ਯਰਮਿਆਹ
ਕਾਂਡ 35
1 ਉਸ ਸਮੇਂ ਜਦੋਂ ਯਹੋਯਾਕੀਮ ਯਹੂਦਾਹ ਦਾ ਰਾਜਾ ਸੀ, ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਯਹੋਵਾਹ ਵੱਲੋਂ ਇਹ ਸੰਦੇਸ਼ ਸੀ:
2 ਯਿਰਮਿਯਾਹ, ਰੇਕਾਬੀ ਪਰਿਵਾਰ ਕੋਲ ਜਾਹ। ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਦੇ ਵੱਖੀ ਵਾਲੇ ਪਾਸੇ ਦੇ ਕਿਸੇ ਕਮਰੇ ਵਿੱਚ ਆਉਣ ਦਾ ਸੱਦਾ ਦੇਵੀਂ। ਉਨ੍ਹਾਂ ਨੂੰ ਪੀਣ ਲਈ ਸ਼ਰਾਬ ਦੇਵੀਂ।"
3 ਇਸ ਲਈ ਮੈਂ ਯਅਜ਼ਨਯਾਹ ਨੂੰ ਲੈਣ ਲਈ ਗਿਆ। ਯਅਜ਼ਨਯਾਹ ਯਿਰਮਿਯਾਹ ਦਾ ਪੁੱਤਰ ਸੀ। ਯਿਰਮਿਯਾਹ ਹਬਸਿਨ੍ਨਯਾਹ ਦਾ ਪੁੱਤਰ ਸੀ। ਅਤੇ ਮੈਂ ਯਅਜ਼ਨਯਾਹ ਦੇ ਸਾਰੇ ਭਰਾਵਾਂ ਅਤੇ ਪੁੱਤਰਾਂ ਨੂੰ ਇਕੱਠਾ ਕਰ ਲੈ ਲਿਆ। ਮੈਂ ਰੇਕਾਬੀਆਂ ਦੇ ਪੂਰੇ ਪਰਿਵਾਰਾਂ ਨੂੰ ਇਕੱਠਾ ਕਰ ਲਿਆ।
4 ਫ਼ੇਰ ਮੈਂ ਰੇਕਾਬੀ ਪਰਿਵਾਰ ਨੂੰ ਯਹੋਵਾਹ ਦੇ ਮੰਦਰ ਵਿੱਚ ਲੈ ਗਿਆ। ਅਸੀਂ ਉਸ ਕਮਰੇ ਵਿੱਚ ਗਏ ਜਿਸਨੂੰ ਹਾਨਾਨ ਦੇ ਪੁੱਤਰ ਦਾ ਕਮਰਾ ਸਦਿਆ ਜਾਂਦਾ ਸੀ। ਹਾਨਾਹ ਯਿਗਦਲਯਾਹ ਨਾਂ ਦੇ ਇੱਕ ਬੰਦੇ ਦਾ ਪੁੱਤਰ ਸੀ। ਹਾਨਾਨ ਪਰਮੇਸ਼ੁਰ ਦਾ ਬੰਦਾ ਸੀ। ਇਹ ਕਮਰੇ ਉਸ ਕਮਰੇ ਦੇ ਨਾਲ ਦਾ ਸੀ ਜਿੱਥੇ ਯਹੂਦਾਹ ਦੇ ਰਾਜਕੁਮਾਰ ਠਹਿਰਦੇ ਹਨ। ਇਹ ਸ਼ਲ੍ਲੁਮ ਦੇ ਪੁੱਤਰ ਮਆਸੇਯਾਹ ਦੇ ਕਮਰੇ ਦੇ ਉੱਪਰ ਸੀ। ਮਆਸੇਯਾਹ ਮੰਦਰ ਦਾ ਚੌਕੀਦਾਰ ਸੀ।
5 ਫ਼ੇਰ ਮੈਂ ਸ਼ਰਾਬ ਦੀਆਂ ਕੁਝ ਸੁਰਾਹੀਆਂ ਕੁਝ ਪਿਆਲਿਆਂ ਸਮੇਤ ਰੇਕਾਬੀ ਪਰਿਵਾਰ ਦੇ ਸਾਮ੍ਹਣੇ ਰੱਖ ਦਿੱਤੀਆਂ। ਅਤੇ ਮੈਂ ਉਨ੍ਹਾਂ ਨੂੰ ਆਖਿਆ, "ਬੋੜੀ ਜਿਹੀ ਸ਼ਰਾਬ ਪੀਵੋ।"
6 ਪਰ ਰੇਕਾਬੀ ਦੇ ਪਰਿਵਾਰ ਵਾਲਿਆਂ ਨੇ ਆਖਿਆ, "ਅਸੀਂ ਸ਼ਰਾਬ ਬਿਲਕੁਲ ਨਹੀਂ ਪੀਁਦੇ। ਅਸੀਂ ਇਹ ਕਦੇ ਨਹੀਂ ਪੀਤੀ ਕਿਉਂ ਕਿ ਸਾਡੇ ਪੁਰਖੇ ਯੋਨਾਦਾਬ ਸਪੁੱਤਰ ਰੇਕਾਬ ਨੇ ਸਾਨੂੰ ਇਹ ਆਦੇਸ਼ ਦਿੱਤਾ ਸੀ: ਤੁਹਾਨੂੰ ਅਤੇ ਤੁਹਾਡੇ ਉਤਰਾਧਿਕਾਰੀਆਂ ਨੂੰ ਕਦੇ ਵੀ ਮੈ ਨਹੀਂ ਪੀਣੀ ਚਾਹੀਦੀ।
