ਯਸਈਆਹ
ਕਾਂਡ 13
1 ਅਮੋਜ਼ ਦੇ ਪੁੱਤਰ ਯਸਾਯਾਹ ਨੂੰ ਪਰਮੇਸ਼ੁਰ ਨੇ ਬਾਬਲ ਬਾਰੇ ਇਹ ਉਦਾਸੀ ਭਰਿਆ ਸੰਦੇਸ਼ ਦਰਸਾਇਆ।
2 ਪਰਮੇਸ਼ੁਰ ਨੇ ਆਖਿਆ:"ਉਸ ਪਰਬਤ ਉੱਤੇ ਝੰਡਾ ਉੱਚਾ ਕਰੋ ਜਿੱਥੇ ਕੁਝ ਵੀ ਨਹੀਂ ਉੱਗਦਾ। ਲੋਕਾਂ ਨੂੰ ਸੱਦੋ। ਆਪਣੀਆਂ ਬਾਹਵਾਂ ਲਹਿਰਾਵੋ। ਉਨ੍ਹਾਂ ਨੂੰ ਉਨ੍ਹਾਂ ਫ਼ਾਟਕਾਂ ਰਾਹੀਂ ਦਾਖਲ ਹੋਣ ਲਈ ਆਖੋ ਜਿਹੜੇ ਮਹੱਤਵਪੂਰਣ ਲੋਕਾਂ ਲਈ ਹਨ।"
3 ਪਰਮੇਸ਼ੁਰ ਨੇ ਆਖਿਆ, "ਮੈਂ ਇਨ੍ਹਾਂ ਬੰਦਿਆਂ ਨੂੰ ਲੋਕਾਂ ਨਾਲੋਂ ਵੱਖ ਕਰ ਲਿਆ ਹੈ ਅਤੇ ਮੈਂ ਖੁਦ ਉਨ੍ਹਾਂ ਨੂੰ ਆਦੇਸ਼ ਦੇਵਾਂਗਾ ਮੈਂ ਗੁੱਸੇ ਹਾਂ ਅਤੇ ਮੈਂ ਆਪਣੇ ਸਭ ਤੋਂ ਚੰਗੇ ਯੋਧੇ ਇਕੱਤ੍ਰ ਕੀਤੇ ਹਨ ਜਿਹੜੇ ਮੇਰਾ ਕਹਿਰ ਵਰਸਾਉਣ ਦੇ ਮੰਤਵ ਨਾਲ ਮੇਰੀ ਫ਼ਤਿਹ ਵਿੱਚ ਆਨੰਦ ਮਾਣਦੇ ਹਨ!
4 ਪਰਬਤਾਂ ਅੰਦਰ ਉੱਚਾ ਸ਼ੋਰ ਹੈ। ਇਸ ਸ਼ੋਰ ਨੂੰ ਸੁਣੋ! ਇਹ ਬਹੁਤ ਸਾਰੇ ਲੋਕਾਂ ਦੇ ਸ਼ੋਰ ਵਾਂਗ ਜਾਪਦਾ ਹੈ। ਅਨੇਕਾਂ ਰਾਜਾਂ ਦੇ ਲੋਕ ਇਕੱਠੇ ਹੋ ਰਹੇ ਹਨ। ਸਰਬ ਸ਼ਕਤੀਮਾਨ ਯਹੋਵਾਹ ਆਪਣੀ ਫ਼ੌਜ ਨੂੰ ਇਕੱਠਾ ਕਰਨ ਲਈ ਹੋਕਾ ਦੇ ਰਿਹਾ ਹੈ।
5 ਯਹੋਵਾਹ ਅਤੇ ਓਸਦੀ ਫ਼ੌਜ ਦੂਰ ਦੁਰਾਡੇ ਦੇਸ਼ ਵੱਲੋਂ ਆ ਰਹੇ ਹਨ। ਉਹ ਦੁਮੇਲੋ ਪਾਰ ਤੋਂ ਆ ਰਹੇ ਹਨ। ਯਹੋਵਾਹ ਕਹਿਰ ਆਪਣਾ ਦਰਸਾਉਣ ਲਈ ਆਪਣੀ ਫ਼ੌਜ ਨੂੰ ਹਬਿਆਰ ਵਾਂਗ ਵਰਤੇਗਾ। ਇਹ ਫ਼ੌਜ ਸਾਰੇ ਦੇਸ਼ ਨੂੰ ਤਬਾਹ ਕਰ ਦੇਵੇਗੀ।"
