ਯਰਮਿਆਹ
ਕਾਂਡ 24
1 ਯਹੋਵਾਹ ਨੇ ਮੈਨੂੰ ਇਹ ਚੀਜ਼ਾਂ ਦਰਸਾਈਆਂ: ਮੈਂ ਯਹੋਵਾਹ ਦੇ ਮੰਦਰ ਦੇ ਸਾਮ੍ਹਣੇ ਅੰਜੀਰਾਂ ਦੇ ਸਜਾੇ ਹੋਏ ਦੋ ਟੋਕਰੇ ਦੇਖੇ। (ਮੈਂ ਇਹ ਦਰਸ਼ਨ ਉਦੋਂ ਦੇਖਿਆ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਕਾਨਯਾਹ ਨੂੰ ਕੈਦੀ ਬਣਾਇਆ ਸੀ। ਯਕਾਨਯਾਹ ਰਾਜੇ ਯਹੋਯਾਕੀਮ ਦਾ ਪੁੱਤਰ ਸੀ। ਯਕਾਨਯਾਹ ਅਤੇ ਉਸ ਦੇ ਮਹੱਤਵਪੂਰਣ ਅਧਿਕਾਰੀਆਂ ਨੂੰ ਯਰੂਸ਼ਲਮ ਤੋਂ ਬਾਹਰ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਬਾਬਲ ਲਿਜਾਇਆ ਗਿਆ ਸੀ ਨਬੂਕਦਨੱਸਰ ਯਹੂਦਾਹ ਦੇ ਸਾਰੇ ਤਰਖਾਣਾਂ ਅਤੇ ਧਾਤ ਦੇ ਕਾਮਿਆਂ ਨੂੰ ਵੀ ਲੈ ਗਿਆ ਸੀ।)
2 ਇੱਕ ਟੋਕਰੀ ਵਿੱਚ ਬਹੁਤ ਚੰਗੇ ਅੰਜੀਰ ਸਨ। ਉਹ ਅੰਜੀਰ ਉਹੋ ਜਿਹੇ ਸਨ ਜਿਹੜੇ ਰੁੱਤ ਵਿੱਚ ਅਗੇਤੇ ਪੱਕ ਜਾਂਦੇ ਹਨ। ਪਰ ਦੂਸਰੇ ਟੋਕਰੇ ਅੰਦਰ ਸੜੇ ਹੋਏ ਅੰਜੀਰ ਪਏ ਸਨ ਉਹ ਇੰਨੇ ਸੜੇ ਹੋਏ ਸਨ ਕਿ ਖਾਣ ਦੇ ਯੋਗ ਨਹੀਂ ਸਨ।
3 ਯਹੋਵਾਹ ਨੇ ਮੈਨੂੰ ਆਖਿਆ, "ਯਿਰਮਿਯਾਹ ਤੈਨੂੰ ਕੀ ਦਿਖਾਈ ਦਿੰਦਾ ਹੈ?" ਮੈਂ ਜਵਾਬ ਦਿੱਤਾ, "ਮੈਨੂੰ ਅੰਜੀਰ ਦਿਖਾਈ ਦਿੰਦੇ ਹਨ। ਚੰਗੇ ਅੰਜੀਰ ਬਹੁਤ ਚੰਗੇ ਹਨ। ਅਤੇ ਸੜੇ ਹੋਏ ਅੰਜੀਰ ਬਹੁਤ ਸੜੇ ਹੋਏ ਹਨ। ਉਹ ਇੰਨੇ ਸੜੇ ਹੋਏ ਹਨ ਕਿ ਖਾਧੇ ਨਹੀਂ ਜਾ ਸਕਦੇ।"
4 ਫ਼ੇਰ ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ।
5 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ, "ਯਹੂਦਾਹ ਦੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਬਾਹਰ ਲਿਜਾਇਆ ਗਿਆ। ਉਨ੍ਹਾਂ ਦਾ ਦੁਸ਼ਮਣ ਉਨ੍ਹਾਂ ਨੂੰ ਬਾਬਲ ਲੈ ਗਿਆ। ਉਹ ਲੋਕ ਇਨ੍ਹਾਂ ਚੰਗੇ ਅੰਜੀਰਾਂ ਵਰਗੇ ਹੋਣਗੇ। ਮੈਂ ਉਨ੍ਹਾਂ ਲੋਕਾਂ ਉੱਪਰ ਮਿਹਰ ਕਰਾਂਗਾ।
