ਯਸਈਆਹ
ਕਾਂਡ 8
1 ਯਹੋਵਾਹ ਨੇ ਮੈਨੂੰ ਆਖਿਆ, "ਇੱਕ ਵੱਡੀ ਤਖਤੀ ਲਵੋ ਅਤੇ ਕਲਮ ਨਾਲ ਇਹ ਸ਼ਬਦ ਲਿਖੋ: 'ਇਹ ਮਾਹੇਰ ਸ਼ਲਾਲ ਹਸ਼ਬਾਜ਼ ਲਈ ਹੈ' (ਇਸਦਾ ਅਰਬ ਹੈ 'ਇੱਥੇ ਬਹੁਤ ਹੀ ਛੇਤੀ ਲੁੱਟ ਹੋਵੇਗੀ!')"
2 ਮੈਂ ਕੁਝ ਅਜਿਹੇ ਲੋਕਾਂ ਨੂੰ ਇਕੱਤ੍ਰ ਕੀਤਾ ਜਿਨ੍ਹਾਂ ਉੱਤੇ ਗਵਾਹ ਵਜੋਂ ਇਤਬਾਰ ਕੀਤਾ ਜਾ ਸਕਦਾ ਸੀ। (ਇਹ ਲੋਕ ਸਨ ਜਾਜਕ ਉਰੀਯਾਹ, ਅਤੇ ਯਬਰਕਯਾਹ ਦਾ ਪੁੱਤਰ ਜ਼ਕਰਯਾਹ।) ਇਨ੍ਹਾਂ ਲੋਕਾਂ ਨੇ ਮੈਨੂੰ ਉਹ ਸ਼ਬਦ ਲਿਖਦਿਆਂ ਦੇਖਿਆ।
3 ਫ਼ੇਰ ਮੈਂ ਔਰਤ ਨਬੀ ਕੋਲ ਗਿਆ। ਉਹ ਗਰਭਵਤੀ ਹੋ ਗਈ ਅਤੇ ਉਸਦੇ ਇੱਕ ਪੁੱਤਰ ਜੰਮਿਆ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, "ਲੜਕੇ ਦਾ ਨਾਂ ਮਾਹੇਰ ਸ਼ਲਾਲ ਹਸ਼ਬਾਜ਼ ਰੱਖੋ।
4 ਕਿਉਂ ਕਿ ਇਸਤੋਂ ਪਹਿਲਾਂ ਕਿ ਲੜਕਾ 'ਅੰਮਾ' 'ਅਬ੍ਬਾ' ਆਖਣਾ ਸਿਖ੍ਖੇ, ਪਰਮੇਸ਼ੁਰ ਦਮਿਸ਼ਕ ਅਤੇ ਸਾਮਰਿਯਾ ਤੋਂ ਸਾਰਾ ਧਨ ਦੌਲਤ ਖੋਹ ਲਵੇਗਾ, ਅਤੇ ਪਰਮੇਸ਼ੁਰ ਉਨ੍ਹਾਂ ਚੀਜ਼ਾਂ ਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦੇਵੇਗਾ।"
5 ਫ਼ੇਰ ਇੱਕ ਵਾਰ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ।
6 ਮੇਰੇ ਯਹੋਵਾਹ ਨੇ ਆਖਿਆ, "ਇਹ ਲੋਕ ਸ਼ਿਲੋਆਹ ਦੇ ਤਲਾ ਦੇ ਧੀਮੀ ਗਤੀ ਨਾਲ ਚੱਲਣ ਵਾਲੇ ਪਾਣੀਆਂ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰਦੇ ਹਨ। ਇਹ ਲੋਕ ਰਸੀਨ ਅਤੇ ਰਮਲਯਾਹ ਦੇ ਪੁੱਤਰ (ਪੇਕਾਹ) ਨਾਲ ਪ੍ਰਸੰਨ ਹਨ।
