ਯਸਈਆਹ
ਕਾਂਡ 58
1 ਜਿਂਨੀ ਉੱਚੀ ਤੁਸੀਂ ਕਰ ਸਕਦੇ ਹੋ ਪੁਕਾਰ ਕਰੋ! ਆਪਣੇ-ਆਪ ਨੂੰ ਰੋਕੋ ਨਾ। ਤੂਰ੍ਹੀ ਦੀ ਤਰ੍ਹਾਂ ਉੱਚੀ ਅਵਾਜ਼ ਕਰੋ। ਲੋਕਾਂ ਨੂੰ ਉਨ੍ਹਾਂ ਮੰਦੇ ਕੰਮਾਂ ਬਾਰੇ ਦੱਸੋ, ਜੋ ਉਨ੍ਹਾਂ ਨੇ ਕੀਤੇ ਨੇ। ਯਾਕੂਬ ਦੇ ਪਰਿਵਾਰ ਨੂੰ ਉਸਦੇ ਪਾਪਾਂ ਬਾਰੇ ਦੱਸੋ।
2 ਉਹ ਹਾਲੇ ਵੀ ਹਰ ਰੋਜ਼ ਮੈਨੂੰ ਭਾਲਣ ਲਈ ਆਉਂਦੇ ਹਨ। ਤੇ ਉਹ ਮੇਰੇ ਰਸਤਿਆਂ ਨੂੰ ਸਿਖਣ ਦਾ ਦਿਖਾਵਾ ਕਰਦੇ ਹਨ ਜਿਵੇਂ ਕਿ ਉਹ ਇੱਕ ਕੌਮ ਹੋਣ ਜੋ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨ ਕੇ ਸਹੀ ਢੰਗ ਨਾਲ ਰਹਿ ਰਹੀ ਹੋਵੇ। ਉਹ ਮੈਨੂੰ ਉਨ੍ਹਾਂ ਦਾ ਨਿਰਣਾ ਕਰਨ ਲਈ ਆਖਦੇ ਹਨ। ਉਹ ਪਰਮੇਸ਼ੁਰ ਵੱਲ ਜਾਣ ਦੇ ਲਈ ਉਤਾਵਲੇ ਲੱਗਦੇ ਹਨ।
3 ਹੁਣ ਉਹ ਲੋਕ ਆਖਦੇ ਹਨ, "ਅਸੀਂ ਤੁਹਾਡਾ ਆਦਰ ਕਰਨ ਲਈ ਵਰਤ ਰਖਦੇ ਹਾਂ। ਤੁਸੀਂ ਸਾਨੂੰ ਕਿਉਂ ਨਹੀਂ ਦੇਖਦੇ? ਅਸੀਂ ਤੁਹਾਡਾ ਆਦਰ ਕਰਨ ਲਈ ਆਪਣੇ ਸ਼ਰੀਰਾਂ ਨੂੰ ਕਸ਼ਟ ਦਿੰਦੇ ਹਾਂ। ਤੁਸੀਂ ਸਾਡੇ ਵੱਲ ਧਿਆਨ ਕਿਉਂ ਨਹੀਂ ਦਿੰਦੇ?"ਪਰ ਯਹੋਵਾਹ ਆਖਦਾ ਹੈ, "ਤੁਸੀਂ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਉਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰਖਦੇ ਹੋ। ਅਤੇ ਤੁਸੀਂ ਆਪਣੇ ਸੇਵਕਾਂ ਨੂੰ ਸਤਾਉਂਦੇ ਅਤੇ ਤਸੀਹੇ ਦਿੰਦੇ ਹੋ ਨਾ ਕਿ ਆਪਣੇ ਸ਼ਰੀਰਾਂ ਨੂੰ।
4 ਤੁਸੀਂ ਭੁੱਖੇ ਹੁੰਦੇ ਹੋ, ਪਰ ਰੋਟੀ ਲਈ ਨਹੀਂ। ਤੁਸੀਂ ਭੁੱਖੇ ਹੁੰਦੇ ਹੋ ਲੜਨ ਝਗੜਨ ਲਈ, ਰੋਟੀ ਲਈ ਨਹੀਂ। ਤੁਸੀਂ ਆਪਣੇ ਮੰਦੇ ਹੱਥਾਂ ਨਾਲ ਲੋਕਾਂ ਨੂੰ ਦੁੱਖ ਦੇਣ ਦੇ ਭੁੱਖੇ ਹੁੰਦੇ ਹੋ। ਜਦੋਂ ਤੁਸੀਂ ਵਰਤ ਰੱਖਦੇ ਹੋ ਤਾਂ ਇਹ ਮੇਰੇ ਲਈ ਨਹੀਂ ਹੁੰਦਾ। ਤੁਸੀਂ ਮੇਰੀ ਉਸਤਤ ਕਰਨ ਲਈ ਆਪਣੀ ਅਵਾਜ਼ ਦੀ ਵਰਤੋਂ ਕਰਨੀ ਨਹੀਂ ਚਾਹੁੰਦੇ।
