ਯਰਮਿਆਹ
ਕਾਂਡ 23
1 "ਯਹੂਦਾਹ ਦੇ ਲੋਕਾਂ ਦੇ ਅਯਾਲੀਆਂ (ਆਗੂਆਂ) ਲਈ ਇਹ ਬਹੁਤ ਬੁਰਾ ਹੋਵੇਗਾ। ਉਹ ਅਯਾਲੀ ਭੇਡਾਂ ਨੂੰ ਤਬਾਹ ਕਰ ਰਹੇ ਹਨ। ਉਹ ਭੇਡਾਂ ਨੂੰ ਮੇਰੀ ਚਰਾਗਾਹ ਤੋਂ ਭੱਜ ਕੇ ਸਾਰੀਆਂ ਦਿਸ਼ਾਵਾਂ ਵੱਲ ਜਾਣ ਲਈ ਮਜ਼ਬੂਰ ਕਰ ਰਹੇ ਹਨ।" ਇਹ ਸੰਦੇਸ਼ ਸੀ ਯਹੋਵਾਹ ਵੱਲੋਂ।
2 ਉਹ ਅਯਾਲੀ ਮੇਰੇ ਬੰਦਿਆਂ ਲਈ ਜ਼ਿੰਮੇਵਾਰ ਹਨ। ਅਤੇ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਇਹ ਗੱਲਾਂ ਉਨ੍ਹਾਂ ਅਯਾਲੀਆਂ ਨੂੰ ਆਖਦਾ ਹੈ: "ਅਯਾਲੀਆਂ ਤੁਸੀਂ ਮੇਰੀਆਂ ਭੇਡਾਂ ਨੂੰ ਹਰ ਪਾਸੇ ਖਿੰਡਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਅਤੇ ਤੁਸੀਂ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ। ਪਰ ਮੈਂ ਤੁਹਾਡਾ ਧਿਆਨ ਰੱਖਾਂਗਾ - ਮੈਂ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
3 "ਆਪਣੀਆਂ ਭੇਡਾਂ ਨੂੰ ਹੋਰਨਾਂ ਦੇਸਾਂ ਅੰਦਰ ਭੇਜਿਆ। ਪਰ ਮੈਂ ਆਪਣੀਆਂ ਬਚੀਆਂ ਹੋਈਆਂ ਭੇਡਾਂ ਨੂੰ ਇਕਠਿਆਂ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਚਰਾਗਾਹ ਵਿੱਚ ਲਿਆਵਾਂਗਾ। ਜਦੋਂ ਮੇਰੀਆਂ ਭੇਡਾਂ ਆਪਣੀ ਚਰਾਗਾਹ ਵਿੱਚ ਵਾਪਸ ਆ ਜਾਣਗੀਆਂ, ਉਨ੍ਹਾਂ ਦੇ ਬਹੁਤ ਬੱਚੇ ਹੋਣਗੇ ਅਤੇ ਉਹ ਗਿਣਤੀ ਵਿੱਚ ਵਧ ਜਾਣਗੀਆਂ।
4 ਮੈਂ ਆਪਣੀਆਂ ਭੇਡਾਂ ਲਈ ਨਵੇਂ ਅਯਾਲੀ ਰੱਖਾਂਗਾ। ਉਹ ਅਯਾਲੀ ਮੇਰੀਆਂ ਭੇਡਾਂ ਦਾ ਧਿਆਨ ਰੱਖਣਗੇ। ਅਤੇ ਮੇਰੀਆਂ ਭੇਡਾਂ ਭੈਭੀਤ ਨਹੀਂ ਹੋਣਗੀਆਂ। ਮੇਰੀਆਂ ਭੇਡਾਂ ਵਿੱਚੋਂ ਕੋਈ ਵੀ ਗੁਆਚੇਗੀ ਨਹੀਂ। ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
