ਯਰਮਿਆਹ
ਕਾਂਡ 34
1 ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸੰਦੇਸ਼ ਉਦੋਂ ਮਿਲਿਆ ਜਦੋਂ ਬਾਬਲ ਦਾ ਰਾਜਾ ਨਬੂਕਦਨੱਸਰ ਯਰੂਸ਼ਲਮ ਅਤੇ ਇਸਦੇ ਆਲੇ-ਦੁਆਲੇ ਦੇ ਸਾਰੇ ਕਸਬਿਆਂ ਵਿਰੁੱਧ ਜੰਗ ਕਰ ਰਿਹਾ ਸੀ। ਨਬੂਕਦਨੱਸਰ ਕੋਲ ਆਪਣੀ ਫ਼ੌਜ ਵੀ ਸੀ ਅਤੇ ਉਨ੍ਹਾਂ ਰਾਜਾਂ ਦੀ ਫ਼ੌਜ ਵੀ ਸੀ ਜਿੱਥੇ ਉਹ ਰਾਜ ਕਰਦਾ ਸੀ।
2 ਸੰਦੇਸ਼ ਇਹ ਸੀ: "ਇਹੀ ਹੈ ਜੋ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਯਿਰਮਿਯਾਹ ਯਹੂਦਾਹ ਦੇ ਰਾਜੇ ਸਿਦਕੀਯਾਹ ਕੋਲ ਜਾਹ ਅਤੇ ਉਸਨੂੰ ਇਹ ਸੰਦੇਸ਼ ਦੇ। 'ਸਿਦਕੀਯਾਹ, ਇਹੀ ਹੈ ਜੋ ਯਹੋਵਾਹ ਆਖਦਾ ਹੈ: ਛੇਤੀ ਹੀ ਮੈਂ ਯਰੂਸ਼ਲਮ ਸ਼ਹਿਰ ਨੂੰ ਬਾਬਲ ਦੇ ਰਾਜੇ ਦੇ ਹਵਾਲੇ ਕਰ ਦਿਆਂਗਾ। ਅਤੇ ਉਹ ਇਸਨੂੰ ਸਾੜ ਦੇਵੇਗਾ।
3 ਸਿਦਕੀਯਾਹ, ਤੂੰ ਬਾਬਲ ਦੇ ਰਾਜੇ ਕੋਲੋਂ ਨਹੀਂ ਬਚ ਸਕੇਂਗਾ। ਤੂੰ ਅਵੱਸ਼ ਫ਼ੜ ਲਿਆ ਜਾਵੇਂਗਾ ਅਤੇ ਉਸਦੇ ਹਵਾਲੇ ਕਰ ਦਿੱਤਾ ਜਾਵੇਂਗਾ। ਤੂੰ ਬਾਬਲ ਦੇ ਰਾਜੇ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ। ਉਹ ਤੇਰੇ ਨਾਲ ਰੂਬਰੂ ਗੱਲ ਕਰੇਗਾ, ਅਤੇ ਤੂੰ ਬਾਬਲ ਜਾਵੇਂਗਾ।
4 ਪਰ ਯਹੂਦਾਹ ਦੇ ਰਾਜੇ ਸਿਦਕੀਯਾਹ, ਯਹੋਵਾਹ ਦੇ ਇਕਰਾਰ ਨੂੰ ਸੁਣ। ਜੋ ਯਹੋਵਾਹ ਤੇਰੇ ਬਾਰੇ ਆਖਦਾ ਹੈ ਉਹ ਇਹ ਹੈ: ਤੂੰ ਤਲਵਾਰ ਨਾਲ ਨਹੀਂ ਮਾਰਿਆ ਜਾਵੇਂਗਾ।
