲਾਂ ਕਰਦੇ ਨੇ ਜਾਂ ਜਿਹੜੇ ਜਾਦੂ-ਟੂਣੇ ਕਰਦੇ ਨੇ। ਉਹ ਸਾਰੇ ਲੋਕ ਤੁਹਾਨੂੰ ਦਸ੍ਸਦੇ ਹਨ, "ਤੁਸੀਂ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਬਣੋਗੇ।"
10 ਪਰ ਉਹ ਲੋਕ ਤੁਹਾਡੇ ਨਾਲ ਝੂਠ ਬੋਲ ਰਹੇ ਹਨ। ਉਹ ਲੋਕ ਸਿਰਫ਼ ਤੁਹਾਨੂੰ ਵਤਨੋ ਦੂਰ ਲਿਜਾਣ ਦਾ ਕਾਰਣ ਬਣਨਗੇ। ਮੈਂ ਤੁਹਾਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਕਰਾਂਗਾ। ਅਤੇ ਤੁਸੀਂ ਪਰਾੇ ਦੇਸ਼ ਵਿੱਚ ਜਾਕੇ ਮਰੋਗੇ।
11 "'ਪਰ ਉਹ ਕੌਮਾਂ ਜਿਨ੍ਹਾਂ ਨੇ ਬਾਬਲ ਦੇ ਰਾਜੇ ਦੀ ਅਧੀਨਗੀ ਕਬੂਲ ਕਰ ਲਈ ਹੋਵੇਗੀ ਉਹ ਜਿਉਣਗੀਆਂ। ਮੈਂ ਉਨ੍ਹਾਂ ਕੌਮਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰਨ ਦਿਆਂਗਾ।"' ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "'ਉਨ੍ਹਾਂ ਕੌਮਾਂ ਦੇ ਲੋਕ ਆਪਣੀ ਧਰਤੀ ਅੰਦਰ ਰਹਿਣਗੇ ਅਤੇ ਉਸੇ ਦੀ ਖੇਤੀ ਕਰਨਗੇ।
12 "'ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਨੂੰ ਵੀ ਇਹੀ ਸੰਦੇਸ਼ ਦਿੱਤਾ ਸੀ। ਮੈਂ ਆਖਿਆ ਸੀ, "ਸਿਦਕੀਯਾਹ, ਤੈਨੂੰ ਆਪਣੀ ਗਰਦਨ ਬਾਬਲ ਦੇ ਰਾਜੇ ਦੇ ਜੂਲੇ ਹੇਠਾਂ ਪਾ ਦੇਣੀ ਚਾਹੀਦੀ ਹੈ ਅਤੇ ਉਸਦਾ ਹੁਕਮ ਮੰਨਣਾ ਚਾਹੀਦਾ ਹੈ। ਜੇ ਤੂੰ ਬਾਬਲ ਦੇ ਰਾਜੇ ਅਤੇ ਉਸਦੇ ਲੋਕਾਂ ਦੀ ਸੇਵਾ ਕਰੇਗਾ, ਤਾਂ ਤੂੰ ਜੀਵੇਗਾ।
13 ਜੇ ਤੂੰ ਬਾਬਲ ਦੇ ਰਾਜੇ ਦੀ ਸੇਵਾ ਕਰਨੀ ਨਹੀਂ ਮਂਨੇਗਾ ਤਾਂ ਤੂੰ ਅਤੇ ਤੇਰੇ ਲੋਕ ਦੁਸ਼ਮਣ ਦੀ ਤਲਵਾਰ, ਭੁੱਖ ਨਂਗ ਅਤੇ ਭਿਆਨਕ ਬਿਮਾਰੀਆਂ ਹੱਥੋਂ ਮਾਰੇ ਜਾਓਗੇ। ਯਹੋਵਾਹ ਨੇ ਆਖਿਆ ਸੀ ਕਿ ਇਹ ਗੱਲਾਂ ਵਾਪਰਨਗੀਆਂ।
14 ਪਰ ਝੂਠੇ ਨਬੀ ਆਖ ਰਹੇ ਹਨ: ਤੁਸੀਂ ਕਦੇ ਵੀ ਬਾਬਲ ਦੇ ਰਾਜੇ ਦੇ ਗੁਲਾਮ ਨਹੀਂ ਹੋਵੋਗੇ।"'ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਅੱਗੇ ਝੂਠ ਦਾ ਪ੍ਰਚਾਰ ਕਰ ਰਹੇ ਹਨ।