5 ਇਹ ਸੰਦੇਸ਼ ਯਹੋਵਾਹ ਵੱਲੋਂ ਹੈ, "ਸਮਾਂ ਆ ਰਿਹਾ ਹੈ ਜਦੋਂ ਮੈਂ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਧਰਮੀ ਟਹਿਣੀ ਲਿਆਵਾਂਗਾ। ਉਹ ਰਾਜਾ ਬਣੇਗਾ, ਜਿਹੜਾ ਸਿਆਣਪ ਨਾਲ ਰਾਜ ਕਰੇਗਾ। ਉਹ ਉਹੀ ਕਰੇਗਾ ਜੋ ਜਾਇਜ਼ ਅਤੇ ਦੇਸ਼ ਲਈ ਸਹੀ ਹੈ।
6 ਉਸ ਨੇਕ 'ਅੰਕੁਰ' ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ। ਅਤੇ ਇਸਰਾਏਲ ਸੁਰਖਿਅਤ ਰਹੇਗਾ। ਇਹ ਉਸਦਾ ਨਾਮ ਹੋਵੇਗਾ: ਯਹੋਵਾਹ ਹੀ ਸਾਡੀ ਨੇਕੀ ਹੈ।
7 "ਇਸ ਲਈ ਸਮਾਂ ਆ ਰਿਹਾ ਹੈ, ਇਹ ਸੰਦੇਸ਼ ਯਹੋਵਾਹ ਵੱਲੋਂ ਹੈ, "ਜਦੋਂ ਲੋਕ ਫ਼ੇਰ ਕਦੇ ਯਹੋਵਾਹ ਦਾ ਪੁਰਾਣਾ ਇਕਰਾਰ ਨਹੀਂ ਦੁਹਰਾਉਣਗੇ। ਪੁਰਾਣਾ ਇਕਰਾਰ ਹੈ: 'ਜਿਵੇਂ ਕਿ ਯਹੋਵਾਹ ਸਾਖੀ ਹੈ, ਯਹੋਵਾਹ ਹੀ ਹੈ ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ।'
8 ਪਰ ਲੋਕ ਕੁਝ ਨਵਾਂ ਆਖਣਗੇ। ਉਹ ਆਖਣਗੇ, 'ਜਿਵੇਂ ਕਿ ਯਹੋਵਾਹ ਸਾਖੀ ਹੈ, ਯਹੋਵਾਹ ਹੀ ਹੈ ਜਿਸਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਬਾਹਰ ਲਿਆਂਦਾ। ਉਸਨੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਸਾਰੇ ਮੁਲਕਾਂ ਤੋਂ ਬਾਹਰ ਲਿਆਂਦਾ ਜਿੱਥੇ ਉਸਨੇ ਉਨ੍ਹਾਂ ਨੂੰ ਭੇਜਿਆ ਸੀ।' ਫ਼ੇਰ ਇਸਰਾਏਲ ਦੇ ਲੋਕ ਆਪਣੀ ਹੀ ਧਰਤੀ ਉੱਤੇ ਰਹਿਣਗੇ।"
9 ਨਬੀਆਂ ਨੂੰ ਇੱਕ ਸੰਦੇਸ਼: ਮੈਂ ਬਹੁਤ ਉਦਾਸ ਹਾਂ - ਮੇਰਾ ਦਿਲ ਟੁੱਟ ਗਿਆ ਹੈ। ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ। ਮੈਂ (ਯਿਰਮਿਯਾਹ) ਉਸ ਬੰਦੇ ਵਰਗਾ ਹਾਂ ਜਿਹੜਾ ਸ਼ਰਾਬੀ ਹੋਵੇ। ਕਿਉਂ? ਯਹੋਵਾਹ ਅਤੇ ਉਸਦੇ ਪਵਿੱਤਰ ਸ਼ਬਦਾਂ ਕਾਰਣ।