5 ਤੂੰ ਸ਼ਾਂਤੀ ਨਾਲ ਮਰੇਂਗਾ। ਲੋਕਾਂ ਨੇ ਤੇਰੇ ਪੁਰਖਿਆਂ, ਰਾਜਿਆਂ ਲਈ ਧੂਫ਼ਾਂ ਧੁਖਾਈਆਂ ਜਿਨ੍ਹਾਂ ਨੇ ਤੈਥੋਂ ਪਹਿਲਾਂ ਰਾਜ ਕੀਤਾ ਸੀ। ਇਸ ਲਈ ਉਹ ਤੇਰੇ ਆਦਰ ਵਿੱਚ ਧੂਫ਼ਾਂ ਧੁਖਾਉਣਗੇ। ਉਹ ਤੇਰੇ ਲਈ ਰੋਣਗੇ। ਉਹ ਉਦਾਸੀ ਨਾਲ ਆਖਣਗੇ, "ਹਾਏ ਮਾਲਕ!" ਮੈਂ ਖੁਦ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ।"' ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
6 ਇਸ ਲਈ ਯਿਰਮਿਯਾਹ ਨੇ ਯਰੂਸ਼ਲਮ ਵਿੱਚ ਜਾਕੇ ਸਿਦਕੀਯਾਹ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ।
7 ਇਹ ਉਦੋਂ ਦੀ ਗੱਲ ਹੈ ਜਦੋਂ ਬਾਬਲ ਦੀ ਫ਼ੌਜ ਯਰੂਸ਼ਲਮ ਦੇ ਖਿਲਾਫ਼ ਲੜ ਰਹੀ ਸੀ। ਬਾਬਲ ਦੀ ਫ਼ੌਜ ਯਹੂਦਾਹ ਦੇ ਉਨ੍ਹਾਂ ਸ਼ਹਿਰਾਂ ਦੇ ਖਿਲਾਫ਼ ਵੀ ਲੜ ਰਹੀ ਸੀ ਜਿਨ੍ਹਾਂ ਉੱਪਰ ਹਾਲੇ ਤੀਕ ਕਬਜ਼ਾ ਨਹੀਂ ਸੀ ਹੋਇਆ। ਉਹ ਸ਼ਹਿਰ ਸਨ ਲਾਕੀਸ਼ ਅਤੇ ਅਜ਼ੇਕਾਹ। ਸਿਰਫ਼ ਇਹੀ ਅਜਿਹੇ ਕਿਲਾਬੰਦ ਸ਼ਹਿਰ ਸਨ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਬਚੇ ਰਹਿ ਗਏ ਸਨ।
8 ਰਾਜੇ ਸਿਦਕੀਯਾਹ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ ਕਿ ਉਹ ਸਾਰੇ ਇਬਰਾਨੀ ਗੁਲਾਮਾਂ ਨੂੰ ਆਜ਼ਾਦ ਕਰ ਦੇਵੇਗਾ। ਜਦੋਂ ਸਿਦਕੀਯਾਹ ਨੇ ਉਹ ਇਕਰਾਰਨਾਮਾ ਕਰ ਲਿਆ ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ।
9 ਹਰ ਕਿਸੇ ਨੂੰ ਆਪਣੇ ਇਬਰਾਨੀ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਸੀ। ਸਾਰੇ ਇਬਰਾਨੀ ਮਰਦ ਅਤੇ ਔਰਤ ਗੁਲਾਮਾਂ ਨੂੰ ਆਜ਼ਾਦ ਕੀਤਾ ਜਾਣਾ ਸੀ। ਕਿਸੇ ਬੰਦੇ ਕੋਲੋਂ ਵੀ ਯਹੂਦਾਹ ਦੇ ਪਰਿਵਾਰ-ਸਮੂਹ ਦੇ ਕਿਸੇ ਬੰਦੇ ਨੂੰ ਗੁਲਾਮ ਬਣਾਕੇ ਰੱਖਣ ਦਾ ਹੱਕ ਨਹੀਂ ਸੀ।
