ਯਰਮਿਆਹ
ਕਾਂਡ 30
1 ਇਹ ਉਹ ਸੰਦੇਸ਼ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਮਿਲਿਆ।
2 ਯਹੋਵਾਹ ਇਸਰਾਏਲ ਦੇ ਲੋਕਾਂ ਦੇ ਪਰਮੇਸ਼ੁਰ, ਨੇ ਆਖਿਆ ਸੀ, "ਯਿਰਮਿਯਾਹ, ਜਿਹੜੇ ਸ਼ਬਦ ਮੈਂ ਤੈਨੂੰ ਆਖੇ ਨੇ ਉਨ੍ਹਾਂ ਨੂੰ ਇੱਕ ਕਿਤਾਬ ਵਿੱਚ ਲਿਖ ਲੈ। ਇਹ ਕਿਤਾਬ ਖੁਦ ਆਪਣੇ ਲਈ ਲਿਖ।
3 ਅਜਿਹਾ ਹੀ ਕਰ ਕਿਉਂ ਕਿ ਉਹ ਦਿਨ ਆਉਣਗੇ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ - "ਜਦੋਂ ਮੈਂ ਆਪਣੇ ਲੋਕਾਂ ਨੂੰ ਜਲਾਵਤਨੀ ਵਿੱਚੋਂ ਵਾਪਸ ਇਸਰਾਏਲ ਅਤੇ ਯਹੂਦਾਹ ਵਿੱਚ ਲਿਆਵਾਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ। ਮੈਂ ਉਨ੍ਹਾਂ ਲੋਕਾਂ ਨੂੰ ਉਸੇ ਧਰਤੀ ਉੱਤੇ ਵਸਾ ਦਿਆਂਗਾ ਜਿਹੜੀ ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤੀ ਸੀ। ਫ਼ੇਰ ਮੇਰੇ ਬੰਦੇ ਉਸ ਧਰਤੀ ਦੇ ਦੋਬਾਰਾ ਮਾਲਿਕ ਹੋਣਗੇ।"
4 ਯਹੋਵਾਹ ਨੇ ਇਹ ਸੰਦੇਸ਼ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਲਈ ਸੁਣਾਇਆ।
5 ਇਹੀ ਹੈ ਜੋ ਯਹੋਵਾਹ ਨੇ ਆਖਿਆ: "ਅਸੀਂ ਲੋਕਾਂ ਨੂੰ ਡਰ ਨਾਲ ਚੀਕਦਿਆਂ ਸੁਣਦੇ ਹਾਂ! ਲੋਕ ਭੈਭੀਤ ਨੇ! ਇੱਥੇ ਕੋਈ ਸ਼ਾਂਤੀ ਨਹੀਂ!
6 "ਇਹ ਸਵਾਲ ਪੁੱਛੋ ਅਤੇ ਇਸ ਬਾਰੇ ਸੋਚੋ: ਕੀ ਕੋਈ ਆਦਮੀ ਬੱਚਾ ਪੈਦਾ ਕਰ ਸਕਦਾ ਹੈ? ਬੇਸਕ ਨਹੀਂ! ਫ਼ੇਰ ਮੈਂ ਹਰ ਤਾਕਤਵਰ ਬੰਦੇ ਨੂੰ ਆਪਣੇ ਪੇਟ ਨੂੰ ਸਾਂਭਦਿਆਂ ਕਿਉਂ ਦੇਖਦਾ ਹਾਂ, ਜਿਵੇਂ ਕੋਈ ਔਰਤ ਜਨਮ ਪੀੜਾਂ ਸਹਿ ਰਹੀ ਹੋਵੇ? ਹਰ ਬੰਦੇ ਦਾ ਚਿਹਰਾ ਮਰੇ ਹੋਏ ਬੰਦੇ ਵਾਂਗ ਸਫ਼ੇਦ ਕਿਉਂ ਹੋ ਰਿਹਾ ਹੈ? ਕਿਉਂ ਲੋਕ ਡਰੇ ਹੋਏ ਨੇ।
