ਯਸਈਆਹ
ਕਾਂਡ 26
1 ਉਸ ਸਮੇਂ ਯਹੂਦਾਹ ਦੇ ਲੋਕ ਇਹ ਗੀਤ ਗਾਉਣਗੇ: ਯਹੋਵਾਹ ਸਾਨੂੰ ਸਾਡੀ ਮੁਕਤੀ ਦਿੰਦਾ ਹੈ। ਸਾਡਾ ਸ਼ਹਿਰ ਬਹੁਤ ਮਜ਼ਬੂਤ ਹੈ। ਸਾਡੇ ਸ਼ਹਿਰ ਦੀਆਂ ਕੰਧਾਂ ਤੇ ਸੁਰਖਿਆਵਾਂ ਮਜ਼ਬੂਤ ਨੇ।
2 ਦਰਾਂ ਨੂੰ ਖੋਲ੍ਹ ਦਿਓ ਅਤੇ ਨੇਕ ਬੰਦੇ ਦਖਲ ਹੋਣਗੇ। ਉਹ ਬੰਦੇ ਪਰਮੇਸ਼ੁਰ ਦੀਆਂ ਸ਼ੁਭ ਸਾਖੀਆਂ ਨੂੰ ਮੰਨਦੇ ਨੇ।
3 ਯਹੋਵਾਹ ਜੀ, ਤਸੀਁ ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਉੱਤੇ ਨਿਰਭਰ ਕਰਦੇ ਨੇ ਅਤੇ ਜਿਹੜੇ ਤੁਹਾਡੇ ਉੱਤੇ ਭਰੋਸਾ ਕਰਦੇ ਨੇ ਸੱਚਾ ਅਮਨ ਦਿੰਦੇ ਹੋ।
4 ਇਸ ਲਈ, ਯਹੋਵਾਹ ਉੱਤੇ ਸਦਾ ਹੀ ਭਰੋਸਾ ਰੱਖੋ। ਕਿਉਂ ਕਿ ਤੁਹਾਡਾ ਸੁਰਖਿਅਤ ਟਿਕਾਣਾ ਸਦਾ ਲਈ ਯਹੋਵਾਹ ਯਾਹ ਅੰਦਰ ਹੈ!
5 ਪਰ ਯਹੋਵਾਹ ਗੁਮਾਨੀ ਸ਼ਹਿਰ ਨੂੰ ਤਬਾਹ ਕਰ ਦੇਵੇਗਾ। ਅਤੇ ਉਹ ਉੱਥੇ ਰਹਿੰਦੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਉਸ ਉੱਚੇ ਸ਼ਹਿਰ ਨੂੰ ਹੇਠਾਂ ਧਰਤੀ ਉੱਤੇ ਸੁੱਟ ਦੇਵੇਗਾ ਇਹ ਧੂੜ ਅੰਦਰ ਮਿਲ ਜਾਵੇਗਾ।
6 ਫ਼ੇਰ ਗਰੀਬ ਅਤੇ ਨਿਮਾਣੇ ਲੋਕ ਉਨ੍ਹਾਂ ਖੰਡਰਾਂ ਉੱਤੇ ਤੁਰਨਗੇ।
7 ਨੇਕ ਲੋਕਾਂ ਲਈ ਇਮਾਨਦਾਰੀ ਹੀ ਜੀਵਨ ਢੰਗ ਹੈ। ਨੇਕ ਬੰਦੇ ਉਸ ਰਾਹ ਉੱਤੇ ਤੁਰਦੇ ਨੇ ਜਿਹੜਾ ਸਿਧ੍ਧਾ ਤੇ ਸੱਚਾ ਹੈ ਅਤੇ ਹੇ ਪਰਮੇਸ਼ੁਰ, ਤੁਸੀਂ ਉਸ ਰਾਹ ਨੂੰ ਤੁਰਨ ਲਈ ਪਧ੍ਧਰਾ ਅਤੇ ਆਸਾਨ ਬਣਾ ਦਿੰਦੇ ਹੋ।
8 ਪਰ ਯਹੋਵਾਹ ਜੀ, ਅਸੀਂ ਤੁਹਾਡੇ ਇਨਸਾਫ਼ ਦੇ ਢੰਗ ਨੂੰ ਉਡੀਕ ਰਹੇ ਹਾਂ। ਸਾਡੀਆਂ ਰੂਹਾਂ ਤੁਹਾਨੂੰ ਅਤੇ ਤੁਹਾਡੇ ਨਾਮ ਨੂੰ ਚੇਤੇ ਕਰਨਾ ਚਾਹੁੰਦੀਆਂ ਨੇ।
9 ਮੇਰੀ ਰੂਹ ਰਾਤ ਵੇਲੇ, ਤੁਹਾਡਾ ਸੰਗ ਚਾਹੁੰਦੀ ਹੈ। ਅਤੇ ਮੇਰਾ ਆਤਮਾ ਹਰ ਨਵੇਂ ਦਿਨ ਦੀ ਸਵੇਰ ਨੂੰ ਤੁਹਾਡੇ ਨਾਲ ਹੋਣਾ ਚਾਹੁੰਦਾ ਹੈ। ਜਦੋਂ ਤੁਹਾਡਾ ਇਨਸਾਫ਼ ਕਰਨ ਦਾ ਢੰਗ ਧਰਤੀ ਉੱਤੇ ਆਵੇਗਾ ਲੋਕ ਜਿਉਣ ਦਾ ਸਹੀ ਢੰਗ ਸਿਖ੍ਖ ਜਾਣਗੇ।
10 ਬੁਰਾ ਬੰਦਾ ਨੇਕੀ ਕਰਨਾ ਨਹੀਂ ਸਿਖ੍ਖੇਗਾ। ਜੇ ਤੁਸੀਂ ਓਸ ਲਈ ਸਿਰਫ਼ ਮਿਹਰਬਾਨੀ ਦਰਸਾਓਗੇ। ਬੁਰਾ ਬੰਦਾ ਮੰਦੇ ਅਮਲ ਕਰੇਗਾ ਭਾਵੇਂ ਉਹ ਨੇਕੀ ਭਰੀ ਦੁਨੀਆਂ ਅੰਦਰ ਰਹਿੰਦਾ ਹੋਵੇ। ਉਹ ਬੁਰਾ ਬੰਦਾ ਯਹੋਵਾਹ ਦੀ ਮਹਾਨਤਾ ਨੂੰ ਸ਼ਾਇਦ ਕਦੇ ਨਾ ਦੇਖ ਸਕੇ।
11 ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ, ਪਰ ਉਹ ਇਹ ਨਹੀ ਵੇਖਦੇ। ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ। ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ। ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
12 ਯਹੋਵਾਹ, ਤੂੰ ਉਹ ਸਭ ਕੁਝ ਕਰਨ ਵਿੱਚ ਸਫ਼ਲ ਹੋਇਆ ਹੈਂ ਜਿਨ੍ਹਾਂ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਸਾਨੂੰ ਸ਼ਾਂਤੀ ਦੇ।