10 ਯਹੂਦਾਹ ਦਾ ਦੇਸ਼ ਉਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਕਰਦੇ ਨੇ ਜਿਨਸੀ ਪਾਪ। ਉਹ ਕਈ ਤਰ੍ਹਾਂ ਨਾਲ ਬੇਵਫ਼ਾ ਹਨ। ਯਹੋਵਾਹ ਨੇ ਧਰਤੀ ਨੂੰ ਸਰਾਪ ਦਿੱਤਾ ਸੀ ਅਤੇ ਇਹ ਬਹੁਤ ਖੁਸ਼ਕ ਹੋ ਗਈ ਸੀ। ਚਰਾਂਦਾਂ ਅੰਦਰ, ਸੁੱਕੇ ਹੋਏ ਪੌਦੇ ਮਰ ਰਹੇ ਨੇ। ਖੇਤ ਮਾਰੂਬਲ ਵਾਂਗ ਬਣ ਗਏ ਨੇ। ਨਬੀ ਬੁਰੇ ਨੇ। ਉਹ ਨਬੀ ਆਪਣੇ ਪ੍ਰਭਾਵ ਅਤੇ ਸ਼ਕਤੀ ਨੂੰ ਗ਼ਲਤ ਢੰਗ ਨਾਲ ਇਸਤੇਮਾਲ ਕਰਦੇ ਨੇ।
11 "ਨਬੀ ਅਤੇ ਜਾਜਕ ਵੀ ਮੰਦੇ ਹਨ। ਮੈਂ ਉਨ੍ਹਾਂ ਨੂੰ ਆਪਣੇ ਮੰਦਰ ਵਿੱਚ ਵੀ, ਮੰਦੇ ਕੰਮ ਕਰਦਿਆਂ ਦੇਖਿਆ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
12 "ਮੈਂ ਆਪਣੇ ਸੰਦੇਸ਼ ਉਨ੍ਹਾਂ ਨੂੰ ਦੇਵੋ ਰੋਕ ਦਿਆਂਗਾ। ਇਹ ਉਨ੍ਹਾਂ ਲਈ ਹਨੇਰੇ ਵਿੱਚ ਚੱਲਣ ਵਾਂਗ ਹੋਵੇਗਾ। ਇਹ ਹੋਵੇਗਾ ਜਿਵੇਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਲਈ ਤਿਲਕਣ ਵਾਲੀ ਸੜਕ ਹੋਵੇ। ਅਤੇ ਉਹ ਉਸ ਅੰਧਕਾਰ ਵਿੱਚ ਡਿੱਗ ਪੈਣਗੇ। ਮੈਂ ਉਨ੍ਹਾਂ ਲਈ ਬਿਪਤਾ ਲਿਆਵਾਂਗਾ। ਮੈਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਨੂੰ ਸਜ਼ਾ ਦੇਵਾਂਗਾ।" ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
13 "ਮੈਂ ਸਾਮਰਿਯਾ ਦੇ ਨਬੀਆਂ ਨੂੰ ਮੰਦੇ ਕੰਮ ਕਰਦਿਆਂ ਦੇਖਿਆ ਸੀ। ਮੈਂ ਉਨ੍ਹਾਂ ਨਬੀਆਂ ਨੂੰ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀਆਂ ਕਰਦਿਆਂ ਦੇਖਿਆ ਸੀ। ਉਨ੍ਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਨੂੰ, ਯਹੋਵਾਹ ਤੋਂ ਦੂਰ ਹੋਣ ਲਈ, ਕੁਰਾਹੇ ਪਾਇਆ ਸੀ।
