ਯਸਈਆਹ
ਕਾਂਡ 46
1 ਬੇਲ ਅਤੇ ਨੇਬੋ ਮੇਰੇ ਅੱਗੇ ਝੁਕਣਗੇ। ਉਹ ਝੂਠੇ ਦੇਵਤੇ ਸਿਰਫ਼ ਮੂਰਤੀਆਂ ਹੀ ਹਨ। ਲੋਕਾਂ ਨੇ ਉਨ੍ਹਾਂ ਮੂਰਤੀਆਂ ਨੂੰ ਜਾਨਵਰਾਂ ਦੀਆਂ ਪਿਠ੍ਠਾਂ ਉੱਤੇ ਲਦਿਆ ਉਹ ਮੂਰਤੀਆਂ ਸਿਰਫ਼ ਚੁੱਕਣ ਵਾਲਾ ਵੱਡਾ ਭਾਰ ਹਨ। ਝੂਠੇ ਦੇਵਤੇ ਹੋਰ ਕੁਝ ਨਹੀਂ ਕਰਦੇ ਸਿਰਫ਼ ਲੋਕਾਂ ਨੂੰ ਬਕਾਉਂਦੇ ਹਨ।
2 ਉਹ ਸਾਰੇ ਝੂਠੇ ਦੇਵਤੇ ਝੁਕ ਜਾਣਗੇ - ਉਹ ਸਾਰੇ ਹੀ ਡਿੱਗ ਪੈਣਗੇ। ਉਹ ਝੂਠੇ ਦੇਵਤੇ ਬਚ ਕੇ ਨਹੀਂ ਜਾ ਸਕਦੇ - ਉਨ੍ਹਾਂ ਸਾਰਿਆਂ ਨੂੰ ਕੈਦੀਆਂ ਵਾਂਗ ਲਿਜਾਇਆ ਜਾਵੇਗਾ।
3 "ਯਾਕੂਬ ਦੇ ਪਰਿਵਾਰ ਵਾਲਿਓ, ਸੁਣੋ ਮੇਰੀ ਗੱਲ! ਇਸਰਾਏਲ ਦੇ ਤੁਸੀਂ ਸਾਰੇ ਲੋਕੋ ਜਿਹੜੇ ਹਾਲੇ ਤੱਕ ਜਿਉਂਦੇ ਹੋ, ਸੁਣੋ! ਮੈਂ ਤੁਹਾਨੂੰ ਚੁੱਕਦਾ ਰਿਹਾ ਹਾਂ। ਮੈਂ ਤੁਹਾਨੂੰ ਉਦੋਂ ਤੋਂ ਚੁਕਿਆ ਹੈ ਜਦੋਂ ਤੁਸੀਂ ਆਪਣੀ ਮਾਂ ਦੇ ਗਰਭ ਵਿੱਚ ਸੀ।
4 ਮੈਂ ਤੁਹਾਨੂੰ ਓਦੋਁ ਚੁਕਿਆ ਜਦੋਂ ਤੁਸੀਂ ਜੰਮੇ ਸੀ, ਅਤੇ ਮੈਂ ਤੁਹਾਨੂੰ ਉਦੋਂ ਵੀ ਚੁਕ੍ਕਾਂਗਾ ਜਦੋਂ ਤੁਸੀਂ ਬੁਢ੍ਢੇ ਹੋ ਜਾਵੋਗੇ। ਤੁਹਾਡੇ ਵਾਲ ਸਫ਼ੇਦ ਹੋ ਜਾਣਗੇ, ਅਤੇ ਮੈਂ ਫ਼ੇਰ ਵੀ ਤੁਹਾਨੂੰ ਚੁਕ੍ਕਾਂਗਾ, ਕਿਉਂਕਿ ਮੈਂ ਹੀ ਤੁਹਾਨੂੰ ਸਾਜਿਆ ਸੀ। ਮੈਂ ਤੁਹਾਨੂੰ ਚੁੱਕਦਾ ਰਹਾਂਗਾ ਅਤੇ ਮੈਂ ਤੁਹਾਨੂੰ ਬਚਾਵਾਂਗਾ।
5 "ਕੀ ਤੁਸੀਂ ਮੇਰਾ ਮੁਕਾਬਲਾ ਕਿਸੇ ਹੋਰ ਨਾਲ ਕਰ ਸਕਦੇ ਹੋ? ਨਹੀਂ! ਕੋਈ ਬੰਦਾ ਮੇਰੇ ਬਰਾਬਰ ਨਹੀਂ ਹੈ। ਮੇਰੇ ਵਰਗਾ ਕੋਈ ਨਹੀਂ।
