ਯਰਮਿਆਹ
ਕਾਂਡ 40
1 ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਉਦੋਂ ਮਿਲਿਆ ਜਦੋਂ ਉਹ ਰਾਮਾਹ ਸ਼ਹਿਰ ਵਿੱਚ ਆਜ਼ਾਦ ਕਰ ਦਿੱਤਾ ਗਿਆ ਸੀ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਰਾਮਾਹ ਵਿੱਚ ਲੱਭ ਲਿਆ। ਯਿਰਮਿਯਾਹ ਜ਼ੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ। ਉਹ ਯਰੂਸ਼ਲਮ ਅਤੇ ਯਹੂਦਾਹ ਦੇ ਕੈਦੀਆਂ ਦੇ ਨਾਲ ਸੀ। ਉਨ੍ਹਾਂ ਕੈਦੀਆਂ ਨੂੰ ਬਾਬਲ ਵਿੱਚ ਕੈਦ ਕਰਨ ਲਈ ਲਿਜਾਇਆ ਜਾ ਰਿਹਾ ਸੀ।
2 ਜਦੋਂ ਕਮਾਂਡਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਲਭਿਆ ਤਾਂ ਉਸਨੇ ਉਸਦੇ ਨਾਲ ਗੱਲ ਕੀਤੀ। ਉਸਨੇ ਆਖਿਆ, "ਯਿਰਮਿਯਾਹ, ਯਹੋਵਾਹ ਤੇਰੇ ਪਰਮੇਸ਼ੁਰ ਨੇ ਐਲਾਨ ਕੀਤਾ ਸੀ ਕਿ ਇਸ ਜਗ੍ਹਾ ਇਹ ਬਿਪਤਾ ਆਵੇਗੀ।
3 ਅਤੇ ਹੁਣ ਯਹੋਵਾਹ ਨੇ ਬਿਲਕੁਲ ਉਵੇਂ ਹੀ ਕੀਤਾ ਹੈ ਜਿਵੇਂ ਉਸਨੇ ਆਖਿਆ ਸੀ ਕਿ ਉਹ ਕਰੇਗਾ। ਇਹ ਬਿਪਤਾ ਇਸ ਲਈ ਆਈ ਕਿਉਂ ਕਿ ਤੁਸੀਂ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤੇ ਸਨ। ਤੁਸੀਂ ਲੋਕਾਂ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ।
4 ਪਰ ਹੁਣ, ਯਿਰਮਿਯਾਹ, ਮੈਂ ਤੈਨੂੰ ਆਜ਼ਾਦ ਕਰ ਦਿਆਂਗਾ। ਮੈਂ ਤੇਰੀਆਂ ਹੱਥ ਕੜੀਆਂ ਖੋਲ੍ਹ ਰਿਹਾ ਹਾਂ। ਜੇ ਤੂੰ ਚਾਹੇਁ ਤਾਂ ਮੇਰੇ ਨਾਲ ਬਾਬਲ ਆ ਜਾਹ, ਮੈਂ ਤੇਰੀ ਚੰਗੀ ਸੇਵਾ ਕਰਾਂਗਾ। ਪਰ ਜੇ ਤੂੰ ਮੇਰੇ ਨਾਲ ਨਹੀਂ ਆਉਣਾ ਚਾਹੁੰਦਾ ਤਾਂ ਨਾ ਆ। ਦੇਖ, ਸਾਰਾ ਦੇਸ਼ ਤੇਰੇ ਲਈ ਖੁਲ੍ਹਾ ਪਿਆ ਹੈ। ਜਿੱਥੇ ਜੀ ਚਾਹੇ ਜਾਹ।