7 ਯਾਕੂਬ ਲਈ ਇਹ ਬਹੁਤ ਮਹੱਤਵਪੂਰਣ ਸਮਾਂ ਹੈ। ਇਹ ਸਮਾਂ ਵੱਡੀ ਬਿਪਤਾ ਵਾਲਾ ਹੈ। ਇਹੋ ਜਿਹਾ ਸਮਾਂ ਕਦੇ ਵੀ ਨਹੀਂ ਹੋਵੇਗਾ। ਪਰ ਯਾਕੂਬ ਬਚ ਜਾਵੇਗਾ।
8 ਉਸ ਸਮੇਂ, ਇਹ ਸੰਦੇਸ਼ ਸਰਬ ਸ਼ਕਤੀਮਾਨ ਯਹੋਵਾਹ ਵੱਲੋਂ - "ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੇ ਗਲਾਂ ਵਿੱਚ ਪਾਏ ਹੋਏ ਜੂਲੇ ਨੂੰ ਤੋੜ ਦਿਆਂਗਾ। ਅਤੇ ਮੈਂ ਤੁਹਾਨੂੰ ਬੰਨ੍ਹਣ ਵਾਲੀਆਂ ਰਸੀਆਂ ਨੂੰ ਤੋੜ ਦਿਆਂਗਾ। ਵਿਦੇਸ਼ੀ ਲੋਕ ਫ਼ੇਰ ਕਦੇ ਵੀ ਮੇਰੇ ਲੋਕਾਂ ਨੂੰ ਗੁਲਾਮ ਬਣ ਜਾਣ ਲਈ ਮਜ਼ਬੂਰ ਨਹੀਂ ਕਰਨਗੇ।
9 ਇਸਰਾਏਲ ਅਤੇ ਯਹੂਦਾਹ ਦੇ ਲੋਕ ਵਿਦੇਸ਼ੀ ਲੋਕਾਂ ਦੀ ਸੇਵਾ ਨਹੀਂ ਕਰਨਗੇ। ਨਹੀਂ! ਉਹ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਆਪਣੇ ਰਾਜੇ ਦਾਊਦ ਦੀ ਸੇਵਾ ਕਰਨਗੇ, ਰਾਜੇ ਨੂੰ ਮੈਂ ਉਨ੍ਹਾਂ ਦੇ ਪਾਸ ਭੇਜ ਦਿਆਂਗਾ।
10 "ਇਸ ਲਈ, ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ!" ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "ਹੇ ਇਸਰਾਏਲ ਇਸਦੇ ਕਾਰਣ ਭੈਭੀਤ ਨਾ ਹੋ। ਮੈਂ ਤੈਨੂੰ ਉਨ੍ਹਾਂ ਦੂਰ ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ। ਮੈਂ ਤੇਰੇ ਉੱਤਰਾਧਿਕਾਰੀਆਂ ਨੂੰ ਉਸ ਦੂਰ-ਦੁਰਾਡੇ ਦੇਸ ਤੋਂ ਬਚਾਵਾਂਗਾ ਜਿੱਥੇ ਉਹ ਬੰਦੀ ਹਨ ਅਤੇ ਉਨ੍ਹਾਂ ਨੂੰ ਵਾਪਸ ਲਿਆਵਾਂਗਾ। ਯਾਕੂਬ ਨੂੰ ਫ਼ੇਰ ਸ਼ਾਂਤੀ ਮਿਲੇਗੀ। ਲੋਕ ਯਾਕੂਬ ਨੂੰ ਤੰਗ ਨਹੀਂ ਕਰਨਗੇ। ਇੱਥੇ, ਮੇਰੇ ਲੋਕਾਂ ਨੂੰ ਭੈਭੀਤ ਕਰਨ ਵਾਲਾ ਕੋਈ ਦੁਸ਼ਮਣ ਨਹੀਂ ਹੋਵੇਗਾ।