13 ਯਹੋਵਾਹ ਜੀ ਤੁਸੀਂ ਹੋ ਸਾਡੇ ਪਰਮੇਸ਼ੁਰ। ਪਰ ਅਤੀਤ ਵਿੱਚ, ਅਸੀਂ ਪਿੱਛੇ ਲੱਗੇ ਸਾਂ ਹੋਰਨਾਂ ਪ੍ਰਭੂਆਂ ਦੇ। ਅਸੀਂ ਸਾਂ ਦਾਸ ਹੋਰਨਾਂ ਮਾਲਕਾਂ ਦੇ। ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਚੇਤੇ ਰੱਖਣ ਲੋਕ ਇੱਕ ਹੀ ਨਾਮ, ਤੁਹਾਡਾ ਨਾਮ!
14 ਉਹ ਮੁਰਦਾ (ਪ੍ਰਭੂ) ਕਦੇ ਜਿਉਂਦੇ ਨਹੀਂ ਹੋਣਗੇ। ਉਹ ਭੂਤ ਕਦੇ ਮੌਤ ਤੋਂ ਨਹੀਂ ਉਭਰਨਗੇ, ਤੁਸੀਂ ਨਿਰਣਾ ਕੀਤਾ ਸੀ ਉਨ੍ਹਾਂ ਨੂੰ ਤਬਾਹ ਕਰਨ ਦਾ। ਅਤੇ ਤੁਸੀਂ ਤਬਾਹ ਕਰ ਦਿੱਤੀ ਹਰ ਉਹ ਚੀਜ਼ ਜਿਹੜੀ ਸਾਨੂੰ ਉਨ੍ਹਾਂ ਬਾਰੇ ਸੋਚਣ ਵੱਲ ਪ੍ਰੇਰਦੀ ਹੈ।
15 ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ, ਤੂੰ ਉਸਦੀਆਂ ਸਰਹਦ੍ਦਾ ਵਧਾ ਦਿੱਤੀਆਂ ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।
16 ਯਹੋਵਾਹ ਜੀ, ਲੋਕ ਤੁਹਾਨੂੰ ਚੇਤੇ ਕਰਦੇ ਹਨ ਉਹ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ। ਲੋਕ ਖਾਮੋਸ਼ੀ ਨਾਲ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਨੇ ਜਦੋਂ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ।
17 ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ। ਉਹ ਜਨਮ ਪੀੜਾਂ ਨਾਲ ਚੀਖਦੀ ਹੈ।
18 ਸਾਨੂੰ ਉਸੇ ਤਰ੍ਹਾਂ, ਦਰਦ ਹੁੰਦਾ ਹੈ। ਅਸੀਂ ਜਨਮ ਦਿੰਦੇ ਹਾਂ, ਪਰ ਸਿਰਫ਼ ਹਵਾ ਨੂੰ। ਅਸੀਂ ਨਵੇਂ ਲੋਕ ਦੁਨੀਆਂ ਲਈ ਪੈਦਾ ਨਹੀਂ ਕਰਦੇ। ਅਸੀਂ ਧਰਤੀ ਨੂੰ ਮੁਕਤੀ ਨਹੀਂ ਦਿੰਦੇ।
19 ਪਰ ਪਰਮੇਸ਼ੁਰ ਆਖਦਾ ਹੈ, "ਤੁਸੀਂ ਲੋਕ ਮਰ ਚੁੱਕੇ ਹੋ, ਪਰ ਉਹ ਦੋਬਾਰਾ ਜਿਉਣਗੇ। ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ। ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ! ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ। ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਆ ਰਿਹਾ ਹੈ ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ।"
20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ। ਆਪਣੇ ਦਰਵਾਜ਼ੇ ਬੰਦ ਕਰ ਲਵੋ। ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ। ਉਦੋਂ ਤੱਕ ਛੁਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਰਣਾ ਕਰਨ ਲਈ ਆਪਣਾ ਸਬਾਨ ਛੱਡ ਦੇਵੇਗਾ ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ। ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ। ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।