7 ਪਰ ਮੈਂ, ਯਹੋਵਾਹ, ਅੱਸ਼ੂਰ ਦੇ ਰਾਜੇ ਨੂੰ ਲਿਆਵਾਂਗਾ ਅਤੇ ਉਸਦੀ ਸਾਰੀ ਤਾਕਤ ਤੁਹਾਡੇ ਖਿਲਾਫ਼ ਵਰਤਾਂਗਾ। ਉਹ ਫ਼ਰਾਤ ਨਦੀ ਤੋਂ ਤੇਜ਼ ਹੜ ਵਾਂਗ ਆਉਣਗੇ। ਇਸ ਤਰ੍ਹਾਂ ਹੋਵੇਗਾ ਜਿਵੇਂ ਪਾਣੀ ਨਦੀ ਦੇ ਕੰਢਿਆਂ ਤੋਂ ਉੱਪਰ ਚੜ ਰਿਹਾ ਹੋਵੇ।
8 ਉਹ ਪਾਣੀ ਉਸ ਨਦੀ ਵਿੱਚੋਂ ਬਾਹਰ ਵਗਦਾ ਹੋਇਆ ਯਹੂਦਾਹ ਵਿੱਚ ਦਾਖਲ ਹੋ ਜਾਵੇਗਾ। ਇਹ ਯਹੂਦਾਹ ਦੀ ਧੌਣ ਤਾਈ ਚੜ ਜਾਵੇਗਾ। ਇਹ ਯਹੂਦਾਹ ਨੂੰ ਤਕਰੀਬਨ ਡੋਬ ਹੀ ਦੇਵੇਗਾ।"ਇਮੈਨੂੇਲ, ਇਹ ਹੜ ਇੰਨਾ ਫ਼ੈਲ ਜਾਵੇਗਾ ਕਿ ਤੇਰੇ ਸਾਰੇ ਦੇਸ਼ ਉੱਤੇ ਫ਼ੈਲ ਜਾਵੇਗਾ।"
9 ਤੁਸੀਂ ਸਾਰੀਆਂ ਕੌਮਾਂ ਦੇ ਲੋਕੋ, ਜੰਗ ਲਈ ਤਿਆਰ ਹੋ ਜਾਵੋ! ਤੁਸੀਂ ਹਾਰ ਜਾਵੋਂਗੇ। ਦੂਰ ਦੁਰਾਡੇ ਦੇ ਦੇਸੋ, ਤੁਸੀਂ ਸਾਰੇ ਸੁਣੋ! ਜੰਗ ਲਈ ਤਿਆਰੀ ਕਰੋ! ਤੁਸੀਂ ਹਾਰ ਜਾਵੋਗੇ!
10 ਲੜਾਈ ਲਈ ਆਪਣੀਆਂ ਵਿਉਂਤਾਂ ਬਣਾਓ ! ਤੁਹਾਡੀਆਂ ਵਿਉਂਤਾਂ ਨਿਸਫ਼ਲ ਹੋ ਜਾਣਗੀਆਂ। ਆਪਣੀਆਂ ਫ਼ੌਜਾਂ ਨੂੰ ਹੁਕਮ ਦਿਓ! ਤੁਹਾਡੇ ਹੁਕਮ ਫ਼ਿਜ਼ੂਲ ਹੋਣਗੇ। ਕਿਉਂ ਕਿ ਪਰਮੇਸ਼ੁਰ ਸਾਡੇ ਨਾਲ ਹੈ!
11 ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਨਾਲ ਮੇਰੇ ਨਾਲ ਗੱਲ ਕੀਤੀ। ਯਹੋਵਾਹ ਨੇ ਮੈਨੂੰ ਇਨ੍ਹਾਂ ਦੂਸਰੇ ਲੋਕਾਂ ਵਾਂਗ ਨਾ ਹੋਣ ਦੀ ਚੇਤਾਵਨੀ ਦਿੱਤੀ। ਯਹੋਵਾਹ ਨੇ ਆਖਿਆ,
12 "ਹਰ ਬੰਦਾ ਆਖ ਰਿਹਾ ਹੈ ਕਿ ਦੂਸਰੇ ਲੋਕ ਉਸਦੇ ਖਿਲਾਫ਼ ਵਿਉਂਤਾਂ ਬਣਾ ਰਹੇ ਹਨ। ਤੁਹਾਨੂੰ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ ਜਿਨ੍ਹਾਂ ਤੋਂ ਉਹ ਲੋਕ ਡਰਦੇ ਹਨ। ਉਨ੍ਹਾਂ ਚੀਜ਼ਾਂ ਤੋਂ ਨਾ ਡਰੋ।"