6 ਯਹੋਵਾਹ ਦਾ ਖਾਸ ਦਿਹਾੜਾ ਨੇੜੇ ਹੈ। ਇਸ ਲਈ ਰੋਵੋ ਅਤੇ ਆਪਣੇ-ਆਪ ਲਈ ਸੋਗ ਮਨਾਓ। ਇਹ ਯਹੋਵਾਹ ਸਰਬ-ਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।
7 ਲੋਕਾਂ ਦਾ ਹੌਸਲਾ ਟੁੱਟ ਜਾਵੇਗਾ। ਡਰ ਨਾਲ ਲੋਕ ਨਿਰਬਲ ਹੋ ਜਾਣਗੇ।
8 ਹਰ ਬੰਦਾ ਭੈਭੀਤ ਹੋ ਜਾਵੇਗਾ। ਡਰ ਨਾਲ ਉਨ੍ਹਾਂ ਦੇ ਪੇਟ ਓਸੇ ਤਰ੍ਹਾਂ ਦੁੱਖਣਗੇ ਜਿਵੇਂ ਕੋਈ ਔਰਤ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਉਨ੍ਹਾਂ ਦੇ ਚਿਹਰੇ ਅੱਗ ਵਾਂਗ ਲਾਲ ਹੋ ਜਾਣਗੇ। ਲੋਕ ਹੈਰਾਨ ਹੋ ਜਾਣਗੇ ਕਿਉਂਕਿ ਇਸੇ ਤਰ੍ਹਾਂ ਦੇ ਡਰ ਦਾ ਪ੍ਰਛਾਵਾਂ ਉਨ੍ਹਾਂ ਦੇ ਸਮੂਹ ਗਵਾਂਢੀਆਂ ਦੇ ਚਿਹਰਿਆਂ ਉੱਤੇ ਵੀ ਹੋਵੇਗਾ।
9 ਦੇਖੋ, ਯਹੋਵਾਹ ਖਾਸ ਦਿਨ ਆ ਰਿਹਾ ਹੈ! ਇਹ ਬਹੁਤ ਭਿਆਨਕ ਦਿਨ ਹੋਵੇਗਾ। ਪਰਮੇਸ਼ੁਰ ਕਹਿਰਵਾਨ ਹੋ ਜਾਵੇਗਾ ਅਤੇ ਉਹ ਦੇਸ ਨੂੰ ਤਬਾਹ ਕਰ ਦੇਵੇਗਾ। ਪਰਮੇਸ਼ੁਰ ਹਰੇਕ ਨੂੰ ਜਿਹੜਾ ਪਾਪ ਕਰਦਾ ਹੈ। ਦੇਸ ਛੱਡਣ ਲਈ ਮਜ਼ਬੂਰ ਕਰ ਦੇਵੇਗਾ।
10 ਅਕਾਸ਼ ਹਨੇਰਾ ਹੋਵੇਗਾ। ਸੂਰਜ, ਚੰਨ ਅਤੇ ਤਾਰੇ ਨਹੀਂ ਚਮਕਣਗੇ।
11 ਪਰਮੇਸ਼ੁਰ ਆਖਦਾ ਹੈ, "ਮੈਂ ਦੁਨੀਆਂ ਉੱਤੇ ਆਫਤਾਂ ਭੇਜਾਂਗਾ। ਮੈਂ ਬੁਰੇ ਬੰਦਿਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਦੇਵਾਂਗਾ। ਮੈਂ ਗੁਮਾਨੀ ਲੋਕਾਂ ਤੋਂ ਉਨ੍ਹਾਂ ਦਾ ਗੁਮਾਨ ਖੋਹ ਲਵਾਂਗਾ। ਮੈਂ ਉਨ੍ਹਾਂ ਲੋਕਾਂ ਦੀਆਂ ਫ਼ਢ਼ਾਂ ਨੂੰ ਰੋਕ ਦਿਆਂਗਾ ਜਿਹੜੇ ਹੋਰਨਾਂ ਨਾਲ ਕਮੀਨਗੀ ਭਰਿਆ ਸਲੂਕ ਕਰਦੇ ਹਨ।