5 ਜਾਂ ਫ਼ੇਰ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਦਲਯਾਹ ਕੋਲ ਵਾਪਸ ਚਲਾ ਜਾ। ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਯਹੂਦਾਹ ਦੇ ਕਸਬਿਆਂ ਦਾ ਗਵਰਨਰ ਬਾਪਿਆ ਹੈ। ਜਾਹ ਅਤੇ ਗਦਲਯਾਹ ਨਾਲ ਲੋਕਾਂ ਦੇ ਵਿਚਕਾਰ ਰਹਿ। ਜਾਂ ਫ਼ੇਰ ਤੂੰ ਜਿੱਥੇ ਵੀ ਜੀ ਚਾਹੇ ਜਾ ਸਕਦਾ ਹੈਂ।"ਫ਼ੇਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਇੱਕ ਤੋਹਫ਼ਾ ਦਿੱਤਾ ਅਤੇ ਜਾਣ ਦਿੱਤਾ।
6 ਇਸ ਲਈ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਚਲਾ ਗਿਆ। ਯਿਰਮਿਯਾਹ ਗਦਲਯਾਹ ਦੇ ਨਾਲ ਉਨ੍ਹਾਂ ਲੋਕਾਂ ਦਰਮਿਆਨ ਟਿਕ ਗਿਆ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਪਿੱਛੇ ਰਹਿ ਗਏ ਸਨ।
7 ਜਦੋਂ ਯਰੂਸ਼ਲਮ ਨੂੰ ਤਬਾਹ ਕੀਤਾ ਗਿਆ ਸੀ ਤਾਂ ਓਥੇ ਯਹੂਦਾਹ ਦੀ ਫ਼ੌਜ ਦੇ ਕੁਝ ਸਿਪਾਹੀ, ਅਧਿਕਾਰੀ ਅਤੇ ਉਨ੍ਹਾਂ ਦੇ ਬੰਦੇ ਖੁਲ੍ਹੇ ਇਲਾਕੇ ਵਿੱਚ ਹਾਲੇ ਵੀ ਬਾਹਰ ਸਨ। ਉਨ੍ਹਾਂ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਦੇਸ਼ ਦੇ ਬਚੇ ਹੋਏ ਲੋਕਾਂ ਉੱਤੇ ਰਾਜ ਕਰਨ ਲਈ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮੁਖੀ ਬਣਾ ਦਿੱਤਾ ਸੀ। ਜਿਹੜੇ ਲੋਕ ਰਹਿ ਗਏ ਸਨ ਉਹ ਅਜਿਹੇ ਆਦਮੀ ਔਰਤਾਂ ਅਤੇ ਬੱਚੇ ਸਨ ਜਿਹੜੇ ਬਹੁਤ ਗਰੀਬ ਸਨ ਅਤੇ ਜਿਨ੍ਹਾਂ ਨੂੰ ਬਾਬਲ ਵਿੱਚ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ ਸੀ।
8 ਇਸ ਲਈ ਉਹ ਸਿਪਾਹੀ ਗਦਲਯਾਹ ਕੋਲ ਮਿਸਪਾਹ ਆ ਗਏ। ਉਹ ਸਨ: ਨਬਨਯਾਹ ਦਾ ਪੁੱਤਰ ਇਸ਼ਮਾਏਲ, ਕਰੇਅਹ ਦੇ ਪੁੱਤਰ ਯੋਹਾਨਾਨ ਅਤੇ ਯਹੋਨਾਬਾਨ, ਤਨਹੁਮਬ ਦਾ ਪੁੱਤਰ ਸਰਾਯਾਹ ਨਟੋਫ਼ਾਬ ਦੇ ਏਫ਼ਈ ਦੇ ਪੁੱਤਰ ਅਤੇ ਮਆਕਾਬੀ ਦਾ ਪੁੱਤਰ ਯਜ਼ਨਯਾਹ ਅਤੇ ਉਸਦੇ ਨਾਲ ਦੇ ਆਦਮੀ।