11 ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਮੈਂ ਤੁਹਾਡੇ ਨਾਲ ਹਾਂ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "ਅਤੇ ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਉਨ੍ਹਾਂ ਕੌਮਾਂ ਕੋਲ ਭੇਜਿਆ ਸੀ। ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਇਹ ਠੀਕ ਹੈ, ਮੈਂ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦਿਆਂਗਾ। ਪਰ ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਤੁਹਾਨੂੰ ਤੁਹਾਡੇ ਮੰਦੇ ਅਮਲਾਂ ਲਈ ਅਵੱਸ਼ ਸਜ਼ਾ ਮਿਲੇਗੀ। ਪਰ ਮੈਂ ਤੁਹਾਨੂੰ ਨਿਰਪੱਖ ਹੋਕੇ ਸਬਕ ਸਿਖਾਵਾਂਗਾ।"
12 ਯਹੋਵਾਹ ਆਖਦਾ ਹੈ: ਇਸਰਾਏਲ ਅਤੇ ਯਹੂਦਾਹ ਦੇ ਲੋਕੋ, ਤੁਹਾਨੂੰ ਅਜਿਹਾ ਜ਼ਖਮ ਲਗਿਆ ਹੈ ਜਿਹੜਾ ਠੀਕ ਨਹੀਂ ਹੋ ਸਕਦਾ। ਤੁਹਾਨੂੰ ਨਾ ਠੀਕ ਹੋਣ ਵਾਲੀ ਚੋਟ ਲਗੀ ਹੈ।
13 ਇੱਥੇ ਤੁਹਾਡੇ ਜ਼ਖਮਾਂ ਨੂੰ ਦੇਖਣ ਵਾਲਾ ਕੋਈ ਬੰਦਾ ਨਹੀਂ। ਇਸ ਲਈ ਤੁਸੀਂ ਰਾਜ਼ੀ ਨਹੀਂ ਹੋਵੋਂਗੇ।
14 ਤੁਸੀਂ ਬਹੁਤ ਕੌਮਾਂ ਦੇ ਦੋਸਤ ਬਣ ਗਏ ਸੀ। ਪਰ ਉਹ ਕੌਮਾਂ ਤੁਹਾਡਾ ਧਿਆਨ ਨਹੀਂ ਰੱਖਦੀਆਂ। ਦੋਸਤ ਤੁਹਾਨੂੰ ਭੁੱਲ ਗਏ ਨੇ। ਮੈਂ ਤੁਹਾਨੂੰ ਦੁਸ਼ਮਣ ਵਾਂਗ ਚੋਟ ਪਹੁੰਚਾਈ। ਮੈਂ ਤੁਹਾਨੂੰ ਬਹੁਤ ਸਖਤ ਸਜ਼ਾ ਦਿੱਤੀ। ਅਜਿਹਾ ਮੈਂ ਤੁਹਾਡੇ ਵੱਡੇ ਦੋਸ਼ ਕਰਕੇ ਕੀਤਾ। ਅਜਿਹਾ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤਾ।
