ਅਹਬਾਰ
ਕਾਂਡ 9
1 ਅਠਵੇਂ ਦਿਨ, ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਸਦਿਆ। ਉਸਨੇ ਇਸਰਾਏਲ ਦੇ ਬਜ਼ੁਰਗਾਂ ਨੂੰ ਵੀ ਸਦਿਆ।
2 ਮ੍ਮੂਸਾ ਨੇ ਹਾਰੂਨ ਨੂੰ ਆਖਿਆ, “ਇੱਕ ਬਲਦ ਅਤੇ ਇੱਕ ਭੇਡੂ ਲਵੋ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। ਬਲਦ ਪਾਪ ਦੀ ਭੇਟ ਹੋਵੇਗਾ ਅਤੇ ਭੇਡੂ ਹੋਮ ਦੀ ਭੇਟ ਹੋਵੇਗਾ। ਇਹ ਜਾਨਵਰ ਯਹੋਵਾਹ ਨੂੰ ਭੇਟ ਕਰੋ।
3 ਇਸਰਾਏਲ ਦੇ ਲੋਕਾਂ ਨੂੰ ਆਖੋ, ‘ਪਾਪ ਦੀ ਭੇਟ ਲਈ ਇੱਕ ਬਕਰਾ ਲਵੋ ਅਤੇ ਹੋਮ ਦੀ ਭੇਟ ਲਈ ਇੱਕ ਵੱਛਾ ਅਤੇ ਲੇਲਾ ਲਵੋ। ਵੱਛਾ ਅਤੇ ਲੇਲਾ ਇੱਕ-ਇੱਕ ਸਾਲ ਦੇ ਹੋਣੇ ਚਾਹੀਦੇ ਹਨ। ਇਨ੍ਹਾਂ ਜਾਨਵਰਾਂ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ।
4 ਸੁੱਖ-ਸਾਂਦ ਦੀ ਭੇਟ ਲਈ ਇੱਕ ਬਲਦ ਤੇ ਭੇਡੂ ਲਵੋ। ਉਨ੍ਹਾਂ ਜਾਨਵਰਾਂ ਨੂੰ ਅਤੇ ਤੇਲ ਨਾਲ ਗੁਨ੍ਹੇ ਹੋਏ ਅਨਾਜ਼ ਦੀ ਭੇਟ ਨੂੰ ਲਵੋ ਅਤੇ ਇਹ ਚੀਜ਼ਾਂ ਯਹੋਵਾਹ ਨੂੰ ਭੇਟ ਕਰੋ। ਕਿਉਂ? ਕਿਉਂਕਿ ਅੱਜ ਯਹੋਵਾਹ ਤੁਹਾਡੇ ਸਾਮ੍ਹਣੇ ਆਵੇਗਾ।’”
5 ਇਸ ਲਈ ਸਾਰੇ ਲੋਕ ਮੰਡਲੀ ਵਾਲੇ ਤੰਬੂ ਕੋਲ ਆ ਗਏ। ਉਨ੍ਹਾਂ ਸਾਰਿਆਂ ਨੇ ਉਹ ਚੀਜ਼ਾਂ ਲਿਆਂਦੀਆਂ ਜਿਨ੍ਹਾਂ ਦਾ ਮੂਸਾ ਨੇ ਆਦੇਸ਼ ਦਿੱਤਾ ਸੀ। ਸਾਰੇ ਲੋਕ ਯਹੋਵਾਹ ਦੇ ਸਾਮ੍ਹਣੇ ਖੜੇ ਹੋ ਗਏ।
6 ਮੂਸਾ ਨੇ ਆਖਿਆ, “ਤੁਹਾਨੂੰ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ। ਤਾਂ ਯਹੋਵਾਹ ਦਾ ਪਰਤਾਪ ਤੁਹਾਨੂੰ ਦਿਖਾਈ ਦੇਵੇਗਾ।”
7 ਤਾਂ ਮੂਸਾ ਨੇ ਹਾਰੂਨ ਨੂੰ ਇਹ ਗੱਲਾਂ ਆਖੀਆਂ; “ਜਾ, ਉਹ ਗੱਲਾਂ ਕਰ ਜਿਨ੍ਹਾਂ ਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਜਗਵੇਦੀ ਕੋਲ ਜਾ ਅਤੇ ਆਪਣੀ ਪਾਪ ਦੀ ਭੇਟ ਅਤੇ ਆਪਣੀ ਹੋਮ ਦੀ ਭੇਟ ਚੜਾ। ਆਪਣੇ ਅਤੇ ਆਪਣੇ ਲੋਕਾਂ ਦੇ ਪਾਪਾਂ ਲਈ ਪਰਾਸਚਿਤ ਕਰ। ਲੋਕਾਂ ਦੀਆਂ ਬਲੀਆਂ ਲੈ ਅਤੇ ਉਨ੍ਹਾਂ ਲਈ ਪਰਾਸਚਿਤ ਕਰ।
