ਯਰਮਿਆਹ
ਕਾਂਡ 28
1 ਯਹੂਦਾਹ ਵਿੱਚ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਚੌਬੇ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ, ਗਿਬਓਨ ਸ਼ਹਿਰ ਤੋਂ ਅੱਸ਼ੂਰ ਦੇ ਪੁੱਤਰ ਨਬੀ ਹਨਨਯਾਹ ਨੇ ਮੇਰੇ ਨਾਲ ਗੱਲ ਕੀਤੀ। ਉਸਨੇ ਜਾਜਕਾਂ ਅਤੇ ਸਾਰੇ ਲੋਕਾਂ ਦੀ ਹਾਜਰੀ ਵਿੱਚ ਪਰਮੇਸ਼ੁਰ ਦੇ ਮੰਦਰ ਵਿੱਚ ਮੇਰੇ ਨਾਲ ਗੱਲ ਕੀਤੀ। ਉਸਨੇ ਆਖਿਆ,
2 "ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਵਿੱਚ ਪਾਇਆ ਹੈ।
3 ਦੋ ਸਾਲਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਮੈਂ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਆਵਾਂਗਾ ਜਿਹੜੀਆਂ ਬਾਬਲ ਦਾ ਰਾਜਾ ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਚੁੱਕ ਕੇ ਬਾਬਲ ਲੈ ਗਿਆ ਹੈ। ਮੈਂ ਉਨ੍ਹਾਂ ਚੀਜ਼ਾਂ ਨੂੰ ਇੱਥੇ ਯਰੂਸ਼ਲਮ ਵਿੱਚ ਵਾਪਸ ਲਿਆਵਾਂਗਾ।
4 ਮੈਂ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਵੀ ਉਸ ਥਾਂ ਵਾਪਸ ਲਿਆਵਾਂਗਾ। ਯੇਹੋਇਆਚਿਨ ਯਹੋਯਾਕੀਮ ਦਾ ਪੁੱਤਰ ਹੈ। ਅਤੇ ਮੈਂ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਲਿਆਵਾਂਗਾ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਆਪਣੇ ਘਰਾਂ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ ਸੀ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ - 'ਇਸ ਲਈ ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਪਾਇਆ ਹੈ!"'
5 ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਜਵਾਬ ਦਿੱਤਾ। ਉਹ ਯਹੋਵਾਹ ਦੇ ਮੰਦਰ ਵਿੱਚ ਖਲੋਤੇ ਸਨ। ਜਾਜਕ ਅਤੇ ਉਥੋਂ ਦੇ ਸਾਰੇ ਲੋਕ ਯਿਰਮਿਯਾਹ ਦਾ ਜਵਾਬ ਸੁਣ ਸਕਦੇ ਸਨ।