12 ਲੋਕ ਖਰੇ ਸੋਨੇ ਨਾਲੋਂ ਵੀ ਵਧੇਰੇ ਨਾਯਾਬ ਹੋਣਗੇ।
13 ਆਪਣੇ ਕਹਿਰ ਨਾਲ ਮੈਂ ਅਕਾਸ਼ ਨੂੰ ਹਿਲਾ ਦਿਆਂਗਾ। ਅਤੇ ਧਰਤੀ ਆਪਣੀ ਥਾਂ ਤੋਂ ਹਿੱਲ ਜਾਵੇਗੀ।"ਇਹ ਉਸ ਦਿਨ ਵਾਪਰੇਗਾ ਜਦੋਂ ਸਰਬ ਸ਼ਕਤੀਮਾਨ ਯਹੋਵਾਹ ਆਪਣਾ ਕਹਿਰ ਦਰਸਾਵੇਗਾ।
14 ਫ਼ੇਰ ਲੋਕੀ ਓਸੇ ਤਰ੍ਹਾਂ ਭੱਜ ਉੱਠਣਗੇ ਜਿਵੇਂ ਕੋਈ ਜ਼ਖਮੀ ਹਿਰਨ ਹੁੰਦਾ ਹੈ। ਉਹ ਬਿਨਾਂ ਆਜੜੀ ਤੋਂ ਭੇਡਾਂ ਵਾਂਗ ਭੱਜ ਉੱਠਣਗੇ। ਹਰ ਬੰਦਾ ਮੂੰਹ ਮੋੜ ਲਵੇਗਾ ਅਤੇ ਪਿਛਾਂਹ ਆਪਣੇ ਦੇਸ਼ ਅਤੇ ਲੋਕਾਂ ਵੱਲ ਭੱਜ ਪਵੇਗਾ।
15 ਜੋ ਕੋਈ ਵੀ ਫੜਿਆ ਜਾਵੇਗਾ, ਦੁਸ਼ਮਣ ਉਸ ਵਿਅਕਤੀ ਨੂੰ ਉਸੇ ਦੀ ਤਲਵਾਰ ਨਾਲ ਹੀ ਮਾਰ ਦੇਵੇਗਾ।
16 ਉਨ੍ਹਾਂ ਦੇ ਘਰ ਦੀ ਹਰ ਚੀਜ਼ ਲੁੱਟ ਲਈ ਜਾਵੇਗੀ। ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਹੋਵੇਗਾ। ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਲੋਕਾਂ ਦੇ ਦੇਖਦਿਆਂ ਕੁੱਟ-ਕੁੱਟ ਕੇ ਮਾਰ ਦਿੱਤੇ ਜਾਣਗੇ।
17 ਪਰਮੇਸ਼ੁਰ ਆਖਦਾ ਹੈ, "ਦੇਖੋ, ਮੈਂ ਮਿਦੀਆਂ ਦੀਆਂ ਫ਼ੌਜਾਂ ਤੋਂ ਬਾਬਲ ਉੱਤੇ ਹਮਲਾ ਕਰਾਵਾਂਗਾ। ਮਿਦੀਆਂ ਦੀਆਂ ਫ਼ੌਜਾਂ ਹਮਲੇ ਕਰਨ ਤੋਂ ਨਹੀਂ ਹਟਣਗੀਆਂ। ਭਾਵੇਂ ਉਨ੍ਹਾਂ ਨੂੰ ਚਾਂਦੀ ਅਤੇ ਸੋਨਾ ਹੀ ਕਿਉਂ ਨਾ ਅਦਾ ਕਰ ਦਿੱਤਾ ਜਾਵੇ।