6 ਕੁਝ ਲੋਕ ਸੋਨੇ ਚਾਂਦੀ ਨਾਲ ਅਮੀਰ ਹੁੰਦੇ ਹਨ। ਸੋਨਾ ਉਨ੍ਹਾਂ ਦੀਆਂ ਬੈਲੀਆਂ ਵਿੱਚੋਂ ਡਿਗਦਾ ਹੈ ਅਤੇ ਉਹ ਆਪਣੀ ਚਾਂਦੀ ਨੂੰ ਤਕੜੀ ਵਿੱਚ ਤੋਂਲਦੇ ਹਨ। ਉਹ ਬੰਦੇ ਕਿਸੇ ਕਲਾਕਾਰ ਨੂੰ ਮੁੱਲ ਤਾਰ ਕੇ ਲਕੜੀ ਦਾ ਝੂਠਾ ਦੇਵਤਾ ਬਣਵਾਉਂਦੇ ਹਨ। ਫ਼ੇਰ ਉਹ ਲੋਕ ਸਿਜਦਾ ਕਰਦੇ ਹਨ ਅਤੇ ਉਸ ਝੂਠੇ ਦੇਵਤੇ ਦੀ ਉਪਾਸਨਾ ਕਰਦੇ ਹਨ।
7 ਉਹ ਲੋਕ ਉਸ ਝੂਠੇ ਦੇਵਤੇ ਨੂੰ ਆਪਣੇ ਮੋਢਿਆਂ ਉੱਤੇ ਚੁਕ੍ਕਦੇ ਹਨ। ਉਹ ਝੂਠਾ ਦੇਵਤਾ ਬੇਕਾਰ ਹੈ - ਲੋਕਾਂ ਨੂੰ ਉਸਨੂੰ ਚੁੱਕਣਾ ਪੈਂਦਾ ਹੈ! ਲੋਕ ਮੂਰਤੀ ਨੂੰ ਧਰਤੀ ਉੱਤੇ ਸਬਾਪਤ ਕਰਦੇ ਹਨ, ਅਤੇ ਉਹ ਝੂਠਾ ਦੇਵਤਾ ਹਿੱਲ ਨਹੀਂ ਸਕਦਾ। ਉਹ ਝੂਠਾ ਦੇਵਤਾ ਕਦੇ ਵੀ ਆਪਣੀ ਥਾਂ ਤੋਂ ਤੁਰਕੇ ਨਹੀਂ ਜਾਂਦਾ। ਲੋਕ ਉਸਨੂੰ ਚੀਕਾਂ ਮਾਰ ਕੇ ਬੁਲਾ ਸਕਦੇ ਹਨ, ਪਰ ਇਹ ਜਵਾਬ ਨਹੀਂ ਦੇਵੇਗਾ। ਉਹ ਝੂਠਾ ਦੇਵਤਾ ਸਿਰਫ਼ ਇੱਕ ਮੂਰਤੀ ਹੈ - ਇਹ ਲੋਕਾਂ ਨੂੰ ਉਨ੍ਹਾਂ ਦੀਆਂ ਮੁਸੀਬਤਾਂ ਤੋਂ ਨਹੀਂ ਬਚਾ ਸਕਦਾ।
8 "ਤੁਸੀਂ ਲੋਕਾਂ ਨੇ ਪਾਪ ਕੀਤਾ ਹੈ। ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਫ਼ੇਰ ਸੋਚਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਨੂੰ ਚੇਤੇ ਕਰੋ ਅਤੇ ਮਜ਼ਬੂਤ ਬਣੋ।
9 ਉਨ੍ਹਾਂ ਗੱਲਾਂ ਨੂੰ ਚੇਤੇ ਕਰੋ ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ। ਚੇਤੇ ਰਖੋ ਕਿ ਮੈਂ ਪਰਮੇਸ਼ੁਰ ਹਾਂ। ਇੱਥੇ ਹੋਰ ਕੋਈ ਪਰਮੇਸ਼ੁਰ ਨਹੀਂ ਹੈ। ਉਹ ਝੂਠੇ ਦੇਵਤੇ ਮੇਰੇ ਵਾਂਗ ਨਹੀਂ ਹਨ।
