ਯਸਈਆਹ
ਕਾਂਡ 4
1 ਉਸ ਸਮੇਂ, ਸੱਤ ਔਰਤਾਂ ਇੱਕ ਬੰਦੇ ਨੂੰ ਫ਼ੜ ਲੈਣਗੀਆਂ। ਔਰਤਾਂ ਆਖਣਗੀਆਂ, "ਅਸੀਂ ਆਪਣੀ ਰੋਟੀ ਖੁਦ ਬਣਾਵਾਂਗੀਆਂ, ਖਾਣ ਲਈ। ਅਸੀਂ ਆਪਣੇ ਪਹਿਨਣ ਲਈ ਖੁਦ ਕੱਪੜੇ ਬਣਾਵਾਂਗੀਆਂ। ਅਸੀਂ ਇਹ ਸਾਰੀਆਂ ਗੱਲਾਂ ਆਪਣੇ ਲਈ ਕਰਾਂਗੀਆਂ ਜੇ ਸਿਰਫ਼ ਤੁਸੀਂ ਸਾਡੇ ਨਾਲ ਵਿਆਹ ਕਰ ਲਵੋ। ਸਾਨੂੰ ਆਪਣਾ ਨਾਮ ਦਿਓ। ਮਿਹਰਬਾਨੀ ਕਰਕੇ ਸਾਡੀ ਸ਼ਰਮ ਸਾਡੇ ਕੋਲੋਂ ਲੈ ਲਵੋ।"
2 ਯਹੋਵਾਹ ਦੀ ਟਹਿਣੀ ਬਹੁਤ ਸੁੰਦਰ ਅਤੇ ਮਹਾਨ ਹੋਵੇਗੀ। ਅਤੇ ਇਸਰਾਏਲ ਵਿੱਚ ਬਚੇ ਹੋਏ ਉਸ ਧਰਤੀ ਵਿੱਚ ਉੱਗੀਆਂ ਚੀਜਾਂ ਬਾਰੇ ਬੜੇ ਗੁਮਾਨੀ ਹੋਣਗੇ।
3 ਉਸ ਸਮੇਂ, ਉਹ ਸਾਰੇ ਲੋਕ ਜਿਹੜੇ ਹਾਲੇ ਸੀਯੋਨ ਵਿੱਚ ਅਤੇ ਯਰੂਸ਼ਲਮ ਵਿੱਚ ਜਿਉਂ ਰਹੇ ਹੋਣਗੇ, ਪਵਿੱਤਰ (ਖਾਸ) ਲੋਕ ਅਖਵਾਣਗੇ। ਇਹ ਗੱਲ ਉਨ੍ਹਾਂ ਸਾਰੇ ਲੋਕਾਂ ਨਾਲ ਵਾਪਰੇਗੀ ਜਿਨ੍ਹਾਂ ਦੇ ਨਾਮ ਖਾਸ ਸੂਚੀ ਵਿੱਚ ਹੋਣਗੇ, ਉਨ੍ਹਾਂ ਲੋਕਾਂ ਦੀ ਸੂਚੀ ਵਿੱਚ ਜਿਨ੍ਹਾਂ ਨੂੰ ਜਿਉਂਦੇ ਰਹਿਣ ਦੀ ਇੱਜ਼ਤ ਮਿਲੀ ਹੋਈ ਹੋਵੇਗੀ।
4 ਯਹੋਵਾਹ ਸੀਯੋਨ ਦੀਆਂ ਔਰਤਾਂ ਨੂੰ ਖੂਨ ਤੋਂ ਪਾਕ ਕਰ ਦੇਵੇਗਾ। ਯਹੋਵਾਹ ਯਰੂਸ਼ਲਮ ਤੋਂ ਸਾਰਾ ਖੂਨ ਧੋ ਦੇਵੇਗਾ। ਪਰਮੇਸ਼ੁਰ ਇਨਸਾਫ਼ ਦੀ ਰੂਹ ਦੀ ਵਰਤੋਂ ਕਰੇਗਾ ਸੱਚਾ ਇਨਸਾਫ਼ ਕਰੇਗਾ। ਅਤੇ ਉਹ ਅਗਨੀ ਦੇ ਆਤਮੇ ਦੀ ਵਰਤੋਂ ਕਰੇਗਾ, ਅਤੇ ਹਰ ਚੀਜ਼ ਨੂੰ ਪਾਕ ਕਰ ਦੇਵੇਗਾ।
5 ਉਸ ਸਮੇਂ ਪਰਮੇਸ਼ੁਰ ਸਾਬਤ ਕਰ ਦੇਵੇਗਾ ਕਿ ਉਹ ਆਪਣੇ ਲੋਕਾਂ ਦੇ ਨਾਲ ਹੈ। ਦਿਨ ਵੇਲੇ, ਪਰਮੇਸ਼ੁਰ ਧੂਏਂ ਦਾ ਬੱਦਲ ਪੈਦਾ ਕਰੇਗਾ। ਅਤੇ ਰਾਤ ਵੇਲੇ ਪਰਮੇਸ਼ੁਰ ਚਮਕਦਾਰ ਅਗਨੀ ਦੀ ਲਾਟ ਬਣਾਵੇਗਾ। ਇਹ ਸਾਰੇ ਸਬੂਤ ਅਕਾਸ਼ ਵਿੱਚ ਹੋਣਗੇ, ਹਰ ਮਕਾਨ ਉੱਤੇ ਅਤੇ ਸੀਯੋਨ ਪਰਬਤ ਉੱਤੇ ਲੋਕਾਂ ਦੀ ਹਰ ਮਜਲਿਸ ਉੱਤੇ। ਹਰ ਬੰਦੇ ਉੱਤੇ ਸੁਰਖਿਆ ਦਾ ਪਰਦਾ ਹੋਵੇਗਾ।
6 ਇਹ ਪਰਦਾ ਸੁਰਖਿਆ ਦਾ ਸਬਾਨ ਹੋਵੇਗਾ। ਇਹ ਪਰਦਾ ਲੋਕਾਂ ਨੂੰ ਸੂਰਜ ਦੀ ਗਰਮੀ ਤੋਂ ਬਚਾਵੇਗਾ। ਇਹ ਪਰਦਾ ਹਰ ਤਰ੍ਹਾਂ ਦੇ ਹੜ ਅਤੇ ਬਰਖਾ ਤੋਂ ਬਚਾ ਲਈ ਹੋਵੇਗਾ।