ਅਹਬਾਰ
ਕਾਂਡ 20
1 ਯਹੋਵਾਹ ਨੇ ਮੂਸਾ ਨੂੰ ਆਖਿਆ,
2 “ਤੈਨੂੰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ; ਹੋ ਸਕਦਾ ਹੈ ਕਿ ਤੁਹਾਡੇ ਦੇਸ਼ ਦਾ ਕੋਈ ਬੰਦਾ ਆਪਣੇ ਕਿਸੇ ਇੱਕ ਬੱਚੇ ਨੂੰ ਝੂਠੇ ਦੇਵਤੇ ਮੋਲਕ ਨੂੰ ਦੇ ਦੇਵੇ। ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਹੈ, ਤੁਹਾਨੂੰ ਉਸ ਬੰਦੇ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ।
3 ਮੈਂ ਉਸ ਬੰਦੇ ਦੇ ਖਿਲਾਫ਼ ਹੋਵਾਂਗਾ। ਮੈਂ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦਿਆਂਗਾ। ਕਿਉਂਕਿ ਉਸਨੇ ਆਪਣੇ ਬੱਚਿਆਂ ਨੂੰ ਮੋਲਕ ਨੂੰ ਦੇ ਦਿੱਤਾ। ਉਸਨੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਕੀਤਾ ਅਤੇ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਕਰ ਦਿੱਤਾ।
4 ਹੋ ਸਕਦਾ ਹੈ ਕਿ ਸਾਧਾਰਣ ਲੋਕ ਉਸ ਬੰਦੇ ਨੂੰ ਅਣਡਿਠ ਕਰ ਦੇਣ। ਹੋ ਸਕਦਾ ਹੈ ਕਿ ਉਹ ਉਸ ਬੰਦੇ ਨੂੰ ਨਾ ਮਾਰਨ ਜਿਸਨੇ ਆਪਣੇ ਬੱਚੇ ਮੋਲਕ ਨੂੰ ਦਿੱਤੇ।
5 ਮੈਂ ਉਸ ਆਦਮੀ ਅਤੇ ਉਸਦੇ ਪਰਿਵਾਰ ਦਾ ਦੁਸ਼ਮਣ ਬਣ ਜਾਵਾਂਗਾ। ਮੈਂ ਉਸਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਉਸਦੇ ਲੋਕਾਂ ਤੋਂ ਵੱਖ ਕਰ ਦਿਆਂਗਾ ਜੋ ਮੋਲਕ ਦਾ ਅਨੁਸਰਣ ਕਰਨ ਲਈ ਉਸਦੇ, ਪਿਛੇ ਲੱਗਦੇ ਹਨ।
6 “ਮੈਂ ਹਰ ਉਸ ਬੰਦੇ ਦੇ ਖਿਲਾਫ਼ ਹੋਵਾਂਗਾ ਜੋ ਮਸ਼ਵਰੇ ਲਈ ਭੂਤ ਮ੍ਰਿਤਾਂ ਤੇ ਸਿਆਣਿਆ ਕੋਲ ਜਾਂਦਾ। ਉਹ ਮੇਰੇ ਨਾਲ ਵਫ਼ਾਦਾਰ ਨਹੀਂ ਹੈ, ਇਸ ਲਈ ਮੈਂ ਉਸਦੇ ਖਿਲਾਫ਼ ਹੋਵਾਂਗਾ ਅਤੇ ਉਸਨੂੰ ਉਸਦੇ ਲੋਕਾਂ ਤੋਂ ਵੱਖ ਕਰ ਦਿਆਂਗਾ।
7 “ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਪਵਿੱਤਰ ਹੋਵੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾ।
8 ਮੇਰੇ ਕਾਨੂੰਨਾਂ ਨੂੰ ਚੇਤੇ ਰੱਖੋ ਅਤੇ ਮੰਨੋ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।
9 “ਜੇ ਕੋਈ ਬੰਦਾ ਆਪਣੇ ਪਿਤਾ ਜਾਂ ਮਾਤਾ ਨੂੰ ਗਾਲ੍ਹਾਂ ਕੱਢਦਾ ਹੈ, ਉਸ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਸਨੇ ਆਪਣੇ ਪਿਤਾ ਜਾਂ ਮਾਤਾਂ ਨੂੰ ਗਾਲ੍ਹਾਂ ਕਢੀਆਂ, ਇਸ ਲਈ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੈ।
10 “ਜੇ ਕਿਸੇ ਆਦਮੀ ਦੇ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਤਾਂ ਆਦਮੀ ਤੇ ਔਰਤ ਦੋਵੇਂ ਹੀ ਦੁਰਾਚਾਰ ਦੇ ਦੋਸ਼ੀ ਹਨ। ਇਸ ਲਈ ਆਦਮੀ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ।