15 ਇਸਰਾਏਲ ਤੇ ਯਹੂਦਾਹ, ਤੁਸੀਂ ਆਪਣੇ ਜ਼ਖਮਾਂ ਬਾਰੇ ਚੀਕਾਂ ਕਿਉਂ ਮਾਰ ਰਹੇ ਹੋ? ਤੁਹਾਡਾ ਜ਼ਖਮ ਬਹੁਤ ਕਸ਼ਟਦਾਇਕ ਹੈ, ਅਤੇ ਇਸ ਦਾ ਕੋਈ ਇਲਾਜ਼ ਨਹੀਂ। ਮੈਂ, ਯਹੋਵਾਹ ਨੇ ਤੁਹਾਡੇ ਵੱਡੇ ਦੋਸ਼ ਕਾਰਣ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ। ਇਹ ਗੱਲਾਂ ਮੈਂ ਤੁਹਾਡੇ ਬਹੁਤ ਸਾਰੇ ਪਾਪਾਂ ਕਰਕੇ ਕੀਤੀਆਂ।
16 ਉਨ੍ਹਾਂ ਕੌਮਾਂ ਤੁਹਾਨੂੰ ਤਬਾਹ ਕੀਤਾ ਸੀ ਪਰ ਉਹ ਖੁਦ ਤਬਾਹ ਹੋ ਗਈਆਂ ਨੇ। ਇਸਰਾਏਲ ਤੇ ਯਹੂਦਾਹ, ਤੁਹਾਡੇ ਦੁਸ਼ਮਣ ਬੰਦੀ ਬਣ ਜਾਣਗੇ। ਉਨ੍ਹਾਂ ਲੋਕਾਂ ਤੁਹਾਡੀਆਂ ਚੀਜ਼ਾਂ ਚੁਰਾਈਆਂ ਸਨ। ਪਰ ਹੋਰ ਲੋਕੀਂ ਉਨ੍ਹਾਂ ਦੀ ਚੋਰੀ ਕਰਨਗੇ। ਉਨ੍ਹਾਂ ਲੋਕਾਂ ਜੰਗ ਅੰਦਰ ਤੁਹਾਡੀਆਂ ਚੀਜ਼ਾਂ ਖੋਹੀਆਂ ਸਨ। ਪਰ ਹੁਣ ਦੂਸਰੇ ਲੋਕ ਜੰਗ ਅੰਦਰ ਉਨ੍ਹਾਂ ਦੀਆਂ ਚੀਜ਼ਾਂ ਖੋਹਣਗੇ।
17 ਅਤੇ ਮੈਂ ਤੁਹਾਡੀ ਸਿਹਤ ਵਾਪਸ ਪਰਤਾਵਾਂਗਾ। ਅਤੇ ਮੈਂ ਤੁਹਾਡੇ ਜ਼ਖਮਾਂ ਦਾ ਇਲਾਜ਼ ਕਰਾਂਗਾ। ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 'ਕਿਉਂ? ਕਿਉਂ ਕਿ ਹੋਰਨਾਂ ਲੋਕਾਂ ਤੁਹਾਨੂੰ ਅਛੂਤ ਆਖਿਆ। ਉਨ੍ਹਾਂ ਲੋਕਾਂ ਨੇ ਆਖਿਆ, 'ਕੋਈ ਵੀ ਸੀਯੋਨ ਵੱਲ ਧਿਆਨ ਨਹੀਂ ਦਿੰਦਾ।"'
18 ਯਹੋਵਾਹ ਆਖਦਾ ਹੈ: ਹੁਣ ਯਾਕੂਬ ਦੇ ਬੰਦੇ ਬੰਦੀ ਨੇ। ਪਰ ਉਹ ਵਾਪਸ ਪਰਤ ਕੇ ਆਉਣਗੇ। ਅਤੇ ਮੈਂ ਯਾਕੂਬ ਦੇ ਮਕਾਨਾਂ ਉੱਤੇ ਤਰਸ ਕਰਾਂਗਾ। ਸ਼ਹਿਰ ਹੁਣ ਸਿਰਫ਼ ਖੰਡਰਾਂ ਨਾਲ ਢਕੀ ਹੋਈ ਸਖ੍ਖਣੀ ਪਹਾੜੀ ਹੀ ਹੈ। ਪਰ ਸ਼ਹਿਰ ਨੂੰ ਇਸਦੀ ਪਹਾੜੀ ਉੱਤੇ ਉਸਾਰਿਆ ਜਾਵੇਗਾ। ਅਤੇ ਪਾਤਸ਼ਾਹ ਦੇ ਮਹਿਲ ਨੂੰ ਉਸਾਰਿਆ ਜਾਵੇਗਾ, ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ।
