ਯਸਈਆਹ
ਕਾਂਡ 10
1 ਉਨ੍ਹਾਂ ਵੱਲ ਦੇਖੋ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ ਅਤੇ ਅਨਿਆਂਈ ਫ਼ੈਸਲੇ ਕਰਦੇ ਹਨ।
2 ਉਹ ਗਰੀਬ ਲੋਕਾਂ ਨਾਲ ਨਿਰਪੱਖ ਨਹੀਂ ਹਨ। ਉਹ ਗਰੀਬ ਲੋਕਾਂ ਦੇ ਹੱਕ ਖੋਹ ਲੈਂਦੇ ਹਨ। ਉਹ ਲੋਕਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਹਨ ਕਿ ਉਹ ਵਿਧਵਾਵਾਂ ਅਤੇ ਯਤੀਮਾਂ ਦੀ ਚੋਰੀ ਕਰ ਸਕਣ।
3 ਤੁਹਾਨੂੰ ਆਪਣੇ ਅਮਲਾਂ ਦਾ ਲੇਖਾ ਦੇਣਾ ਪਵੇਗਾ। ਉਸ ਵੇਲੇ ਤੁਸੀਂ ਕੀ ਕਰੋਗੇ? ਤੁਹਾਡੀ ਤਬਾਹੀ ਦੂਰ ਦੁਰਾਡੇ ਦੇਸ਼ੋਁ ਆ ਰਹੀ ਹੈ, ਤੁਸੀਂ ਸਹਾਇਤਾ ਲਈ ਕਿੱਥੋ ਭੱਜੋਗੇ। ਤੁਹਾਡਾ ਧਨ ਦੌਲਤ ਤੁਹਾਡੀ ਸਹਾਇਤਾ ਨਹੀਂ ਕਰੇਗਾ।
4 ਤੁਹਾਨੂੰ ਇੱਕ ਕੈਦੀ ਵਾਂਗ ਝੁਕਣਾ ਪਵੇਗਾ। ਤੁਸੀਂ ਇੱਕ ਮਰੇ ਹੋਏ ਬੰਦੇ ਵਾਂਗ ਡਿੱਗ ਪਵੋਗੇ। ਪਰ ਇਸ ਨਾਲ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਹੋਵੇਗੀ! ਪਰਮੇਸ਼ੁਰ ਫ਼ੇਰ ਵੀ ਤੁਹਾਡੇ ਨਾਲ ਨਾਰਾਜ਼ ਹੋਵੇਗਾ। ਪਰਮੇਸ਼ੁਰ ਫ਼ੇਰ ਵੀ ਤੁਹਾਨੂੰ ਸਜ਼ਾ ਦੇਣ ਲਈ ਤਿਆਰ ਹੋਵੇਗਾ।
5 ਪਰਮੇਸ਼ੁਰ ਆਖੇਗਾ, "ਮੈਂ ਅੱਸ਼ੂਰ ਨੂੰ ਇੱਕ ਸੋਟੀ ਵਾਂਗ ਵਰਤਾਂਗਾ। ਗੁੱਸੇ ਵਿੱਚ, ਮੈਂ ਅੱਸ਼ੂਰ ਨੂੰ ਇਸਰਾਏਲ ਨੂੰ ਸਜ਼ਾ ਦੇਣ ਲਈ ਵਰਤਾਂਗਾ।