5 ਕੀ ਤੁਸੀਂ ਇਹ ਸੋਚਦੇ ਹੋ ਕਿ ਇਨ੍ਹਾਂ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਕਿ ਮੈਂ ਸਿਰਫ਼ ਲੋਕਾਂ ਨੂੰ ਆਪਣੇ ਸ਼ਰੀਰਾਂ ਨੂੰ ਕਸ਼ਟ ਦਿੰਦਿਆਂ ਹੀ ਦੇਖਣਾ ਚਾਹੁੰਦਾ ਹਾਂ? ਕੀ ਤੁਸੀਂ ਇਹ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਮੁਰਦਾ ਪੌਦਿਆਂ ਵਾਂਗ ਆਪਣੇ ਸਿਰ ਝੁਕਾਉਣ ਅਤੇ ਗ਼ਮ ਦੇ ਵਸਤਰ ਪਾਉਣ? ਕੀ ਤੁਸੀਂ ਸੋਚਦੇ ਹੋ ਕਿ ਮੈਂ ਇਹ ਚਾਹੁੰਦਾ ਹਾਂ ਕਿ ਲੋਕ ਰਾਖ ਉੱਤੇ ਬੈਠ ਕੇ ਉਦਾਸੀ ਪ੍ਰਗਟਾਉਣ। ਤੁਸੀਂ ਆਪਣੇ ਖਾਸ ਮੌਕਿਆਂ ਉੱਤੇ ਵਰਤ ਰੱਖ ਕੇ ਅਜਿਹਾ ਹੀ ਕਰਦੇ ਹੋ। ਕੀ ਤੁਸੀਂ ਸੋਚਦੇ ਹੋ ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ?
6 ਮੈਂ ਤੁਹਾਨੂੰ ਉਸ ਖਾਸ ਦਿਹਾੜੇ ਬਾਰੇ ਦੱਸਾਂਗਾ ਜੋ ਮੈਂ ਚਾਹੁੰਦਾ ਹਾਂ - ਲੋਕਾਂ ਨੂੰ ਮੁਕਤ ਕਰਨ ਵਾਲਾ ਦਿਹਾੜਾ। ਮੈਂ ਉਹ ਦਿਨ ਚਾਹੁੰਦਾ ਹਾਂ ਜਦੋਂ ਤੁਸੀਂ ਮੁਸੀਬਤ ਦੇ ਮਾਰੇ ਬੰਦਿਆਂ ਨੂੰ ਮੁਕਤ ਕਰੋ। ਮੈਂ ਉਹ ਦਿਹਾੜਾ ਚਾਹੁੰਦਾ ਹਾਂ ਜਦੋਂ ਤੁਸੀਂ ਉਨ੍ਹਾਂ ਦੇ ਮੋਢਿਆਂ ਤੋਂ ਭਾਰ ਲਾਹ ਦਿਓ।
7 ਮੈਂ ਚਾਹੁੰਦਾ ਹਾਂ ਕਿ ਤੁਸੀਂ ਭੁੱਖੇ ਲੋਕਾਂ ਨਾਲ ਆਪਣਾ ਭੋਜਨ ਸਾਂਝਾ ਕਰੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰੋ ਜਿਨ੍ਹਾਂ ਦੇ ਘਰ ਨਹੀਂ ਹਨ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਲਿਆਵੋ। ਜਦੋਂ ਤੁਸੀਂ ਕੋਈ ਅਜਿਹਾ ਬੰਦਾ ਦੇਖੋ ਜਿਸ ਕੋਲ ਕੱਪੜੇ ਨਹੀਂ ਹਨ - ਤਾਂ ਉਸਨੂੰ ਆਪਣੇ ਕੱਪੜੇ ਦਿਓ! ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਤੋਂ ਭੱਜੋ ਨਾ। ਉਹ ਤੁਹਾਡੇ ਵਰਗੇ ਹੀ ਹਨ।"