15 ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਸੀ ਭੇਜਿਆ।"' ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "'ਉਹ ਝੂਠ ਦਾ ਪ੍ਰਚਾਰ ਕਰ ਰਹੇ ਨੇ ਅਤੇ ਆਖ ਰਹੇ ਨੇ ਕਿ ਸੰਦੇਸ਼ ਮੇਰੇ ਵੱਲੋਂ ਹੈ। ਇਸ ਲਈ ਮੈਂ ਤੁਹਾਨੂੰ ਯਹੂਦਾਹ ਦੇ ਲੋਕਾਂ ਨੂੰ ਦੂਰ ਭੇਜ ਦਿਆਂਗਾ ਤੁਸੀਂ ਮਰ ਜਾਵੋਗੇ। ਅਤੇ ਉਹ ਨਬੀ ਜਿਹੜੇ ਤੁਹਾਡੇ ਅੱਗੇ ਪ੍ਰਚਾਰ ਕਰ ਰਹੇ ਨੇ ਉਹ ਵੀ ਮਰ ਜਾਣਗੇ।"
16 ਫ਼ੇਰ ਮੈਂ ਉਨ੍ਹਾਂ ਜਾਜਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਆਖਿਆ, "ਯਹੋਵਾਹ ਆਖਦਾ ਹੈ: ਉਹ ਝੂਠੇ ਨਬੀ ਆਖ ਰਹੇ ਹਨ, 'ਬਾਬਲ ਵਾਲਿਆਂ ਨੇ ਯਹੋਵਾਹ ਦੇ ਮੰਦਰ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਚੁੱਕ ਲਈਆਂ ਹਨ। ਉਹ ਚੀਜ਼ਾਂ ਛੇਤੀ ਵਾਪਸ ਲਿਆਂਦੀਆਂ ਜਾਣਗੀਆਂ।' ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ ਕਿਉਂ ਕਿ ਉਹ ਤੁਹਾਡੇ ਸਾਮ੍ਹਣੇ ਝੂਠ ਦਾ ਪ੍ਰਚਾਰ ਕਰ ਰਹੇ ਨੇ।
17 ਉਨ੍ਹਾਂ ਨਬੀਆਂ ਦੀ ਗੱਲ ਨਾ ਸੁਣੋ। ਬਾਬਲ ਦੇ ਰਾਜੇ ਦੀ ਸੇਵਾ ਕਰੋ। ਆਪਣੀ ਸਜ਼ਾ ਨੂੰ ਪ੍ਰਵਾਨ ਕਰ ਲਵੋ ਅਤੇ ਤੁਸੀਂ ਜਿਉਂਦੇ ਰਹੋਗੇ। ਤੁਹਾਡੇ ਲਈ ਯਰੂਸ਼ਲਮ ਦੇ ਇਸ ਸ਼ਹਿਰ ਦੇ ਤਬਾਹ ਕੀਤੇ ਜਾਣ ਦਾ ਕੋਈ ਕਾਰਣ ਨਹੀਂ ਹੈ।
18 ਜੇ ਉਹ ਲੋਕ ਨਬੀ ਹਨ ਅਤੇ ਯਹੋਵਾਹ ਵੱਲੋਂ ਸੰਦੇਸ਼ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਰਥਨਾ ਕਰਨ ਦਿਓ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਹਨ। ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਰਾਜੇ ਦੇ ਮਹਿਲ ਅੰਦਰ ਹਨ। ਅਤੇ ਉਨ੍ਹਾਂ ਨੂੰ ਉਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰਨ ਦਿਓ ਜਿਹੜੀਆਂ ਹਾਲੇ ਵੀ ਯਰੂਸ਼ਲਮ ਅੰਦਰ ਹਨ। ਉਨ੍ਹਾਂ ਨਬੀਆਂ ਨੂੰ ਪ੍ਰਾਰਥਨਾ ਕਰਨ ਦਿਓ ਕਿ ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣ।"
19 ਸਰਬ ਸ਼ਕਤੀਮਾਨ ਯਹੋਵਾਹ ਉਨ੍ਹਾਂ ਚੀਜ਼ਾਂ ਬਾਰੇ ਇਹ ਆਖਦਾ ਹੈ ਜਿਹੜੀਆਂ ਹਾਲੇ ਵੀ ਯਰੂਸ਼ਲਮ ਵਿੱਚ ਬਚੀਆਂ ਹੋਈਆਂ ਹਨ। ਮੰਦਰ ਵਿੱਚ ਬਮਲੇ ਹਨ, ਕਾਂਸੀ ਦਾ ਸਮੁੰਦਰ ਹੈ, ਹਿਲਣ ਵਾਲੇ ਸਟੈਁਡ ਅਤੇ ਹੋਰ ਚੀਜ਼ਾਂ ਹਨ। ਬਾਬਲ ਦੇ ਰਾਜੇ ਨਬੂਕਦਨੱਸਰ ਨੇ ਉਹ ਚੀਜ਼ਾਂ ਯਰੂਸ਼ਲਮ ਵਿੱਚ ਛੱਡ ਦਿੱਤੀਆਂ।
20 ਨਬੂਕਦਨੱਸਰ ਉਦੋਂ ਉਨ੍ਹਾਂ ਚੀਜ਼ਾਂ ਨੂੰ ਲੈਕੇ ਨਹੀਂ ਗਿਆ ਜਦੋਂ ਉਸਨੇ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਕੈਦੀ ਬਣਾ ਕੇ ਲੈ ਗਿਆ ਸੀ। ਯੇਹੋਇਆਚਿਨ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਨਬੂਕਦਨੱਸਰ ਯਹੂਦਾਹ ਅਤੇ ਯਰੂਸ਼ਲਮ ਦੇ ਹੋਰ ਵੀ ਕਈ ਮਹੱਤਵਪੂਰਣ ਬੰਦਿਆਂ ਨੂੰ ਲੈ ਗਿਆ ਸੀ।
21 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਬਾਰੇ ਜਿਹੜੀਆਂ ਹਾਲੇ ਵੀ ਮੰਦਰ ਵਿੱਚ ਅਤੇ ਯਰੂਸ਼ਲਮ ਦੇ ਰਾਜੇ ਦੇ ਮਹਿਲ ਅੰਦਰ ਹਾਲੇ ਵੀ ਰਹਿ ਗਈਆਂ ਹਨ।
22 ਉਹ ਸਾਰੀਆਂ ਚੀਜ਼ਾਂ ਬਾਬਲ ਲਿਜਾਈਆਂ ਜਾਣਗੀਆਂ ਜਦੋਂ ਤੀਕ ਕਿ ਮੈਂ ਇੱਕ ਦਿਨ ਉਨ੍ਹਾਂ ਨੂੰ ਵਾਪਸ ਨਹੀਂ ਲਿਆਉਂਦਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "ਫ਼ੇਰ ਮੈਂ ਉਨ੍ਹਾਂ ਚੀਜ਼ਾਂ ਨੂੰ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਚੀਜ਼ਾਂ ਨੂੰ ਇਸ ਥਾਂ ਫ਼ੇਰ ਰੱਖ ਦਿਆਂਗਾ।"