ਯਰਮਿਆਹ
ਕਾਂਡ 18
1 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ:
2 "ਯਿਰਮਿਯਾਹ, ਘੁਮਿਆਰ ਦੇ ਘਰ ਤੀਕ ਜਾਹ। ਮੈਂ ਤੈਨੂੰ ਆਪਣਾ ਸੰਦੇਸ਼ ਘੁਮਿਆਰ ਦੇ ਘਰ ਵਿੱਚ ਦੇਵਾਂਗਾ।"
3 ਇਸ ਲਈ ਮੈਂ ਘੁਮਿਆਰ ਦੇ ਘਰ ਗਿਆ। ਮੈਂ ਦੇਖਿਆ ਕਿ ਘੁਮਿਆਰ ਚਕ੍ਕ ਉੱਤੇ ਮਿੱਟੀ ਦਾ ਕੰਮ ਕਰ ਰਿਹਾ ਸੀ।
4 ਉਹ ਮਿੱਟੀ ਤੋਂ ਇੱਕ ਬਰਤਨ ਬਣਾ ਰਿਹਾ ਸੀ। ਪਰ ਬਰਤਨ ਵਿੱਚ ਕੁਝ ਖਰਾਬੀ ਸੀ। ਇਸ ਲਈ ਘੁਮਿਆਰ ਨੇ ਉਸੇ ਮਿੱਟੀ ਨੂੰ ਫ਼ੇਰ ਇਸਤੇਮਾਲ ਕੀਤਾ ਅਤੇ ਦੂਸਰਾ ਬਰਤਨ ਬਣਾਇਆ। ਉਸਨੇ ਆਪਣੇ ਹੱਥਾਂ ਦੀ ਵਰਤੋਂ ਕਰਦਿਆਂ ਆਪਣੀ ਇੱਛਾ ਅਨੁਸਾਰ ਬਰਤਨ ਨੂੰ ਸ਼ਕਲ ਦਿੱਤੀ।
5 ਫ਼ੇਰ ਯਹੋਵਾਹ ਵੱਲੋਂ ਮੈਨੂੰ ਸੰਦੇਸ਼ ਮਿਲਿਆ!
6 "ਇਸਰਾਏਲ ਦੇ ਪਰਿਵਾਰ, ਤੂੰ ਜਾਣਦਾ ਹੈਂ ਕਿ ਮੈਂ (ਪਰਮੇਸ਼ੁਰ) ਤੇਰੇ ਨਾਲ ਵੀ ਓਹੀ ਗੱਲ ਕਰ ਸਕਦਾ ਹਾਂ। ਤੂੰ ਘੁਮਿਆਰ ਦੇ ਹੱਥਾਂ ਵਿਚਲੀ ਮਿੱਟੀ ਵਾਂਗ ਹੈਂ। ਅਤੇ ਮੈਂ ਘੁਮਿਆਰ ਵਾਂਗ ਹਾਂ!