8 ਜੇ ਤੁਸੀਂ ਇਹ ਗੱਲਾਂ ਕਰੋਗੇ, ਤੁਹਾਡੀ ਰੌਸ਼ਨੀ ਚਮਕਣ ਲੱਗ ਪਵੇਗੀ ਜਿਵੇਂ ਸਵੇਰੇ ਦੀ ਲੋਅ ਚਮਕਣ ਲਗਦੀ ਹੈ। ਫ਼ੇਰ ਤੁਹਾਡੇ ਜ਼ਖਮ ਭਰ ਜਾਣਗੇ। ਤੁਹਾਡੀ ਨੇਕੀ (ਪਰਮੇਸ਼ੁਰ) ਤੁਹਾਡੇ ਅੱਗੇ-ਅੱਗੇ ਤੁਰੇਗੀ ਅਤੇ ਯਹੋਵਾਹ ਦੀ ਸ਼ਾਨ ਤੁਹਾਡੇ ਪਿੱਛੇ-ਪਿੱਛੇ ਆਵੇਗੀ।
9 ਫ਼ੇਰ ਤੁਸੀਂ ਯਹੋਵਾਹ ਨੂੰ ਸਦ੍ਦੋਗੇ, ਅਤੇ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ। ਤੁਸੀਂ ਯਹੋਵਾਹ ਅੱਗੇ ਪੁਕਾਰ ਕਰੋਗੇ ਅਤੇ ਉਹ ਆਖੇਗਾ, "ਮੈਂ ਇੱਥੇ ਹਾਂ।"ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਮਸੀਬਤਾਂ ਅਤੇ ਬੋਝ ਦੇਣ ਤੋਂ ਹਟ੍ਟ ਜਾਓ। ਤੁਹਾਨੂੰ ਕੌੜੇ ਬੋਲ ਬੋਲਣੇ ਛੱਡ ਦੇਣੇ ਚਾਹੀਦੇ ਹਨ ਅਤੇ ਲੋਕਾਂ ਉੱਤੇ ਇਲਜ਼ਾਮ ਧਰਨਾ ਛੱਡ ਦੇਣਾ ਚਾਹੀਦਾ ਹੈ।
10 ਤੁਹਾਨੂੰ ਭੁੱਖੇ ਲੋਕਾਂ ਉੱਤੇ ਦੁੱਖ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭੋਜਨ ਦੇਣਾ ਚਾਹੀਦਾ ਹੈ। ਤੁਹਾਨੂੰ ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ - ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਫ਼ੇਰ ਤੁਹਾਡੀ ਰੌਸ਼ਨੀ ਹਨੇਰੇ ਵਿੱਚ ਵੀ ਚਮਕੇਗੀ, ਅਤੇ ਤੁਹਾਨੂੰ ਕੋਈ ਉਦਾਸੀ ਮਹਿਸੂਸ ਨਹੀਂ ਹੋਵੇਗੀ। ਤੁਸੀਂ ਸਿਖਰ ਦੁਪਿਹਰੇ ਦੀ ਧੁੱਪ ਵਾਂਗ ਚਮਕੋਗੇ।