6 ਮੈਂ ਉਨ੍ਹਾਂ ਦੀ ਰੱਖਿਆ ਕਰਾਂਗਾ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਚੀਰਾਂਗਾ ਨਹੀਂ - ਮੈਂ ਉਨ੍ਹਾਂ ਦੀ ਉਸਾਰੀ ਕਰਾਂਗਾ। ਮੈਂ ਉਨ੍ਹਾਂ ਨੂੰ ਖਿੱਚਾਂਗਾ ਨਹੀਂ - ਮੈਂ ਉਨ੍ਹਾਂ ਨੂੰ ਬੀਜਾਂਗਾ ਤਾਂ ਜੋ ਵਧ ਸਕਣ।
7 ਮੈਂ ਉਨ੍ਹਾਂ ਦੇ ਅੰਦਰ ਮੈਨੂੰ ਜਾਨਣ ਦੀ ਇੱਛਾ ਪੈਦਾ ਕਰ ਦਿਆਂਗਾ। ਉਹ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ। ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਬਾਬਲ ਵਿਚਲੇ ਉਹ ਕੈਦੀ ਆਪਣੇ ਪੂਰੇ ਮਨਾਂ ਨਾਲ ਮੇਰੇ ਵੱਲ ਮੁੜਨਗੇ।
8 "ਪਰ ਯਹੂਦਾਹ ਦਾ ਰਾਜਾ ਸਿਦਕੀਯਾਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗਾ ਹੋਵੇਗਾ ਜੋ ਖਾਣ ਦੇ ਯੋਗ ਨਹੀਂ ਹਨ। ਸਿਦਕੀਯਾਹ, ਉਸਦੇ ਉੱਚ ਅਧਿਕਾਰੀ, ਉਹ ਸਾਰੇ ਲੋਕ ਜਿਹੜੇ ਯਰੂਸ਼ਲਮ ਵਿੱਚ ਬਚ ਜਾਣਗੇ ਅਤੇ ਯਹੂਦਾਹ ਦੇ ਉਹ ਲੋਕ ਜਿਹੜੇ ਮਿਸਰ ਵਿੱਚ ਰਹਿ ਰਹੇ ਹਨ, ਉਹ ਉਨ੍ਹਾਂ ਸੜੇ ਹੋਏ ਅੰਜੀਰਾਂ ਵਰਗੇ ਹੋਣਗੇ।
9 "ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਉਹ ਸਜ਼ਾ ਸਾਰੀ ਧਰਤੀ ਦੇ ਲੋਕਾਂ ਨੂੰ ਭੈਭੀਤ ਕਰ ਦੇਵੇਗੀ। ਲੋਕ ਯਹੂਦਾਹ ਦੇ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾਉਣਗੇ। ਲੋਕ ਉਨ੍ਹਾਂ ਬਾਰੇ ਚੁਟਕਲੇ ਜੋੜਨਗੇ। ਜਿਨ੍ਹਾਂ ਥਾਵਾਂ ਉੱਤੇ ਵੀ ਮੈਂ ਉਨ੍ਹਾਂ ਨੂੰ ਖਿੰਡਾਵਾਂਗਾ, ਲੋਕ ਉਨ੍ਹਾਂ ਨੂੰ ਸਰਾਪ ਦੇਣਗੇ।
10 ਮੈਂ ਉਨ੍ਹਾਂ ਦੇ ਖਿਲਾਫ਼ ਤਲਵਾਰ, ਭੁੱਖ ਅਤੇ ਬਿਮਾਰੀ ਭੇਜਾਂਗਾ। ਮੈਂ ਉਨ੍ਹਾਂ ਉੱਤੇ ਉਦੋਂ ਤੀਕ ਹਮਲਾ ਕਰਾਂਗਾ ਜਦੋਂ ਤੀਕ ਉਹ ਸਾਰੇ ਮਰ ਨਹੀਂ ਜਾਂਦੇ। ਫ਼ੇਰ ਉਹ ਉਸ ਧਰਤੀ ਉੱਤੇ ਨਹੀਂ ਹੋਣਗੇ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ।"