8 ਇਸ ਲਈ ਹਾਰੂਨ ਜਗਵੇਦੀ ਕੋਲ ਗਿਆ। ਉਸਨੇ ਬਲਦ ਨੂੰ ਪਾਪ ਦੀ ਭੇਟ ਵਜੋਂ ਜ਼ਿਬਹ ਕੀਤਾ। ਇਹ ਪਾਪ ਦੀ ਭੇਟ ਉਸਦੇ ਆਪਣੇ ਲਈ ਸੀ।
9 ਫ਼ੇਰ ਹਾਰੂਨ ਦੇ ਪੁੱਤਰ ਨੇ ਖੂਨ ਹਾਰੂਨ ਕੋਲ ਲਿਆਂਦਾ। ਹਾਰੂਨ ਨੇ ਖੂਨ ਵਿੱਚ ਆਪਣੀ ਉਂਗਲੀ ਡੁਬੋਈ ਅਤੇ ਇਸਨੂੰ ਜਗਵੇਦੀ ਦੇ ਕਿਨਾਰਿਆਂ ਉੱਤੇ ਲਾਇਆ। ਫ਼ੇਰ ਹਾਰੂਨ ਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ।
10 ਉਸਨੇ ਪਾਪ ਦੀ ਭੇਟ ਤੋਂ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈਕੇ ਇਨ੍ਹਾਂ ਨੂੰ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
11 ਫ਼ੇਰ ਹਾਰੂਨ ਨੇ ਮਾਸ ਅਤੇ ਚਮੜੀ ਨੂੰ ਡੇਰੇ ਤੋਂ ਬਾਹਰ ਅੱਗ ਉੱਤੇ ਸਾੜ ਦਿੱਤਾ।
12 ਇਸਤੋਂ ਮਗਰੋਂ, ਉਸਨੇ ਹੋਮ ਦੀ ਭੇਟ ਲਈ ਜਾਨਵਰਾਂ ਨੂੰ ਮਾਰਿਆ। ਹਾਰੂਨ ਦੇ ਪੁੱਤਰ ਹਾਰੂਨ ਕੋਲ ਖੂਨ ਲਿਆਏ ਅਤੇ ਉਸਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸਦੇ ਆਲੇ-ਦੁਆਲੇ ਡੋਲ੍ਹ ਦਿੱਤਾ।
13 ਹਾਰੂਨ ਦੇ ਪੁੱਤਰਾਂ ਨੇ ਹੋਮ ਦੀ ਭੇਟ ਦੀ ਸਿਰੀ ਅਤੇ ਟੁਕੜੇ ਹਾਰੂਨ ਨੂੰ ਦੇ ਦਿੱਤੇ। ਫ਼ੇਰ ਹਾਰੂਨ ਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ।
14 ਹਾਰੂਨ ਨੇ ਹੋਮ ਦੀ ਭੇਟ ਦੇ ਅੰਦਰਲੇ ਅੰਗਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ। ਅਤੇ ਉਸਨੇ ਇਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ।
15 ਫ਼ੇਰ ਹਾਰੂਨ ਨੇ ਲੋਕਾਂ ਨੂੰ ਚੜਾਵਾ ਲਿਆਂਦਾ। ਉਸਨੇ ਪਾਪ ਦੀ ਭੇਟ ਦਾ ਬਕਰਾ ਮਾਰਿਆ ਜਿਹੜਾ ਲੋਕਾਂ ਲਈ ਸੀ। ਉਸਨੇ ਪਹਿਲਾਂ ਵਾਂਗ ਪਾਪ ਲਈ ਬਕਰਾ ਭੇਟ ਕੀਤਾ।
16 ਉਸਨੇ ਹੋਮ ਦੀ ਭੇਟ ਲਿਆਂਦੀ ਅਤੇ ਇਸਨੂੰ ਉਸੇ ਤਰ੍ਹਾਂ ਭੇਟ ਕੀਤਾ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ।