11 ਯਹੋਵਾਹ ਹਮੇਸ਼ਾ ਤੁਹਾਡੀ ਅਗਵਾਈ ਕਰੇਗਾ। ਉਹ ਖੁਸ਼ਕ ਧਰਤੀਆਂ ਵਿੱਚ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ। ਯਹੋਵਾਹ ਤੁਹਾਡੀਆਂ ਹੱਡੀਆਂ ਵਿੱਚ ਤਾਕਤ ਭਰੇਗਾ। ਤੁਸੀਂ ਉਸ ਬਾਗ਼ ਵਰਗੇ ਹੋਵੋਗੇ ਜਿਸਨੂੰ ਬਹੁਤ ਪਾਣੀ ਮਿਲਦਾ ਹੈ। ਤੁਸੀਂ ਉਸ ਝਰਨੇ ਵਾਂਗ ਹੋਵੋਗੇ ਜਿੱਥੇ ਹਮੇਸ਼ਾ ਪਾਣੀ ਰਹਿੰਦਾ ਹੈ।
12 ਕਈ ਸਾਲਾਂ ਤੱਕ ਤੁਹਾਡੇ ਸ਼ਹਿਰ ਤਬਾਹ ਹੁੰਦੇ ਰਹੇ ਹਨ। ਪਰ ਨਵੇਂ ਸ਼ਹਿਰ ਉਸਾਰੇ ਜਾਣਗੇ ਅਤੇ ਇਨ੍ਹਾਂ ਸ਼ਹਿਰਾਂ ਦੀਆਂ ਬੁਨਿਆਦਾਂ ਬਹੁਤ ਸਾਰੇ ਸਾਲਾਂ ਤੱਕ ਕਾਇਮ ਰਹਿਣਗੀਆਂ। ਤੁਹਾਨੂੰ ਸਦਿਆ ਜਾਵੇਗਾ, "ਉਹ ਜਿਹੜਾ ਕੰਧਾਂ ਦੀ ਮੁਰੰਮਤ ਕਰਦਾ ਹੈ।" ਅਤੇ ਤੁਹਾਨੂੰ ਬੁਲਾਇਆ ਜਾਵੇਗਾ, ਉਹ ਜਿਹੜਾ ਰਾਹਾਂ ਅਤੇ ਮਕਾਨਾਂ ਦੀ ਉਸਾਰੀ ਕਰਦਾ ਹੈ।"
13 ਇਹ ਗੱਲ ਓਦੋਁ ਵਾਪਰੇਗੀ ਜਦੋਂ ਤੁਸੀਂ ਸਬਾਤ ਬਾਰੇ ਪਰਮੇਸ਼ੁਰ ਦੇ ਨੇਮ ਦੇ ਖਿਲਾਫ਼ ਪਾਪ ਕਰਨਾ ਛੱਡ ਦਿਓਗੇ। ਅਤੇ ਇਹ ਓਦੋਁ ਵਾਪਰੇਗਾ ਜਦੋਂ ਤੁਸੀਂ ਉਸ ਖਾਸ ਦਿਹਾੜੇ ਆਪਣੇ ਆਪ ਨੂੰ ਪ੍ਰਸੰਨ ਕਰਨ ਵਾਲੇ ਕੰਮ ਕਰਨੇ ਛੱਡ ਦਿਓਗੇ। ਤੁਹਾਨੂੰ ਚਾਹੀਦਾ ਹੈ ਕਿ ਸਬਾਤ ਨੂੰ ਪ੍ਰਸਂਨਤਾ ਦਾ ਦਿਨ ਆਖੋ। ਤੁਹਾਨੂੰ ਯਹੋਵਾਹ ਦੇ ਖਾਸ ਦਿਨ ਦਾ ਆਦਰ ਕਰਨਾ ਚਾਹੀਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸ ਦਿਨ ਦਾ ਆਦਰ ਉਹ ਗੱਲਾਂ ਨਾ ਕਰਕੇ ਜਾਂ ਆਖ ਕੇ ਕਰੋ ਜਿਹੜੀਆਂ ਤੁਸੀਂ ਹਰ ਰੋਜ਼ ਕਰਦੇ ਹੋ।
14 ਫ਼ੇਰ ਤੁਸੀਂ ਯਹੋਵਾਹ ਨੂੰ ਆਪਣੇ ਉੱਤੇ ਮਿਹਰ ਕਰਨ ਲਈ ਆਖ ਸਕਦੇ ਹੋ। ਅਤੇ ਉਹ ਤੁਹਾਨੂੰ ਧਰਤੀ ਤੋਂ ਬਹੁਤ ਉੱਚੀਆਂ ਥਾਵਾਂ ਤੇ ਲੈ ਜਾਵੇਗਾ। ਅਤੇ ਉਹ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇ ਦੇਵੇਗਾ ਜਿਹੜੀਆਂ ਤੁਹਾਡੇ ਪਿਤਾ ਯਾਕੂਬ ਦੀ ਮਲਕੀਅਤ ਸਨ। ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ ਨੇ।