6 ਮੈਂ ਅੱਸ਼ੂਰ ਨੂੰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਭੇਜਾਂਗਾ ਜਿਹੜੇ ਮੰਦੇ ਕੰਮ ਕਰਦੇ ਹਨ। ਮੈਂ ਉਨ੍ਹਾਂ ਲੋਕਾਂ ਨਾਲ ਨਾਰਾਜ਼ ਹਾਂ, ਮੈਂ ਅੱਸ਼ੂਰ ਨੂੰ ਆਦੇਸ਼ ਦੇਵਾਂਗਾ ਕਿ ਉਨ੍ਹਾਂ ਦੇ ਖਿਲਾਫ਼ ਲੜਨ। ਅੱਸ਼ੂਰ ਉਨ੍ਹਾਂ ਨੂੰ ਹਰਾ ਦੇਵੇਗਾ ਅਤੇ ਅੱਸ਼ੂਰ ਉਨ੍ਹਾਂ ਪਾਸੋਂ ਉਨ੍ਹਾਂ ਦੀ ਦੌਲਤ ਖੋਹ ਲਵੇਗਾ। ਇਸਰਾਏਲ ਖਾਕ ਵਾਂਗ ਹੋ ਜਾਵੇਗਾ ਅਤੇ ਅੱਸ਼ੂਰ ਉਸਨੂੰ ਪੈਰਾਂ ਹੇਠਾਂ ਲਿਤਾੜੇਗਾ।
7 "ਪਰ ਅੱਸ਼ੂਰ ਇਹ ਨਹੀਂ ਸਮਝਦਾ ਕਿ ਮੈਂ ਉਸਦੀ ਵਰਤੋਂ ਕਰਾਂਗਾ। ਉਹ ਇਹ ਨਹੀਂ ਜਾਣਦਾ ਕਿ ਉਹ ਮੇਰੇ ਲਈ ਇੱਕ ਸੰਦ ਹੈ। ਅੱਸ਼ੂਰ ਸਿਰਫ਼ ਹੋਰਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ। ਅੱਸ਼ੂਰ ਕੁਝ ਕੌਮਾਂ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ।
8 ਅੱਸ਼ੂਰ ਆਪਣੇ-ਆਪ ਨੂੰ ਆਖਦਾ ਹੈ, 'ਮੇਰੇ ਸਾਰੇ ਆਗੂ ਰਾਜਿਆਂ ਵਰਗੇ ਹਨ!
9 ਕਾਲਨੋ ਦਾ ਸ਼ਹਿਰ ਕਰਕਮੀਸ਼ ਸ਼ਹਿਰ ਵਰਗਾ ਹੈ। ਅਤੇ ਅਰਪਦ ਸ਼ਹਿਰ ਹਮਾਬ ਸ਼ਹਿਰ ਵਰਗਾ ਹੈ। ਸਾਮਰਿਯਾ ਸ਼ਹਿਰ ਦੋਮਿਸ਼ਕ ਸ਼ਹਿਰ ਵਰਗਾ ਹੈ।
10 ਮੈਂ ਉਨ੍ਹਾਂ ਮੰਦੇ ਰਾਜਾਂ ਨੂੰ ਹਰਾ ਦਿੱਤਾ ਸੀ ਅਤੇ ਹੁਣ ਉਹ ਮੇਰੇ ਅਧੀਨ ਹਨ। ਜਿਨ੍ਹਾਂ ਬੁੱਤਾਂ ਦੀ ਉਹ ਉਪਾਸਨਾ ਕਰਦੇ ਹਨ ਉਹ ਯਰੂਸ਼ਲਮ ਅਤੇ ਸਾਮਰਿਯਾ ਦੇ ਬੁੱਤਾਂ ਨਾਲੋਂ ਬਿਹਤਰ ਹਨ।
11 ਮੈਂ ਸਾਮਰਿਯਾ ਨੂੰ ਅਤੇ ਉਸਦੇ ਬੁੱਤਾਂ ਨੂੰ ਹਰਾ ਦਿੱਤਾ ਸੀ। ਮੈਂ ਯਰੂਸ਼ਲਮ ਅਤੇ ਉਸਦੇ ਲੋਕਾਂ ਦੇ ਬਣਾਏ ਹੋਏ ਬੁੱਤਾਂ ਨੂੰ ਵੀ ਹਰਾ ਦਿਆਂਗਾ।"