9 ਗਦਲਯਾਹ ਵਲਦ ਅਹੀਕਾਮ ਵਲਦ ਸ਼ਾਫ਼ਾਨ ਨੇ ਸੌਂਹ ਖਾਧੀ ਕਿ ਉਹ ਉਨ੍ਹਾਂ ਸਿਪਾਹੀਆਂ ਅਤੇ ਉਨ੍ਹਾਂ ਦੇ ਬੰਦਿਆਂ ਦੇ ਜੀਵਨ ਨੂੰ ਹੋਰ ਸੁਖ ਭਰਪੂਰ ਬਣਾਵੇਗਾ। ਗਲਦਯਾਹ ਨੇ ਇਹ ਆਖਿਆ ਸੀ: "ਤੁਸੀਂ ਸਿਪਾਹੀਓ, ਬਾਬਲ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਾ ਡਰੋ। ਧਰਤੀ ਉੱਤੇ ਟਿਕ ਜਾਓ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਚੰਗਾ ਵਾਪਰੇਗਾ।
10 ਮੈਂ ਖੁਦ ਮਿਸਪਾਹ ਵਿੱਚ ਰਹਾਂਗਾ। ਮੈਂ ਕਸਦੀ ਲੋਕਾਂ ਨਾਲ ਤੁਹਾਡੇ ਹੱਕ ਵਿੱਚ ਗੱਲ ਕਰਾਂਗਾ, ਜਦੋਂ ਉਹ ਇੱਥੇ ਆਉਣਗੇ। ਤੁਹਾਨੂੰ ਲੋਕਾਂ ਨੂੰ ਇਹ ਕੰਮ ਮੇਰੇ ਲਈ ਛੱਡ ਦੇਣਾ ਚਾਹੀਦਾ ਹੈ। ਤੁਹਾਨੂੰ ਸ਼ਰਾਬ, ਗਰਮੀਆਂ ਦੇ ਫ਼ਲਾਂ ਅਤੇ ਤੇਲ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਜੋ ਵੀ ਤੁਸੀਂ ਉਪਜ ਪੈਦਾ ਕਰੋ ਉਸਨੂੰ ਆਪਣੇ ਜਮ੍ਹਾਂ ਕਰਨ ਵਾਲੇ ਘੜਿਆਂ ਵਿੱਚ ਰੱਖ ਦਿਓ। ਉਨ੍ਹਾਂ ਕਸਬਿਆਂ ਵਿੱਚ ਰਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਅਧਿਕਾਰ ਹੇਠਾਂ ਲੈ ਚੁੱਕੇ ਹੋ।"
11 ਯਹੂਦਾਹ ਦੇ ਉਹ ਸਾਰੇ ਲੋਕਾਂ ਨੇ ਜਿਹੜੇ ਮੋਆਬ, ਅੰਮੋਨ, ਅਦੋਮ ਅਤੇ ਹੋਰ ਸਾਰੇ ਦੇਸ਼ਾਂ ਵਿੱਚ ਰਹਿੰਦੇ ਸਨ, ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਕੁਝ ਲੋਕਾਂ ਨੂੰ ਉਸ ਧਰਤੀ ਤੇ ਛੱਡ ਦਿੱਤਾ ਸੀ। ਅਤੇ ਉਨ੍ਹਾਂ ਨੇ ਇਹ ਵੀ ਸੁਣਿਆ ਕਿ ਬਾਬਲ ਦੇ ਰਾਜੇ ਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਲਦਯਾਹ ਨੂੰ ਉਨ੍ਹਾਂ ਉੱਪਰ ਹਕੂਮਤ ਕਰਨ ਲਈ ਚੁਣਿਆ ਸੀ।
12 ਜਦੋਂ ਯਹੂਦਾਹ ਦੇ ਉਨ੍ਹਾਂ ਲੋਕਾਂ ਨੇ ਇਹ ਖਬਰ ਸੁਣੀ, ਉਹ ਯਹੂਦਾਹ ਦੀ ਧਰਤੀ ਉੱਤੇ ਵਾਪਸ ਪਰਤ ਆਏ। ਉਹ ਉਨ੍ਹਾਂ ਸਾਰੇ ਮੁਲਕਾਂ ਵਿੱਚੋਂ ਗਦਲਯਾਹ ਕੋਲ ਮਿਸਪਾਹ ਵਾਪਸ ਆ ਗਏ ਜਿੱਥੇ ਕਿਤੇ ਵੀ ਉਹ ਖਿਲਰ ਗਏ ਸਨ। ਇਸ ਲਈ ਉਹ ਵਾਪਸ ਆ ਗਏ ਅਤੇ ਉਨ੍ਹਾਂ ਨੇ ਸ਼ਰਾਬ ਅਤੇ ਗਰਮੀਆਂ ਦੇ ਫ਼ਲਾਂ ਦੀ ਵੱਡੀ ਫ਼ਸਲ ਇਕੱਤ੍ਰ ਕੀਤੀ।