7 ਸ਼ਾਇਦ ਇੱਕ ਸਮਾਂ ਆਵੇਗਾ ਜਦੋਂ ਮੈਂ ਇੱਕ ਕੌਮ ਜਾਂ ਇੱਕ ਰਾਜ ਬਾਰੇ ਗੱਲ ਕਰਾਂਗਾ। ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਉਤਾਂਹ ਉਠਾਵਾਂ। ਅਤੇ ਜਾਂ ਸ਼ਾਇਦ ਮੈਂ ਆਖਾਂ ਕਿ ਮੈਂ ਉਸ ਕੌਮ ਨੂੰ ਜਾਂ ਉਸ ਰਾਜ ਨੂੰ ਨੀਵਾਂ ਦਿਖਾਵਾਂਗਾ ਅਤੇ ਤਬਾਹ ਕਰ ਦਿਆਂਗਾ।
8 ਪਰ ਉਸ ਕੌਮ ਦੇ ਲੋਕ ਸ਼ਾਇਦ ਆਪਣੇ ਦਿਲਾਂ ਅਤੇ ਜ਼ਿਂਦਗੀਆਂ ਨੂੰ ਬਦਲ ਲੈਣ। ਉਸ ਕੌਮ ਦੇ ਲੋਕ ਸ਼ਾਇਦ ਬਦੀ ਕਰਨ ਤੋਂ ਹਟ ਜਾਣ। ਫ਼ੇਰ ਮੈਂ ਵੀ ਆਪਣਾ ਮਨ ਬਦਲ ਲਵਾਂਗਾ। ਫ਼ੇਰ ਮੈਂ ਉਸ ਕੌਮ ਦੀ ਤਬਾਹੀ ਦੀਆਂ ਯੋਜਨਾਵਾਂ ਉੱਤੇ ਅਮਲ ਨਹੀਂ ਕਰਾਂਗਾ।
9 ਓਥੇ ਸ਼ਾਇਦ ਇੱਕ ਹੋਰ ਸਮਾਂ ਵੀ ਆਵੇ ਜਦੋਂ ਮੈਂ ਇੱਕ ਕੌਮ ਬਾਰੇ ਗੱਲ ਕਰਾਂ। ਮੈਂ ਸ਼ਾਇਦ ਇਹ ਆਖਾਂ ਕਿ ਮੈਂ ਉਸ ਕੌਮ ਦੀ ਉਸਾਰੀ ਕਰਾਂਗਾ ਅਤੇ ਉਸ ਕੌਮ ਦੀ ਨੀਂਹ ਰੱਖਾਂਗਾ।
10 ਪਰ ਸ਼ਾਇਦ ਮੈਂ ਉਸ ਕੌਮ ਨੂੰ ਬਦੀ ਕਰਦਿਆਂ ਅਤੇ ਆਪਣਾ ਹੁਕਮ ਨਾ ਮਂਨਦਿਆਂ ਦੇਖਾਂ। ਤਾਂ ਮੈਂ ਉਸ ਕੌਮ ਨਾਲ ਨੇਕੀ ਕਰਨ ਦੀ ਵਿਉਂਤ ਬਾਰੇ ਇੱਕ ਵਾਰੀ ਫ਼ੇਰ ਸੋਚਾਂਗਾ।
11 "ਇਸ ਲਈ ਯਿਰਮਿਯਾਹ, ਯਹੂਦਾਹ ਦੇ ਲੋਕਾਂ ਨੂੰ ਆਖ, ਅਤੇ ਉਨ੍ਹਾਂ ਲੋਕਾਂ ਨੂੰ ਵੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਨੇ, 'ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ ਤੁਹਾਡੇ ਬਾਰੇ ਹੁਣੇ ਹੀ ਮੁਸੀਬਤਾਂ ਦੀਆਂ ਤਿਆਰੀਆਂ ਕਰ ਰਿਹਾ ਹਾਂ। ਮੈਂ ਤੁਹਾਡੇ ਵਿਰੁੱਧ ਵਿਉਂਤਾਂ ਬਣਾ ਰਿਹਾ ਹਾਂ। ਇਸ ਲਈ ਬਦੀ ਕਰਨਾ ਛੱਡ ਦਿਓ। ਹਰ ਬੰਦੇ ਨੂੰ ਬਦਲਨਾ ਚਾਹੀਦਾ ਹੈ ਅਤੇ ਨੇਕੀ ਕਰਨੀ ਆਰੰਭ ਕਰਨੀ ਚਾਹੀਦੀ ਹੈ!