12 ਮੇਰਾ ਪ੍ਰਭੂ ਉਨ੍ਹਾਂ ਗੱਲਾਂ ਨੂੰ ਪੂਰਾ ਕਰੇਗਾ ਜਿਸਦੀ ਯੋਜਨਾ ਉਸਨੇ ਯਰੂਸ਼ਲਮ ਅਤੇ ਸੀਯੋਨ ਪਰਬਤ ਲਈ ਬਣਾਈ ਸੀ। ਫ਼ੇਰ ਯਹੋਵਾਹ ਅੱਸ਼ੂਰ ਨੂੰ ਸਜ਼ਾ ਦੇਵੇਗਾ। ਅੱਸ਼ੂਰ ਦਾ ਰਾਜ ਬਹੁਤ ਗੁਮਾਨੀ ਹੈ। ਉਸਦੇ ਹਂਕਾਰ ਨੇ ਉਸ ਕੋਲੋਂ ਬਹੁਤ ਮੰਦੇ ਕੰਮ ਕਰਵਾਏ ਹਨ। ਇਸ ਲਈ ਪਰਮੇਸ਼ੁਰ ਉਸਨੂੰ ਸਜ਼ਾ ਦੇਵੇਗਾ।
13 ਅੱਸ਼ੂਰ ਦਾ ਰਾਜਾ ਆਖਦਾ ਹੈ, "ਮੈਂ ਬਹੁਤ ਸਿਆਣਾ ਹਾਂ। ਮੈਂ ਆਪਣੀ ਸਿਆਣਪ ਅਤੇ ਸ਼ਕਤੀ ਨਾਲ ਬਹੁਤ ਮਹਾਨ ਗੱਲਾਂ ਕੀਤੀਆਂ ਹਨ। ਮੈਂ ਬਹੁਤ ਕੌਮਾਂ ਨੂੰ ਹਰਾਇਆ ਹੈ। ਮੈਂ ਉਨ੍ਹਾਂ ਦੀ ਦੌਲਤ ਲੁੱਟ ਲਈ ਹੈ। ਅਤੇ ਮੈਂ ਉਨ੍ਹਾਂ ਦੇ ਲੋਕਾਂ ਨੂੰ ਗੁਲਾਮ ਬਣਾ ਲਿਆ ਹੈ। ਮੈਂ ਬਹੁਤ ਸ਼ਕਤੀਸ਼ਾਲੀ ਬੰਦਾ ਹਾਂ।
14 ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ਸਾਰੇ ਲੋਕਾਂ ਦੀ ਦੌਲਤ ਲੁੱਟੀ ਹੈ। ਜਿਵੇਂ ਕੋਈ ਬੰਦਾ ਕਿਸੇ ਪੰਛੀ ਦੇ ਆਲ੍ਹਣੇ ਵਿੱਚੋਂ ਆਂਡੇ ਚੁੱਕ ਲੈਂਦਾ ਹੈ। ਪੰਛੀ ਬਹੁਤ ਵਾਰੀ ਆਪਣੇ ਆਲ੍ਹਣੇ ਅਤੇ ਅੰਡਿਆਂ ਨੂੰ ਇਕਲਿਆਂ ਛ੍ਛੱਡ ਦਿੰਦਾ ਹੈ। ਅਤੇ ਉਸਦੇ ਆਲ੍ਹਣੇ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੁੰਦਾ। ਓਥੇ ਕੋਈ ਵੀ ਪੰਛੀ ਆਪਣੇ ਖੰਭਾਂ ਅਤੇ ਆਪਣੀ ਚੁਂਝ ਨਾਲ ਚੀਕ ਚਿਹਾੜਾ ਕਰਨ ਅਤੇ ਲੜਨ ਲਈ ਮੌਜੂਦ ਨਹੀਂ ਹੁੰਦਾ। ਇਸ ਲਈ ਲੋਕ ਆਂਡੇ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਹੀ ਓਥੇ ਕੋਈ ਵੀ ਬੰਦਾ ਮੈਨੂੰ ਧਰਤੀ ਦੇ ਸਾਰੇ ਲੋਕਾਂ ਨੂੰ ਲੁੱਟਣ ਤੋਂ ਰੋਕਣ ਵਾਲਾ ਨਹੀਂ ਸੀ।"