19 ਉਨ੍ਹਾਂ ਥਾਵਾਂ ਦੇ ਲੋਕ ਉਸਤਤ ਦੇ ਗੀਤ ਗਾਉਣਗੇ। ਅਤੇ ਉੱਥੇ ਹਾਸਿਆਂ ਦਾ ਸ਼ੋਰ ਉੱਠੇਗਾ। ਮੈਂ ਉਨ੍ਹਾਂ ਨੂੰ ਢੇਰ ਸਾਰੇ ਬੱਚਿਆਂ ਦਾ ਵਰਦਾਨ ਦੇਵਾਂਗਾ। ਇਸਰਾਏਲ ਅਤੇ ਯਹੂਦਾਹ ਛੋਟੇ ਨਹੀਂ ਹੋਣਗੇ। ਮੈਂ ਉਨ੍ਹਾਂ ਨੂੰ ਇੱਜ਼ਤ ਬਖਸ਼ਾਂਗਾ। ਕੋਈ ਉਨ੍ਹਾਂ ਦੀ ਬੇਕਦਰੀ ਨਹੀਂ ਕਰ ਸਕੇਗਾ।
20 "ਯਾਕੂਬ ਦਾ ਪਰਿਵਾਰ ਹੋਵੇਗਾ ਜਿਸ ਤਰ੍ਹਾਂ ਬਹੁਤ ਪਹਿਲੋਁ, ਇਸਰਾਏਲ ਦਾ ਪਰਿਵਾਰ ਹੁੰਦਾ ਸੀ ਮੈਂ ਇਸਰਾਏਲ ਤੇ ਯਹੂਦਾਹ ਨੂੰ ਮਜ਼ਬੂਤ ਬਣਾਵਾਂਗਾ, ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵਾਂਗਾ, ਜਿਨ੍ਹਾਂ ਉਨ੍ਹਾਂ ਨੂੰ ਦੁੱਖ ਦਿੱਤਾ ਸੀ।
21 ਕੋਈ ਆਪਣਾ ਬੰਦਾ ਹੀ ਉਨ੍ਹਾਂ ਦੀ ਅਗਵਾਈ ਕਰੇਗਾ। ਉਹ ਹਾਕਮ ਮੇਰੇ ਆਪਣੇ ਬੰਦਿਆਂ ਵਿੱਚੋਂ ਆਵੇਗਾ। ਲੋਕ ਮੇਰੇ ਨਜ਼ਦੀਕ ਆ ਸਕਦੇ ਨੇ, ਜੇ ਸਿਰਫ਼ ਮੈਂ ਹੀ ਉਨ੍ਹਾਂ ਨੂੰ ਇਸ ਲਈ ਆਖਾਂ। ਇਸ ਲਈ ਮੈਂ ਉਸ ਆਗੂ ਨੂੰ ਮੇਰੇ ਨਜ਼ਦੀਕ ਆਉਣ ਲਈ ਆਖਾਂਗਾ। ਅਤੇ ਉਹ ਮੇਰੇ ਨਜ਼ਦੀਕ ਆਵੇਗਾ।
22 ਤੁਸੀਂ ਮੇਰੇ ਬੰਦੇ ਹੋਵੋਂਗੇ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।"
23 "ਯਹੋਵਾਹ ਬਹੁਤ ਕਹਿਰਵਾਨ ਸੀ! ਉਸਨੇ ਲੋਕਾਂ ਨੂੰ ਸਜ਼ਾ ਦਿੱਤੀ ਸੀ। ਸਜ਼ਾ ਤੂਫ਼ਾਨ ਵਾਂਗ ਆਈ ਸੀ, ਇਹ ਮੰਦੇ ਲੋਕਾਂ ਦੇ ਵਿਰੁੱਧ ਚਕਰਵਾਤ ਵਾਂਗ ਆਈ ਸੀ।
24 ਯਹੋਵਾਹ ਦਾ ਕਹਿਰ ਨਹੀਂ ਰੁਕੇਗਾ ਜਦੋਂ ਤੀਕ ਉਹ ਆਪਣੀਆਂ ਵਿਉਂਤਾਂ ਖਤਮ ਨਹੀਂ ਕਰ ਲੈਂਦਾ। ਜਦੋਂ ਉਹ ਦਿਨ ਖਤਮ ਹੋਵੇਗਾ, ਤੁਸੀਂ ਲੋਕ ਸਮਝ ਜਾਵੋਂਗੇ।"