10 "ਆਦਿ ਵਿੱਚ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਅਖੀਰ ਵਿੱਚ ਵਾਪਰਨਗੀਆਂ। ਬਹੁਤ ਸਮਾਂ ਪਹਿਲਾਂ, ਮੈਂ ਤੁਹਾਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਸੀ ਜਿਹੜੀਆਂ ਹਾਲੇ ਨਹੀਂ ਵਾਪਰੀਆਂ ਸਨ। ਜਦੋਂ ਵੀ ਮੈਂ ਕਿਸੇ ਚੀਜ਼ ਦੀ ਯੋਜਨਾ ਬਣਾਉਂਦਾ ਹਾਂ - ਉਹ ਚੀਜ਼ ਵਾਪਰਦੀ ਹੈ। ਮੈਂ ਉਹੀ ਗੱਲਾਂ ਕਰਦਾ ਹਾਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਹਾਂ।
11 ਅਤੇ ਮੈਂ ਪੂਰਬ ਵੱਲੋਂ ਇੱਕ ਬੰਦੇ ਨੂੰ ਬੁਲਾ ਰਿਹਾ ਹਾਂ। ਉਹ ਬੰਦਾ ਬਾਜ਼ ਵਰਗਾ ਹੋਵੇਗਾ। ਉਹ ਦੂਰ ਦੁਰਾਡੇ ਦੇਸੋਂ ਆਵੇਗਾ, ਅਤੇ ਉਹ ਉਹੀ ਗੱਲਾਂ ਕਰੇਗਾ ਜਿਹੜੀਆਂ ਮੈਂ ਕਰਨ ਦਾ ਨਿਰਣਾ ਕਰਾਂਗਾ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੈਂ ਇਹ ਕਰਾਂਗਾ, ਅਤੇ ਮੈਂ ਇਹ ਕਰਾਂਗਾ। ਮੈਂ ਉਸਨੂੰ ਸਾਜਿਆ ਸੀ, ਅਤੇ ਮੈਂ ਉਸਨੂੰ ਲਿਆਵਾਂਗਾ!
12 "ਤੁਹਾਡੇ ਵਿੱਚੋਂ ਕੁਝ ਇਹ ਸੋਚਦੇ ਹੋ ਕਿ ਤੁਹਾਡੇ ਕੋਲ ਬਹੁਤ ਤਾਕਤ ਹੈ - ਪਰ ਤੁਸੀਂ ਨੇਕ ਕੰਮ ਨਹੀਂ ਕਰਦੇ। ਮੇਰੀ ਗੱਲ ਸੁਣੋ!
13 ਮੈਂ ਨੇਕ ਕੰਮ ਕਰਾਂਗਾ। ਛੇਤੀ ਹੀ ਮੈਂ ਆਪਣੇ ਲੋਕਾਂ ਨੂੰ ਬਚਾਵਾਂਗਾ। ਮੈਂ ਸੀਯੋਨ ਨੂੰ ਮੁਕਤੀ ਦਿਵਾਵਾਂਗਾ ਅਤੇ ਆਪਣੇ ਅਦਭੁਤ ਇਸਰਾਏਲ ਨੂੰ ਵੀ।"