11 ਜੇ ਕਿਸੇ ਬੰਦੇ ਦੇ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਉਸਨੇ ਆਪਣੇ ਪਿਤਾ ਦੀ ਪਤਨੀ ਨੂੰ ਭ੍ਰਸ਼ਟ ਕਰ ਦਿੱਤਾ। ਉਸਨੂੰ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜਿੰਮੇਵਾਰ ਹਨ।
12 “ਜੇ ਕਿਸੇ ਆਦਮੀ ਦੇ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਹੋਣ, ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਗੋਤ੍ਰ ਸੰਭੋਗ ਕੀਤਾ ਹੈ। ਉਹ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹਨ।
13 “ਜੇ ਕਿਸੇ ਆਦਮੀ ਦੇ ਕਿਸੇ ਦੂਸਰੇ ਆਦਮੀ ਨਾਲ ਔਰਤਾਂ ਵਰਗੇ ਜਿਨਸੀ ਸੰਬੰਧ ਹਨ, ਤਾਂ ਇਨ੍ਹਾਂ ਦੋਹਾਂ ਦੇ ਭਿਆਨਕ ਪਾਪ ਕੀਤਾ ਹੈ। ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।
14 “ਜੇਕਰ ਕੋਈ ਆਦਮੀ ਕਿਸੇ ਔਰਤ ਨਾਲ ਅਤੇ ਉਸਦੀ ਧੀ ਨਾਲ ਵਿਆਹ ਕਰਦਾ ਹੈ, ਇਹ ਘ੍ਰਿਣਿਤ ਹੈ। ਲੋਕਾਂ ਨੂੰ ਉਹ ਆਦਮੀ ਤੇ ਦੋਹਾਂ ਔਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਇਹੋ ਜਿਹੀ ਦੁਸ਼ਟ ਗੱਲ ਆਪਣੇ ਲੋਕਾਂ ਦਰਮਿਆਨ ਨਾ ਵਾਪਰਨ ਦਿਉ।
15 “ਜੇ ਕਿਸੇ ਆਦਮੀ ਦੇ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਹੋਣ ਤਾਂ ਉਸ ਆਦਮੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਤੁਹਾਨੂੰ ਉਸ ਜਾਨਵਰ ਨੂੰ ਵੀ ਮਾਰ ਦੇਣਾ ਚਾਹੀਦਾ ਹੈ।
16 ਜੇ ਕਿਸੇ ਔਰਤ ਦੇ ਕਿਸੇ ਜਾਨਵਰ ਲਈ ਜਿਨਸੀ ਸੰਬੰਧ ਹੋਣ, ਉਸਨੂੰ ਅਤੇ ਜਾਨਵਰ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।
17 “ਜੇ ਕੋਈ ਭਰਾ ਆਪਣੀ ਭੈਣ ਨਾਲ ਸ਼ਾਦੀ ਕਰਦਾ ਹੈ - ਭਾਵੇਂ ਉਹ ਉਸਦੀ ਮਾਂ ਦੀ ਧੀ ਹੋਵੇ ਜਾਂ ਉਸਦੇ ਪਿਉ ਦੀ - ਅਤੇ ਉਸ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਇਹ ਸ਼ਰਮਨਾਕ ਗੱਲ ਹੈ। ਉਨ੍ਹਾਂ ਨੂੰ ਖੁਲ੍ਹੇ ਆਮ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ। ਉਸ ਆਦਮੀ ਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਬਨਾਉਣ ਲਈ ਉਸਦੇ ਪਾਪ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
18 “ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੇ ਦਿਨਾਂ ਵਿੱਚ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਆਦਮੀ ਤੇ ਔਰਤ ਦੋਹਾਂ ਨੂੰ ਉਨ੍ਹਾਂ ਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਾਪ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਔਰਤ ਦਾ ਖੂਨ ਦਾ ਸੋਮਾਂ ਨੰਗਾ ਕੀਤਾ।