14 ਹੁਣ ਮੈਂ ਯਹੂਦਾਹ ਦੇ ਨਬੀਆਂ ਨੂੰ ਯਰੂਸ਼ਲਮ ਅੰਦਰ ਭਿਆਨਕ ਗੱਲਾਂ ਕਰਦਿਆਂ ਦੇਖ ਲਿਆ ਹੈ। ਉਹ ਨਬੀ ਜਿਨਸੀ ਪਾਪ ਕਰਦੇ ਨੇ। ਉਨ੍ਹਾਂ ਨੇ ਝੂਠ ਨੂੰ ਸੁਣਿਆ -- ਅਤੇ ਉਨ੍ਹਾਂ ਨੇ ਉਸ ਝੂਠੀ ਬਿਵਸਬਾ ਨੂੰ ਮੰਨਿਆ। ਉਹ ਮੰਦੇ ਲੋਕਾਂ ਨੂੰ ਮੰਦੀਆਂ ਗੱਲਾਂ ਕਰਦੇ ਰਹਿਣ ਲਈ ਪ੍ਰੋਤਸਾਹਨ ਦਿੰਦੇ ਨੇ। ਇਸ ਲਈ ਲੋਕ ਪਾਪ ਕਰਨ ਤੋਂ ਨਹੀਂ ਹਟੇ। ਉਹ ਸਦੂਮ ਦੇ ਲੋਕਾਂ ਵਰਗੇ ਹਨ। ਹੁਣ ਯਰੂਸ਼ਲਮ ਮੇਰੇ ਲਈ ਅਮੂਰਾਹ ਵਰਗਾ ਹੈ।"
15 ਇਸ ਲਈ ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਨਬੀਆਂ ਵਾਸਤੇ ਆਖਦਾ ਹੈ: "ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ। ਇਹ ਸਜ਼ਾ ਹੋਵੇਗੀ ਜਿਵੇਂ ਜ਼ਹਿਰੀਲਾ ਭੋਜਨ-ਪਾਣੀ ਕਰੀਦਾ ਹੈ। ਨਬੀਆਂ ਨੇ ਆਤਮਕ ਬਿਮਾਰੀ ਸ਼ੁਰੂ ਕੀਤੀ ਸੀ। ਇਹ ਬਿਮਾਰੀ ਸੀ, ਜਿਹੜੀ ਸਾਰੇ ਮੁਲਕ ਅੰਦਰ ਫ਼ੈਲ ਗਈ ਸੀ। ਇਸ ਲਈ ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ। ਇਹ ਬਿਮਾਰੀ ਯਰੂਸ਼ਲਮ ਦੇ ਨਬੀਆਂ ਤੋਂ ਆਈ ਸੀ।"
16 ਯਹੋਵਾਹ ਸਰਬ ਸ਼ਕਤੀਮਾਨ ਇਹ ਗੱਲਾਂ ਆਖਦਾ ਹੈ: "ਉਨ੍ਹਾਂ ਗੱਲਾਂ ਵੱਲ ਧਿਆਨ ਨਾ ਦਿਓ, ਜਿਹੜੀਆਂ ਝੂਠੇ ਨਬੀ ਤੁਹਾਨੂੰ ਆਖ ਰਹੇ ਹਨ। ਉਹ ਲੋਕ ਤੁਹਾਨੂੰ ਮੂਰਖ ਬਣਾ ਰਹੇ ਨੇ। ਉਹ ਨਬੀ ਦਰਸ਼ਨਾਂ ਬਾਰੇ ਗੱਲਾਂ ਕਰਦੇ ਨੇ। ਪਰ ਉਹ ਇਹ ਦਰਸ਼ਨ ਮੇਰੇ ਕੋਲੋਂ ਪ੍ਰਾਪਤ ਨਹੀਂ ਕਰਦੇ। ਉਨ੍ਹਾਂ ਦੇ ਦਰਸ਼ਨ ਆਪਣੇ ਮਨਾਂ ਵਿੱਚੋਂ ਆਉਂਦੇ ਨੇ।
17 ਕੁਝ ਲੋਕ ਯਹੋਵਾਹ ਦੇ ਸੱਚੇ ਸੰਦੇਸ਼ ਨੂੰ ਨਫ਼ਰਤ ਕਰਦੇ ਨੇ। ਇਸ ਲਈ ਉਹ ਨਬੀ, ਉਨ੍ਹਾਂ ਲੋਕਾਂ ਨੂੰ ਹੋਰ ਸੰਦੇਸ਼ ਦਿੰਦੇ ਨੇ। ਉਹ ਆਖਦੇ ਨੇ, 'ਤੁਹਾਨੂੰ ਸ਼ਾਂਤੀ ਮਿਲੇਗੀ।' ਕੁਝ ਲੋਕ ਬਹੁਤ ਜ਼ਿੱਦੀ ਹਨ। ਉਹ ਮਨ ਭਾਉਂਦੀਆਂ ਗੱਲਾਂ ਕਰਦੇ ਨੇ। ਇਸ ਲਈ ਉਹ ਨਬੀ ਆਖਦੇ ਨੇ, 'ਤੁਹਾਡੇ ਨਾਲ ਕੋਈ ਵੀ ਮੰਦੀ ਘਟਨਾ ਨਹੀਂ ਵਾਪਰੇਗੀ!'