15 ਕੋਈ ਵੀ ਕੁਹਾੜਾ ਉਸ ਬੰਦੇ ਨਾਲੋਂ ਬਿਹਤਰ ਨਹੀਂ ਜਿਹੜਾ ਉਸਨੂੰ ਕੱਟਣ ਲਈ ਵਰਤਦਾ ਹੈ। ਕੋਈ ਵੀ ਕੁਹਾੜਾ ਉਸ ਬੰਦੇ ਨਾਲੋਂ ਬਿਹਤਰ ਨਹੀਂ ਜਿਹੜਾ ਉਸਨੂੰ ਚੀਰਨ ਲਈ ਵਰਤਦਾ ਹੈ। ਇਹ ਇਸੇ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਉਹ ਡੰਡਾ ਉਸ ਬੰਦੇ ਨਾਲੋਂ ਵਧੇਰੇ ਮਹੱਤਵਪੂਰਣ ਅਤੇ ਤਾਕਤਵਰ ਹੋਵੇ ਜਿਹੜਾ ਉਸਨੂੰ ਕਿਸੇ ਨੂੰ ਸਜ਼ਾ ਦੇਣ ਲਈ ਵਰਤਦਾ ਹੈ,
16 ਪਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਦੇ ਜੋਧਿਆਂ ਦੇ ਵਿਰੁੱਧ ਭਿਆਨਕ ਮਹਾਮਾਰੀ ਭੇਜੇਗਾ। ਅੱਸ਼ੂਰ ਓਸੇ ਤਰ੍ਹਾਂ ਆਪਣੀ ਦੌਲਤ ਅਤੇ ਸ਼ਕਤੀ ਗਵਾ ਲਵੇਗਾ ਜਿਵੇਂ ਕੋਈ ਬੀਮਾਰ ਆਦਮੀ ਆਪਣਾ ਭਾਰ ਘਟਾ ਲੈਂਦਾ ਹੈ। ਫ਼ੇਰ ਅੱਸ਼ੂਰ ਦਾ ਪਰਤਾਪ ਤਬਾਹ ਹੋ ਜਾਵੇਗੀ। ਇਹ ਇਸ ਤਰ੍ਹਾਂ ਦੀ ਗੱਲ ਹੋਵੇਗੀ ਜਿਵੇਂ ਅੱਗ ਉਦੋਂ ਤੱਕ ਬਲਦੀ ਹੈ। ਜਦੋਂ ਤੱਕ ਕਿ ਚੀਜ਼ ਸੜ ਨਹੀਂ ਜਾਂਦੀ।
17 ਇਸਰਾਏਲ ਦੀ ਰੌਸ਼ਨੀ (ਪਰਮੇਸ਼ੁਰ) ਅੱਗ ਵਾਂਗ ਹੋਵੇਗੀ। ਪਵਿੱਤਰ ਪੁਰਖ ਅੱਗ ਦੀ ਲਾਟ ਵਰਗੀ ਹੋਵੇਗੀ। ਉਹ ਉਸ ਅੱਗ ਵਾਂਗ ਹੋਵੇਗੀ ਜਿਹੜੀ ਪਹਿਲਾਂ ਘਾਹ ਫ਼ੂਸ ਅਤੇ ਕੰਡਿਆਂ ਨੂੰ ਸਾੜਦੀ ਹੈ।
18 ਫ਼ੇਰ ਅੱਗ ਫ਼ੈਲ ਜਾਂਦੀ ਹੈ ਅਤੇ ਵੱਡੇ-ਵੱਡੇ ਰੁੱਖਾਂ ਅਤੇ ਵੇਲਾਂ ਨੂੰ ਸਾੜ ਦਿੰਦੀ ਹੈ। ਅੰਤ ਵਿੱਚ ਹਰ ਚੀਜ਼ ਤਬਾਹ ਹੋ ਜਾਂਦੀ ਹੈ - ਲੋਕ ਵੀ। ਇਹ ਇਸੇ ਤਰ੍ਹਾਂ ਹੋਵੇਗਾ ਜਦੋਂ ਪਰਮੇਸ਼ੁਰ ਅੱਸ਼ੂਰ ਨੂੰ ਤਬਾਹ ਕਰੇਗਾ। ਅੱਸ਼ੂਰ ਇੱਕ ਗਲ ਰਹੀ ਸ਼ਤੀਰੀ ਵਾਂਗ ਹੋਵੇਗਾ।