13 ਯੋਹਾਨਾਨ, ਵਲਦ ਕਾਰੇਆਹ, ਅਤੇ ਯਹੂਦਾਹ ਦੀ ਫੌਜ ਦੇ ਹੋਰ ਸਾਰੇ ਅਧਿਕਾਰੀ ਜਿਹੜੇ ਹਾਲੇ ਵੀ ਖੇਤਾਂ ਵਿੱਚ ਸਨ, ਗਦਲਯਾਹ ਕੋਲ ਆ ਗਏ। ਗਦਲਯਾਹ ਮਿਸਪਾਹ ਕਸਬੇ ਵਿੱਚ ਸੀ।
14 ਯੋਹਾਨਾਨ ਅਤੇ ਉਸਦੇ ਨਾਲ ਦੇ ਹੋਰਨਾਂ ਅਧਿਕਾਰੀਆਂ ਨੇ ਗਦਲਯਾਹ ਨੂੰ ਆਖਿਆ, "ਕੀ ਤੁਸੀਂ ਜਾਣਦੇ ਹੋ ਕਿ ਅੰਮੋਨੀ ਲੋਕਾਂ ਦਾ ਰਾਜਾ ਬਅਲੀਸ ਤੁਹਾਨੂੰ ਮਾਰਨਾ ਚਾਹੁੰਦਾ ਹੈ? ਉਸਨੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਲਈ ਘਲਿਆ ਹੈ।" ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਉੱਤੇ ਇਤਬਾਰ ਨਹੀਂ ਕੀਤਾ।
15 ਫ਼ੇਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿੱਚ ਗਦਲਯਾਹ ਨਾਲ ਗੁਪਤ ਰੂਪ ਵਿੱਚ ਗੱਲ ਕੀਤੀ। ਯੋਹਾਨਾਨ ਨੇ ਗਦਲਯਾਹ ਨੂੰ ਆਖਿਆ, "ਮੈਨੂੰ ਜਾਣ ਦਿਓ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਕਤਲ ਕਰ ਲੈਣ ਦਿਓ। ਕੋਈ ਵੀ ਬੰਦਾ ਇਸ ਬਾਰੇ ਨਹੀਂ ਜਾਣ ਸਕੇਗਾ। ਸਾਨੂੰ ਚਾਹੀਦਾ ਹੈ ਕਿ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਨਾ ਦੇਈਏ। ਇਸ ਤਰ੍ਹਾਂ ਨਾਲ ਤਾਂ ਯਹੂਦਾਹ ਦੇ ਉਹ ਸਾਰੇ ਲੋਕ ਜਿਹੜੇ ਤੁਹਾਡੇ ਆਲੇ-ਦੁਆਲੇ ਇਕੱਠੇ ਹੋਏ ਨੇ ਫ਼ੇਰ ਇੱਕ ਵਾਰ ਵੱਖ-ਵੱਖ ਦੇਸ਼ਾਂ ਵਿੱਚ ਖਿਲ੍ਲਰ ਜਾਣਗੇ। ਅਤੇ ਇਸਦਾ ਅਰਬ ਇਹ ਹੋਵੇਗਾ ਕਿ ਯਹੂਦਾਹ ਦੇ ਬੋੜੇ ਜਿੰਨੇ ਬਚੇ ਹੋਏ ਲੋਕ ਵੀ ਖਤਮ ਹੋ ਜਾਣਗੇ।"
16 ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ, "ਇਸ਼ਮਾਏਲ ਨਹੀਂ ਮਾਰਨਾ। ਜਿਹੜੀਆਂ ਗੱਲਾਂ ਤੁਸੀਂ ਇਸ਼ਮਾਏਲ ਬਾਰੇ ਆਖ ਰਹੇ ਹੋ ਉਹ ਠੀਕ ਨਹੀਂ ਹਨ।"