12 "ਪਰ ਯਹੂਦਾਹ ਦੇ ਲੋਕ ਜਵਾਬ ਦੇਣਗੇ, 'ਅਜਿਹੀ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਅਸੀਂ ਉਹੀ ਕੁਝ ਕਰਦੇ ਰਹਾਂਗੇ ਜੋ ਕਰਨਾ ਚਾਹੁੰਦੇ ਹਾਂ। ਸਾਡੇ ਵਿੱਚੋਂ ਹਰੇਕ ਜਣਾ ਓਹੀ ਗੱਲਾਂ ਕਰੇਗਾ ਜਿਹੜਾ ਉਸਦਾ ਜ਼ਿੱਦੀ ਅਤੇ ਮੰਦਾ ਦਿਲ ਲੋਚਦਾ ਹੈ।"'
13 ਉਨ੍ਹਾਂ ਗੱਲਾਂ ਨੂੰ ਸੁਣੋ, ਜੋ ਯਹੋਵਾਹ ਆਖਦਾ ਹੈ: "ਹੋਰਨਾਂ ਕੌਮਾਂ ਨੂੰ ਇਹ ਪ੍ਰਸ਼ਨ ਪੁੱਛੋ, 'ਕੀ ਤੁਸੀਂ ਕਦੇ ਕਿਸੇ ਬਾਰੇ ਉਹ ਮੰਦੀਆਂ ਗੱਲਾਂ ਕਰਦਿਆਂ ਸੁਣਿਆ, ਜਿਹੜੀਆਂ ਇਸਰਾਏਲ ਨੇ ਕੀਤੀਆਂ ਨੇ?' ਅਤੇ ਇਸਰਾਏਲ ਪਰਮੇਸ਼ੁਰ ਵਾਸਤੇ ਖਾਸ ਹੈ। ਇਸਰਾਏਲ ਤਾਂ ਪਰਮੇਸ਼ੁਰ ਦੀ ਵਹੁਟੀ ਵਰਗਾ ਹੈ!
14 ਤੁਸੀਂ ਜਾਣਦੇ ਹੋ ਕਿ ਕਦੇ ਵੀ ਲਬਾਨੋਨ ਪਰਬਤ ਦੀਆਂ ਚੋਟੀਆਂ ਤੋਂ ਬਰਫ਼ ਨਹੀਂ ਪਿਘਲਦੀ। ਤੁਸੀਂ ਜਾਣਦੇ ਹੋ ਕਿ ਸੀਤਲ ਵਰਗੇ ਝਰਨੇ ਕਦੇ ਖੁਸ਼ਕ ਨਹੀਂ ਹੁੰਦੇ।
15 ਪਰ ਮਰਿਆਂ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ। ਉਹ ਨਿਕੰਮੇ ਬੁੱਤਾਂ ਨੂੰ ਭੇਟਾਂ ਚੜਾਉਂਦੇ ਨੇ। ਲੋਕ ਮੇਰੇ ਆਪਣੇ ਅਮਲਾਂ ਵਿੱਚ ਠੋਕਰਾਂ ਖਾਂਦੇ ਨੇ। ਉਹ ਆਪਣੇ ਪੁਰਖਿਆਂ ਦੇ ਕਦੀਮੀ ਰਾਹਾਂ ਵਿੱਚ ਠੋਕਰਾਂ ਖਾਂਦੇ ਨੇ। ਮੇਰੇ ਲੋਕ ਪਿਛਲੀਆਂ ਗ਼ਲਤੀਆਂ ਅਤੇ ਟੁੱਟੀਆਂ ਸੜਕਾਂ ਉੱਤੇ ਚੱਲਣਾ ਪਸੰਦ ਕਰਦੇ ਨੇ।