18 ਪਰ ਉਨ੍ਹਾਂ ਨਬੀਆਂ ਵਿੱਚੋਂ ਕੋਈ ਵੀ ਯਹੋਵਾਹ ਦੀ ਸੰਗਤ ਵਿੱਚ ਸ਼ਾਮਿਲ ਨਹੀਂ ਹੈ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਨੂੰ ਦੇਖਿਆ ਸੁਣਿਆ ਨਹੀਂ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਹੀਂ ਦਿੱਤਾ ਹੈ।
19 ਹੁਣ ਯਹੋਵਾਹ ਵੱਲੋਂ ਭੇਜੀ ਗਈ ਸਜ਼ਾ, ਤੂਫ਼ਾਨ ਵਾਂਗ ਆਵੇਗੀ, ਯਹੋਵਾਹ ਦਾ ਕਹਿਰ ਵਾਵਰੋਲੇ ਵਰਗਾ ਹੋਵੇਗਾ। ਇਹ ਮੰਦੇ ਲੋਕਾਂ ਦੇ ਸਿਰਾਂ ਉੱਤੇ ਟੁੱਟ ਪਵੇਗਾ।
20 ਯਹੋਵਾਹ ਦਾ ਕਹਿਰ, ਉਦੋਂ ਤੀਕ ਨਹੀਂ ਰੁਕੇਗਾ ਜਦੋਂ ਤੀਕ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਲੈਂਦਾ। ਜਦੋਂ ਉਹ ਦਿਨ ਖਤਮ ਹੋ ਜਾਵੇਗਾ, ਤੁਸੀਂ ਸਾਫ਼-ਸਾਫ਼ ਸਮਝ ਲਵੋਂਗੇ।
21 ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ। ਪਰ ਉਹ ਆਪਣੇ ਸੰਦੇਸ਼ ਦੇਣ ਲਈ ਦੌੜੇ ਆਏ। ਮੈਂ ਉਨ੍ਹਾਂ ਨਾਲ ਨਹੀਂ ਬੋਲਿਆ ਪਰ ਉਨ੍ਹਾਂ ਮੇਰੇ ਨਾਮ ਉੱਤੇ ਪ੍ਰਚਾਰ ਕੀਤਾ।
22 ਜੇ ਉਹ ਮੇਰੀ ਸੰਗਤ ਵਿੱਚ ਖਲੋਤੇ ਹੁੰਦੇ, ਫ਼ੇਰ ਉਹ ਯਹੂਦਾਹ ਦੇ ਲੋਕਾਂ ਨੂੰ ਮੇਰੇ ਸੰਦੇਸ਼ ਦਸ੍ਸਦੇ। ਉਹ ਲੋਕਾਂ ਨੂੰ ਮੰਦੇ ਅਮਲਾਂ ਤੋਂ ਰੋਕ ਦਿੰਦੇ। ਉਹ ਉਨ੍ਹਾਂ ਨੂੰ ਬਦੀ ਤੋਂ ਰੋਕ ਦਿੰਦੇ।
23 "ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ!" ਇਹ ਸੰਦੇਸ਼ ਯਹੋਵਾਹ ਵੱਲੋਂ ਹੈ। "ਮੈਂ ਦੂਰ ਨਹੀਂ ਹਾਂ!"