7 ਅਤੇ ਇਹ ਵੀ ਕਿ ਤੁਹਾਨੂੰ ਕਦੇ ਵੀ ਮਕਾਨ ਨਹੀਂ ਉਸਾਰਨੇ ਚਾਹੀਦੇ, ਬੀਜ ਨਹੀਂ ਬੀਜਣੇ ਚਾਹੀਦੇ ਜਾਂ ਅੰਗੂਰਾਂ ਦੇ ਬਗੀਚੇ ਨਹੀਂ ਲਗਾਉਣੇ ਚਾਹੀਦੇ। ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ। ਤੁਹਾਨੂੰ ਸਿਰਫ਼ ਤੰਬੂਆਂ ਵਿੱਚ ਰਹਿਣਾ ਚਾਹੀਦਾ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਤੁਸੀਂ ਲੰਮੇ ਸਮੇਂ ਤੀਕ ਉਸ ਧਰਤੀ ਉੱਤੇ ਰਹੋਁਗੇ ਜਿੱਥੇ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਹੋ।'
8 ਇਸ ਲਈ ਅਸੀਂ ਰੇਕਾਬੀਆਂ ਦੇ ਲੋਕਾਂ ਨੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸਦਾ ਆਦੇਸ਼ ਸਾਡੇ ਪੁਰਖੇ ਯੋਨਾਦਾਬ ਨੇ ਸਾਡੇ ਲਈ ਕੀਤਾ ਸੀ। ਅਸੀਂ ਕਦੇ ਵੀ ਸ਼ਰਾਬ ਨਹੀਂ ਪੀਁਦੇ। ਅਤੇ ਸਾਡੀਆਂ ਪਤਨੀਆਂ, ਸਾਡੇ ਪੁੱਤਰ, ਅਤੇ ਧੀਆਂ ਵੀ ਕਦੇ ਸ਼ਰਾਬ ਨਹੀਂ ਪੀਁਦੇ।
9 ਅਸੀਂ ਕਦੇ ਵੀ ਰਹਿਣ ਲਈ ਮਕਾਨ ਨਹੀਂ ਬਣਾਉਂਦੇ। ਅਤੇ ਅਸੀਂ ਕਦੇ ਵੀ ਬਗੀਚਿਆਂ ਜਾਂ ਖੇਤਾਂ ਦੇ ਮਾਲਕ ਨਹੀਂ ਬਣਦੇ। ਅਤੇ ਅਸੀਂ ਕਦੇ ਫ਼ਸਲਾਂ ਨਹੀਂ ਬੀਜਦੇ।
10 "ਅਸੀਂ ਹਮੇਸ਼ਾ ਤੰਬੂਆਂ ਵਿੱਚ ਰਹੇ ਹਾਂ ਅਤੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸ ਬਾਰੇ ਸਾਡੇ ਪੁਰਖੇ ਯੋਨਾਦਾਬ ਨੇ ਸਾਨੂੰ ਆਦੇਸ਼ ਦਿੱਤਾ ਸੀ।
11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਹੂਦਾਹ ਦੇ ਦੇਸ਼ ਉੱਤੇ ਹਮਲਾ ਕੀਤਾ ਸੀ ਤਾਂ ਅਸੀਂ ਯਰੂਸ਼ਲਮ ਵਿੱਚ ਜ਼ਰੂਰ ਗਏ ਸੀ। ਅਸੀਂ ਇੱਕ ਦੂਜੇ ਨੂੰ ਆਖਿਆ ਸੀ, 'ਆਓ ਅਸੀਂ ਯਰੂਸ਼ਲਮ ਦੇ ਸ਼ਹਿਰ ਵਿੱਚ ਜ਼ਰੂਰ ਦਾਖਲ ਹੋਈੇ ਤਾਂ ਜੋ ਅਸੀਂ ਬਾਬਲ ਦੀ ਫ਼ੌਜ ਅਤੇ ਆਰਾਮੀਆਂ ਦੀ ਫ਼ੌਜ ਕੋਲੋਂ ਬਚ ਸਕੀਏ।' ਇਸ ਲਈ ਅਸੀਂ ਯਰੂਸ਼ਲਮ ਵਿੱਚ ਠਹਿਰ ਗਏ ਸਾਂ।"