10 ਇਸ ਲਈ ਯਹੂਦਾਹ ਦੇ ਸਾਰੇ ਆਗੂਆਂ ਅਤੇ ਸਾਰੇ ਲੋਕਾਂ ਨੇ ਇਹ ਇਕਰਾਰਨਾਮਾ ਪ੍ਰਵਾਨ ਕਰ ਲਿਆ। ਹਰ ਬੰਦੇ ਨੇ ਆਪਣੇ ਮਰਦ ਅਤੇ ਔਰਤ ਗੁਲਾਮਾਂ ਨੂੰ ਆਜ਼ਾਦ ਕਰ ਦੇਣਾ ਸੀ ਅਤੇ ਉਨ੍ਹਾਂ ਨੂੰ ਗੁਲਾਮ ਬਣਾਈ ਨਹੀਂ ਰੱਖਣਾ ਸੀ। ਹਰ ਬੰਦਾ ਮੰਨ ਗਿਆ ਇਸ ਲਈ ਸਾਰੇ ਗੁਲਾਮ ਆਜ਼ਾਦ ਕਰ ਦਿੱਤੇ ਗਏ।
11 ਪਰ ਉਸਤੋਂ ਮਗਰੋਂ, ਉਨ੍ਹਾਂ ਲੋਕਾਂ ਨੇ, ਜਿਨ੍ਹਾਂ ਕੋਲ ਗੁਲਾਮ ਸਨ, ਆਪਣੇ ਇਰਾਦੇ ਬਦਲ ਲੇ। ਇਸ ਲਈ ਉਨ੍ਹਾਂ ਨੇ ਜਿਨ੍ਹਾਂ ਲੋਕਾਂ ਨੂੰ ਆਜ਼ਾਦ ਕੀਤਾ ਸੀ ਉਨ੍ਹਾਂ ਨੂੰ ਫ਼ੜ ਲਿਆ ਅਤੇ ਮੁੜ ਕੇ ਗੁਲਾਮ ਬਣਾ ਲਿਆ।
12 ਫ਼ੇਰ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਸੰਦੇਸ਼ ਮਿਲਿਆ;
13 ਯਿਰਮਿਯਾਹ ਇਹੀ ਹੈ ਜੋ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: "ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਜਿੱਥੇ ਉਹ ਗੁਲਾਮ ਸਨ। ਜਦੋਂ ਮੈਂ ਅਜਿਹਾ ਕੀਤਾ ਤਾਂ ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ।
14 ਮੈਂ ਤੁਹਾਡੇ ਪੁਰਖਿਆਂ ਨੂੰ ਆਖਿਆ: ਹਰ ਸੱਤਾਂ ਸਾਲਾਂ ਦੇ ਅਖੀਰ ਉੱਤੇ ਹਰ ਬੰਦੇ ਨੂੰ ਆਪਣੇ ਇਬਰਾਨੀ ਗੁਲਾਮ ਨੂੰ ਜ਼ਰੂਰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਜੇ ਤੁਹਾਡੇ ਪਾਸ ਕੋਈ ਇਬਰਾਨੀ ਸਾਬੀ ਹੈ ਜਿਸਨੇ ਆਪਣੇ ਆਪ ਨੂੰ ਤੁਹਾਡੇ ਹੱਥ ਵੇਚ ਦਿੱਤਾ ਹੈ ਤਾਂ ਤੁਹਾਨੂੰ ਉਸਦੀ ਛੇ ਸਾਲਾਂ ਦੀ ਸੇਵਾ ਤੋਂ ਬਾਦ ਉਸਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ।' ਪਰ ਤੁਹਾਡੇ ਪੁਰਿਖਆਂ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਨਾ ਹੀ ਮੇਰੇ ਵੱਲ ਧਿਆਨ ਦਿੱਤਾ।