13 ਸਰਬ ਸ਼ਕਤੀਮਾਨ ਯਹੋਵਾਹ ਹੀ ਉਹ ਹਸਤੀ ਹੈ ਜਿਸ ਪਾਸੋਂ ਤੁਹਾਨੂੰ ਡਰਨਾ ਚਾਹੀਦਾ ਹੈ।
14 ਜੇ ਤੁਸੀਂ ਯਹੋਵਾਹ ਦਾ ਆਦਰ ਕਰੋਗੇ ਅਤੇ ਉਸਨੂੰ ਪਵਿੱਤਰ ਜਾਣੋਗੇ ਤਾਂ ਉਹ ਤੁਹਾਡੇ ਲਈ ਸੁਰਖਿਅਤ ਟਿਕਾਣਾ ਹੋਵੇਗਾ। ਪਰ ਤੁਸੀਂ ਉਸਦਾ ਆਦਰ ਨਹੀਂ ਕਰਦੇ। ਇਸ ਲਈ ਪਰਮੇਸ਼ੁਰ ਉਸ ਚੱਟਾਨ ਵਰਗਾ ਹੈ ਜਿਸਤੋਂ ਤੁਸੀਂ ਲੋਕ ਠੋਕਰ ਖਾਂਦੇ ਹੋ। ਉਹ ਅਜਿਹੀ ਚੱਟਾਨ ਹੈ ਜਿਹੜੀ ਇਸਰਾਏਲ ਦੇ ਦੋ ਪਰਿਵਾਰਾਂ ਨੂੰ ਡੇਗਦੀ ਹੈ। ਯਹੋਵਾਹ ਸਾਰੇ ਯਰੂਸ਼ਲਮ ਦੇ ਲੋਕਾਂ ਨੂੰ ਫ਼ੜਨ ਲਈ ਇੱਕ ਜਾਲ ਹੈ।
15 (ਬਹੁਤ ਸਾਰੇ ਲੋਕ ਇਸ ਚੱਟਾਨ ਦੀ ਠੋਕਰ ਖਾਣਗੇ। ਉਹ ਲੋਕ ਡਿੱਗ ਪੈਣਗੇ ਅਤੇ ਟੁੱਟ ਜਾਣਗੇ। ਉਹ ਪੂਰੀ ਤਰ੍ਹਾਂ ਜਾਲ ਵਿੱਚ ਫ਼ਸ ਜਾਣਗੇ।)
16 ਇਕਰਾਰਨਾਮਾ ਨੂੰ ਬਂਨੋ ਅਤੇ ਇਸ ਨੂੰ ਮੁਹਰਬੰਦ ਕਰ ਦਿਓ। ਮੇਰੀ ਬਿਵਸਬਾ ਨੂੰ ਭਵਿੱਖ ਲਈ ਬਚਾ ਲਵੋ। ਇਹ ਉਦੋਂ ਕਰੋ ਜਦੋਂ ਮੇਰੇ ਚੇਲੇ ਦੇਖ ਰਹੇ ਹੋਣ।
17 ਇਹ ਇੱਕ ਇਕਰਾਰਨਾਮਾ ਹੈ ਮੈਂ ਸਾਡੀ ਸਹਾਇਤਾ ਕਰਨ ਲਈ ਯਹੋਵਾਹ ਦਾ ਇੰਤਜ਼ਾਰ ਕਰਾਂਗਾ ਅਤੇ ਯਹੋਵਾਹ ਯਾਕੂਬ ਦੇ ਪਰਿਵਾਰ ਤੋਂ ਸ਼ਰਮਸਾਰ ਹੈ। ਉਹ ਉਨ੍ਹਾਂ ਵੱਲ ਦੇਖਣ ਤੋਂ ਇਨਕਾਰ ਕਰਦਾ ਹੈ। ਪਰ ਮੈਂ ਯਹੋਵਾਹ ਦੀ ਭਾਲ ਕਰਾਂਗਾ ਅਤੇ ਉਹ ਸਾਨੂੰ ਬਚਾਵੇਗਾ।
18 ਮੇਰੇ ਬੱਚੇ ਅਤੇ ਮੈਂ ਇਸਰਾਏਲ ਦੇ ਲੋਕਾਂ ਲਈ ਸੰਕੇਤ ਅਤੇ ਸਬੂਤ ਹਾਂ। ਸਾਨੂੰ ਸਰਬ ਸ਼ਕਤੀਮਾਨ ਯਹੋਵਾਹ ਨੇ ਭੇਜਿਆ ਹੈ - ਉਹ ਯਹੋਵਾਹ ਜਿਹੜਾ ਸੀਯੋਨ ਪਰਵਤ ਉੱਤੇ ਰਹਿਂਂਦਾ ਹੈ।"