24 ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ। ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ। ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।" ਯਹੋਵਾਹ ਨੇ ਇਹ ਗੱਲਾਂ ਆਖੀਆਂ।
25 "ਇੱਥੇ ਕੁਝ ਨਬੀ ਹਨ ਜਿਹੜੇ ਮੇਰੇ ਨਾਮ ਉੱਤੇ ਝੂਠ ਦਾ ਪ੍ਰਚਾਰ ਕਰਦੇ ਨੇ। ਉਹ ਆਖਦੇ ਨੇ, 'ਮੈਨੂੰ ਇੱਕ ਸੁਪਨਾ ਆਇਆ ਹੈ! ਮੈਨੂੰ ਇੱਕ ਸੁਪਨਾ ਆਇਆ ਹੈ!' ਮੈਂ ਉਨ੍ਹਾਂ ਨੂੰ ਇਹ ਗੱਲਾਂ ਆਖਦਿਆਂ ਸੁਣਿਆ।
26 ਕਿੰਨਾ ਕੁ ਚਿਰ ਇਹ ਜਾਰੀ ਰਹੇਗਾ? ਉਹ ਨਬੀ ਝੂਠ ਸੋਚਦੇ ਨੇ। ਅਤੇ ਫ਼ੇਰ ਉਹ ਉਨ੍ਹਾਂ ਝੂਠਾਂ ਦਾ ਲੋਕਾਂ ਅੰਦਰ ਪ੍ਰਚਾਰ ਕਰਦੇ ਨੇ।
27 ਇਹ ਨਬੀ ਯਹੂਦਾਹ ਦੇ ਲੋਕਾਂ ਨੂੰ ਮੇਰਾ ਨਾਮ ਭੁਲਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਇੱਕ ਦੂਜੇ ਨੂੰ ਇਹ ਝੂਠੇ ਸੁਪਨੇ ਸੁਣਾਕੇ ਕਰ ਰਹੇ ਹਨ। ਉਹ ਮੇਰੇ ਲੋਕਾਂ ਨੂੰ ਮੇਰੇ ਨਾਲ ਉਸੇ ਤਰ੍ਹਾਂ ਭੁਲਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ। ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ ਅਤੇ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰਦੇ ਸਨ।
28 ਤੂੜੀ ਕਣਕ ਵਰਗੀ ਨਹੀਂ ਹੁੰਦੀ! ਓਸੇ ਤਰ੍ਹਾਂ ਉਨ੍ਹਾਂ ਨਬੀਆਂ ਦੇ ਸੁਪਨੇ ਮੇਰੇ ਵੱਲੋਂ ਸੰਦੇਸ਼ ਨਹੀਂ ਹਨ। ਜੇ ਕੋਈ ਬੰਦਾ ਆਪਣੇ ਸੁਪਨੇ ਸੁਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਓ। ਪਰ ਜਿਹੜਾ ਬੰਦਾ ਮੇਰੇ ਸੰਦੇਸ਼ ਸੁਣਦਾ ਹੈ ਉਸਨੂੰ ਸਚਾਈ ਨਾਲ ਮੇਰਾ ਸੰਦੇਸ਼ ਸੁਣਾਉਣਾ ਚਾਹੀਦਾ ਹੈ।
29 ਮੇਰਾ ਸੰਦੇਸ਼ ਅੱਗ ਵਰਗਾ ਹੈ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ ਇਹ ਉਸ ਹਬੌੜੇ ਵਰਗਾ ਹੈ ਜਿਹੜਾ ਪੱਥਰ ਨੂੰ ਵੀ ਚੂਰ-ਚੂਰ ਕਰ ਦਿੰਦਾ ਹੈ।