17 ਉਸਨੇ ਅਨਾਜ਼ ਦੀ ਭੇਟ ਜਗਵੇਦੀ ਤੇ ਲਿਆਂਦੀ। ਉਸਨੇ ਅਨਾਜ਼ ਦੀ ਇੱਕ ਮੁਠ ਭਰੀ ਅਤੇ ਇਸਨੂੰ ਜਗਵੇਦੀ ਉੱਤੇ ਸਵੇਰ ਵੇਲੇ ਦੀ ਰੋਜ਼ਾਨਾ ਹੋਮ ਦੀ ਭੇਟ ਨਾਲ ਸਾੜ ਦਿੱਤਾ।
18 ਹਾਰੂਨ ਨੇ ਲੋਕਾਂ ਲਈ ਸੁੱਖ-ਸਾਂਦ ਦੀ ਭੇਟ ਵਜੋਂ ਇੱਕ ਬਲਦ ਅਤੇ ਇੱਕ ਭੇਡੂ ਵੀ ਮਾਰਿਆ। ਉਸਦੇ ਪੁੱਤਰ ਉਸ ਕੋਲ ਖੂਨ ਲਿਆਏ ਅਤੇ ਉਸ ਨੇ ਖੂਨ ਨੂੰ ਜਗਵੇਦੀ ਉੱਤੇ ਅਤੇ ਉਸਦੇ ਆਲੇ-ਦੁਆਲੇ ਡੋਲ੍ਹ ਦਿੱਤਾ।
19 ਹਾਰੂਨ ਦੇ ਪੁੱਤਰ, ਉਸ ਕੋਲ ਬਲਦ ਅਤੇ ਭੇਡੂ ਦੀ ਚਰਬੀ ਵੀ ਲਿਆਏ। ਉਹ ਮੋਟੀ ਪੂਛ, ਅੰਦਰਲੇ ਅੰਗਾਂ ਤੇ ਚੜੀ ਹੋਈ ਚਰਬੀ, ਗੁਰਦੇ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲਿਆਏ।
20 ਉਸਦੇ ਪੁੱਤਰਾਂ ਨੇ ਚਰਬੀ ਵਾਲੇ ਇਨ੍ਹਾਂ ਹਿੱਸਿਆਂ ਨੂੰ ਬਲਦ ਅਤੇ ਭੇਡੂ ਦੇ ਸੀਨਿਆਂ ਉੱਤੇ ਪਾ ਦਿੱਤਾ ਅਤੇ ਉਸਨੇ ਚਰਬੀ ਵਾਲੇ ਹਿਸਿਆਂ ਨੂੰ ਜਗਵੇਦੀ ਉੱਤੇ ਸਾੜਿਆ।
21 ਉਸਨੇ ਸੀਨਿਆਂ ਅਤੇ ਸੱਜੇ ਪੱਟਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਵਜੋਂ ਮੂਸਾ ਦੇ ਆਦੇਸ਼ ਅਨੁਸਾਰ ਹਿਲਾਇਆ।
22 ਫ਼ੇਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਉਠਾਏ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। ਜਦੋਂ ਹਾਰੂਨ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜਾ ਹਟਿਆ ਤਾਂ ਉਹ ਜਗਵੇਦੀ ਤੋਂ ਹੇਠਾਂ ਉਤਰ ਆਇਆ।
23 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਗਏ। ਉਹ ਬਾਹਰ ਨਿਕਲੇ ਅਤੇ ਲੋਕਾਂ ਨੂੰ ਅਸੀਸ ਦਿੱਤੀ। ਫ਼ੇਰ ਯਹੋਵਾਹ ਦਾ ਪਰਤਾਪ ਸਾਰੇ ਲੋਕਾਂ ਸਾਮ੍ਹਣੇ ਪ੍ਰਗਟ ਹੋਇਆ।
24 ਯਹੋਵਾਹ ਵੱਲੋਂ ਅੱਗ ਬਾਹਰ ਆਈ ਅਤੇ ਜਗਵੇਦੀ ਉੱਪਰ ਹੋਮ ਦੀ ਭੇਟ ਅਤੇ ਚਰਬੀ ਨੂੰ ਸਾੜ ਦਿੱਤਾ। ਜਦੋਂ ਸਮੂਹ ਲੋਕਾਂ ਨੇ ਇਹ ਦੇਖਿਆ, ਉਨ੍ਹਾਂ ਨੇ ਨਾਅਰੇ ਲਾਏ ਅਤੇ ਧਰਤੀ ਉੱਤੇ ਝੁਕਕੇ ਮਥਾ ਟੇਕਿਆ।