19 ਜੰਗਲ ਵਿੱਚ ਬਹੁਤ ਘੱਟ ਰੁੱਖ ਬਚੇ ਰਹਿਣਗੇ। ਪਰ ਇੱਕ ਬੱਚਾ ਵੀ ਉਨ੍ਹਾਂ ਦੀ ਗਿਣਤੀ ਕਰ ਸਕੇਗਾ।
20 ਉਸ ਵੇਲੇ, ਜਿਹੜੇ ਲੋਕ ਇਸਰਾਏਲ ਵਿੱਚ ਬਚੇ ਰਹਿ ਜਾਣਗੇ, ਯਾਕੂਬ ਦੇ ਪਰਿਵਾਰ ਦੇ ਲੋਕ, ਉਸ ਬੰਦੇ ਉੱਤੇ ਨਿਰਭਰ ਨਹੀਂ ਰਹਿਣਗੇ ਜਿਹੜਾ ਉਨ੍ਹਾਂ ਨੂੰ ਕੁੱਟਦਾ ਹੈ। ਉਹ ਯਹੋਵਾਹ ਉੱਤੇ, ਇਸਰਾਏਲ ਦੇ ਪਵਿੱਤਰ ਪੁਰਖ ਉੱਤੇ, ਸੱਚਮੁੱਚ ਨਿਰਭਰ ਰਹਿਣਾ ਸਿਖ ਲੈਣਗੇ।
21 ਜਿਹੜੇ ਬੰਦੇ ਯਾਕੂਬ ਦੇ ਪਰਿਵਾਰ ਵਿੱਚੋਂ ਬਚੇ ਰਹਿਣਗੇ ਉਹ ਇੱਕ ਵਾਰ ਫ਼ੇਰ ਸ਼ਕਤੀਮਾਨ ਪਰਮੇਸ਼ੁਰ ਦੇ ਅਨੁਯਾਈ ਹੋ ਜਾਣਗੇ।
22 ਤੁਹਾਡੇ ਲੋਕ ਬਹੁਤ ਗਿਣਤੀ ਵਿੱਚ ਹਨ। ਉਹ ਸਮੁੰਦਰ ਦੀ ਰੇਤ ਵਾਂਗ ਹਨ। ਪਰ ਸਿਰਫ਼ ਕੁਝ ਲੋਕ ਹੀ ਯਹੋਵਾਹ ਵੱਲ ਵਾਪਸ ਪਰਤਣ ਲਈ ਬਚੇ ਰਹਿ ਜਾਣਗੇ। ਉਹ ਲੋਕ ਪਰਮੇਸ਼ੁਰ ਵੱਲ ਪਰਤ ਆਉਣਗੇ, ਪਰ ਪਹਿਲਾਂ ਤੁਹਾਡਾ ਦੇਸ਼ ਤਬਾਹ ਹੋ ਜਾਵੇਗਾ। ਪਰਮੇਸ਼ੁਰ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਧਰਤੀ ਨੂੰ ਤਬਾਹ ਕਰ ਦੇਵੇਗਾ। ਅਤੇ ਫ਼ੇਰ ਧਰਤੀ ਉੱਤੇ ਨੇਕੀ ਦਾ ਅਗਮਾਨ ਹੋਵੇਗਾ। ਇਹ ਉਸ ਨਦੀ ਵਰਗੀ ਗੱਲ ਹੋਵੇਗੀ ਜਿਹੜੀ ਪੂਰੀ ਤਰ੍ਹਾਂ ਭਰੀ ਹੋਈ ਵਗਦੀ ਹੈ।
23 ਮੇਰੇ ਪ੍ਰਭੂ, ਯਹੋਵਾਹ, ਸਰਬ ਸ਼ਕਤੀਮਾਨ ਨੇ ਇਹ ਫੁਰਮਾਇਆ ਹੈ ਅਤੇ ਉਹ ਅਵੱਸ਼ ਹੀ ਇਸ ਧਰਤੀ ਨੂੰ ਤਬਾਹ ਕਰੇਗਾ।
