ਯਸਈਆਹ
ਕਾਂਡ 61
1 "ਮੇਰੇ ਪ੍ਰਭੂ, ਯਹੋਵਾਹ ਨੇ ਆਪਣੀ ਰੂਹ ਮੇਰੇ ਅੰਦਰ ਰੱਖ ਦਿੱਤੀ ਸੀ। ਯਹੋਵਾਹ ਨੇ ਮੇਰੀ ਚੋਣ ਗਰੀਬ ਲੋਕਾਂ ਨੂੰ ਸ਼ੁਭ ਸਮਾਚਾਰ ਦੇਣ ਲਈ ਅਤੇ ਉਦਾਸ ਲੋਕਾਂ ਨੂੰ ਸਕੂਨ ਦੇਣ ਲਈ ਕੀਤੀ ਸੀ। ਯਹੋਵਾਹ ਨੇ ਮੈਨੂੰ ਬੰਦੀਵਾਨਾਂ ਨੂੰ ਇਹ ਆਖਣ ਲਈ ਕਿ ਉਹ ਆਜ਼ਾਦ ਹਨ ਅਤੇ ਗੁਲਾਮਾਂ ਨੂੰ ਇਹ ਕਿ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ, ਆਖਣ ਲਈ ਭੇਜਿਆ ਸੀ।
2 ਯਹੋਵਾਹ ਨੇ ਮੈਨੂੰ ਉਸ ਸਮੇਂ ਦਾ ਐਲਾਨ ਕਰਨ ਲਈ ਭੇਜਿਆ ਸੀ ਕਿ ਉਹ ਕਦੋਂ ਆਪਣੀ ਮਿਹਰ ਦਰਸਾਵੇਗਾ। ਯਹੋਵਾਹ ਨੇ ਮੈਨੂੰ ਇਹ ਐਲਾਨ ਕਰਨ ਲਈ ਭੇਜਿਆ ਸੀ ਕਿ ਕਦੋਂ ਸਾਡਾ ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਨੇ ਮੈਨੂੰ ਉਦਾਸ ਲੋਕਾਂ ਨੂੰ ਸਕੂਨ ਦੇਣ ਲਈ ਭੇਜਿਆ ਸੀ।
3 ਯਹੋਵਾਹ ਨੇ ਮੈਨੂੰ ਸੀਯੋਨ ਦੇ ਉਦਾਸ ਲੋਕਾਂ ਵੱਲ ਭੇਜਿਆ ਸੀ। ਮੈਂ ਉਨ੍ਹਾਂ ਨੂੰ ਜਸ਼ਨ ਲਈ ਤਿਆਰ ਕਰਾਂਗਾ। ਮੈਂ ਉਨ੍ਹਾਂ ਦੇ ਮਬ੍ਬੇ ਉੱਤੋਂ ਰਾਖ ਨੂੰ ਪੂੰਝ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਤਾਜ ਦਿਆਂਗਾ। ਮੈਂ ਉਨ੍ਹਾਂ ਦੀ ਉਦਾਸੀ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਖੁਸ਼ੀ ਦਾ ਤੇਲ ਦੇ ਦਿਆਂਗਾ। ਮੈਂ ਉਨ੍ਹਾਂ ਦਾ ਗਮ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਜਸ਼ਨ ਦੀ ਪੋਸ਼ਾਕ ਦਿਆਂਗਾ। ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਇੱਕ ਨਾਮ ਦੇਣ ਲਈ ਭੇਜਿਆ ਸੀ 'ਚੰਗੇ ਰੁੱਖ' ਅਤੇ 'ਯਹੋਵਾਹ ਦਾ ਅਦਭੁਤ ਪੌਦਾ।'