6 ਯਿਰਮਿਯਾਹ ਨੇ ਹਨਨਯਾਹ ਨੂੰ ਆਖਿਆ, "ਆਮੀਨ! ਮੈਨੂੰ ਉਮੀਦ ਹੈ ਕਿ ਯਹੋਵਾਹ ਸੱਚਮੁੱਚ ਅਜਿਹਾ ਹੀ ਕਰੇਗਾ! ਮੈਨੂੰ ਉਮੀਦ ਹੈ ਕਿ ਤੂੰ ਜਿਸ ਸੰਦੇਸ਼ ਦਾ ਪ੍ਰਚਾਰ ਕਰਦਾ ਹੈਂ ਯਹੋਵਾਹ ਉਸਨੂੰ ਸੱਚ ਕਰ ਦੇਵੇਗਾ! ਮੈਨੂੰ ਉਮੀਦ ਹੈ ਕਿ ਯਹੋਵਾਹ ਬਾਬਲ ਤੋਂ ਯਹੋਵਾਹ ਦੇ ਮੰਦਰ ਦੀਆਂ ਚੀਜ਼ਾਂ ਨੂੰ ਇਸ ਥਾਂ ਵਾਪਸ ਲਿਆਵੇਗਾ। ਅਤੇ ਮੈਨੂੰ ਉਮੀਦ ਹੈ ਕਿ ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਇੱਥੇ ਵਾਪਸ ਲਿਆਵੇਗਾ ਜਿਨ੍ਹਾਂ ਨੂੰ ਮਜ਼ਬੂਰ ਹੋਕੇ ਆਪਣੇ ਘਰ ਛੱਡਣੇ ਪਏ ਸਨ।
7 "ਪਰ ਜੋ ਮੈਂ ਆਖਦਾ ਹਾਂ ਉਸਨੂੰ ਧਿਆਨ ਨਾਲ ਸੁਣੋ, ਹਨਨਯਾਹ। ਜੋ ਮੈਂ ਤੁਹਾਨੂੰ, ਸਾਰੇ ਲੋਕਾਂ ਨੂੰ, ਆਖਦਾ ਹਾਂ ਉਸਨੂੰ ਧਿਆਨ ਨਾਲ ਸੁਣੋ।
8 ਹਨਨਯਾਹ, ਤੇਰੇ ਅਤੇ ਮੇਰੇ ਨਬੀ ਬਣਨ ਤੋਂ ਪਹਿਲਾਂ ਵੀ ਇੱਥੇ ਨਬੀ ਸਨ। ਉਨ੍ਹਾਂ ਨੇ ਪ੍ਰਚਾਰ ਕੀਤਾ ਸੀ ਕਿ ਜੰਗ, ਭੁੱਖਮਰੀ ਅਤੇ ਭਿਆਨਕ ਬੀਮਾਰੀਆਂ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਧਾਨੀਆਂ ਅੰਦਰ ਆਉਣਗੀਆਂ।
9 ਪਰ ਜਿਹੜਾ ਨਬੀ ਇਹ ਪ੍ਰਚਾਰ ਕਰਦਾ ਹੈ ਕਿ ਸਾਨੂੰ ਅਮਨ ਮਿਲੇਗਾ ਉਸਦੀ ਪਰੀਖਿਆ ਅਵੱਸ਼ ਹੋਣੀ ਚਾਹੀਦੀ ਹੈ ਕਿ ਕੀ ਉਸ ਨੂੰ ਯਹੋਵਾਹ ਵੱਲੋਂ ਭੇਜਿਆ ਗਿਆ ਸੀ। ਜੇ ਉਸ ਨਬੀ ਦਾ ਸੰਦੇਸ਼ ਸੱਚ ਨਿਕਲਦਾ ਹੈ ਤਾਂ ਲੋਕ ਜਾਣ ਸਕਣਗੇ ਕਿ ਉਸਨੂੰ ਸੱਚਮੁੱਚ ਯਹੋਵਾਹ ਵੱਲੋਂ ਭੇਜਿਆ ਗਿਆ ਸੀ।"
10 ਯਿਰਮਿਯਾਹ ਨੇ ਆਪਣੀ ਗਰਦਨ ਵਿੱਚ ਜੂਲਾ ਪਾਇਆ ਹੋਇਆ ਸੀ। ਤਾਂ ਨਬੀ ਹਨਨਯਾਹ ਨੇ ਉਸ ਜੂਲੇ ਨੂੰ ਯਿਰਮਿਯਾਹ ਦੀ ਗਰਦਨ ਤੋਂ ਉਤਾਰ ਦਿੱਤਾ। ਹਨਨਯਾਹ ਨੇ ਉਸ ਜੂਲੇ ਨੂੰ ਤੋੜ ਦਿੱਤਾ।