24 ਮੇਰਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, "ਸੀਯੋਨ ਵਿੱਚ ਰਹਿਣ ਵਾਲੇ ਮੇਰੇ ਲੋਕੋ, ਅੱਸ਼ੂਰ ਤੋਂ ਭੈਭੀਤ ਨਾ ਹੋਵੋ! ਉਹ ਤੁਹਾਨੂੰ ਉਸੇ ਤਰ੍ਹਾਂ ਮਾਰੇਗਾ ਜਿਵੇਂ ਅਤੀਤ ਵਿੱਚ ਤੁਹਾਨੂੰ ਮਿਸਰ ਨੇ ਮਾਰਿਆ ਸੀ। ਇਹ ਇਸ ਤਰ੍ਹਾਂ ਹੋਵੇਗਾ ਜਿਵੇਂ ਅੱਸ਼ੂਰ ਤੁਹਾਨੂੰ ਤਸੀਹੇ ਦੇਣ ਲਈ ਕਿਸੇ ਸੋਟੀ ਦੀ ਵਰਤੋਂ ਕਰ ਰਿਹਾ ਹੋਵੇ।
25 ਪਰ ਕੁਝ ਸਮੇਂ ਬਾਦ ਮੇਰਾ ਗੁੱਸਾ ਠੰਡਾ ਹੋ ਜਾਵੇਗਾ। ਮੈਨੂੰ ਇਸ ਗੱਲ ਦੀ ਤਸੱਲੀ ਹੋ ਜਾਵੇਗੀ ਕਿ ਅੱਸ਼ੂਰ ਨੇ ਤੁਹਾਨੂੰ ਕਾਫ਼ੀ ਸਜ਼ਾ ਦੇ ਦਿੱਤੀ ਹੈ।"
26 ਫ਼ੇਰ ਸਰਬ ਸ਼ਕਤੀਮਾਨ ਯਹੋਵਾਹ ਅੱਸ਼ੂਰ ਨੂੰ ਕੋਰੜੇ ਨਾਲ ਕੁਟ੍ਟੇਗਾ। ਪਿਛਲੇ ਵਕਤਾਂ ਵਿੱਚ ਯਹੋਵਾਹ ਨੇ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਹਰਾਇਆ ਸੀ। ਜਦੋਂ ਯਹੋਵਾਹ ਅੱਸ਼ੂਰ ਉੱਤੇ ਹਮਲਾ ਕਰੇਗਾ ਤਾਂ ਉਹੋ ਜਿਹੀ ਗੱਲ ਹੀ ਹੋਵੇਗੀ। ਪਿਛਲੇ ਵਕਤਾਂ ਵਿੱਚ, ਯਹੋਵਾਹ ਨੇ ਮਿਸਰ ਨੂੰ ਸਜ਼ਾ ਦਿੱਤੀ ਸੀ। ਉਸਨੇ ਸਮੁੰਦਰ ਉੱਤੇ ਲਾਠੀ ਚੁੱਕੀ ਸੀ, ਅਤੇ ਆਪਣੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਲਈ ਅਗਵਾਈ ਕੀਤੀ ਸੀ। ਜਦੋਂ ਯਹੋਵਾਹ ਆਪਣੇ ਲੋਕਾਂ ਨੂੰ ਅੱਸ਼ੂਰ ਤੋਂ ਬਚਾਵੇਗਾ ਤਾਂ ਓਹੋੋ ਜਿਹੀ ਗੱਲ ਹੀ ਹੋਵੇਗੀ।