19 “ਤੁਹਾਨੂੰ ਆਪਣੀ ਮਾਤਾ ਦੀ ਭੈਣ ਜਾਂ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਸਗੋਤ੍ਰ ਸੰਭੋਗ ਕਰਨ ਵਾਂਗ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
20 “ਕਿਸੇ ਆਦਮੀ ਨੂੰ ਆਪਣੇ ਚਾਚੇ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਉਸਦਾ ਆਪਣੇ ਚਾਚੇ ਨਾਲ ਜਿਨਸੀ ਸੰਬੰਧ ਬਨਾਉਣ ਵਰਗਾ ਹੋਵੇਗਾ। ਉਸ ਆਦਮੀ ਅਤੇ ਉਸਦੇ ਚਾਚੇ ਦੀ ਪਤਨੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ। ਉਹ ਬੇਔਲਾਦ ਮਰਨਗੇ।
21 “ਕਿਸੇ ਆਦਮੀ ਦਾ ਆਪਣੇ ਭਰਾ ਦੀ ਪਤਨੀ ਨਾਲ ਸ਼ਾਦੀ ਕਰਨਾ ਗਲਤ ਹੈ। ਉਹ ਉਸਨੂੰ, ਜੋ ਉਸਦੇ ਭਰਾ ਦਾ ਹੈ ਭ੍ਰਸ਼ਟ ਕਰ ਰਿਹਾ ਹੈ। ਉਨ੍ਹਾਂ ਦੇ ਬੱਚੇ ਨਹੀਂ ਹੋਣਗੇ।
22 “ਤੁਹਾਨੂੰ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨ ਚੇਤੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਮੈਂ ਤੁਹਾਨੂੰ ਤੁਹਾਡੀ ਧਰਤੀ ਤੇ ਲਿਜਾ ਰਿਹਾ ਹਾਂ। ਤੁਸੀਂ ਉਸ ਦੇਸ਼ ਵਿੱਚ ਰਹੋਂਗੇ। ਜੇ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨੋਗੇ, ਉਹ ਧਰਤੀ ਤੁਹਾਨੂੰ ਬਾਹਰ ਨਹੀਂ ਉਗਲੇਗੀ।
23 ਉਨ੍ਹਾਂ ਲੋਕਾਂ ਦੇ ਨੇਮਾਂ ਅਤੇ ਰੀਤਾਂ ਤੇ ਨਾ ਚੱਲੋ ਜਿਨ੍ਹਾਂ ਨੂੰ ਮੈਂ ਉਸ ਦੇਸ਼ ਵਿੱਚੋਂ ਬਾਹਰ ਕਢ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਇਹ ਸਾਰੇ ਪਾਪ ਕੀਤੇ ਅਤੇ ਮੈਂ ਉਨ੍ਹਾਂ ਨੂੰ ਘ੍ਰਿਣਾ ਕਰਦਾ ਹਾਂ। ਇਸ ਲਈ ਉਸ ਤਰ੍ਹਾਂ ਨਹੀਂ ਜਿਉਣਾ ਜਿਵੇਂ ਉਹ ਲੋਕ ਰਹਿੰਦੇ ਸਨ।
24 ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰੋਂਗੇ। ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇਵਾਂਗਾ ਅਤੇ ਇਹ ਤੁਹਾਡੀ ਧਰਤੀ ਹੋਵੇਗੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।“ਮੈਂ ਤੁਹਾਨੂੰ ਬਾਕੀ ਕੌਮਾਂ ਤੋਂ ਵਖਰਾ ਬਣਾਇਆ ਹੈ।
25 ਇਸ ਲਈ ਤੁਹਾਨੂੰ ਪਾਕ ਅਤੇ ਨਾਪਾਕ ਜਾਨਵਰਾਂ ਵਿਚਲਾ ਫ਼ਰਕ ਪਛਾਨਣਾ ਚਾਹੀਦਾ ਹੈ। ਤੁਹਾਨੂੰ ਪਾਕ ਅਤੇ ਨਾਪਾਕ ਪੰਛੀਆਂ ਵਿਚਲਾ ਫ਼ਰਕ ਪਰਖਣਾ ਚਾਹੀਦਾ ਹੈ। ਉਨ੍ਹਾਂ ਨਾਪਾਕ ਪੰਛੀਆਂ, ਜਾਨਵਰਾਂ ਅਤੇ ਜ਼ਮੀਨ ਉੱਤੇ ਰੀਂਗਣ ਵਾਲੀਆਂ ਚੀਜ਼ਾਂ ਨੂੰ ਖਾਕੇ ਆਪਣੇ-ਆਪ ਨੂੰ ਕਲੰਕਤ ਨਾ ਕਰੋ। ਮੈਂ ਉਨ੍ਹਾਂ ਚੀਜ਼ਾਂ ਨੂੰ ਨਾਪਾਕ ਘੋਸ਼ਿਤ ਕੀਤਾ ਹੈ।
26 ਮੈਂ ਤੁਹਾਨੂੰ ਆਪਣੇ ਖਾਸ ਲੋਕ ਬਣਾਇਆ ਹੈ। ਇਸ ਲਈ ਤੁਹਾਨੂੰ ਮੇਰੇ ਲਈ ਪਵਿੱਤਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਮੈਂ ਯਹੋਵਾਹ ਹਾਂ, ਅਤੇ ਮੈਂ ਪਵਿੱਤਰ ਹਾਂ।
27 “ਕੋਈ ਆਦਮੀ ਜਾਂ ਔਰਤ ਜਿਹੜਾ ਭੂਤ ਮ੍ਰਿਤ ਹੈ ਜਾਂ ਸਿਆਣਾ ਹੈ ਮਾਰ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹੋਣਗੇ।”