15 ਕੁਝ ਸਮਾਂ ਪਹਿਲਾਂ, ਤੁਸੀਂ ਆਪਣੇ ਇਰਾਦੇ ਬਦਲ ਲੇ ਅਤੇ ਉਹ ਕਰਨਾ ਚਾਹਿਆ ਜੋ ਸਹੀ ਹੈ। ਤੁਹਾਡੇ ਵਿੱਚੋਂ ਹਰੇਕ ਨੇ ਆਪਣੇ ਉਨ੍ਹਾਂ ਇਬਰਾਨੀ ਸਾਥੀਆਂ ਨੂੰ ਆਜ਼ਾਦੀ ਦੇ ਦਿੱਤੀ ਜੋ ਗੁਲਾਮ ਸਨ। ਅਤੇ ਤੁਸੀਂ ਮੇਰੇ ਨਾਲ ਨਾਲ ਸਦ੍ਦੇ ਜਾਂਦੇ ਮੰਦਰ ਵਿੱਚ ਮੇਰੇ ਸਾਮ੍ਹਣੇ ਇੱਕ ਇਕਰਾਰਨਾਮਾ ਕੀਤਾ।
16 ਪਰ ਹੁਣ ਤਸੀਁ ਆਪਣੇ ਮਨ ਬਦਲ ਲੇ ਹਨ। ਤੁਸੀਂ ਦਰਸਾ ਦਿੱਤਾ ਹੈ ਕਿ ਤੁਸੀਂ ਮੇਰੇ ਨਾਮ ਦਾ ਆਦਰ ਨਹੀਂ ਕਰਦੇ। ਇਹ ਤੁਸੀਂ ਕਿਵੇਂ ਕੀਤਾ? ਤੁਹਾਡੇ ਵਿੱਚੋਂ ਹਰੇਕ ਨੇ ਉਹ ਮਰਦ ਜਾਂ ਔਰਤ ਗੁਲਾਮ ਫ਼ੇਰ ਰੱਖ ਲਿਆ ਜਿਸਨੂੰ ਤੁਸੀਂ ਆਜ਼ਾਦ ਕਰ ਦਿੱਤਾ ਸੀ। ਤੁਸੀਂ ਉਨ੍ਹਾਂ ਨੂੰ ਫ਼ੇਰ ਗੁਲਾਮ ਬਣ ਜਾਣ ਲਈ ਮਜ਼ਬੂਰ ਕਰ ਦਿੱਤਾ।
17 ਇਹੀ ਹੈ ਜੋ ਯਹੋਵਾਹ ਆਖਦਾ ਹੈ: 'ਤੁਸੀਂ ਲੋਕਾਂ ਨੇ ਮੇਰਾ ਹੁਕਮ ਨਹੀਂ ਮੰਨਿਆ। ਤੁਸੀਂ ਆਪਣੇ ਇਬਰਾਨੀ ਸਾਥੀਆਂ ਨੂੰ ਆਜ਼ਾਦੀ ਨਹੀਂ ਦਿੱਤੀ। ਕਿਉਂ ਕਿ ਤੁਸੀਂ ਇਕਰਾਰਨਾਮੇ ਦੀ ਪਾਲਨਾ ਨਹੀਂ ਕੀਤੀ, ਮੈਂ "ਆਜ਼ਾਦੀ" ਦੇਵਾਂਗਾ। ਇਹ ਸੰਦੇਸ਼ ਹੈ ਯਹੋਵਾਹ ਵੱਲੋਂ।' (ਮੈਂ "ਆਜ਼ਾਦੀ" ਦਿਆਂਗਾ।) ਤਲਵਾਰ ਨਾਲ, ਭੁੱਖਮਰੀ ਨਾਲ ਅਤੇ ਭਿਆਨਕ ਬਿਮਾਰੀ ਨਾਲ ਮਾਰੇ ਜਾਣ ਦੀ! ਮੈਂ ਤੁਹਾਨੂੰ ਇੱਕ ਅਜਿਹੀ ਸ਼ੈਅ ਬਣਾ ਦਿਆਂਗਾ ਜਿਹੜੀ ਧਰਤੀ ਦੇ ਸਾਰੇ ਰਾਜਾਂ ਨੂੰ ਭੈਭੀਤ ਕਰ ਦੇਵੇਗੀ ਜਦੋਂ ਉਹ ਤੁਹਾਡੇ ਬਾਰੇ ਸੁਣਨਗੇ।