16 ਇਸ ਲਈ ਯਹੂਦਾਹ ਦੇਸ਼ ਸੱਖਣਾ ਮਾਰੂਬਲ ਹੋ ਜਾਵੇਗਾ। ਲੋਕ ਹਰ ਵਾਰੀ ਲੰਘਣ ਸਮੇਂ ਸੀਟੀਆਂ ਮਾਰਨਗੇ ਅਤੇ ਆਪਣੇ ਸਿਰ ਹਿਲਾਉਣਗੇ। ਉਹ ਹੈਰਾਨ ਹੋਣਗੇ ਕਿ ਦੇਸ਼ ਕਿਵੇਂ ਤਬਾਹ ਹੋ ਗਿਆ।
17 ਮੈਂ ਯਹੂਦਾਹ ਦੇ ਲੋਕਾਂ ਨੂੰ ਖਿੰਡਾ ਦਿਆਂਗਾ। ਉਹ ਆਪਣੇ ਦੁਸ਼ਮਣਾਂ ਕੋਲੋਂ ਭੱਜਣਗੇ। ਮੈਂ ਉਨ੍ਹਾਂ ਨੂੰ ਇੰਝ ਖਿੰਡਾ ਦਿਆਂਗਾ ਜਿਵੇਂ ਪੂਰਬੀ ਹਵਾ ਚੀਜ਼ਾਂ ਨੂੰ ਖਿੰਡਾ ਦਿੰਦੀ ਹੈ। ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਆਂਗਾ। ਉਹ ਮੈਨੂੰ ਕਦੇ ਵੀ ਉਨ੍ਹਾਂ ਦੀ ਸਹਾਇਤਾ ਲਈ ਬਹੁੜਦਿਆਂ ਨਹੀਂ ਦੇਖਣਗੇ। ਨਹੀਂ! ਉਹ ਮੈਨੂੰ ਛੱਡਕੇ ਜਾਂਦਿਆਂ ਹੋਇਆਂ ਦੇਖਣਗੇ।"
18 ਫ਼ੇਰ ਯਿਰਮਿਯਾਹ ਦੇ ਦੁਸ਼ਮਣਾਂ ਨੇ ਆਖਿਆ, "ਆਓ ਯਿਰਮਿਯਾਹ ਦੇ ਖਿਲਾਫ਼ ਸਾਜ਼ਿਸ਼ਾਂ ਘੜੀੇ। ਯਕੀਨਨ ਜਾਜਕ ਵੱਲੋਂ ਬਿਵਸਬਾ ਗੁੰਮ ਨਹੀਂ ਹੋਵੇਗੀ। ਅਤੇ ਸਿਆਣੇ ਬੰਦਿਆਂ ਦੀ ਨਸੀਹਤ ਹਾਲੇ ਵੀ ਸਾਡੇ ਅੰਗ-ਸੰਗ ਹੋਵੇਗੀ। ਸਾਡੇ ਕੋਲ ਹਾਲੇ ਵੀ ਨਬੀਆਂ ਦੇ ਸ਼ਬਦ ਹੋਣਗੇ। ਇਸ ਲਈ ਆਓ ਅਸੀਂ ਉਸ ਬਾਰੇ ਝੂਠ ਆਖੀਏ। ਇਹ ਉਸਨੂੰ ਤਬਾਹ ਕਰ ਦੇਵੇਗਾ। ਜੋ ਕੁਝ ਉਹ ਆਖਦਾ ਹੈ ਅਸੀਂ ਉਸ ਵੱਲ ਕੋਈ ਧਿਆਨ ਨਹੀਂ ਦੇਵਾਂਗੇ।"
19 ਯਹੋਵਾਹ ਜੀ, ਮੇਰੀ ਗੱਲ ਸੁਣੋ! ਮੇਰੀਆਂ ਦਲੀਲਾਂ ਨੂੰ ਸੁਣੋ ਅਤੇ ਨਿਰਣਾ ਕਰੋ, ਕੌਣ ਸਹੀ ਹੈ।