30 ਇਸ ਲਈ ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, "ਇਹ ਨਬੀ ਇੱਕ ਦੂਜੇ ਕੋਲੋਂ ਮੇਰੇ ਸ਼ਬਦ ਚੋਰੀ ਕਰਦੇ ਰਹਿੰਦੇ ਹਨ।
31 ਮੈਂ ਝੂਠੇ ਨਬੀਆਂ ਦੇ ਵਿਰੁੱਧ ਹਾਂ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ - "ਉਹ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਅਤੇ ਬਹਾਨਾ ਕਰਦੇ ਨੇ ਇਹ ਮੇਰੇ ਵੱਲੋਂ ਸੰਦੇਸ਼ ਹੈ।
32 ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਜਿਹੜੇ ਨਕਲੀ ਸੁਪਨਿਆਂ ਦਾ ਪ੍ਰਚਾਰ ਕਰਦੇ ਹਨ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ - "ਉਨ੍ਹਾਂ ਨੇ ਮੇਰੇ ਬੰਦਿਆਂ ਨੂੰ ਆਪਣੇ ਝੂਠਾਂ ਅਤੇ ਝੂਠੀਆਂ ਸਿਖਿਆਵਾਂ ਰਾਹੀਂ ਗੁਮਰਾਹ ਕੀਤਾ। ਮੈਂ ਉਨ੍ਹਾਂ ਨਬੀਆਂ ਨੂੰ ਲੋਕਾਂ ਨੂੰ ਸਿਖਿਆ ਦੇਣ ਲਈ ਨਹੀਂ ਸੀ ਭੇਜਿਆ। ਮੈਂ ਉਨ੍ਹਾਂ ਨੂੰ ਕਦੇ ਵੀ ਆਦੇਸ਼ ਨਹੀਂ ਸੀ ਦਿੱਤਾ ਕਿ ਉਹ ਮੇਰੇ ਲਈ ਕੁਝ ਕਰਨ। ਉਹ ਯਹੂਦਾਹ ਦੇ ਲੋਕਾਂ ਦੀ ਬਿਲਕੁਲ ਕੋਈ ਸਹਾਇਤਾ ਨਹੀਂ ਕਰ ਸਕਦੇ।" ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
33 ਯਹੂਦਾਹ ਦੇ ਲੋਕ, ਕੋਈ ਨਬੀ ਜਾਂ ਕੋਈ ਜਾਜਕ ਤੈਨੂੰ ਪੁੱਛ ਸਕਦਾ ਹੈ, "ਯਿਰਮਿਯਾਹ, ਯਹੋਵਾਹ ਦਾ ਬੋਝ ਕੀ ਹੈ? ਤੂੰ ਉਨ੍ਹਾਂ ਨੂੰ ਜਵਾਬ ਦੇਵੇਂਗਾ ਅਤੇ ਆਖੇਂਗਾ, 'ਤੁਸੀਂ ਯਹੋਵਾਹ ਲਈ ਭਾਰੀ ਬੋਝ ਹੋ। ਅਤੇ ਮੈਂ ਇਹ ਬੋਝ ਲਾਹ ਕੇ ਸੁੱਟ ਦੇਵਾਂਗਾ।"' ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
34 "ਕੋਈ ਨਬੀ, ਕੋਈ ਜਾਜਕ ਜਾਂ ਹੋ ਸਕਦਾ ਹੈ ਕਿ ਲੋਕਾਂ ਵਿੱਚੋਂ ਕੋਈ ਇਹ ਆਖੇ, ਇਹ ਬੋਝ ਯਹੋਵਾਹ ਵੱਲੋਂ ਹੈ।' ਉਸ ਬੰਦੇ ਨੇ ਝੂਠ ਬੋਲਿਆ ਸੀ, ਇਸ ਲਈ ਮੈਂ ਉਸ ਬੰਦੇ ਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਸਜ਼ਾ ਦੇਵਾਂਗਾ।
35 ਤੁਸੀਂ ਇੱਕ ਦੂਸਰੇ ਨੂੰ ਇਹ ਆਖੋਗੇ, 'ਯਹੋਵਾਹ ਨੇ ਕੀ ਜਵਾਬ ਦਿੱਤਾ?' ਜਾਂ 'ਯਹੋਵਾਹ ਨੇ ਕੀ ਆਖਿਆ?'