12 ਫ਼ੇਰ ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ,
13 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, "ਯਿਰਮਿਯਾਹ, ਜਾਹ ਅਤੇ ਇਹ ਸੰਦੇਸ਼ ਯਹੂਦਾਹ ਦੇ ਬੰਦਿਆਂ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਦੱਸ: ਤੁਹਾਨੂੰ ਲੋਕਾਂ ਨੂੰ ਸਬਕ ਸਿਖਣਾ ਚਾਹੀਦਾ ਹੈ ਅਤੇ ਮੇਰੇ ਸੰਦੇਸ਼ ਨੂੰ ਮੰਨਣਾ ਚਾਹੀਦਾ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
14 "ਰੇਕਾਬ ਦੇ ਪੁੱਤਰ ਯੋਨਾਦਾਬ ਨੇ ਆਪਣੇ ਪੁੱਤਰਾਂ ਨੂੰ ਸ਼ਰਾਬ ਨਾ ਪੀਣ ਦਾ ਹੁਕਮ ਕੀਤਾ ਅਤੇ ਉਹ ਆਦੇਸ਼ ਮੰਨਿਆ ਗਿਆ ਹੈ। ਅੱਜ ਦਿਨ ਤੀਕ ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਆਪਣੇ ਪੁਰਖੇ ਦਾ ਆਦੇਸ਼ ਮੰਨਿਆ ਹੈ। ਉਹ ਸ਼ਰਾਬ ਨਹੀਂ ਪੀਁਦੇ। ਪਰ ਮੈਂ ਯਹੋਵਾਹ ਹਾਂ। ਅਤੇ ਮੈਂ ਯਹੂਦਾਹ ਦੇ ਤੁਸਾਂ ਲੋਕਾਂ ਨੂੰ ਬਾਰ-ਬਾਰ ਸੰਦੇਸ਼ ਦਿੱਤੇ ਹਨ ਪਰ ਤੁਸੀਂ ਮੇਰਾ ਹੁਕਮ ਨਹੀਂ ਮੰਨਿਆ।
15 ਮੈਂ ਆਪਣੇ ਸੇਵਕਾਂ, ਨਬੀਆਂ, ਨੂੰ ਇਸਰਾਏਲ ਅਤੇ ਯਹੂਦਾਹ ਦੇ ਤੁਸੀਂ ਲੋਕਾਂ ਕੋਲ ਭੇਜਿਆ। ਮੈਂ ਉਨ੍ਹਾਂ ਨੂੰ ਤੁਹਾਡੇ ਵੱਲ ਬਾਰ-ਬਾਰ ਭੇਜਿਆ। ਉਨ੍ਹਾਂ ਨਬੀਆਂ ਨੇ ਤੁਹਾਨੂੰ ਆਖਿਆ ਸੀ, 'ਤੁਹਾਨੂੰ ਇਸਰਾਏਲ ਅਤੇ ਯਹੂਦਾਹ ਦੇ ਹਰ ਬੰਦੇ ਨੂੰ ਮੰਦੇ ਕੰਮ ਕਰਨੇ ਛੱਡ ਦੇਣੇ ਚਾਹੀਦੇ ਹਨ। ਤੁਹਾਨੂੰ ਨੇਕੀ ਹੀ ਕਰਨੀ ਚਾਹੀਦੀ ਹੈ। ਹੋਰਨਾਂ ਦੇਵਤਿਆਂ ਦੇ ਪਿੱਛੇ ਨਾ ਲੱਗੋ। ਉਨ੍ਹਾਂ ਦੀ ਉਪਾਸਨਾ ਜਾਂ ਸੇਵਾ ਨਾ ਕਰੋ। ਜੇ ਤੁਸੀਂ ਮੇਰਾ ਹੁਕਮ ਮੰਨੋਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਸੋਗੇ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਹੋਈ ਹੈ।' ਪਰ ਤੁਸਾਂ ਲੋਕਾਂ ਨੇ ਮੇਰੇ ਸੰਦੇਸ਼ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ।