19 ਕੁਝ ਲੋਕ ਆਖਦੇ ਹਨ, "ਜੋਤਸ਼ੀਆਂ ਅਤੇ ਬੁੱਧੀਮਾਨਾਂ ਨੂੰ ਪੁਛੋ ਕਿ ਕੀ ਕਰਨਾ ਹੈ।" (ਇਹ ਭਵਿੱਖ ਦੱਸਣ ਵਾਲੇ ਅਤੇ ਬੁੱਧੀਮਾਨ ਪੰਛੀਆਂ ਦੀਆਂ ਆਵਾਜ਼ਾਂ ਵਾਂਗ ਫ਼ੁਸਫ਼ੁਸਾਉਂਦੇ ਹਨ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਹ ਗੁਝ੍ਝੀਆਂ ਗੱਲਾਂ ਦਾ ਗਿਆਨ ਰੱਖਦੇ ਹਨ।) ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਲੋਕਾਂ ਨੂੰ ਸਹਾਇਤਾ ਲਈ ਆਪਣੇ ਪਰਮੇਸ਼ੁਰ ਨੂੰ ਆਵਾਜ਼ ਦੇਣੀ ਚਾਹੀਦੀ ਹੈ। ਉਹ ਜੋਤਸ਼ੀ ਅਤੇ ਬੁੱਧੀਮਾਨ ਮੁਰਦਿਆਂ ਨੂੰ ਪੁੱਛਦੇ ਹਨ ਕਿ ਕੀ ਕਰਨਾ ਹੈ। ਜਿਉਂਦੇ ਬੰਦੇ ਭਲਾ ਮੁਰਦਿਆਂ ਕੋਲੋਂ ਕੋਈ ਚੀਜ਼ ਕਿਉਂ ਮੰਗਣ?
20 ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।
21 ਜੇ ਤੁਸੀਂ ਉਨ੍ਹਾਂ ਗ਼ਲਤ ਆਦੇਸ਼ਾਂ ਦੀ ਪਾਲਣਾ ਕਰੋਗੇ ਤਾਂ ਦੇਸ਼ ਵਿੱਚ ਭੁੱਖਮਰੀ ਅਤੇ ਮੁਸੀਬਤਾਂ ਹੋਣਗੀਆਂ। ਲੋਕ ਭੁੱਖੇ ਮਰਨਗੇ। ਫ਼ੇਰ ਉਹ ਗੁੱਸੇ ਵਿੱਚ ਆ ਜਾਣਗੇ ਅਤੇ ਉੱਪਰ ਤੱਕਦਿਆਂ ਹੋਇਆਂ ਆਪਣੇ ਰਾਜੇ ਅਤੇ ਆਪਣੇ ਪਰਮੇਸ਼ੁਰ ਨੂੰ ਸਰਾਪਣਗੇ।
22 ਜੇ ਉਹ ਆਪਣੇ ਦੇਸ਼ ਵੱਲ ਦੇਖਣਗੇ ਉਨ੍ਹਾਂ ਨੂੰ ਸਿਰਫ਼ ਮੁਸੀਬਤ ਅਤੇ ਨਿਰਾਸ਼ਾ ਭਰਿਆ ਅੰਧਕਾਰ ਹੀ ਨਜ਼ਰ ਆਵੇਗਾ - ਆਪਣੇ ਦੇਸ਼ ਨੂੰ ਛੱਡਣ ਲਈ ਮਜ਼ਬੂਰ ਹੋਣ ਵਾਲੇ ਲੋਕਾਂ ਦੀ ਹਨੇਰੀ ਨਿਰਾਸ਼ਾ। ਅਤੇ ਜਿਹੜੇ ਲੋਕ ਅੰਧਕਾਰ ਵਿੱਚ ਫ਼ਸੇ ਹੋਣਗੇ ਉਹ ਆਪਣੇ-ਆਪ ਨੂੰ ਮੁਕਤ ਨਹੀਂ ਕਰ ਸਕਣਗੇ।