4 "ਉਸ ਸਮੇਂ, ਉਹ ਪੁਰਾਣੇ ਸ਼ਹਿਰ ਜਿਹੜੇ ਤਬਾਹ ਹੋ ਗਏ ਸਨ, ਫ਼ੇਰ ਉਸਾਰੇ ਜਾਣਗੇ। ਉਨ੍ਹਾਂ ਸ਼ਹਿਰਾਂ ਨੂੰ ਇਸ ਤਰ੍ਹਾਂ ਨਵਾਂ ਬਣਾ ਦਿੱਤਾ ਜਾਵੇਗਾ ਜਿਵੇਂ ਉਹ ਆਦਿ ਵਿੱਚ ਸਨ। ਉਹ ਸ਼ਹਿਰ ਜਿਹੜੇ ਬਹੁਤ ਸਾਰੇ ਸਾਲਾਂ ਤੀਕ ਤਬਾਹ ਕੀਤੇ ਜਾਂਦੇ ਰਹੇ ਸੀ, ਨਵੇਂ ਬਣਾਏ ਜਾਣਗੇ।
5 "ਫ਼ੇਰ ਤੁਹਾਡੇ ਦੁਸਮਣ ਤੁਹਾਡੇ ਕੋਲ ਆਉਣਗੇ ਅਤੇ ਤੁਹਾਡੀਆਂ ਭੇਡਾਂ ਦੀ ਦੇਖਭਾਲ ਕਰਨਗੇ। ਤੁਹਾਡੇ ਦੁਸ਼ਮਣਾਂ ਦੇ ਬਚੇ ਤੁਹਾਡੇ ਖੇਤਾਂ ਅਤੇ ਤੁਹਾਡੇ ਬਾਗਾਂ ਵਿੱਚ ਕੰਮ ਕਰਨਗੇ।
6 ਤੁਹਾਨੂੰ ਬੁਲਾਇਆ ਜਾਵੇਗਾ, 'ਯਹੋਵਾਹ ਦੇ ਜਾਜਕ!' 'ਸਾਡੇ ਪਰਮੇਸ਼ੁਰ ਦੇ ਸੇਵਕ।' ਤੁਹਾਨੂੰ ਉਹ ਦੌਲਤਾਂ ਮਿਲਣਗੀਆਂ ਜਿਹੜੀਆਂ ਧਰਤੀ ਦੀਆਂ ਸਮੂਹ ਕੌਮਾਂ ਤੋਂ ਆਉਣਗੀਆਂ। ਅਤੇ ਫ਼ੇਰ ਤੁਸੀਂ ਇਨ੍ਹਾਂ ਨੂੰ ਹਾਸਿਲ ਕਰਕੇ ਮਾਣ ਕਰੋਗੇ।
7 "ਅਤੀਤ ਵਿੱਚ ਹੋਰਨਾਂ ਲੋਕਾਂ ਨੇ ਤੁਹਾਨੂੰ ਸ਼ਰਮਸਾਰ ਕੀਤਾ ਸੀ ਅਤੇ ਤੁਹਾਨੂੰ ਬੁਰਾ ਭਲਾ ਆਖਿਆ ਸੀ। ਤੁਹਾਨੂੰ ਹੋਰਨਾਂ ਸਾਰਿਆਂ ਨਾਲੋਂ ਵਧੇਰੇ ਸ਼ਰਮਿੰਦਾ ਕੀਤਾ ਗਿਆ ਸੀ। ਇਸ ਲਈ ਤੁਹਾਨੂੰ ਆਪਣੇ ਦੇਸ਼ ਵਿੱਚ ਹੋਰਨਾਂ ਲੋਕਾਂ ਨਾਲੋਂ ਦੋ ਗੁਣਾ ਵਧੇਰੇ ਪ੍ਰਾਪਤ ਹੋਵੇਗਾ। ਤੁਹਾਨੂੰ ਉਹ ਖੁਸ਼ੀ ਮਿਲੇਗੀ ਜਿਹੜੀ ਸਦਾ ਰਹੇਗੀ।