16 ਯੋਨਾਦਾਬ ਦੇ ਉਤਰਾਧਿਕਾਰੀਆਂ ਨੇ ਉਨ੍ਹਾਂ ਆਦੇਸ਼ਾਂ ਦਾ ਪਾਲਣ ਕੀਤਾ ਜਿਹੜੇ ਉਨ੍ਹਾਂ ਦੇ ਪੁਰਖੇ ਨੇ ਉਨ੍ਹਾਂ ਨੂੰ ਦਿੱਤੇ। ਪਰ ਯਹੂਦਾਹ ਦੇ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ।"
17 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, "ਮੈਂ ਆਖਿਆ ਸੀ ਕਿ ਯਹੂਦਾਹ ਅਤੇ ਯਰੂਸ਼ਲਮ ਨਾਲ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਮੈਂ ਛੇਤੀ ਹੀ ਉਨ੍ਹਾਂ ਸਾਰੀਆਂ ਮਾੜੀਆਂ ਘਟਨਾਵਾਂ ਨੂੰ ਵਾਪਰਨ ਦਿਆਂਗਾ। ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਪਰ ਉਨ੍ਹਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਮੈਂ ਉਨ੍ਹਾਂ ਨੂੰ ਬੁਲਾਇਆ ਪਰ ਉਨ੍ਹਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ।"
18 ਫ਼ੇਰ ਯਿਰਮਿਯਾਹ ਨੇ ਰੇਕਾਬੀ ਲੋਕਾਂ ਦੇ ਪਰਿਵਾਰ ਨੂੰ ਆਖਿਆ, "ਸਰਬ ਸ਼ਕਤੀਮਾਨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, 'ਤੁਸੀਂ ਲੋਕਾਂ ਨੇ ਆਪਣੇ ਪੁਰਖੇ ਯੋਨਾਦਾਬ ਦੇ ਆਦੇਸ਼ ਮਂਨੇ ਹਨ। ਤੁਸੀਂ ਯੋਨਾਦਾਬ ਦੀਆਂ ਸਾਰੀਆਂ ਸਿਖਿਆਵਾਂ ਉੱਤੇ ਚੱਲੇ ਹੋ। ਤੁਸੀਂ ਹਰ ਉਹ ਗੱਲ ਕੀਤੀ ਹੈ ਜਿਸਦਾ ਉਸਨੇ ਆਦੇਸ਼ ਦਿੱਤਾ ਸੀ।
19 ਇਸ ਲਈ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਆਖਦਾ ਹੈ, ਇੱਥੇ ਰੇਕਾਬ ਦੇ ਪੁੱਤਰ ਯੋਨਾਦਾਬ ਦਾ ਕੋਈ ਨਾ ਕੋਈ ਉੱਤਰਾਧਿਕਾਰੀ ਮੇਰੀ ਸੇਵਾ ਕਰਨ ਵਾਲਾ ਹਮੇਸ਼ਾ ਹੋਵੇਗਾ।"'