18 ਮੈਂ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ ਅਤੇ ਮੇਰੇ ਅੱਗੇ ਕੀਤੇ ਹੋਏ ਇਕਰਾਰਾਂ ਦੀ ਪਾਲਨਾ ਨਹੀਂ ਕੀਤੀ, ਫ਼ੜਾ ਦਿਆਂਗਾ। ਮੈਂ ਉਨ੍ਹਾਂ ਨੂੰ ਉਸ ਵੱਛੇ ਵਾਂਗ ਬਣਾ ਦਿਆਂਗਾ ਜਿਸਨੂੰ ਉਹ ਮੇਰੇ ਸਾਮ੍ਹਣੇ ਦੋ ਹਿਸਿਆਂ ਵਿੱਚ ਕੱਟ ਦਿੰਦੇ ਹਨ ਅਤੇ ਦੋਹਾਂ ਟੁਕੜਿਆਂ ਦੇ ਵਿਚਕਾਰੋ ਗੁਜ਼ਰ ਜਾਂਦੇ ਹਨ।
19 ਇਹੀ ਨੇ ਉਹ ਲੋਕ ਜਿਨ੍ਹਾਂ ਨੇ ਵੱਛੇ ਨੂੰ ਦੋ ਹਿਸਿਆਂ ਵਿੱਚ ਕੱਟ ਦਿੱਤਾ ਸੀ ਅਤੇ ਉਨ੍ਹਾਂ ਦੇ ਵਿਚਕਾਰੋ ਲੰਘੇ ਸਨ ਜਦੋਂ ਉਨ੍ਹਾਂ ਨੇ ਮੇਰੇ ਸਾਮ੍ਹਣੇ ਇਕਰਾਰਨਾਮਾ ਕੀਤਾ ਸੀ: ਯਹੂਦਾਹ ਅਤੇ ਯਰੂਸ਼ਲਮ ਦੇ ਆਗੂ, ਰਾਜ ਦਰਬਾਰ ਦੇ ਮਹੱਤਵਪੂਰਣ ਅਧਿਕਾਰੀ, ਜਾਜਕ ਅਤੇ ਧਰਤੀ ਦੇ ਲੋਕ।
20 ਇਸ ਲਈ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ ਅਤੇ ਹਰ ਓਸ ਬੰਦੇ ਦੇ ਹਵਾਲੇ ਜਿਹੜੇ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਹੈ। ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੀ ਖੁਰਾਕ ਬਣਨਗੀਆਂ।
21 ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਉਸਦੇ ਲੋਕਾਂ ਨੂੰ ਬਾਬਲ ਦੇ ਰਾਜੇ ਦੀ ਫ਼ੌਜ ਦੇ ਹਵਾਲੇ ਕਰ ਦਿਆਂਗਾ ਭਾਵੇਂ ਉਹ ਫ਼ੌਜ ਯਰੂਸ਼ਲਮ ਨੂੰ ਛੱਡ ਚੁੱਕੀ ਹੋਵੇ। ਪਰ ਮੈਂ ਹੁਕਮ ਦਿਆਂਗਾ।' ਇਹ ਸੰਦੇਸ਼ ਯਹੋਵਾਹ ਵੱਲੋਂ ਹੈ, ਕਿ ਬਾਬਲ ਦੀ ਫ਼ੌਜ ਯਰੂਸ਼ਲਮ ਵਾਪਸ ਲਿਆਂਦੀ ਜਾਵੇ। ਉਹ ਫ਼ੌਜ ਯਰੂਸ਼ਲਮ ਦੇ ਖਿਲਾਫ਼ ਲੜੇਗੀ। ਉਹ ਇਸ ਉੱਤੇ ਕਬਜ਼ਾ ਕਰ ਲਵੇਗੀ ਅਤੇ ਇਸਨੂੰ ਅੱਗ ਲਾਕੇ ਸਾੜ ਦੇਵੇਗੀ। ਅਤੇ ਮੈਂ ਯਹੂਦਾਹ ਦੀ ਧਰਤੀ ਦੇ ਸ਼ਹਿਰਾਂ ਨੂੰ ਤਬਾਹ ਕਰ ਦਿਆਂਗਾ। ਉਹ ਸ਼ਹਿਰ ਸੱਖਣੇ ਮਾਰੂਬਲ ਹੋ ਜਾਣਗੇ। ਕੋਈ ਬੰਦਾ ਵੀ ਓਥੇ ਨਹੀਂ ਰਹੇਗਾ।"'
22