8 ਇਹ ਇਉਂ ਵਾਪਰੇਗਾ? ਕਿਉਂਕਿ ਮੈਂ ਯਹੋਵਾਹ ਹਾਂ ਅਤੇ ਮੈਂ ਨਿਰਪੱਖਤਾ ਨੂੰ ਪਸੰਦ ਕਰਦਾ ਹਾਂ। ਮੈਂ ਚੋਰੀ ਕਰਨ ਨੂੰ ਨਫ਼ਰਤ ਕਰਦਾ ਹਾਂ ਅਤੇ ਹਰ ਉਸ ਗੱਲ ਨੂੰ ਜਿਹੜੀ ਗ਼ਲਤ ਹੈ। ਇਸ ਲਈ ਮੈਂ ਲੋਕਾਂ ਨੂੰ ਉਹ ਧਨ ਦਿਆਂਗਾ ਜਿਹੜਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਮੈਂ ਆਪਣੇ ਲੋਕਾਂ ਨਾਲ ਸਦਾ ਲਈ ਇੱਕ ਇਕਰਾਰਨਾਮਾ ਕਰਾਂਗਾ।
9 ਸਾਰੀਆਂ ਕੌਮਾਂ ਦਾ ਹਰ ਕੋਈ ਬੰਦਾ ਮੇਰੇ ਬੰਦਿਆਂ ਨੂੰ ਜਾਣੇਗਾ। ਹਰ ਕੋਈ ਮੇਰੀ ਕੌਮ ਦੇ ਬੱਚਿਆਂ ਨੂੰ ਜਾਣੇਗਾ। ਕੋਈ ਵੀ ਬੰਦਾ ਜਿਹੜਾ ਉਨ੍ਹਾਂ ਨੂੰ ਦੇਖੇਗਾ ਇਹ ਜਾਣ ਜਾਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਅਸੀਸ ਦਿੰਦਾ ਹੈ।"
10 "ਯਹੋਵਾਹ ਮੈਨੂੰ ਬਹੁਤ-ਬਹੁਤ ਪ੍ਰਸੰਨ ਕਰਦਾ ਹੈ। ਮੇਰਾ ਸਾਰਾ ਆਪਾ ਪਰਮੇਸ਼ੁਰ ਲਈ ਪ੍ਰਸੰਨ ਹੈ। ਯਹੋਵਾਹ ਨੇ ਮੈਨੂੰ ਮੁਕਤੀ ਦੇ ਬਸਤਰ ਪੁਆਏ। ਇਹ ਬਸਤਰ ਉਨ੍ਹਾਂ ਸੁੰਦਰ ਬਸਤਰਾਂ ਵਰਗੇ ਹਨ ਜਿਹੜੇ ਕੋਈ ਆਪਣੀ ਸ਼ਾਦੀ ਉੱਤੇ ਪਹਿਨਦਾ ਹੈ। ਯਹੋਵਾਹ ਨੇ ਮੈਨੂੰ ਆਪਣੀ ਨੇਕੀ ਦਾ ਕੋਟ ਪਹਿਨਾਇਆ। ਇਹ ਕੋਟ ਉਨ੍ਹਾਂ ਬਸਤਰਾਂ ਵਰਗਾ ਹੈ ਜਿਹੜੇ ਕੋਈ ਔਰਤ ਆਪਣੀ ਸ਼ਾਦੀ ਉੱਤੇ ਪਹਿਨਦੀ ਹੈ।
11 ਧਰਤੀ ਪੌਦਿਆਂ ਨੂੰ ਉਗਾਉਂਦੀ ਹੈ। ਲੋਕੀ ਬਾਗ਼ ਅੰਦਰ ਬੀਜ ਬੀਜਦੇ ਨੇ, ਅਤੇ ਬਾਗ਼ ਉਨ੍ਹਾਂ ਨੂੰ ਉਗਾਉਂਦਾ ਹੈ। ਇਸੇ ਤਰ੍ਹਾਂ, ਯਹੋਵਾਹ ਨੇਕੀ ਨੂੰ ਉਗਾਵੇਗਾ। ਯਹੋਵਾਹ ਸਾਰੀਆਂ ਕੌਮਾਂ ਅੰਦਰ ਉਸਤਤ ਨੂੰ ਉਗਾਵੇਗਾ।"