20 ਕੀ ਲੋਕਾਂ ਨੂੰ ਨੇਕੀ ਦਾ ਬਦਲਾ ਬਦੀ ਨਾਲ ਦੇਣਾ ਚਾਹੀਦਾ ਹੈ? ਨਹੀਂ! ਯਾਦ ਰੱਖੋ, ਮੈਂ ਤੁਹਾਡੇ ਸਾਮ੍ਹਣੇ ਖਲੋਤਾ ਸਾਂ ਅਤੇ ਉਨ੍ਹਾਂ ਬਾਰੇ ਉਹ ਚੰਗੀਆਂ ਗੱਲਾਂ ਆਖੀਆਂ ਤਾਂ ਜੋ ਤੁਸੀਂ ਉਨ੍ਹਾਂ ਉੱਤੇ ਗੁੱਸੇ ਹੋਣੋ ਹਟ ਜਾਵੋਁ। ਪਰ ਉਹ ਮੈਨੂੰ ਫ਼ਸਾਉਣ ਦੀ ਅਤੇ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ।
21 ਇਸ ਲਈ ਉਨ੍ਹਾਂ ਦੇ ਬੱਚਿਆਂ ਨੂੰ ਭੁਕ੍ਕ ਅਕਾਲ ਵਿੱਚ ਮਰਨ ਦਿਓ। ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਤਲਵਾਰਾਂ ਨਾਲ ਹਰਾ ਦੇਣ ਦਿਓ। ਉਨ੍ਹਾਂ ਦੀਆਂ ਪਤਨੀਆਂ ਨੂੰ ਬਾਂਝ ਰਹਿਣ ਦਿਓ। ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ। ਉਨ੍ਹਾਂ ਦੀਆਂ ਪਤਨੀਆਂ ਨੂੰ ਵਿਧਵਾਵਾਂ ਬਣਾ ਦਿਓ। ਯਹੂਦਾਹ ਦੇ ਬੰਦਿਆਂ ਨੂੰ ਮਾਰੇ ਜਾਣ ਦਿਓ। ਜਵਾਨ ਬੰਦਿਆਂ ਨੂੰ ਜੰਗ ਵਿੱਚ ਮਾਰੇ ਜਾਣ ਦਿਓ।
22 ਉਨ੍ਹਾਂ ਦੇ ਘਰਾਂ ਅੰਦਰ ਰੋਣਾ-ਪਿਟ੍ਟਣਾ ਪਾ ਦਿਓ। ਉਨ੍ਹਾਂ ਨੂੰ ਰੁਆ ਦਿਓ ਜਦੋਂ ਤੁਸੀਂ ਦੁਸ਼ਮਣ ਨੂੰ ਅਚਾਨਕ ਉਨ੍ਹਾਂ ਦੇ ਖਿਲਾਫ਼ ਲਿਆਵੋ। ਇਹ ਸਾਰਾ ਕੁਝ ਵਾਪਰਨ ਦਿਓ, ਕਿਉਂ ਦੁਸ਼ਮਣਾਂ ਨੇ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਫ਼ਸਣ ਵਾਸਤੇ ਮੇਰੇ ਲਈ ਜਾਲ ਵਿਛਾ ਕੇ ਰੱਖੇ।
23 ਯਹੋਵਾਹ ਜੀ, ਤੁਸੀਂ ਉਨ੍ਹਾਂ ਦੀਆਂ ਮੈਨੂੰ ਮਾਰਨ ਦੀਆਂ ਸਾਜਿਸ਼ਾਂ ਨੂੰ ਜਾਣਦੇ ਹੋ। ਉਨ੍ਹਾਂ ਦੇ ਜ਼ੁਰਮ ਬਖਸ਼ੋ ਨਾ। ਉਨ੍ਹਾਂ ਦੇ ਪਾਪ ਮਿਟਾਓ ਨਾ। ਮੇਰੇ ਦੁਸ਼ਮਣਾਂ ਨੂੰ ਤਬਾਹ ਕਰ ਦਿਓ! ਉਨ੍ਹਾਂ ਲੋਕਾਂ ਨੂੰ ਸਜ਼ਾ ਦਿਓ ਜਦੋਂ ਕਿ ਤੁਸੀਂ ਕਹਿਰਵਾਨ ਹੋ।