36 ਪਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਆਖੋਗੇ, 'ਯਹੋਵਾਹ ਦਾ ਬੋਝ। ਇਹ ਇਸ ਲਈ ਹੈ ਕਿਉਂ ਕਿ ਯਹੋਵਾਹ ਦਾ ਸੰਦੇਸ਼ ਕਿਸੇ ਲਈ ਬੋਝ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਆਪਣੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਬਦਲ ਦਿੱਤਾ। ਉਹ ਜੀਵਿਤ ਪਰਮੇਸ਼ੁਰ ਹੈ, ਸਰਬ ਸ਼ਕਤੀਮਾਨ ਯਹੋਵਾਹ!
37 ਜੇ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਸੇ ਨਬੀ ਨੂੰ ਪੁੱਛੋ, 'ਯਹੋਵਾਹ ਨੇ ਤੈਨੂੰ ਕੀ ਜਵਾਬ ਦਿੱਤਾ?' ਜਾਂ 'ਯਹੋਵਾਹ ਨੇ ਕੀ ਆਖਿਆ?'
38 ਪਰ ਇਹ ਨਾ ਆਖੋ, 'ਯਹੋਵਾਹ ਵੱਲੋਂ ਬੋਝ ਕੀ ਸੀ?' ਜੇ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰੋਂਗੇ ਤਾਂ ਯਹੋਵਾਹ ਤੁਹਾਨੂੰ ਇਹ ਗੱਲਾਂ ਆਖੇਗਾ: 'ਤੁਹਾਨੂੰ ਮੇਰੇ ਸੰਦੇਸ਼ ਨੂੰ 'ਮੇਰੇ ਵੱਲੋਂ ਬੋਝ' ਨਹੀਂ ਆਖਣਾ ਚਾਹੀਦਾ ਸੀ।' ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਨ ਲਈ ਆਖਿਆ ਸੀ।
39 ਪਰ ਤੁਸੀਂ ਮੇਰੇ ਸੰਦੇਸ਼ ਨੂੰ ਬੋਝ ਆਖਿਆ, ਇਸ ਲਈ ਮੈਂ ਤੁਹਾਨੂੰ ਬੋਝ ਵਾਂਗ ਚੁਕ੍ਕਾਂਗਾ ਅਤੇ ਆਪਣੇ ਤੋਂ ਦੂਰ ਸੁੱਟ ਦਿਆਂਗਾ। ਮੈਂ ਯਰੂਸ਼ਲਮ ਦਾ ਸ਼ਹਿਰ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। ਪਰ ਮੈਂ ਤੁਹਾਨੂੰ ਅਤੇ ਉਸ ਸ਼ਹਿਰ ਨੂੰ ਆਪਣੇ ਕੋਲੋਂ ਦੂਰ ਸੁੱਟ ਦਿਆਂਗਾ।
40 ਅਤੇ ਮੈਂ ਤੁਹਾਨੂੰ ਸਦਾ ਲਈ ਸ਼ਰਮਸਾਰ ਕਰ ਦਿਆਂਗਾ। ਤੁਸੀਂ ਕਦੇ ਵੀ ਆਪਣੀ ਨਮੋਸ਼ੀ ਨੂੰ ਭੁੱਲ ਨਹੀਂ ਸਕੋਗੇ।"'