11 ਫ਼ੇਰ ਹਨਨਯਾਹ ਉੱਚੀ ਆਵਾਜ਼ ਵਿੱਚ ਬੋਲਿਆ ਤਾਂ ਜੋ ਸਾਰੇ ਲੋਕ ਉਸਨੂੰ ਸੁਣ ਸਕਣ। ਉਸਨੇ ਆਖਿਆ, "ਯਹੋਵਾਹ ਆਖਦਾ ਹੈ: 'ਇਸੇ ਤਰ੍ਹਾਂ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਦਾ ਜੂਲਾ ਤੋੜ ਦਿਆਂਗਾ। ਉਸਨੇ ਇਹ ਜੂਲਾ ਦੁਨੀਆਂ ਦੀਆਂ ਸਾਰੀਆਂ ਕੌਮਾਂ ਨੂੰ ਪਹਿਨਾਇਆ ਹੋਇਆ ਹੈ। ਪਰ ਮੈਂ ਦੋ ਸਾਲ ਤੋਂ ਪਹਿਲਾਂ-ਪਹਿਲਾਂ ਇਹ ਜੂਲਾ ਤੋੜ ਦਿਆਂਗਾ।"ਹਨਨਯਾਹ ਦੇ ਇਹ ਆਖਣ ਤੋਂ ਮਗਰੋਂ, ਯਿਰਮਿਯਾਹ ਮੰਦਰ ਵਿੱਚੋਂ ਬਾਹਰ ਚਲਾ ਗਿਆ।
12 ਫ਼ੇਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਇਹ ਗੱਲ ਉਦੋਂ ਵਾਪਰੀ ਜਦੋਂ ਹਨਨਯਾਹ ਨੇ ਯਿਰਮਿਯਾਹ ਦੀ ਗਰਦਨ ਤੋਂ ਜੂਲਾ ਲਾਹ ਕੇ ਭੰਨ ਦਿੱਤਾ ਸੀ।
13 ਯਹੋਵਾਹ ਨੇ ਯਿਰਮਿਯਾਹ ਨੂੰ ਆਖਿਆ, "ਜਾਓ ਅਤੇ ਹਨਨਯਾਹ ਨੂੰ ਆਖੋ, 'ਯਹੋਵਾਹ ਇਹ ਆਖਦਾ ਹੈ: 'ਤੂੰ ਲੱਕੜੀ ਦਾ ਜੂਲਾ ਤਾਂ ਤੋੜ ਦਿੱਤਾ ਹੈ। ਪਰ ਮੈਂ ਲੱਕੜੀ ਦੇ ਜੂਲੇ ਦੀ ਬਾਵੇਂ ਲੋਹੇ ਦਾ ਜੂਲਾ ਬਣਾਵਾਂਗਾ।'
14 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, 'ਮੈਂ ਉਨ੍ਹਾਂ ਸਾਰੀਆਂ ਕੌਮਾਂ ਦੀਆਂ ਗਰਦਨਾਂ ਵਿੱਚ ਲੋਹੇ ਦਾ ਜੂਲਾ ਪਾ ਦਿਆਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਤਾਂ ਜੋ ਉਹ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਸੇਵਾ ਕਰ ਸਕਣ। ਅਤੇ ਉਹ ਉਸਦੇ ਗੁਲਾਮ ਬਨਣਗੇ। ਮੈਂ ਜੰਗਲੀ ਜਾਨਵਰਾਂ ਨੂੰ ਵੀ ਨਬੂਕਦਨੱਸਰ ਦੇ ਅਧਿਕਾਰ ਹੇਠਾਂ ਕਰ ਦਿਆਂਗਾ।"'
15 ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਆਖਿਆ, "ਸੁਣੋ, ਹਨਨਯਾਹ! ਯਹੋਵਾਹ ਨੇ ਤੈਨੂੰ ਨਹੀਂ ਭੇਜਿਆ। ਪਰ ਤੂੰ ਯਹੂਦਾਹ ਦੇ ਲੋਕਾਂ ਨੂੰ ਆਪਣੇ ਝੂਠ ਉੱਤੇ ਭਰੋਸਾ ਕਰਾ ਦਿੱਤਾ ਹੈ।
16 ਇਸ ਲਈ ਯਹੋਵਾਹ ਇਹ ਆਖਦਾ ਹੈ, 'ਛੇਤੀ ਹੀ ਮੈਂ ਤੈਨੂੰ ਇਸ ਦੁਨੀਆਂ ਵਿੱਚੋਂ ਚੁੱਕ ਲਵਾਂਗਾ, ਹਨਨਯਾਹ। ਤੂੰ ਇਸੇ ਸਾਲ ਮਰ ਜਾਵੇਂਗਾ। ਕਿਉਂ? ਕਿਉਂ ਕਿ ਤੂੰ ਲੋਕਾਂ ਨੂੰ ਯਹੋਵਾਹ ਦੇ ਖਿਲਾਫ਼ ਹੋਣ ਦੀ ਸਿਖਿਆ ਦਿੱਤੀ।"'
17 ਹਨਨਯਾਹ ਉਸੇ ਸਾਲ ਦੇ ਸੱਤਵੇਂ ਮਹੀਨੇ ਵਿੱਚ ਮਰ ਗਿਆ।