18 ਫ਼ੌਜੀ ਬਾਬਲ ਦੇ ਨੌਜਵਾਨਾਂ ਉੱਪਰ ਹਮਲਾ ਕਰਨਗੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਗੇ। ਫ਼ੌਜੀ ਨਿੱਕੇ ਨਿਆਣਿਆਂ ਉੱਤੇ ਵੀ ਤਰਸ ਨਹੀਂ ਕਰਨਗੇ। ਫ਼ੌਜੀ ਬੱਚਿਆਂ ਉੱਪਰ ਵੀ ਤਰਸ ਨਹੀਂ ਕਰਨਗੇ।
19 "ਬਾਬਲ ਤਬਾਹ ਹੋ ਜਾਵੇਗਾ। ਇਹ ਤਬਾਹੀ ਸਦੂਮ ਅਤੇ ਅਮੂਰਾਹ ਵਰਗੀ ਹੋਵੇਗੀ। ਪਰਮੇਸ਼ੁਰ ਇਹ ਤਬਾਹੀ ਲਿਆਵੇਗਾ ਅਤੇ ਓਥੇ ਕੁਝ ਵੀ ਨਹੀਂ ਬਚੇਗਾ। "ਬਾਬਲ ਸਮੂਹ ਰਾਜਧਾਨੀਆਂ ਨਾਲੋਂ ਸਭ ਤੋਂ ਸੁੰਦਰ ਹੈ। ਬਾਬਲ ਦੇ ਲੋਕ ਆਪਣੇ ਸ਼ਹਿਰ ਉੱਤੇ ਬਹੁਤ ਗੁਮਾਨ ਕਰਦੇ ਹਨ। ਪਰ ਬਾਬਲ ਆਪਣੀ ਮਹਿਮਾ ਕਾਇਮ ਨਹੀਂ ਰੱਖ ਸਕੇਗਾ।
20 ਭਵਿੱਖ ਵਿੱਚ ਓਥੇ ਕੋਈ ਨਹੀਂ ਰਹੇਗਾ। ਅਰਬ ਲੋਕ ਓਥੇ ਆਪਣੇ ਤੰਬੂ ਨਹੀਂ ਲਗਾਉਣਗੇ। ਆਜੜੀ ਓਥੇ ਭੇਡਾਂ ਚਾਰਨ ਨਹੀਂ ਆਉਣਗੇ।
21 ਉੱਥੇ ਸਿਰਫ਼ ਮਾਰੂਬਲ ਦੇ ਜੰਗਲੀ ਜਾਨਵਰ ਹੀ ਰਹਿ ਰਹੇ ਹੋਣਗੇ। ਬਾਬਲ ਵਿੱਚ ਲੋਕ ਆਪਣੇ ਘਰਾਂ ਅੰਦਰ ਨਹੀਂ ਰਹਿ ਰਹੇ ਹੋਣਗੇ। ਘਰ ਉੱਲੂਆਂ ਅਤੇ ਵੱਡੇ ਪੰਛੀਆਂ ਨਾਲ ਭਰੇ ਹੋਣਗੇ। ਜੰਗਲੀ ਬੱਕਰੀਆਂ ਘਰਾਂ ਵਿੱਚ ਖੇਡ ਰਹੀਆਂ ਹੋਣਗੀਆਂ।
22 ਆਵਾਰਾ ਕੁੱਤੇ ਅਤੇ ਬਘਿਆੜ ਬਾਬਲ ਦੇ ਉਨ੍ਹਾਂ ਸੁੰਦਰ ਅਤੇ ਮਹਾਨ ਘਰਾਂ ਵਿੱਚ ਭੌਂਕ ਰਹੇ ਹੋਣਗੇ। ਬਾਬਲ ਖਤਮ ਹੋ ਜਾਵੇਗਾ। ਬਾਬਲ ਦਾ ਅੰਤ ਨੇੜੇ ਹੈ। ਹੁਣ ਮੈਂ ਬਾਬਲ ਦੀ ਤਬਾਹੀ ਨੂੰ ਹੋਰ ਨਹੀਂ ਰੋਕਾਂਗਾ।"