27 ਅੱਸ਼ੂਰ ਤੁਹਾਡੇ ਲਈ ਮੁਸੀਬਤਾਂ ਖੜੀਆਂ ਕਰੇਗਾ ਇਹ ਮੁਸੀਬਤਾਂ ਉਸ ਭਾਰ ਵਾਂਗ ਹੋਣਗੀਆਂ ਜਿਨ੍ਹਾਂ ਨੂੰ ਤੁਹਾਨੂੰ ਚੁੱਕਣਾ ਪੈਣਾ ਹੈ। ਤੁਹਾਡੇ ਮੋਢਿਆਂ ਉੱਤੇ ਇੱਕ ਲਠ੍ਠ ਵਾਂਗ। ਪਰ ਉਹ ਲਠ੍ਠ ਤੁਹਾਡੀ ਗਰਦਨ ਉੱਤੋਂ ਚੁੱਕ ਲਈ ਜਾਵੇਗੀ। ਅਤੇ ਤੁਹਾਡੀ ਤਾਕਤ ਨਾਲ ਤੋੜ ਦਿੱਤੀ ਜਾਵੇਗੀ।
28 ਫ਼ੌਜ (ਅਯ੍ਯਾਬ) ਖੰਡਰਾਂ ਨੇੜੇ ਦਾਖਲ ਹੋਵੇਗੀ। ਫ਼ੌਜ "ਸੁਹਾਗੇ ਵਾਲੀ ਥਾਂ" (ਮਿਗਰੌਨ) ਉੱਤੇ ਕਦਮ ਵਧਾਵੇਗੀ। ਫ਼ੌਜ "ਮੋਦੀ ਖਾਨੇ" ਮਿਕਮਾਸ਼ ਵਿੱਚ ਆਪਣਾ ਭੋਜਨ ਰੱਖੇਗੀ।
29 ਫ਼ੌਜ ਨਦੀ ਨੂੰ "ਚੌਰਾਹੇ" (ਰਾਮਾਹ) ਦੇ ਸਬਾਨ ਉੱਤੇ ਪਾਰ ਕਰੇਗੀ। ਫ਼ੌਜ ਗਬਾ ਵਿਖੇ ਸੌਵੇਂਗੀ। ਰਾਮਾਹ ਭੈਭੀਤ ਹੋ ਜਾਵੇਗਾ। ਸਾਉਲ ਦੇ ਗਿਬਿਆਹ ਤੋਂ ਲੋਕ ਭੱਜ ਜਾਣਗੇ।
30 ਰੋਵੋ, ਬਾਬ ਗਾਲਿਮ! ਲਾਇਸ਼ਾਹ, ਸੁਣੋ! ਅਨਾਬੋਬ ਮੈਨੂੰ ਜਵਾਬ ਦੇਵੋ!
31 ਮਾਦਮੇਨਾਹ ਦੇ ਲੋਕ ਭੱਜ ਰਹੇ ਹਨ। ਗੇਬਿਮ ਦੇ ਲੋਕ ਛੁਪ ਰਹੇ ਹਨ।
32 ਇਸ ਦਿਨ ਫ਼ੌਜ ਨੋਬ ਦੇ ਸਬਾਨ ਤੇ ਰੁਕ ਜਾਵੇਗੀ, ਅਤੇ ਫ਼ੌਜ ਸੀਯੋਨ ਪਰਬਤ, ਯਰੂਸ਼ਲਮ ਦੀ ਪਹਾੜੀ, ਦੇ ਖਿਲਾਫ਼ ਲੜਨ ਦੀ ਤਿਆਰੀ ਕਰੇਗੀ।
33 ਦੇਖੋ! ਸਾਡਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਉਸ ਵੱਡੇ ਰੁੱਖ (ਅੱਸ਼ੂਰ) ਨੂੰ ਕੱਟ ਕੇ ਸੁੱਟ ਦੇਵੇਗਾ। ਇਹ ਗੱਲ ਯਹੋਵਾਹ ਆਪਣੀ ਮਹਾਨ ਸ਼ਕਤੀ ਨਾਲ ਕਰੇਗਾ। ਵੱਡੇ ਅਤੇ ਮਹੱਤਵਪੂਰਣ ਲੋਕ ਕੱਟ ਸੁੱਟੇ ਜਾਣਗੇ - ਉਹ ਗ਼ੈਰ ਮਹੱਤਵਪੂਰਣ ਬਣ ਜਾਣਗੇ।
34 ਯਹੋਵਾਹ ਜੰਗਲ ਨੂੰ ਆਪਣੇ ਕੁਹਾੜੇ ਨਾਲ ਕੱਟ ਸੁੱਟੇਗਾ। ਅਤੇ ਲਿਬਾਨ ਦੇ ਰੁੱਖ (ਮਹੱਤਵਪੂਰਣ ਲੋਕ) ਡਿੱਗ ਪੈਣਗੇ।